ਹਰਿਆਣਾ 'ਚ ਅਮਰੀਕਾ ਰਿਟਰਨ ਸਵਾਤੀ ਯਾਦਵ ਤੇ ਬੰਸੀ ਲਾਲ ਦੀ ਪੋਤੀ ਸ਼ਰੂਤੀ ਚੌਧਰੀ ਦਾ ਮੁਕਾਬਲਾ - ਲੋਕ ਸਭਾ ਚੋਣਾਂ 2019:

  • ਸਤ ਸਿੰਘ
  • ਬੀਬੀਸੀ ਪੰਜਾਬੀ ਲਈ
ਸਵਾਤੀ ਨੇ ਆਪਣੀ ਕਾਲਜ ਦੀ ਪੜ੍ਹਾਈ ਅਮਰੀਕਾ ਤੋਂ ਕੀਤੀ ਹੈ

ਤਸਵੀਰ ਸਰੋਤ, SAT SINGH/BBC

ਤਸਵੀਰ ਕੈਪਸ਼ਨ,

ਸਵਾਤੀ ਨੇ ਆਪਣੀ ਕਾਲਜ ਦੀ ਪੜ੍ਹਾਈ ਅਮਰੀਕਾ ਤੋਂ ਕੀਤੀ ਹੈ

ਦੁਪਹਿਰ ਦਾ ਵੇਲਾ ਸੀ, ਤਾਪਮਾਨ 40 ਡਿਗਰੀ 'ਤੇ ਪਹੁੰਚਿਆ ਹੋਇਆ ਸੀ। ਭਿਵਾਨੀ ਮਹਿੰਦਰਗੜ੍ਹ ਲੋਕ ਸਭਾ ਸੀਟ ਤੋਂ ਜਨਨਾਇਕ ਜਨਤਾ ਪਾਰਟੀ ਦੀ ਉਮੀਦਵਾਰ ਸਵਾਤੀ ਯਾਦਵ ਦੇ ਘਰ ਦੇ ਬਾਹਰ ਲੋਕਾਂ ਦੀ ਭੀੜ ਸੀ।

ਸਵਾਤੀ ਯਾਦਵ ਲੋਕਾਂ ਤੋਂ ਵੋਟ ਮੰਗ ਰਹੇ ਸਨ। ਇਸੇ ਦੌਰਾਨ ਸਵਾਤੀ ਯਾਦਵ ਨੇ ਮਾਈਕ ਤੋਂ ਐਲਾਨ ਕੀਤਾ, "ਹੁਣ ਜਦੋਂ ਮੈਨੂੰ ਜੇਜੇਪੀ ਦੀ ਟਿਕਟ ਮਿਲ ਚੁੱਕੀ ਹੈ ਤਾਂ ਇਹ ਹੁਣ ਤੁਹਾਡੀ ਜ਼ਿੰਮੇਵਾਰੀ ਹੈ ਕਿ ਮੇਰੀ ਜਿੱਤ ਪੱਕੀ ਕਰਨ ਲਈ ਤੁਸੀਂ ਮੈਨੂੰ ਵੋਟ ਪਾਓ। ਮੈਂ ਤੁਹਾਡੀ ਧੀ, ਭੈਣ ਤੇ ਪਰਿਵਾਰਿਕ ਮੈਂਬਰ ਵਾਂਗ ਹਾਂ।"

ਤੇਜ਼ ਗਰਮੀ ਨਾਲ ਜੂਝਦੇ ਹੋਏ ਤੇ ਆਪਣੀਆਂ ਐਨਕਾਂ ਸਾਂਭਦੇ ਹੋਏ ਸਵਾਤੀ ਘਰ ਦੇ ਕਮਰੇ ਵਿੱਚ ਦਾਖਿਲ ਹੋਈ। ਉਸ ਕਮਰੇ ਵਿੱਚ ਮੀਡੀਆ ਉਨ੍ਹਾਂ ਦੀ ਉਡੀਕ ਕਰ ਰਹੀ ਸੀ।

ਹਲਕੇ ਵਿੱਚ ਵਿਕਾਸ, ਸਿੱਖਿਆ, ਪਾਣੀ ਤੇ ਬਿਜਲੀ ਦੀ ਕਮੀ ਵਰਗੇ ਮੁੱਦਿਆਂ 'ਤੇ ਜਵਾਬ ਦਿੰਦਿਆਂ ਸਵਾਤੀ ਯਾਦਵ ਨੇ ਮੰਨਿਆ ਕਿ ਉਹ ਸਿਆਸਤ ਵਿੱਚ ਨਵੇਂ ਹਨ। ਪਰ ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅਮਰੀਕੀ ਕੰਪਨੀਆਂ ਵਿੱਚ ਕੰਮ ਕਰਨ ਦਾ ਉਨ੍ਹਾਂ ਦਾ ਤਜਰਬਾ ਇੱਥੇ ਕੰਮ ਆਵੇਗਾ।

ਇਹ ਵੀ ਪੜ੍ਹੋ:

ਤਸਵੀਰ ਸਰੋਤ, SAT SINGH/BBC

ਤਸਵੀਰ ਕੈਪਸ਼ਨ,

ਸਵਾਤੀ ਆਪਣੇ ਪਰਿਵਾਰ ਵੱਲੋਂ ਚਲਾਏ ਜਾਂਦੇ ਸਕੂਲ ਨਾਲ ਜੁੜੇ ਹਨ

ਦੁਸ਼ਯੰਤ ਚੌਟਾਲਾ ਤੋਂ ਪ੍ਰਭਾਵਿਤ ਹੋਈ - ਸਵਾਤੀ

ਸਵਾਤੀ ਨੇ ਕਿਹਾ, "ਕਈ ਸਮੱਸਿਆਵਾਂ ਨੇ ਹਰਿਆਣਾ ਨੂੰ ਘੇਰ ਰੱਖਿਆ ਹੈ। ਚੰਗੇ ਪ੍ਰਸ਼ਾਸਨ ਦੇਣ ਤੇ ਭ੍ਰਿਸ਼ਟਾਚਾਰ ਤੋਂ ਹਰਿਆਣਾ ਨੂੰ ਮੁਕਤ ਕਰਵਾਉਣ ਲਈ ਪੂਰੇ ਸਿਸਟਮ ਵਿੱਚ ਵੱਡੇ ਬਦਲਾਅ ਦੀ ਲੋੜ ਹੈ। ਮੇਰਾ ਮੰਨਣਾ ਹੈ ਕਿ ਅਜਿਹਾ ਸਿਰਫ ਦੁਸ਼ਯੰਤ ਚੌਟਾਲਾ ਦੀ ਅਗਵਾਈ ਵਿੱਚ ਹੀ ਸੰਭਵ ਹੈ।"

ਜਦੋਂ ਸਿਆਸਤ ਵਿੱਚ ਆਉਣ ਦਾ ਕਾਰਨ ਪੁੱਛਿਆ ਤਾਂ ਸਵਾਤੀ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਦੁਸ਼ਯੰਤ ਚੌਟਾਲਾ ਨੂੰ ਪਾਰਲੀਮੈਂਟ ਵਿੱਚ ਹਰਿਆਣਾ ਦੇ ਮੁੱਦਿਆਂ ਨੂੰ ਚੁੱਕਦੇ ਹੋਏ ਵੇਖਿਆ ਤਾਂ ਉਨ੍ਹਾਂ ਨੇ ਵੀ ਆਪਣੇ ਸੂਬੇ ਲਈ ਕੁਝ ਕਰਨ ਦਾ ਮਨ ਬਣਾਇਆ।

ਉਨ੍ਹਾਂ ਕਿਹਾ, "ਮੈਂ ਜੇਜੇਪੀ ਨਾਲ 'ਹਰੀ ਚੁਨਰੀ ਕੀ ਚੌਪਾਲ' ਪ੍ਰੋਗਰਾਮ ਤਹਿਤ 6 ਮਹੀਨੇ ਪਹਿਲਾਂ ਜੁੜੀ ਸੀ। ਪਾਰਟੀ ਦਾ ਇਹ ਪ੍ਰੋਗਰਾਮ ਅਮਰੀਕਾ ਵਿੱਚ ਔਰਤਾਂ ਲਈ ਹੁੰਦੀਆਂ ਕਾਨਫਰੰਸਾਂ ਵਾਂਗ ਹੀ ਹੈ। ਪਰ ਭਾਰਤ ਦੀ ਸਿਆਸਤ ਵਿੱਚ ਅਜਿਹਾ ਘੱਟ ਹੀ ਵੇਖਣ ਨੂੰ ਮਿਲਦਾ ਹੈ।"

ਕੌਣ ਹੈ ਸਵਾਤੀ ਯਾਦਵ?

30 ਸਾਲਾ ਸਵਾਤੀ ਯਾਦਵ ਨਾਰਨੌਲ ਜ਼ਿਲ੍ਹੇ ਦੇ ਜੇਜੇਪੀ ਪ੍ਰਧਾਨ ਸਤਿਆਵੀਰ ਯਾਦਵ ਨੌਟਾਨਾ ਦੀ ਧੀ ਹੈ।

ਸਵਾਤੀ ਨੇ ਆਪਣੀ ਇੰਜੀਨੀਅਰਿੰਗ ਦੀ ਪੜ੍ਹਾਈ ਅਮਰੀਕਾ ਦੀ ਕਲਿਮਸਨ ਯੂਨੀਵਰਸਿਟੀ ਅਤੇ ਐੱਮਬੀਏ ਜੌਰਜੀਆ ਯੂਨੀਵਰਸਿਟੀ ਆਫ ਟੈਕਨੌਲਾਜੀ ਤੋਂ ਕੀਤੀ ਹੈ।

ਉਨ੍ਹਾਂ ਦਾ ਫੇਸਬੁੱਕ ਐਕਾਊਂਟ ਦਾਅਵਾ ਕਰਦਾ ਹੈ ਕਿ ਉਨ੍ਹਾਂ ਨੇ ਅਮਰੀਕਾ ਦੀ ਓਬਾਮਾਕੇਅਰ ਲਈ ਕੰਮ ਕੀਤਾ ਹੈ।

ਤਸਵੀਰ ਸਰੋਤ, SAT SINGH/BBC

ਬੀਬੀਸੀ ਨਾਲ ਗੱਲਬਾਤ ਵਿੱਚ ਸਵਾਤੀ ਨੇ ਕਿਹਾ, "2010 ਵਿੱਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਦੁਨੀਆਂ ਦੀ ਸਭ ਤੋਂ ਵੱਡੀ ਹੈੱਲਥ ਸਕੀਮ ਸ਼ੁਰੂ ਕੀਤੀ ਸੀ। ਅਮਰੀਕਾ ਵਿੱਚ ਮੈਂ ਇਸ ਸਕੀਮ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਕਾਫੀ ਕੰਮ ਕੀਤਾ ਸੀ।"

"ਮੈਂ ਆਪਣੀ ਸਿੱਖਿਆ ਅਤੇ ਤਜਰਬੇ ਨੂੰ ਪਰਿਵਾਰ ਵੱਲੋਂ ਚਲਾਏ ਜਾਂਦੇ ਸਕੂਲ ਵਿੱਚ ਅਤੇ ਜੇਜੇਪੀ ਦੀ 'ਹਰੀ ਚੁਨਰੀ ਦੀ ਚੌਪਾਲ' ਵਿੱਚ ਵਰਤਿਆ।"

"ਜੇ ਮੈਨੂੰ ਮੌਕਾ ਮਿਲਿਆ ਤਾਂ ਮੈਂ ਇਹੀ ਤਜਰਬਾ ਤੇ ਗਿਆਨ ਸਿੱਖਿਆ, ਸਿਹਤ, ਕਿਸਾਨਾਂ ਅਤੇ ਔਰਤਾਂ ਦੀ ਸੁਰੱਖਿਆ ਨਾਲ ਜੁੜੇ ਮੁੱਦਿਆਂ ਬਾਰੇ ਇਸਤੇਮਾਲ ਕਰਨਾ ਚਾਹੁੰਦੀ ਹਾਂ।"

ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਨ੍ਹਾਂ ਨੂੰ ਲੋਕ ਇੱਥੇ ਨਹੀਂ ਪਛਾਣਦੇ ਤਾਂ ਉਹ ਕਿਵੇਂ ਉਨ੍ਹਾਂ ਨੂੰ ਆਪਣੇ ਵੱਲ ਕਰਨਗੇ ਤਾਂ ਸਵਾਤੀ ਨੇ ਕਿਹਾ ਕਿ ਲੋਕ ਜਾਣਦੇ ਹਨ ਕਿ ਉਹ ਪਰਿਵਾਰ ਦੇ ਵਪਾਰ ਵਿੱਚ ਵੱਡੀ ਭੂਮਿਕਾ ਨਿਭਾਉਂਦੇ ਹਨ।

ਤਸਵੀਰ ਸਰੋਤ, SAT SINGH/BBC

ਤਸਵੀਰ ਕੈਪਸ਼ਨ,

ਸਵਾਤੀ ਦੇ ਪਿਤਾ ਸਤਿਆਵੀਰ ਯਾਦਵ ਨੌਟਾਨਾ ਖੁਦ ਆਈਆਈਐੱਮ ਪਾਸ ਆਊਟ ਹਨ

ਸਵਾਤੀ ਦੇ ਪਿਤਾ ਸਤਿਆਵੀਰ ਯਾਦਵ ਨੌਟਾਨਾ 2014 ਵਿੱਚ ਅਤੇਲੀ ਸੀਟ ਤੋਂ ਆਈਐੱਨਐੱਲਡੀ ਦੀ ਟਿਕਟ ਤੋਂ ਚੋਣ ਹਾਰ ਚੁੱਕੇ ਹਨ। ਉਹ ਅਮੀਰ ਉਮੀਦਵਾਰਾਂ ਵਿੱਚੋਂ ਇੱਕੋ ਸਨ। ਐਫੀਡੇਵਿਟ ਅਨੁਸਾਰ ਉਨ੍ਹਾਂ ਨੇ ਆਪਣੀ ਕੁੱਲ ਜਾਇਦਾਦ 66 ਕਰੋੜ ਰੁਪਏ ਦੱਸੀ ਸੀ।

ਸਤਿਆਵੀਰ ਖੁਦ ਆਈਆਈਐੱਮ ਅਹਿਮਦਾਬਾਦ ਤੋਂ 1984-86 ਬੈਚ ਦੇ ਪੜ੍ਹੇ ਹੋਏ ਹਨ।

ਉਨ੍ਹਾਂ ਕਿਹਾ, "ਮੇਰੀ ਧੀ ਨੇ ਅਮਰੀਕਾ ਵਿੱਚ ਇਰੀਕਸਨ ਦੀ ਦੋ ਕਰੋੜ ਰੁਪਏ ਤਨਖ਼ਾਹ ਵਾਲੀ ਨੌਕਰੀ ਛੱਡੀ ਤੇ ਵਾਪਸ ਆ ਕੇ ਸਿੱਖਿਆ ਲਈ ਕੰਮ ਕੀਤਾ। ਉਸ ਕੋਲ ਸਿਆਸਤ ਲਈ ਜ਼ਰੂਰੀ ਸੋਚ ਤੇ ਤਜਰਬਾ ਹੈ।"

"ਆਰਬੀਆਈ ਦੇ ਸਾਬਕਾ ਗਵਰਨਰ ਮੇਰੇ ਸਹਿਪਾਠੀ ਸਨ। ਮੇਰੇ ਕਈ ਬੈਚਮੇਟ ਇਸ ਵੇਲੇ ਪੀਐੱਮਓ ਵਿੱਚ ਕੰਮ ਕਰ ਰਹੇ ਹਨ। ਪਰ ਮੈਂ ਨਾਰਨੌਲ ਵਿੱਚ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣਾ ਚੁਣਿਆ ਤਾਂ ਜੋ ਮੈਂ ਆਪਣੀ ਮਾਤਭੂਮੀ ਦੀ ਸੇਵਾ ਕਰ ਸਕਾਂ। ਹੁਣ ਮੇਰੀ ਧੀ ਮੇਰੇ ਨਾਲ ਹੈ।"

ਭਿਵਾਨੀ-ਮਹਿੰਦਰਗੜ੍ਹ ਹਲਕਾ

ਭਿਵਾਨੀ-ਮਹਿੰਦਰਗੜ੍ਹ ਹਲਕਾ 2008 ਵਿੱਚ ਹੋਂਦ ਵਿੱਚ ਆਇਆ ਸੀ। ਇਸ ਹਲਕੇ ਵਿੱਚ ਭਿਵਾਨੀ ਤੇ ਮਹਿੰਦਰਗੜ੍ਹ ਦੋ ਜ਼ਿਲ੍ਹੇ ਆਉਂਦੇ ਹਨ। ਇਸ ਵੇਲੇ ਮੁੱਖ ਮੁਕਾਬਲਾ ਭਾਜਪਾ ਐੱਮਪੀ ਧਰਮਬੀਰ, ਕਾਂਗਰਸ ਦੀ ਸ਼ਰੂਤੀ ਚੌਧਰੀ ਵਿਚਾਲੇ ਹੈ।

ਸ਼ਰੂਤੀ ਚੌਧਰੀ ਬੰਸੀ ਲਾਲ ਦੀ ਪੌਤੀ ਹੈ ਅਤੇ ਜਾਟ ਭਾਈਚਾਰੇ ਨਾਲ ਸਬੰਧ ਰੱਖਦੀ ਹੈ। ਸਵਾਤੀ ਦੀ ਦਾਅਵੇਦਾਰੀ ਮਜ਼ਬੂਤ ਹੈ ਕਿਉਂਕਿ ਯਾਦਵ ਜਾਤ ਤੋਂ ਉਹ ਇਕੱਲੀ ਉਮੀਦਵਾਰ ਹੈ। ਹਲਕੇ ਵਿੱਚ 18 ਫੀਸਦ ਯਾਦਵ ਵੋਟਰ ਹਨ ਅਤੇ 24 ਫੀਸਦ ਜਾਟ ਵੋਟ ਹਨ।

ਤਸਵੀਰ ਸਰੋਤ, SAT SINGH/BBC

ਤਸਵੀਰ ਕੈਪਸ਼ਨ,

ਭਿਵਾਨੀ-ਮਹਿੰਦਰਗੜ੍ਹ ਹਲਕਾ ਅਜੇ ਵੀ ਮੁੱਢਲੀਆਂ ਸਹੂਲਤਾਂ ਤੋਂ ਵਾਂਝਾ ਹੈ

2014 ਵਿੱਚ ਆਈਐੱਨਐੱਲਡੀ ਦੇ ਰਾਓ ਬਹਾਦੁਰ ਸਿੰਘ ਇਸ ਹਲਕੇ ਵਿੱਚ ਦੂਜੇ ਨੰਬਰ 'ਤੇ ਰਹੇ ਹਨ। ਉਨ੍ਹਾਂ ਨੂੰ ਕੁੱਲ੍ਹ 2,75,148 ਵੋਟ ਮਿਲੇ ਸਨ।

ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਆਈਐੱਨਐੱਲਡੀ ਤੋਂ ਜੇਜੇਪੀ ਬਣਨ ਨਾਲ ਭਿਵਾਨੀ ਜ਼ਿਲ੍ਹੇ ਦੀਆਂ ਜਾਟ ਭਾਈਚਾਰੇ ਦੀਆਂ ਵੋਟਾਂ ਵੰਡੀਆਂ ਜਾਣਗੀਆਂ ਜਦਕਿ ਮਹਿੰਦਰਗੜ੍ਹ ਜ਼ਿਲ੍ਹੇ ਦੇ ਯਾਦਵ ਵੋਟ ਸਵਾਤੀ ਨੂੰ ਮਿਲਣਗੇ। ਦੋਹਾਂ ਦੇ ਵੋਟ ਮਿਲ ਕੇ ਸਵਾਤੀ ਨੂੰ ਮਜ਼ਬੂਤੀ ਦੇਣਗੇ।

ਹਰਿਆਣਾ ਦੇ ਤਿੰਨੋ ਮਸ਼ਹੂਰ 'ਲਾਲ' ਇਸ ਸੀਟ ਨਾਲ ਜੁੜੇ ਰਹੇ ਹਨ, ਜਦੋਂ ਉਨ੍ਹਾਂ ਦੇ ਪੁੱਤਰ ਇੱਕ ਦੂਜੇ ਦੇ ਖਿਲਾਫ਼ ਚੋਣ ਲੜੇ ਸਨ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਬੰਸੀ ਲਾਲ ਦੀ ਪੋਤੀ ਸ਼ਰੂਤੀ ਚੌਧਰੀ ਵੀ ਮੈਦਾਨ ਵਿੱਚ ਹਨ

ਸੂਬੇ ਨੂੰ ਤਿੰਨ ਮੁੱਖ ਮੰਤਰੀ, ਬੰਸੀ ਲਾਲ, ਬਨਾਰਸੀ ਦਾਸ ਗੁਪਤਾ ਤੇ ਮਾਸਟਰ ਹੁਕਮ ਸਿੰਘ ਦੇਣ ਦੇ ਬਾਵਜੂਦ ਇਸ ਸੀਟ ਨੂੰ ਕੋਈ ਲਾਹਾ ਨਹੀਂ ਹੋਇਆ ਹੈ।

ਇਹ ਹਲਕਾ ਅਜੇ ਵੀ ਪਾਣੀ ਤੇ ਬਿਜਲੀ ਵਰਗੀਆਂ ਮੁੱਢਲੀ ਸਹੂਲਤਾਂ ਲਈ ਸੰਘਰਸ਼ ਕਰ ਰਿਹਾ ਹੈ। ਦਹਾਕਿਆਂ ਤੋਂ ਹਰ ਚੋਣ ਇਨ੍ਹਾਂ ਦੋ ਮੁੱਦਿਆਂ ਦੇ ਆਲੇ-ਦੁਆਲੇ ਹੀ ਲੜੀ ਜਾਂਦੀ ਹੈ।

ਇਹ ਵੀ ਪੜ੍ਹੋ:

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)