ਪੰਜਾਬ 'ਚ ਕੁੱਤੇ ਹੋਏ ਆਦਮਖੋਰ : ਕੁੱਤੇ ਨੇ ਬੱਚੀ ਨੂੰ ਗਲ਼ ਤੋਂ ਫੜ ਲਿਆ ਤੇ 300 ਮੀਟਰ ਤੱਕ ਘਸੀਟਦਾ ਰਿਹਾ

  • ਸੁਖਚਰਨ ਪ੍ਰੀਤ
  • ਬੀਬੀਸੀ ਪੰਜਾਬੀ ਦੇ ਲਈ
ਤਸਵੀਰ ਕੈਪਸ਼ਨ,

ਕਰੀਬ 8 ਸਾਲ ਪਹਿਲਾਂ ਅਰਸ਼ਦੀਪ ਨੂੰ ਕੁੱਤਿਆਂ ਨੇ ਨੋਚ-ਨੋਚ ਕੇ ਖਾ ਲਿਆ ਸੀ

ਸ਼ਾਮ 5 ਕੂ ਵਜੇ ਦਾ ਵੇਲਾ ਸੀ। ਹੱਥ ਵਿਚ ਲੱਡੂ ਫੜੀ ਅਰਸ਼ਦੀਪ ਖੇਡਣ ਲਈ ਘਰੋਂ ਬਾਹਰ ਗਿਆ ਤੇ ਵਾਪਸ ਨਾ ਮੁੜਿਆ।

ਤਰਕਾਲਾਂ ਢਲ ਗਈਆਂ ਸਨ ਤੇ ਘਰਦਿਆਂ ਨੂੰ ਬੱਚੇ ਦੀ ਫ਼ਿਕਰ ਹੋਈ ਤੇ ਇੱਧਰ ਉੱਧਰ ਭਾਲਣ ਲੱਗੇ। ਗੁਰਦੁਆਰੇ ਤੋਂ ਬੱਚੇ ਦੇ ਗੁੰਮਣ ਦੀ ਅਨਾਉਂਸਮੈਂਟ ਕਰਵਾਈ ਗਈ।

ਐਨੇ ਨੂੰ ਕੋਈ ਗੁਆਂਢਣ ਢੇਰ ਉੱਤੇ ਕੂੜਾ ਸੁੱਟਣ ਗਈ ਤਾਂ ਉਸਨੇ ਅਰਸ਼ਦੀਪ ਨੂੰ ਖ਼ੂਨ 'ਚ ਲੱਥ-ਪੱਥ ਰੂੜੀ 'ਤੇ ਪਿਆ ਦੇਖਿਆ।

ਕਰੀਬ 8 ਸਾਲ ਬਾਅਦ ਘਟਨਾ ਦਾ ਜ਼ਿਕਰ ਕਰਦਿਆਂ ਅਰਸ਼ਦੀਪ ਦੀ ਮਾਂ ਅਮਨਦੀਪ ਕੌਰ ਨੇ ਮਸਾਂ ਹੰਝੂ ਰੋਕੇ।

ਇਹ ਵੀ ਪੜ੍ਹੋ:

ਪੰਜਾਬ ਦੇ ਬਰਨਾਲਾ ਜ਼ਿਲ੍ਹੇ ਦੇ ਮਹਿਲ ਕਲਾਂ ਵਿੱਚ ਘਰ ਤੋਂ ਸਿਰਫ਼ 100 ਗਜ਼ ਦੂਰੀ ਉੱਤੇ ਖੇਡਣ ਗਏ ਢਾਈ ਸਾਲਾ ਅਰਸ਼ਦੀਪ ਉੱਤੇ ਕੁੱਤਿਆਂ ਨੇ ਹਮਲਾ ਕਰ ਦਿੱਤਾ ਸੀ ਅਤੇ ਨੋਚ-ਨੋਚ ਕੇ ਖਾ ਲਿਆ ਸੀ।

ਵੀਡੀਓ ਕੈਪਸ਼ਨ,

ਸਾਡੇ ਬੱਚੇ ਨੂੰ ਕੁੱਤੇ ਨੇ ਨੋਚ-ਨੋਚ ਕੇ ਖਾ ਲਿਆ - ਪਰਿਵਾਰ ਦਾ ਦਰਦ

ਆਪਣੇ ਜੇਠੇ ਬੱਚੇ ਅਰਸ਼ਦੀਪ ਦੀ ਮੌਤ ਵਾਲੇ ਦਿਨ ਦਾ ਹਰ ਵੇਰਵਾ ਅਮਨਦੀਪ ਕੌਰ ਨੂੰ ਚੰਗੀ ਤਰਾਂ ਯਾਦ ਹੈ।

ਅਮਨਦੀਪ ਕੌਰ ਦੱਸਦੀ ਹੈ, "ਡੇਢ ਕੁ ਵਜੇ ਆਂਗਣਵਾੜੀ ਸਕੂਲ 'ਚੋਂ ਆਇਆ ਸੀ। ਆਥਣ ਵੇਲੇ ਖੇਡਣ ਲਈ ਬਾਹਰ ਗਿਆ, ਅੱਗੇ ਵੀ ਚਲਾ ਜਾਂਦਾ ਸੀ। ਜਦੋਂ ਵਾਪਸ ਨਾ ਮੁੜਿਆ ਤਾਂ ਅਸੀਂ ਗੁਰਦੁਆਰੇ ਅਨਾਊਂਸਮੈਂਟ ਕਰਵਾਈ। ਪਿੰਡ ਵਿੱਚ ਵੀ ਭਾਲਦੇ ਰਹੇ। ਫਿਰ ਸ਼ਾਮ ਨੂੰ ਇੱਕ ਆਂਟੀ ਨੇ ਆ ਕੇ ਦੱਸਿਆ ਤਾਂ ਸਾਨੂੰ ਪਤਾ ਲੱਗਿਆ।"

ਅਰਸ਼ਦੀਪ ਦੇ ਦਾਦਾ ਸੁਖਦੇਵ ਸਿੰਘ ਧੀਰ ਬੰਨ੍ਹ ਕੇ ਗੱਲ ਕਰਦੇ ਹੋਏ ਦੱਸਦੇ ਹਨ, "ਉਹ ਬਾਹਰ ਖੇਡਣ ਗਿਆ ਸੀ। ਉੱਥੇ ਕੁੱਤਿਆ ਨੇ ਉਸੇ ਹਮਲਾ ਕਰ ਦਿੱਤਾ। ਉਹਦੇ ਨਾਲ ਦੇ ਬੱਚੇ ਡਰ ਕੇ ਘਰ ਭੱਜ ਆਏ।"

ਤਸਵੀਰ ਕੈਪਸ਼ਨ,

ਅਰਸ਼ਦੀਪ ਦੀ ਉਮਰ ਉਦੋਂ ਢਾਈ ਸਾਲ ਸੀ ਜਦੋਂ ਉਸ ਨਾਲ ਇਹ ਹਾਦਸਾ ਵਾਪਰਿਆ

"ਬੱਚਿਆਂ ਨੇ ਡਰ ਦੇ ਮਾਰੇ ਕਿਸੇ ਨੂੰ ਵੀ ਨਹੀਂ ਦੱਸਿਆ। ਇੱਕ ਔਰਤ ਰੂੜੀਆਂ ਉੱਤੇ ਕੂੜਾ ਸੁੱਟਣ ਗਈ ਸੀ, ਉਸ ਨੇ ਸਾਨੂੰ ਆ ਕੇ ਦੱਸਿਆ। ਜਦ ਤੱਕ ਅਸੀਂ ਬੱਚੇ ਕੋਲ ਪਹੁੰਚੇ ਉਹਦੀ ਮੌਤ ਹੋ ਚੁੱਕੀ ਸੀ। ਕੁੱਤਿਆ ਨੇ ਬੱਚੇ ਦਾ ਸਰੀਰ ਬੁਰੀ ਤਰਾਂ ਨੋਚਿਆ ਹੋਇਆ ਸੀ।''

ਇਹ ਘਟਨਾ 17 ਦਸੰਬਰ 2012 ਦੀ ਹੈ, ਇਸੇ ਤਰ੍ਹਾਂ ਦੀ ਘਟਨਾ 17 ਮਈ 2018 ਵਿਚ ਬਰਨਾਲਾ ਦੇ ਗੁਆਂਢੀ ਜ਼ਿਲ੍ਹੇ ਸੰਗਰੂਰ ਵਿਚ ਵਾਪਰੀ।

ਸੰਗਰੂਰ ਦੇ ਭਿੰਡਰਾ ਪਿੰਡ ਵਿੱਚ ਘਰ ਦੇ ਬਾਹਰ ਖੇਡ ਰਹੀ ਬੱਚੀ ਆਸ਼ੂ ਉੱਤੇ ਕੁੱਤੇ ਨੇ ਹਮਲਾ ਕਰ ਦਿੱਤਾ। ਉਸੇ ਵੇਲੇ ਉੱਥੋਂ ਮੋਟਰ ਸਾਇਕਲ ਉੱਤੇ ਗੁਜ਼ਰ ਰਹੇ ਰਾਹਗੀਰ ਨੇ ਪੱਥਰ-ਰੋੜੇ ਮਾਰ ਕੇ ਬੱਚੀ ਨੂੰ ਕੁੱਤੇ ਤੋਂ ਛੁਡਾਇਆ।

ਤਸਵੀਰ ਕੈਪਸ਼ਨ,

ਆਦਮਖੋਰ ਕੁੱਤਿਆਂ ਦੇ ਹਮਲਿਆਂ ਕਾਰਨ ਲੋਕਾਂ ਵਿੱਚ ਡਰ ਦਾ ਮਾਹੌਲ ਹੈ

ਇਸੇ ਵਿਅਕਤੀ ਨੇ ਘਰਦਿਆਂ ਨੂੰ ਦੱਸਿਆ, 'ਕੁੱਤੇ ਨੇ ਬੱਚੀ ਨੂੰ ਗਲ਼ੇ ਤੋਂ ਫੜ੍ਹਿਆ ਹੋਇਆ ਸੀ ਅਤੇ ਉਹ 300 ਮੀਟਰ ਤੱਕ ਘੜੀਸ ਕੇ ਲੈ ਗਿਆ'।

ਬੱਚੀ ਪੂਰੀ ਤਰ੍ਹਾਂ ਜ਼ਖਮੀ ਹੋ ਗਈ। ਉਸ ਨੂੰ ਪਹਿਲਾ ਸੰਗਰੂਰ ਦੇ ਸਿਵਲ ਹਸਪਤਾਲ ਤੇ ਫਿਰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਲਿਜਾਇਆ ਗਿਆ, ਪਰ ਜ਼ਖਮਾਂ ਦੀ ਤਾਬ ਨਾ ਝੱਲਦੇ ਹੋਏ ਉਹ ਚੱਲ ਵਸੀ।

ਉਕਤ ਦੋਵਾਂ ਘਟਨਾਵਾਂ ਵਿਚਾਲੇ ਕਰੀਬ 8 ਸਾਲ ਦਾ ਅੰਤਰ ਹੈ, ਪਰ ਇਨ੍ਹਾਂ 8 ਸਾਲਾਂ ਵਿੱਚ ਜ਼ਮੀਨ ਉੱਤੇ ਕੁਝ ਨਹੀਂ ਬਦਲਿਆ।

ਪੰਜਾਬ ਦੇ ਨੈਸ਼ਨਲ ਰੇਬੀਜ਼ ਕੰਟਰੋਲ ਪ੍ਰੋਗਰਾਮ ਦੇ ਸਰਕਾਰੀ ਅੰਕੜਿਆਂ ਮੁਤਾਬਕ ਹਰ ਰੋਜ਼ ਕਰੀਬ 300 ਕੁੱਤੇ ਪੰਜਾਬ ਵਿੱਚ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਹਨ।

ਪੰਜਾਬ ਦੇ ਆਦਮਖੋਰ ਕੁੱਤੇ

ਪੰਜਾਬ ਵਿਚ ਇਹ ਘਟਨਾਵਾਂ ਲਗਾਤਾਰ ਤੇਜ਼ੀ ਨਾਲ ਵਧ ਰਹੀਆਂ ਹਨ ਅਤੇ ਇੰਝ ਲਗਦਾ ਹੈ ਜਿਵੇਂ ਪੰਜਾਬ ਦੇ ਕੁੱਤੇ ਆਦਮਖੋਰ ਹੋ ਗਏ ਹੋਣ ।

ਪੰਜਾਬ ਵਿਚ ਕੁੱਤਿਆਂ ਦੇ ਵੱਢਣ ਅਤੇ ਮਨੁੱਖਾਂ ਉੱਤੇ ਹਮਲੇ ਕਰਨ ਦੇ ਮਾਮਲਿਆਂ ਵਿੱਚ ਪਿਛਲੇ 4 ਸਾਲਾਂ ਦੌਰਾਨ 5 ਗੁਣਾ ਵਾਧਾ ਹੋਇਆ ਹੈ।

ਪੰਜਾਬ ਦੇ ਨੈਸ਼ਨਲ ਰੇਬੀਜ਼ ਕੰਟਰੋਲ ਪ੍ਰੋਗਰਾਮ ਦੇ ਸਰਕਾਰੀ ਅੰਕੜਿਆਂ ਮੁਤਾਬਕ 2014 ਵਿੱਚ ਕੁੱਤਿਆਂ ਦੇ ਵੱਢਣ ਦੇ ਸਿਰਫ਼ 22000 ਮਾਮਲੇ ਸਾਹਮਣੇ ਆਏ ਸਨ।

ਇਹ 2015 ਵਿੱਚ 39000, 2016 ਵਿੱਚ 54,000, 2017 ਵਿੱਚ 1.12 ਲੱਖ ਅਤੇ 2018 ਵਿੱਚ 1.13 ਲੱਖ ਹੋ ਗਏ।

ਇਸ ਦੇ ਹਿਸਾਬ ਨਾਲ ਹਰ ਰੋਜ਼ ਕਰੀਬ 300 ਕੁੱਤੇ ਪੰਜਾਬ ਵਿੱਚ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਹਨ।

ਇਹ ਵੀ ਪੜ੍ਹੋ:

ਪੰਜਾਬ ਵਿੱਚ ਸਭ ਤੋਂ ਵੱਧ ਮਾਮਲੇ ਲੁਧਿਆਣਾ ਵਿੱਚ ਹੋਏ, ਇਹ ਗਿਣਤੀ 15,324 ਸੀ, ਦੂਜੇ ਨੂੰਬਰ ਉੱਤੇ ਪਟਿਆਲਾ, ਤੀਜੇ ਉੱਤੇ ਜਲੰਧਰ, ਚੌਥੇ ਉੱਤੇ ਹੁਸ਼ਿਆਰਪੁਰ ਅਤੇ ਪੰਜਵੇਂ ਉੱਤੇ ਸੰਗਰੂਰ ਦੇ ਸੀ।

ਕੁੱਤਿਆਂ ਦੇ ਆਦਮਖੋਰ ਹੋਣ ਦੇ ਕਾਰਨ

ਦੀਨਾਨਾਥ ਬਰਨਾਲਾ ਸ਼ਹਿਰ ਵਿੱਚ ਰਹਿੰਦੇ ਹਨ ਅਤੇ ਕੁੱਤਿਆਂ ਦੇ ਟਰੇਨਰ ਰਹੇ ਹੋਣ ਕਰਕੇ ਉਨ੍ਹਾਂ ਨੂੰ ਕੁੱਤਿਆਂ ਦੇ ਵਿਵਹਾਰ ਬਾਰੇ ਲੰਮਾ ਤਜ਼ਰਬਾ ਹੈ।

ਦੀਨਾਨਾਥ ਦੱਸਦੇ ਹਨ, "ਮੈਂ 40 ਸਾਲ ਵੱਖ-ਵੱਖ ਨਸਲਾਂ ਦੇ ਕੁੱਤੇ ਟਰੇਨ ਕੀਤੇ ਹਨ। ਕੁੱਤੇ ਰੱਖਣ ਦੇ ਸ਼ੌਕੀਨ ਮੇਰੇ ਕੋਲੋਂ ਘਰ ਵਿੱਚ ਰੱਖਣ ਲਈ ਕੁੱਤੇ ਟਰੇਨ ਕਰਵਾ ਕੇ ਲੈ ਕੇ ਜਾਂਦੇ ਰਹੇ ਹਨ। ਕੁੱਤਿਆਂ ਦੇ ਹਮਲਿਆਂ ਦੇ ਵਧਣ ਦਾ ਕਾਰਨ ਅਵਾਰਾ ਕੁੱਤਿਆਂ ਦੀ ਗਿਣਤੀ ਦਾ ਵਧਣਾ ਹੈ।"

ਦੀਨਾਨਾਥ ਕੁੱਤਿਆਂ ਦੇ ਆਦਮਖੋਰ ਹੋਣ ਦੇ ਦੋ ਹੋਰ ਕਾਰਨ ਦੱਸਦੇ ਹਨ।

ਤਸਵੀਰ ਕੈਪਸ਼ਨ,

ਦੀਨਾਨਾਥ ਕੁੱਤਿਆਂ ਦੇ ਟਰੇਨਰ ਹਨ, ਉਹ ਕੁੱਤਿਆਂ ਤੋਂ ਸਾਵਦਾਨ ਰਹਿਣ ਦੇ ਕੁਝ ਉਪਾਅ ਦੱਸਦੇ ਹਨ

ਉਨ੍ਹਾਂ ਮੁਤਾਬਕ, "ਕੁੱਤਿਆਂ ਦੀਆਂ ਬਾਹਰਲੀਆਂ ਨਸਲਾਂ ਪਾਲਣ ਦਾ ਰੁਝਾਨ ਪੰਜਾਬ ਵਿੱਚ ਵੱਧ ਗਿਆ ਹੈ। ਇਹਨਾਂ ਵਿੱਚੋਂ ਕੁੱਝ ਨਸਲਾਂ ਹਮਲਾਵਰ ਹਨ।"

"ਅਜਿਹੀਆਂ ਨਸਲਾਂ ਜਦੋਂ ਅਵਾਰਾ ਛੱਡ ਦਿੱਤੀਆਂ ਜਾਂਦੀਆਂ ਹਨ ਤਾਂ ਇਹ ਮਿਕਸ ਬਰੀਡ ਪੈਦਾ ਕਰਦੀਆਂ ਹਨ ਜੋ ਅਵਾਰਾ ਕੁੱਤਿਆਂ ਦੀਆਂ ਨਸਲਾਂ ਦੇ ਸੁਭਾਅ ਵਿਗਾੜ ਰਹੀਆਂ ਹਨ।''

ਦੀਨਾਨਾਥ ਅੱਗੇ ਦੱਸਦੇ ਹਨ, "ਕੁੱਤੇ ਨੂੰ ਪਹਿਲਾਂ ਦਰਵੇਸ਼ ਮੰਨਿਆਂ ਜਾਂਦਾ ਸੀ ਅਤੇ ਲਗਭਗ ਹਰ ਘਰ ਵਿੱਚ ਪਾਲਤੂ ਕੁੱਤਿਆਂ ਦੀ ਆਪਣੀ ਥਾਂ ਸੀ। ਹੁਣ ਇਹ ਧਾਰਨਾ ਖ਼ਤਮ ਹੋ ਰਹੀ ਹੈ ਜਾਂ ਘਰਾਂ ਅਤੇ ਖੇਤੀਬਾੜੀ ਵਿੱਚ ਕੁੱਤਿਆਂ ਦੀ ਲੋੜ ਘਟ ਗਈ ਹੈ।"

"ਇਸ ਨਾਲ ਅਵਾਰਾ ਕੁੱਤਿਆਂ ਦੀ ਗਿਣਤੀ ਵਿੱਚ ਬੇਤਹਾਸ਼ਾ ਵਾਧਾ ਹੋਇਆ ਹੈ।ਅਜਿਹੇ ਕੁੱਤੇ ਮਾਸਖ਼ੋਰੇ ਬਣ ਜਾਂਦੇ ਹਨ ਅਤੇ ਕਈ ਵਾਰ ਮਨੁੱਖਾਂ ਨੂੰ ਵੀ ਆਪਣਾ ਸ਼ਿਕਾਰ ਬਣਾ ਲੈਂਦੇ ਹਨ।''

ਕੁਝ ਹੋਰ ਜਾਣਕਾਰ ਦੱਸਦੇ ਹਨ ਕਿ ਵਧਦੀ ਮਨੁੱਖੀ ਵਸੋਂ ਅਤੇ ਪਿੰਡਾਂ ਤੇ ਕਸਬਿਆਂ ਦਾ ਪਸਾਰ ਵੀ ਇਸ ਦਾ ਕਾਰਨ ਹੈ,ਪਹਿਲਾ ਹੱਡਾ-ਰੋੜੀਆਂ ਪਿੰਡਾਂ ਤੇ ਸ਼ਹਿਰਾਂ ਤੋਂ ਦੂਰ ਹੁੰਦੀਆਂ ਸਨ ਅਤੇ ਮਾਸ ਖਾਣ ਵਾਲੇ ਕੁੱਤੇ ਭੁੱਖ ਕਾਰਨ ਮਨੁੱਖੀ ਵਸੋਂ ਵਿਚ ਘੱਟ ਆਉਂਦੇ ਸਨ ਪਰ ਹੁਣ ਹੱਡਾ ਰੋੜੀਆਂ ਵਸੋਂ ਦੇ ਕਰੀਬ ਹੋ ਗਈਆਂ ਹਨ। ਜਿਸ ਕਾਰਨ ਮਾਸਖੋਰੇ ਕੁੱਤੇ ਜਦੋਂ ਦਾਅ ਭਰਦਾ ਹੈ ਬੱਚਿਆਂ ਜਾਂ ਕਮਜ਼ੋਰ ਦਿਖਣ ਵਾਲੇ ਬਜੁਰਗਾਂ ਉੱਤੇ ਹਮਲੇ ਬੋਲ ਦਿੰਦੇ ਹਨ।

36 ਫ਼ੀਸਦ ਮੌਤਾਂ ਭਾਰਤ 'ਚ

ਰੇਬੀਜ਼ ਦੀ ਲਾਗ ਦੀ ਦਵਾਈ ਫਰੈਂਚ ਵਿਗਿਆਨੀ ਲੂਇਸ ਪਾਸ਼ਚਰ ਨੇ ਕਰੀਬ 130 ਸਾਲਾ ਪਹਿਲਾਂ ਲੱਭ ਲਈ ਸੀ, ਪਰ ਵਿਸ਼ਵ ਸਿਹਤ ਸੰਗਠਨ ਦੇ ਅੰਕੜਿਆਂ ਮੁਤਾਬਕ ਅੱਜ ਵੀ ਦੁਨੀਆਂ ਭਰ ਵਿਚ ਹਰ ਸਾਲ 59000 ਲੋਕ ਮਰਦੇ ਹਨ।

ਇਨ੍ਹਾਂ ਵਿੱਚੋਂ 90 ਫ਼ੀਸਦ ਮੌਤਾਂ ਏਸ਼ੀਆ ਤੇ ਅਫ਼ਰੀਕਾ ਦੇ ਪੇਂਡੂ ਖੇਤਰਾਂ ਵਿਚ ਹੁੰਦੀਆਂ ਹਨ। ਵਿਸ਼ਵ ਸਿਹਤ ਸੰਗਠਨ ਦੇ ਅੰਕੜਿਆਂ ਮੁਤਾਬਕ ਰੇਬੀਜ਼ ਕਾਰਨ ਹੋਣ ਵਾਲ਼ੀਆਂ ਕੁੱਲ ਮੌਤਾਂ ਦੀਆਂ 36 ਫ਼ੀਸਦ ਭਾਰਤ ਵਿਚ ਹੁੰਦੀਆਂ ਹਨ।

ਨੈਸ਼ਨਲ ਹੈਲਥ ਮਿਸ਼ਨ ਦੇ ਅੰਕੜਿਆਂ ਮੁਤਾਬਕ ਭਾਰਤ ਵਿਚ ਹਰ ਸਾਲ ਕਰੀਬ 20,000 ਲੋਕਾਂ ਦੀ ਜਾਨ ਜਾਂਦੀ ਹੈ ਅਤੇ 99 ਫ਼ੀਸਦ ਰੇਬੀਜ਼ ਲਾਗ ਦੇ ਮਾਮਲੇ ਕੁੱਤਿਆਂ ਦੇ ਵੱਢਣ ਕਾਰਨ ਹੁੰਦੇ ਹਨ।

ਕੁੱਤਿਆਂ ਦੇ ਹਮਲੇ ਸਮੇਂ ਕੀ ਸਾਵਧਾਨੀ ਹੋਵੇ

ਕੁੱਤਿਆਂ ਦਾ ਹਮਲਾ ਹੋਣ ਦੀ ਸਥਿਤੀ ਅਤੇ ਬਚਾਅ ਬਾਰੇ ਦੀਨਾਨਾਥ ਆਪਣੇ ਤਜਰਬੇ ਵਿੱਚੋਂ ਦੱਸਦੇ ਹਨ, "ਕੁੱਤੇ ਦੇ ਹਮਲੇ ਸਮੇਂ ਭੱਜਣਾ ਨਹੀਂ ਚਾਹੀਦਾ ਸਗੋਂ ਹੱਥ ਵਿੱਚ ਸੋਟੀ, ਰੁਮਾਲ, ਪੱਗ ਜਾਂ ਜੋ ਵੀ ਕੁੱਝ ਹੋਵੇ ਉਸ ਨਾਲ ਕੁੱਤੇ ਦਾ ਸਾਹਮਣਾ ਕਰਨਾ ਚਾਹੀਦਾ ਹੈ। ਇੰਨੇ ਵਿੱਚ ਕੁੱਤਾ ਇੱਕ ਵਾਰ ਆਪਣਾ ਬਚਾਅ ਕਰੇਗਾ ਜਾਂ ਉਸ ਹੱਤਕ ਨਾਲ ਉਲਝੇਗਾ।

ਇਹ ਵੀ ਪੜ੍ਹੋ:

ਇਸ ਤੋਂ ਬਾਅਦ ਆਪਣੇ ਬਚਾਅ ਲਈ ਕੋਈ ਉੱਚੀ ਜਗ੍ਹਾ, ਰੌਲਾ ਪਾਉਣਾ ਜਾਂ ਕੋਈ ਹੋਰ ਮਜ਼ਬੂਤ ਚੀਜ਼ ਬਚਾਅ ਲਈ ਚੁੱਕਣ ਵਰਗੇ ਹੱਲ ਤਲਾਸ਼ਣੇ ਚਾਹੀਦੇ ਹਨ। ਜਦੋਂ ਕੁੱਤੇ ਝੁੰਡ ਵਿੱਚ ਹਮਲਾ ਕਰਦੇ ਹਨ ਤਾਂ ਇਕੱਲੇ ਬੰਦੇ ਦਾ ਬਚਣਾ ਮੁਸ਼ਕਿਲ ਹੀ ਹੁੰਦਾ ਹੈ। ਜੇ ਬੰਦਾ ਬਚ ਵੀ ਜਾਵੇ ਤਾਂ ਉਹਦੀ ਹਾਲਤ ਬਹੁਤ ਬਦਤਰ ਹੋ ਚੁੱਕੀ ਹੁੰਦੀ ਹੈ।

ਪਾਲਤੂ ਕੁੱਤਿਆਂ ਤੋਂ ਵੀ ਹਮਲੇ ਦਾ ਖ਼ਤਰਾ ਹੁੰਦਾ ਹੈ। ਇਹ ਅਜਨਬੀ ਜਾਂ ਮਾਲਕ ਕਿਸੇ ਨੂੰ ਵੀ ਵੱਢ ਸਕਦੇ ਹਨ। ਇਸ ਲਈ ਪਾਲਤੂ ਕੁੱਤਿਆਂ ਅਤੇ ਪਰਿਵਾਰ ਦੀ ਹਮੇਸ਼ਾ ਵੈਕਸੀਨ ਕਰਵਾ ਕੇ ਰੱਖਣੀ ਚਾਹੀਦੀ ਹੈ।"

ਕੁੱਤੇ ਦੇ ਵੱਢਣ 'ਤੇ ਕੀ ਕੀਤਾ ਜਾਵੇ

ਬਰਨਾਲਾ ਦੇ ਸਿਵਲ ਸਰਜਨ ਜੁਗਲ ਕਿਸ਼ੋਰ ਅਵਾਰਾ ਕੁੱਤਿਆਂ ਦੀ ਸਮੱਸਿਆ ਬਾਰੇ ਗੱਲ ਕਰਦੇ ਹੋਏ ਦੱਸਦੇ ਹਨ, " ਜਿੱਥੇ ਹੱਡਾਰੋੜੀ ਹੁੰਦੀ ਹੈ,ਉੱਥੇ ਕੁੱਤੇ ਕਾਫ਼ੀ ਖ਼ਤਰਨਾਕ ਹੁੰਦੇ ਹਨ। ਇਹਨਾਂ ਕੋਲ ਦੀ ਲੰਘਣ ਵਾਲੇ ਔਰਤ ਜਾਂ ਮਰਦ ਉੱਪਰ ਇਹ ਖ਼ੂੰਖ਼ਾਰ ਤਰੀਕੇ ਨਾਲ ਹਮਲਾ ਕਰਕੇ ਕਾਫ਼ੀ ਨੁਕਸਾਨ ਕਰਦੇ ਹਨ।

ਤਸਵੀਰ ਕੈਪਸ਼ਨ,

ਸਿਵਲ ਸਰਜਨ ਜੁਗਲ ਕਿਸ਼ੋਰ ਦੱਸਦੇ ਹਨ ਕਿ ਪਹਿਲਾਂ ਨਾਲੋਂ ਕਿਤੇ ਵੱਧ ਮਾਮਲੇ ਰਜਿਸਟਰ ਹੁੰਦੇ ਹਨ

ਜਦੋਂ ਕਿਸੇ ਨੂੰ ਕੋਈ ਕੁੱਤਾ ਕੱਟਦਾ ਹੈ ਤਾਂ ਜ਼ਖ਼ਮ ਨੂੰ ਕਰੀਬ ਅੱਧੇ ਘੰਟੇ ਤੱਕ ਵਗਦੇ ਪਾਣੀ ਹੇਠ ਰੱਖਿਆ ਜਾਣਾ ਚਾਹੀਦਾ ਹੈ ਤਾਂ ਜੋ ਕੱਟਣ ਤੋਂ ਬਾਅਦ ਪੈਦਾ ਹੋਏ ਵਾਇਰਸ ਨਸ਼ਟ ਹੋ ਜਾਣ। ਫਿਰ ਸਾਬਣ ਦੇ ਨਾਲ ਵਾਰ ਵਾਰ ਮਲ ਕੇ ਸਾਫ ਕੀਤਾ ਹੋਣਾ ਚਾਹੀਦਾ ਹੈ।

ਉਸ ਤੋਂ ਬਾਅਦ ਪੀੜਤ ਵਿਅਕਤੀ ਨੂੰ ਵੈਕਸੀਨੇਸ਼ਨ ਕਰਵਾਉਣੀ ਚਾਹੀਦੀ ਹੈ ਤਾਂ ਜੋ ਰੇਬਿਜ ਜਿਸਦਾ ਕੋਈ ਇਲਾਜ ਨਹੀਂ ਹੈ ਉਹ ਬਿਮਾਰੀ ਨਾ ਹੋਵੇ। ਸਿਵਲ ਹਸਪਤਾਲ ਵਿੱਚ ਕੁੱਤੇ ਦੇ ਕੱਟਣ ਦੀ ਮੁਫ਼ਤ ਵੈਕਸੀਨੇਸ਼ਨ ਕੀਤੀ ਜਾਂਦੀ ਹੈ।

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੀਆਂ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)