ਕੀ ਪਾਕਿਸਤਾਨ ਵਿੱਚ ਲੱਗੇ 'ਮੋਦੀ-ਮੋਦੀ' ਦੇ ਨਾਅਰੇ?-ਫੈਕਟ ਚੈੱਕ
- ਫੈਕਟ ਚੈੱਕ ਟੀਮ
- ਬੀਬੀਸੀ ਹਿੰਦੀ

ਤਸਵੀਰ ਸਰੋਤ, SM Viral Post
ਸੋਸ਼ਲ ਮੀਡੀਆ 'ਤੇ ਕੁਝ ਬੁਰਕੇ ਵਿੱਚ ਕੁਝ ਔਰਤਾਂ ਦਾ ਵੀਡੀਓ ਵਾਇਰਲ ਹੋ ਗਿਆ ਹੈ। ਪਿਛਲੇ ਕੁਝ ਦਿਨਾਂ ਵਿੱਚ ਇਸ ਵੀਡੀਓ ਨੂੰ ਫੇਸਬੁੱਕ 'ਤੇ ਸੈਂਕੜੇ ਵਾਰ ਪੋਸਟ ਕੀਤਾ ਜਾ ਚੁੱਕਿਆ ਹੈ।
ਤਕਰੀਬਨ ਦੋ ਮਿੰਟਾਂ ਦੇ ਇਸ ਵੀਡੀਓ ਵਿੱਚ ਔਰਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਮਰਥਨ ਵਿੱਚ ਨਾਅਰੇ ਲਾਉਂਦੀਆਂ ਤੇ ਗੀਤ ਗਾਉਂਦੀਆਂ ਨਜ਼ਰ ਆ ਰਹੀਆਂ ਹਨ।
ਇਸ ਵੀਡੀਓ ਨੂੰ ਸ਼ੇਅਰ ਕਰਨ ਵਾਲੇ ਲੋਕਾਂ ਦਾ ਦਾਅਵਾ ਹੈ ਕਿ ਇਹ ਵੀਡੀਓ ਪਾਕਿਸਤਾਨ ਦੇ ਬਲੋਚਿਸਤਾਨ ਦਾ ਹੈ। 'ਏਬੀਵੀਪੀ ਤਮਿਲਨਾਡੂ' ਨਾਂ ਦੇ ਫੇਸਬੁੱਕ ਪੰਨੇ ਨੇ ਇਹ ਵੀਡੀਓ ਸ਼ੇਅਰ ਕੀਤਾ ਹੈ।
ਨਾਲ ਹੀ ਲਿਖਿਆ ਹੈ, ''ਨਰਿੰਦਰ ਮੋਦੀ ਨੂੰ ਲੈ ਕੇ ਕੌਮਾਂਤਰੀ ਪੱਧਰ 'ਤੇ ਲੋਕਾਂ ਵਿੱਚ ਜਨੂੰਨ ਹੈ। ਵੇਖੋ ਬਲੋਚਿਸਤਾਨ ਵਿੱਚ ਕਿਵੇਂ ਲੋਕ ਉਨ੍ਹਾਂ ਲਈ ਨਾਅਰੇ ਲਗਾ ਰਹੇ ਹਨ।''
ਇਹ ਵੀ ਪੜ੍ਹੋ:
ਤਸਵੀਰ ਸਰੋਤ, FB Search List
ਇਹ ਵੀਡੀਓ ਕਾਫੀ ਵਾਰ ਸ਼ੇਅਰ ਕੀਤਾ ਜਾ ਚੁੱਕਿਆ ਹੈ
ਦੂਜੇ ਪਾਸੇ ਕੁਝ ਸੋਸ਼ਲ ਮੀਡੀਆ ਯੂਜ਼ਰਜ਼ ਅਜਿਹੇ ਵੀ ਹਨ ਜਿਨ੍ਹਾਂ ਨੇ ਇਸ ਵੀਡੀਓ ਨੂੰ ਸ਼ੇਅਰ ਕਰ ਕੇ ਲਿਖਿਆ ਹੈ ਕਿ ਪਾਕਿਸਤਾਨ ਦੇ ਲੋਕ ਭਾਜਪਾ ਤੇ ਮੋਦੀ ਨੂੰ ਕਿਉਂ ਸਪੋਰਟ ਕਰ ਰਹੇ ਹਨ?
ਹਿੰਦੀ ਤੇ ਅੰਗਰੇਜ਼ੀ ਤੋਂ ਇਲਾਵਾ ਕੁਝ ਦੱਖਣ ਭਾਰਤੀ ਭਾਸ਼ਾਵਾਂ ਦੇ ਫੇਸਬੁੱਕ ਗਰੁੱਪਾਂ ਵਿੱਚ ਵੀ ਇਹ ਵੀਡੀਓ ਪੋਸਟ ਕੀਤਾ ਗਿਆ ਹੈ ਤੇ ਇਸ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ।
ਵੀਡੀਓ ਦੀ ਅਸਲੀਅਤ
ਇਹ ਵੀਡੀਓ ਪਾਕਿਸਤਾਨ ਦਾ ਨਹੀਂ, ਬਲਕਿ ਭਾਰਤ ਪ੍ਰਸ਼ਾਸਤ ਕਸ਼ਮੀਰ ਦਾ ਹੈ।
ਰਿਵਰਸ ਇਮੇਜ ਸਰਚ ਤੋਂ ਪਤਾ ਲਗਦਾ ਹੈ ਕਿ ਸੋਸ਼ਲ ਮੀਡੀਆ 'ਤੇ ਇਸ ਵੀਡੀਓ ਨੂੰ ਪਹਿਲੀ ਵਾਰ 30 ਮਾਰਚ 2019 ਨੂੰ ਪੋਸਟ ਕੀਤਾ ਗਿਆ ਸੀ।
ਭਾਜਪਾ ਜੰਮੂ-ਕਸ਼ਮੀਰ ਦੇ ਆਫੀਸ਼ੀਅਲ ਟਵਿੱਟਰ ਹੈਂਡਲ ਤੋਂ ਵੀ ਇਹ ਵੀਡੀਓ 31 ਮਾਰਚ 2019 ਨੂੰ ਟਵੀਟ ਕੀਤਾ ਗਿਆ ਸੀ।
ਤਸਵੀਰ ਸਰੋਤ, Twitter
ਇਹ ਵੀਡੀਓ ਅਨੰਤਨਾਗ ਦਾ ਹੈ
ਇਸ ਟਵੀਟ ਵਿੱਚ ਲਿਖਿਆ ਹੈ, ''ਅਨੰਤਨਾਗ ਵਿੱਚ ਮੋਦੀ-ਮੋਦੀ। ਭਾਜਪਾ ਦੇ ਅਨੰਤਨਾਗ ਸੰਸਦ ਖੇਤਰ ਤੋਂ ਉਮੀਦਵਾਰ ਸੋਫੀ ਯੁਸੁਫ ਨੇ ਪਰਚਾ ਭਰਿਆ। ਇਸ ਦੌਰਾਨ ਉਨ੍ਹਾਂ ਨਾਲ ਹਜ਼ਾਰਾਂ ਸਮਰਥਕ ਮੌਜੂਦ ਸੀ ਜਿਸ ਵਿੱਚ ਔਰਤਾਂ ਵੀ ਸ਼ਾਮਿਲ ਸਨ ਤੇ ਉਹ ਲੋਕ-ਗੀਤ ਗਾ ਰਹੀਆਂ ਸੀ।''
ਭਾਜਪਾ ਨੇਤਾ ਸੋਫੀ ਯੁਸੁਫ ਨੇ ਵੀ ਪਰਚਾ ਦਾਖਲ ਕਰਨ ਤੋਂ ਬਾਅਦ ਆਪਣੇ ਫੇਸਬੁੱਕ ਪੇਜ ਅਤੇ ਟਵਿੱਟਰ 'ਤੇ ਇਹ ਵੀਡੀਓ ਸ਼ੇਅਰ ਕੀਤਾ ਸੀ।
30 ਮਾਰਚ ਨੂੰ ਪਰਚਾ ਦਾਖਲ ਕਰਨ ਤੋਂ ਬਾਅਦ ਯੁਸੁਫ ਨੇ ਟਵਿੱਟਰ 'ਤੇ ਲਿਖਿਆ ਸੀ, ''ਮੈਂ ਮਹਿਬੂਬਾ ਮੁਫਤੀ ਨੂੰ ਚੁਣੌਤੀ ਦਿੰਦਾ ਹਾਂ। ਇਨ੍ਹਾਂ ਚੋਣਾਂ ਵਿੱਚ ਉਹ ਵੇਖਣਗੇ ਕਿ ਜ਼ਮੀਨੀ ਪੱਧਰ ਦਾ ਕਾਰਕੁਨ ਕਿੰਨਾ ਸਮਰੱਥ ਹੈ।''
ਇਹ ਵੀ ਪੜ੍ਹੋ:
ਤਸਵੀਰ ਸਰੋਤ, Twitter
ਵੋਟਾਂ ਦੀ ਅਪੀਲ, ਕਸ਼ਮੀਰੀ ਗੀਤ
ਸ਼੍ਰੀਨਗਰ ਵਿੱਚ ਮੌਜੂਦ ਬੀਬੀਸੀ ਦੇ ਸਹਿਯੋਗੀ ਪੱਤਰਕਾਰ ਮਾਜਿਦ ਜਹਾਂਗੀਰ ਨੇ ਦੱਸਿਆ ਕਿ ਇਹ ਵੀਡੀਓ ਅਨੰਤਨਾਗ ਦੀ ਖੰਨਾਬਲ ਹਾਊਜ਼ਿੰਗ ਕਲੋਨੀ ਦਾ ਹੈ।
ਉਨ੍ਹਾਂ ਦੱਸਿਆ ਕਿ ਵੀਡੀਓ ਵਿੱਚ ਨਜ਼ਰ ਆ ਰਹੀਆਂ ਔਰਤਾਂ ਭਾਜਪਾ ਦੇ ਉਮੀਦਵਾਰ ਸੋਫੀ ਯੁਸੁਫ ਲਈ ਵੋਟਾਂ ਦੀ ਅਪੀਲ ਕਰ ਰਹੀਆਂ ਹਨ ਤੇ ਜੋ ਗੀਤ ਉਹ ਗਾ ਰਹੀਆਂ ਹਨ, ਉਹ ਕਸ਼ਮੀਰੀ ਲੋਕ ਗੀਤ ਹਨ।
ਯੂ-ਟਿਊਬ 'ਤੇ ਵੀ ਇਸ ਨਾਲ ਜੁੜੀਆਂ ਮੀਡੀਆ ਰਿਪੋਰਟਸ ਮੌਜੂਦ ਹਨ ਜਿਸ ਨਾਲ ਇਹ ਸਾਬਤ ਹੁੰਦਾ ਹੈ ਕਿ ਸੋਫੀ ਯੁਸੁਫ ਦੇ ਪਰਚਾ ਦਾਖਲ ਕਰਨ ਤੋਂ ਪਹਿਲਾਂ ਇਹ ਨਾਅਰੇਬਾਜ਼ੀ ਹੋਈ ਸੀ।
ਸੋਫੀ ਯੁਸੁਫ ਸਿਆਸਤ ਤੋਂ ਪਹਿਲਾਂ ਕਸ਼ਮੀਰ ਪੁਲਿਸ ਵਿੱਚ ਸਨ। ਮੌਜੂਦਾ ਸਮੇਂ ਵਿੱਚ ਉਹ ਜੰਮੂ-ਕਸ਼ਮੀਰ ਭਾਜਪਾ ਦੇ ਉਪ-ਪ੍ਰਧਾਨ ਹਨ।
ਸੂਬੇ ਦੇ ਸਾਬਕਾ ਮੁੱਖ-ਮੰਤਰੀ ਮਹਿਬੂਬਾ ਮੁਫਤੀ ਸਾਹਮਣੇ ਲੋਕ ਸਭਾ ਚੋਣਾਂ ਲੜਣ ਤੋਂ ਪਹਿਲਾਂ ਸੋਫੀ ਯੁਸੁਫ ਕਸ਼ਮੀਰ ਦੀ ਵਿਧਾਨ ਪਰਿਸ਼ਦ ਦੇ ਮੈਂਬਰ ਵੀ ਰਹੇ ਹਨ।
ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ: