ਸਰੀਰਕ ਸ਼ੋਸ਼ਣ ਦੇ ਇਲਜ਼ਾਮਾਂ 'ਚ ਘਿਰੇ ਚੀਫ ਜਸਟਿਸ ਰੰਜਨ ਗੋਗੋਈ ਇਨ੍ਹਾਂ ਮਾਮਲਿਆਂ ਦੀ ਸੁਣਵਾਈ ਕਰਨਗੇ

ਰੰਜਨ ਗੋਗੋਈ

ਤਸਵੀਰ ਸਰੋਤ, Reuters

ਚੀਫ਼ ਜਸਟਿਸ ਆਫ਼ ਇੰਡੀਆ ਜਿਨ੍ਹਾਂ ਤੇ ਸਾਬਕਾ ਜੂਨੀਅਰ ਅਸਿਸਟੈਂਟ ਨੇ ਸਰੀਰਕ ਸ਼ੋਸ਼ਣ ਦੇ ਇਲਜ਼ਾਮ ਲਾਏ ਹਨ, ਆਉਣ ਵਾਲੇ ਦਿਨਾਂ ਵਿੱਚ ਸੁਪਰੀਮ ਕੋਰਟ ਵਿੱਚ ਕਾਫ਼ੀ ਅਹਿਮ ਮਾਮਲਿਆਂ ਦੀ ਸੁਣਵਾਈ ਕਰਨਗੇ।

ਕੌਮਾਂਤਰੀ ਵਕੀਲ ਅਤੇ ਕਈ ਮੁੱਦਿਆਂ ਦੇ ਮਾਹਿਰ ਡਾ. ਸੂਰਤ ਸਿੰਘ ਦਾ ਕਹਿਣਾ ਹੈ ਕਿ ਚੀਫ਼ ਜਸਟਿਸ ਆਉਣ ਵਾਲੇ ਦਿਨਾਂ 'ਚ ਕਈ ਮਹੱਤਵਪੂਰਨ ਮਾਮਲਿਆਂ ਦੀ ਸੁਣਵਾਈ ਕਰ ਰਹੇ ਹਨ ਤਾਂ ਅਜਿਹੇ 'ਚ ਇਹ ਉਨ੍ਹਾਂ ਦੇ ਲਿਟਮਸ ਟੈਸਟ ਵਾਂਗ ਹੋਵੇਗਾ।

ਡਾ. ਸੂਰਤ ਸਿੰਘ ਨੇ ਦਿੱਲੀ ਵਿੱਚ ਸੀਨੀਅਰ ਲੀਗਲ ਰਿਪੋਰਟਰ ਸੁਚਿਤਰਾ ਮੋਹੰਤੀ ਨੂੰ ਕਿਹਾ, "ਚੀਫ਼ ਜਸਟਿਸ ਲਈ ਆਉਣ ਵਾਲੇ ਦਿਨ ਔਖੇ ਅਤੇ ਲਿਟਮਸ ਟੈਸਟ ਵਾਂਗ ਹਨ, ਉਹ ਮੋਦੀ ਬਾਓਪਿਕ ਤੋਂ ਲੈ ਕੇ ਰਾਹੁਲ ਗਾਂਧੀ ਦੇ ਮਾਣਹਾਨੀ ਦੇ ਦਾਅਵੇ ਦੀ ਪਟੀਸ਼ਨ ਅਤੇ ਚੋਣਾਂ ਸਬੰਧੀ ਕਈ ਅਹਿਮ ਮੁੱਦਿਆਂ ਦੀ ਸੁਣਵਾਈ ਕਰਨਗੇ।"

ਭਾਰਤ ਦੇ ਚੀਫ ਜਸਟਿਸ ਰੰਜਨ ਗੋਗੋਈ ਨੇ ਇੱਕ ਤਿੰਨ ਮੈਂਬਰੀ ਬੈਂਚ ਦੀ ਐਮਰਜੈਂਸੀ ਬੈਠਕ ਬੁਲਾ ਕੇ ਖ਼ੁਦ 'ਤੇ ਲੱਗੇ ਜਿਣਸੀ ਸ਼ੋਸ਼ਣ ਦੇ ਇਲਜ਼ਾਮਾਂ ਨੂੰ ਗ਼ਲਤ ਦੱਸਿਆ ਹੈ।

ਇਹ ਵੀ ਪੜ੍ਹੋ:

ਕਈ ਔਰਤ ਵਕੀਲਾਂ ਨੇ ਇਸ ਤਰ੍ਹਾਂ ਦੀ ਸੁਣਵਾਈ ਨੂੰ ਜਿਣਸੀ ਸ਼ੋਸ਼ਣ ਦੀ ਸ਼ਿਕਾਇਤ ਲਈ ਤੈਅ ਪ੍ਰਕਿਰਿਆ ਦਾ ਉਲੰਘਣ ਦੱਸਿਆ ਹੈ।

ਉਥੇ ਹੀ ਸੁਣਵਾਈ ਦੌਰਾਨ ਐਟਾਰਨੀ ਜਨਰਲ ਕੇਕੇ ਵੇਣੂਗੋਪਾਲ ਨੇ ਇਸੇ ਪ੍ਰਕਿਰਿਆ ਦਾ ਹਵਾਲਾ ਦਿੰਦਿਆ ਹੋਇਆ ਚਿੰਤਾ ਜ਼ਾਹਿਰ ਕੀਤੀ ਹੈ ਕਿ ਸ਼ੋਸ਼ਣ ਦੇ ਮਾਮਲੇ 'ਚ ਲੋਕਾਂ ਦੇ ਨਾਮ ਜਨਤਕ ਕਰਨਾ ਮਨ੍ਹਾਂ ਹੈ ਪਰ ਇੱਥੇ ਉਨ੍ਹਾਂ ਨੂੰ ਜਨਤਕ ਕੀਤਾ ਗਿਆ ਹੈ।

ਕਿਹੜੇ ਮਾਮਲਿਆਂ ਦੀ ਸੁਣਵਾਈ ਕਰਨਗੇ ਚੀਫ਼ ਜਸਟਿਸ

-ਚੀਫ਼ ਜਸਟਿਸ ਭਾਜਪਾ ਸੰਸਦ ਮੈਂਬਰ ਮੀਨਾਕਸ਼ੀ ਲੇਖੀ ਦੀ ਪਟੀਸ਼ਨ ਉੱਤੇ ਸੁਣਵਾਈ ਕਰਨਗੇ। ਇਸ ਪਟੀਸ਼ਨ ਵਿੱਚ ਉਨ੍ਹਾਂ ਨੇ ਰਾਹੁਲ ਗਾਂਧੀ ਖਿਲਾਫ਼ ਫੌਜਦਾਰੀ ਮੁਕਦਮੇ (criminal contempt proceedings) ਦੀ ਸੁਣਵਾਈ ਕਰਨ ਦੀ ਮੰਗ ਕੀਤੀ ਹੈ।

ਉਨ੍ਹਾਂ ਰਾਹੁਲ ਗਾਂਧੀ ਵਲੋਂ ਕਥਿਤ ਤੌਰ 'ਤੇ ਰਫ਼ਾਲ ਸਮਝੌਤੇ ਸਬੰਧੀ ਅਦਾਲਤ ਦੇ ਹੁਕਮਾਂ ਦੇ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦੇ ਇਲਜ਼ਾਮ ਲਾਏ ਹਨ।

ਤਸਵੀਰ ਸਰੋਤ, Reuters

- ਦੂਜਾ ਮਾਮਲਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬਾਇਓਪਿਕ ਉੱਤੇ ਆਧਾਰਿਤ ਫ਼ਿਲਮ ਉੱਤੇ ਚੋਣ ਕਮਿਸ਼ਨ ਵਲੋਂ ਲਾਈ ਪਾਬੰਦੀ ਨੂੰ ਚੁਣੌਤੀ ਦੇਣ ਦਾ। ਇਹ ਪਟੀਸ਼ਨ ਫਿਲਮਮੇਕਰਾਂ ਨੇ ਦਾਇਰ ਕੀਤੀ ਹੈ।

- ਤਾਮਿਲ ਨਾਡੂ ਵਿੱਚ ਚੋਣਾਂ ਨੂੰ ਮੁਅੱਤਲ ਕਰਨ ਲਈ ਵੱਡੇ ਪੱਧਰ ਉੱਤੇ ਕਥਿਤ ਤੌਰ 'ਤੇ ਵੋਟਰਾਂ ਨੂੰ ਖਰੀਦਣ ਦੀ ਕੋਸ਼ਿਸ਼ ਕਰਨ ਦੀ ਪਟੀਸ਼ਨ ਉੱਤੇ ਵੀ ਰੰਜਨ ਗੋਗੋਈ ਸੁਣਵਾਈ ਕਰਨਗੇ।

- ਚੀਫ਼ ਜਸਟਿਸ ਪਰੋਟੋਕੋਲ ਅਤੇ ਰਜਿਸਟਰੀ ਵਲੋਂ ਜਾਰੀ ਨੋਟੀਫਿਕੇਸ਼ਨ ਦੇ ਤਹਿਤ ਸਾਰੀਆਂ ਜਨਤਕ ਪਟੀਸ਼ਨਾਂ ਉੱਤੇ ਸੁਣਵਾਈ ਕਰਨਗੇ।

ਇਹ ਵੀ ਪੜ੍ਹੋ:

ਸ਼ਨੀਵਾਰ ਨੂੰ ਛੁੱਟੀ ਵਾਲੇ ਦਿਨ ਅਨੋਖੀ ਸੁਣਵਾਈ ਦੌਰਾਨ ਚੀਫ਼ ਜਸਟਿਸ ਨੇ ਸਫ਼ਾਈ ਦਿੰਦਿਆ ਕਿਹਾ ਕਿ ਉਨ੍ਹਾਂ ਉੱਤੇ ਲਾਏ ਗਏ ਇਲਜ਼ਾਮ 'ਬੇਬੁਨਿਆਦ ਅਤੇ ਅਜੀਬ' ਹਨ।

ਉਨ੍ਹਾਂ ਉਸ ਔਰਤ ਦੀ ਵੀ ਨਿੰਦਾ ਕੀਤੀ ਜਿਸ ਨੇ ਉਨ੍ਹਾਂ ਨਾਲ ਕਦੇ ਕੰਮ ਕੀਤਾ ਸੀ ਅਤੇ ਸਰੀਰਕ ਸ਼ੋਸ਼ਣ ਦੇ ਇਲਜ਼ਾਮ ਲਾਏ ਹਨ।

ਉਨ੍ਹਾਂ ਕਿਹਾ, "ਨਿਆਂ ਪ੍ਰਣਾਲੀ ਵਿੱਚ 20 ਸਾਲਾਂ ਦੀ ਸੇਵਾ ਦੌਰਾਨ ਮੇਰਾ ਬੈਂਕ ਬੈਲੇਂਸ 6.80 ਲੱਖ ਹੈ ਅਤੇ 40 ਲੱਖ ਪੀਪੀਐਫ਼ ਵਿੱਚ ਹਨ। ਕਥਿਤ ਤਾਕਤਾਂ ਮੇਰੇ ਵਿਰੁੱਧ ਕੁਝ ਵੀ ਨਹੀਂ ਲੱਭ ਸਕੀਆਂ ਤਾਂ ਉਨ੍ਹਾਂ ਨੇ ਇਸ ਬੇਈਮਾਨ ਔਰਤ ਨੂੰ ਮੇਰੇ ਵਿਰੁੱਧ ਇਲਜ਼ਾਮ ਲਾਉਣ ਲਈ ਵਰਤਿਆ ਹੈ।"

ਇਹ ਵੀਡੀਓ ਵੀ ਤੁਹਾਨੂੰ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)