ਵਾਇਨਾਡ ਤੋਂ ਰਾਹੁਲ ਗਾਂਧੀ ਦੇ ਚੋਣ ਲੜਨ ਦਾ ਇਹ ਹੈ ਅਸਲ ਕਾਰਨ

ਰਾਹੁਲ ਗਾਂਧੀ Image copyright PRAKASH SINGH/GettyImages
ਫੋਟੋ ਕੈਪਸ਼ਨ ਰਾਹੁਲ ਗਾਂਧੀ ਅਮੇਠੀ ਅਤੇ ਵਾਇਨਾਡ ਤੋਂ ਚੋਣਾਂ ਲੜ ਰਹੇ ਹਨ

ਲੋਕ ਸਭਾ ਚੋਣਾਂ 2019 ਦੌਰਾਨ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਆਪਣੀ ਰਵਾਇਤੀ ਸੀਟ ਅਮੇਠੀ ਤੋਂ ਇਲਾਵਾ ਕੇਰਲ ਦੇ ਵਾਇਨਾਡ ਵਿੱਚ ਵੀ ਵੋਟਰਾਂ ਦਾ ਸਮਰਥਨ ਹਾਸਿਲ ਕਰਨ ਲਈ ਮੈਦਾਨ 'ਚ ਉਤਰ ਗਏ ਹਨ।

ਉਨ੍ਹਾਂ ਦੇ ਇਸ ਫ਼ੈਸਲੇ ਨੂੰ ਸਮਰਥਕ ਤਾਂ ਇਸ ਤਰ੍ਹਾਂ ਵੇਖ ਰਹੇ ਹਨ ਕਿ ਉਹ ਆਪਣੀ ਪਛਾਣ ਕੌਮੀ ਪੱਧਰ 'ਤੇ ਹੋਰ ਵੱਡੀ ਕਰ ਰਹੇ ਹਨ।

ਉੱਥੇ ਹੀ ਇਸੇ ਫ਼ੈਸਲੇ ਨੂੰ ਰਾਹੁਲ ਦੇ ਵਿਰੋਧੀ ਇਸ ਤਰ੍ਹਾਂ ਵੇਖਦੇ ਹਨ ਕਿ ਉਹ ਇੱਕ ਸੁਰੱਖਿਅਤ ਸੀਟ ਵੀ ਲੜ ਰਹੇ ਹਨ ਕਿਉਂਕਿ ਉਨ੍ਹਾਂ ਦੀ ਰਵਾਇਤੀ ਸੀਟ ਅਮੇਠੀ ਉੱਤਰ ਪ੍ਰਦੇਸ਼ 'ਚ ਹੈ ਜਿੱਥੇ ਭਾਜਪਾ ਨੇ 2014 ਤੇ 2017 'ਚ ਵੱਡੀਆਂ ਜਿੱਤਾਂ ਹਾਸਿਲ ਕੀਤੀਆਂ ਸਨ।

ਦੋ ਸੀਟਾਂ ਤੋਂ ਇਕੱਠੇ ਜਿੱਤ ਪ੍ਰਾਪਤ ਕਰਨ ਵਾਲੇ ਆਗੂ ਬਹੁਤੇ ਨਹੀਂ ਹਨ। ਇਨ੍ਹਾਂ ਵਿੱਚ ਰਾਹੁਲ ਗਾਂਧੀ ਦੀ ਮਾਤਾ ਸੋਨੀਆ ਗਾਂਧੀ ਅਤੇ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਾਮਿਲ ਹਨ।

ਇਸ ਤੋਂ ਇਲਾਵਾ ਇੰਦਰਾ ਗਾਂਧੀ ਅਤੇ ਅਟਲ ਬਿਹਾਰੀ ਵਾਜਪਾਈ ਵੀ ਦੋ ਸੀਟਾਂ ਤੋਂ ਇਕੱਠੇ ਚੋਣ ਲੜ ਚੁੱਕੇ ਹਨ।

ਭਾਜਪਾ ਨੇ ਸਾਲ 2014 ਵਿੱਚ ਉੱਤਰ ਪ੍ਰਦੇਸ਼ ਵਿੱਚ 80 'ਚੋਂ 71 ਲੋਕ ਸਭਾ ਸੀਟਾਂ ਜਿੱਤੀਆਂ ਸਨ ਅਤੇ ਲੋਕ ਸਭਾ ਵਿੱਚ ਬੜੇ ਆਰਾਮ ਨਾਲ 272 ਦਾ ਬਹੁਮਤ ਦਾ ਅੰਕੜਾ ਪਾਰ ਕਰ ਲਿਆ ਸੀ। ਇਹ ਅੰਕੜਾ ਹਾਸਿਲ ਕਰਨ ਵਾਲੀ ਭਾਜਪਾ ਤਿੰਨ ਦਹਾਕਿਆਂ 'ਚ ਪਹਿਲੀ ਪਾਰਟੀ ਸੀ।

ਦੂਜੇ ਪਾਸੇ ਕਾਂਗਰਸ ਦਾ ਅੰਕੜਾ 206 ਤੋਂ ਡਿੱਗ ਕੇ ਸਿਰਫ਼ 44 ਆ ਗਿਆ ਸੀ।

ਇਹ ਵੀ ਪੜ੍ਹੋ-

Image copyright Getty Images
ਫੋਟੋ ਕੈਪਸ਼ਨ ਮੰਨਿਆ ਜਾ ਰਿਹਾ ਹੈ ਕਿ ਰਾਹੁਲ ਗਾਂਧੀ ਨੂੰ ਦੱਖਣ ਤੋਂ ਚੋਣ ਲੜਨ ਦਾ ਸੁਰੱਖਿਅਤ ਰਸਤਾ ਅਪਣਾਇਆ ਹੈ

ਉਂਝ ਇਹ ਨਹਿਰੂ-ਗਾਂਧੀ ਪਰਿਵਾਰ ਨੇ ਔਖੇ ਵੇਲੇ ਪਹਿਲਾਂ ਵੀ ਦੱਖਣੀ ਭਾਰਤ ਦਾ ਰੁਖ਼ ਕੀਤਾ ਹੈ।

1977 ਵਿੱਚ ਐਮਰਜੈਂਸੀ ਤੋਂ ਬਾਅਦ ਜਦੋਂ ਇੰਦਰਾ ਗਾਂਧੀ ਚੋਣਾਂ ਹਾਰ ਗਈ ਸੀ ਤਾਂ ਉਨ੍ਹਾਂ ਨੇ ਨਵੰਬਰ 1978 ਚਿਕਮਗਲੂਰ ਤੋਂ ਸੰਸਦ 'ਚ ਵਾਪਸੀ ਲਈ ਚੋਣ ਲੜੀ ਸੀ।

ਸੋਨੀਆ ਨੇ ਵੀ ਦੱਖਣ ਵਿੱਚ ਸੁਸ਼ਮਾ ਨੂੰ ਹਰਾਇਆ ਸੀ

ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਅਤੇ ਇਤਿਹਾਸਕਾਰ ਮ੍ਰਿਦੁਲਾ ਮੁਖਰਜੀ ਮੁਤਾਬਕ, "ਐਮਰਜੈਂਸੀ ਨੂੰ ਲੈ ਕੇ ਉੱਤਰੀ ਦੇ ਦੱਖਣੀ ਭਾਰਤ ਦੇ ਰੁਖ਼ 'ਚ ਫਰਕ ਸੀ। ਇੰਦਰਾ ਗਾਂਧੀ ਉੱਤਰ ਪ੍ਰਦੇਸ਼ ਤੋਂ ਆਪਣੀ ਸੀਟ ਨਹੀਂ ਬਚਾ ਸਕੇ ਸੀ ਪਰ ਦੱਖਣੀ ਭਾਰਤ ਅਜੇ ਵੀ ਕਾਂਗਰਸ ਨੂੰ ਵੋਟ ਪਾ ਰਿਹਾ ਸੀ।"

ਸੰਸਦ ਵਿੱਚ ਹੋਣ ਦਾ ਫਾਇਦਾ ਇਹ ਹੋਇਆ ਕਿ ਇੰਦਰਾ ਗਾਂਧੀ ਨੂੰ ਲੰਡਨ ਜਾਣ ਲਈ ਡਿਪਲੋਮੈਟਿਕ ਪਾਸਪੋਰਟ ਮਿਲ ਗਿਆ। ਜਦਕਿ ਉਨ੍ਹਾਂ ਦਾ ਅਸਲੀ ਪਾਸਪੋਰਟ ਐਮਰਜੈਂਸੀ ਕੇਸ ਕਰਕੇ ਜ਼ਬਤ ਹੋਇਆ ਸੀ।

ਉਨ੍ਹਾਂ ਦੀ ਜੀਵਨੀ ਲਿਖਣ ਵਾਲੀ ਕੈਥਰੀਨ ਫਰੈਂਕ ਨੇ ਲਿਖਿਆ ਕਿ ਲੰਡਨ ਫੇਰੀ ਰਾਹੀਂ ਇੰਦਰਾ ਨੇ ਆਪਣੇ ਕੌਮਾਂਤਰੀ ਅਕਸ ਸੁਧਾਰਨ ਦਾ ਰਾਹ ਬਣਾ ਰਹੀ ਸੀ।

ਸਾਲ 1980 ਦੀਆਂ ਆਮ ਚੋਣਾਂ 'ਚ ਪਾਰਟੀ 189 ਸੀਟਾਂ ਤੋਂ ਉਠ ਕੇ ਸਿੱਧਾ ਦੋ-ਤਿਹਾਈ ਬਹੁਮਤ ਨੂੰ ਵੀ ਪਾਰ ਕਰ ਗਈ ਸੀ।

Image copyright Getty Images
ਫੋਟੋ ਕੈਪਸ਼ਨ 1998 'ਚ ਕਾਂਗਰਸ ਦੀ ਪ੍ਰਧਾਨ ਬਣਨ ਤੋਂ ਬਾਅਦ ਸੋਨੀਆ ਗਾਂਧੀ ਨੇ ਕਰਨਾਟਕਾ ਦੇ ਬੇਲਾਰੀ ਤੋਂ ਚੋਣ ਲੜੀ

ਇਸ ਚੋਣ ਵਿੱਚ ਇੰਦਰਾ ਗਾਂਧੀ ਆਪਣੀ ਪੁਰਾਣੀ ਸੀਟ ਰਾਏ ਬਰੇਲੀ ਅਤੇ ਨਾਲ ਹੀ ਆਂਧਰਾ ਪ੍ਰਦੇਸ਼ ਦੀ ਮੇਦਕ (ਹੁਣ ਤੇਲੰਗਾਨਾ) ਸੀਟ ਤੋਂ ਮੈਦਾਨ 'ਚ ਉਤਰੇ। ਉਨ੍ਹਾਂ ਨੇ ਦੋਵੇਂ ਹੀ ਸੀਟਾਂ ਜਿੱਤੀਆਂ।

1998 'ਚ ਕਾਂਗਰਸ ਦੀ ਪ੍ਰਧਾਨ ਬਣਨ ਤੋਂ ਬਾਅਦ ਸੋਨੀਆ ਗਾਂਧੀ ਨੇ ਕਰਨਾਟਕਾ ਦੇ ਬੇਲਾਰੀ ਤੋਂ ਚੋਣ ਲੜੀ।

ਉਨ੍ਹਾਂ ਚੋਣਾਂ ਵਿੱਚ ਉਹ ਨਾ ਸਿਰਫ਼ ਜਿੱਤੇ ਸੀ ਬਲਕਿ ਉਨ੍ਹਾਂ ਨੇ ਸਿਆਸਤ 'ਚ ਵਧੇਰੇ ਤਜਰਬੇਕਾਰ ਸੁਸ਼ਮਾ ਸਵਰਾਜ ਨੂੰ ਵੱਡੇ ਫ਼ਾਸਲੇ ਨਾਲ ਮਾਤ ਦਿੱਤੀ ਸੀ।

ਸੋਨੀਆ ਗਾਂਧੀ ਦੀ ਜੀਵਨੀ ਲਿਖਣ ਵਾਲੇ ਰਾਸ਼ਿਦ ਕਿਦਵਈ ਕਹਿੰਦੇ ਹਨ, "ਸੁਸ਼ਮਾ ਸਵਾਰਜ ਨੇ ਘਰ-ਘਰ ਜਾ-ਜਾ ਕੇ ਸੋਨੀਆ ਗਾਂਧੀ ਨੂੰ ਹਰਾਉਣ ਲਈ ਆਪਣੀ ਪੂਰੀ ਵਾਹ ਲਾਹ ਦਿੱਤੀ ਸੀ। ਪਰ ਦੱਖਣ ਭਾਰਤ ਵਿੱਚ ਕਾਂਗਰਸ ਦੀਆਂ ਜੜਾਂ ਬੇਹੱਦ ਮਜ਼ਬੂਤ ਰਹੀਆਂ।"

ਉਹ ਕਹਿੰਦੇ ਹਨ ਕਿ ਰਾਹੁਲ ਦਾ ਵਾਇਨਾਡ ਤੋਂ ਲੜਨਾ ਵੀ ਇਸੇ ਡੂੰਘੀਆਂ ਜੜਾ 'ਤੇ ਹੀ ਨਿਰਭਰ ਕਰਦਾ ਹੈ।

ਕਾਂਗਰਸ ਦਾ ਮਕਸਦ ਭਾਜਪਾ ਦੀ ਤਾਕਤ ਰੋਕਣਾ

ਸੋਨੀਆ ਨੇ ਬੇਲਾਰੀ ਚੋਣਾਂ ਜਿੱਤੀਆਂ ਅਤੇ ਇਤਿਹਾਸ 'ਚ ਕਾਂਗਰਸ ਦੀ ਕੌਮੀ ਪ੍ਰਧਾਨ ਵਜੋਂ ਲੰਬੇ ਸਮੇਂ ਤੱਕ ਕਾਬਿਜ ਰਹੀ।

ਕਿਦਵਈ ਦੱਸਦੇ ਹਨ, "ਜਿੱਤ ਨੇ ਕਾਂਗਰਸ ਅੰਦਰ ਸੋਨੀਆਂ ਦੇ ਅਕਸ ਨੂੰ ਮਜ਼ਬੂਤ ਕੀਤਾ ਅਤੇ ਕਾਂਗਰਸ ਨੂੰ ਲੈ ਕੇ ਵੋਟਰਾਂ ਵਿਚਾਲੇ ਫੈਲੇ ਭਰ ਨੂੰ ਦੂਰ ਕਰਨ ਵਿੱਚ ਮਦਦ ਵੀ ਕੀਤੀ।"

ਇਹ ਵੀ ਪੜ੍ਹੋ-

Image copyright REUTERS
ਫੋਟੋ ਕੈਪਸ਼ਨ ਭਾਜਪਾ ਕੋਲ ਵੀ ਦੱਖਣ ਲਈ ਮਜ਼ਬੂਤ ਰਣਨੀਤੀ ਹੈ

ਇਸ ਜਿੱਤ ਨੇ ਸਾਰੀਆਂ ਵਿਰੋਧੀ ਸੁਰਾਂ ਨੂੰ ਸ਼ਾਂਤ ਕੀਤਾ।

ਦੱਖਣ ਵਿੱਚ ਭਾਜਪਾ ਦਾ ਹਾਲ

ਦੱਖਣ ਵਿੱਚ ਭਾਜਪਾ ਦੀ ਹਾਲਾਤ ਮਾੜੀ ਹੈ, ਉਨ੍ਹਾਂ ਕੋਲ 130 ਸੀਟਾਂ 'ਚੋਂ 20 ਵੀ ਨਹੀਂ ਹਨ ਪਰ ਸਾਲ 2014 ਤੋਂ ਤੇਜ਼ੀ ਨਾਲ ਦੱਖਣ ਵਿੱਚ ਆਪਣੀ ਤਾਕਤ ਵਧਾਉਣ ਲਈ ਕੰਮ ਕਰ ਰਹੀ ਹੈ।

ਕਾਂਗਰਸ ਦੱਖਣ ਵਿੱਚ ਰਾਹੁਲ ਨੂੰ ਜਿਤਾ ਕੇ ਆਪਣਾ ਰੁਤਬਾ ਵਧਾਉਣ ਅਤੇ ਭਾਜਪਾ ਦੇ ਫੈਲਾਅ ਨੂੰ ਰੋਕਣ 'ਚ ਲੱਗੀ ਹੋਈ ਹੈ।

ਕੇਰਲ ਵਿੱਚ ਵਾਇਨਾਡ ਸੀਟ ਚੁਣਨ ਦੀ ਬਜਾਇ ਜੇ ਰਾਹੁਲ ਗਾਂਧੀ ਕਰਨਾਟਕ ਜਾਂ ਤਮਿਲ ਨਾਡੂ ਤੋਂ ਲੜਦੇ ਤਾਂ ਇੱਥੇ ਉਨ੍ਹਾਂ ਨੂੰ ਸਹਿਯੋਗੀ ਪਾਰਟੀਆਂ ਦੀ ਬਹੁਤ ਲੋੜ ਪੈਂਦੀ। ਕੇਰਲ ਵਿੱਚ ਕਾਂਗਰਸ ਦੀ ਸਹਿਯੋਗੀ ਪਾਰਟੀ ਇੰਡੀਅਨ ਯੂਨੀਅਨ ਮੁਸਲਿਮ ਲੀਗ ਸੂਬੇ ਤੋਂ ਬਾਹਰ ਬਹੁਤਾ ਰਸੂਖ਼ ਨਹੀਂ ਰਖਦੀ।

ਕਾਂਗਰਸ ਨੂੰ ਉਮੀਦ ਹੈ ਕਿ ਰਾਹੁਲ ਦੇ ਕੇਰਲ ਤੋਂ ਲੜਨ ਦਾ ਅਸਰ ਨਾਲ ਲਗਦੇ ਸੂਬਿਆਂ 'ਚ ਵੀ ਹੋਵੇਗਾ ਅਤੇ ਕਾਂਗਰਸ ਨੂੰ ਫਾਇਦਾ ਮਿਲੇਗਾ। ਕਾਂਗਰਸ ਦੀ ਨਜ਼ਰ ਖ਼ਾਸ ਤੌਰ 'ਤੇ ਤੇਲੰਗਾਨਾ 'ਤੇ ਹੈ।

ਰਾਸ਼ਿਦ ਕਿਦਵਈ ਅਤੇ ਮੁਖਰਜੀ ਜਾ ਮੰਨਣਾ ਹੈ ਕਿ ਇਹ ਕਦਮ ਕਾਂਗਰਸ ਨੂੰ ਨਾ ਸਿਰਫ਼ ਚੋਣਾਂ ਜਿੱਤਣ ਲਈ ਬਲਕਿ ਲੰਬੇ ਸਮੇਂ ਤੱਕ ਬਣੇ ਰਹਿਣ ਲਈ ਵੀ ਮਦਦ ਕਰੇਗਾ।

ਭਾਜਪਾ ਕੋਲ ਦੱਖਣ ਲਈ ਮਜ਼ਬੂਤ ਰਣਨੀਤੀ ਹੈ ਪਰ ਉਹ ਕਰਨਾਟਕਾ ਤੋਂ ਬਾਹਰ ਫਿਰ ਵੀ ਮਹੱਤਵਪੂਰਨ ਸੀਟਾਂ ਨਹੀਂ ਜਿੱਤ ਸਕਦੇ।

ਕਾਂਗਰਸ ਦਾ ਮੁੱਖ ਮਕਸਦ ਦੱਖਣ ਵਿੱਚ ਭਾਜਪਾ ਦੇ ਵਿਸਥਾਰ ਦੀ ਰਫ਼ਤਾਰ ਨੂੰ ਰੋਕਣਾ ਹੈ।

ਮੁਖਰਜੀ ਦਾ ਕਹਿਣਾ ਹੈ, "ਉੱਤਰ ਦੇ ਆਗੂਆਂ ਨੂੰ ਦੱਖਣ ਦੇ ਵੋਟਰਾਂ ਨਾਲ ਜ਼ਮੀਨੀ ਪੱਧਰ 'ਤੇ ਰਾਬਤਾ ਕਾਇਮ ਕਰਨ ਦੀ ਲੋੜ ਹੈ ਅਤੇ ਉੱਥੇ ਚੋਣਾਂ ਲੜਨਾ ਇਸ ਤਰ੍ਹਾਂ ਦੇ ਸੰਦੇਸ਼ ਨੂੰ ਭੇਜਣ ਦਾ ਸਭ ਤੋਂ ਵਧੀਆ ਤਰੀਕਾ ਹੈ।"

ਕਾਂਗਰਸ ਮੁਖੀ ਦਾ ਦੱਖਣ ਦੀ ਇੱਕ ਸੁਰੱਖਿਅਤ ਸੀਟ ਤੋਂ ਚੋਣ ਲੜਨਾ ਵੀ ਨਰਿੰਦਰ ਮੋਦੀ ਨੂੰ ਚੁਣੌਤੀ ਹੈ, ਉੱਥੇ ਹੀ ਭਾਜਪਾ ਮੁਖੀ ਅਮਿਤ ਸ਼ਾਹ ਨੂੰ ਉੱਤਰ 'ਚ ਜਿੱਤਣ 'ਤੇ ਵਿਸ਼ਵਾਸ ਹੈ।

ਜਿੱਥੇ ਭਾਜਪਾ ਨੇ ਇਸ ਫ਼ੈਸਲੇ ਨੂੰ ਅਮੇਠੀ ਦੇ ਲੋਕਾਂ ਨਾਲ ਰਾਹੁਲ ਦਾ ਵਿਸ਼ਵਾਸ਼ਘਾਤ ਦੱਸ ਕੇ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਹੈ, ਉੱਥੇ ਹੀ ਕਾਂਗਰਸ ਦਾ ਪਲੜਾ ਭਾਰੀ ਹੀ ਨਜ਼ਰ ਆ ਰਿਹਾ ਹੈ।

Image copyright Getty Images

ਹਾਲਾਂਕਿ 2014 'ਚ ਮੋਦੀ ਲਹਿਰ ਹੁੰਦਿਆਂ ਹੋਇਆ ਵੀ ਰਾਹੁਲ ਗਾਂਧੀ ਨੇ ਭਾਜਪਾ ਮੰਤਰੀ ਸਮ੍ਰਿਤੀ ਇਰਾਨੀ ਨੂੰ ਆਰਾਮ ਨਾਲ ਹਰਾਇਆ ਸੀ।

ਦੱਖਣ ਤੋਂ ਚੋਣ ਲੜਨ ਦੇ ਫ਼ੈਸਲੇ ਪਿੱਛੇ ਦੋ ਕਾਰਨ ਹਨ, ਇੱਕ ਤਾਂ ਕਾਂਗਰਸ ਭਾਜਪਾ ਦੀ ਵਧਦੀ ਤਾਕਤ ਨੂੰ ਰੋਕਣਾ ਚਾਹੁੰਦੀ ਹੈ ਅਤੇ ਦੂਜਾ ਇਹ ਕਿ ਖੇਤਰੀ ਪਾਰਟੀਆਂ ਵੀ ਕਾਂਗਰਸ ਨੂੰ ਹਾਸ਼ੀਏ 'ਤੇ ਧੱਕਦੀਆਂ ਨਜ਼ਰ ਆ ਰਹੀਆਂ ਹਨ।

ਕਾਂਗਰਸ ਉਂਝ ਤਾਂ ਭਾਜਪਾ ਨੂੰ ਸੱਤਾ ਤੋਂ ਹਟਾਉਣ ਲਈ ਵਿਰੋਧੀ ਪਾਰਟੀਆਂ ਨੂੰ ਇਕਜੁੱਟ ਕਰਨ ਵਿੱਚ ਲੱਗੀ ਹੋਈ ਹੈ ਪਰ ਉਸ ਦੀ ਆਪਣੀ ਹੋਂਦ ਅਤੇ ਭਵਿੱਖ ਇਸੇ ਗੱਲ 'ਤੇ ਨਿਰਭਰ ਕਰਦਾ ਹੈ ਕਿ ਉਹ ਹੋਰਨਾਂ ਵਿਰੋਧੀ ਪਾਰਟੀਆਂ ਕੋਲੋਂ ਕਿੰਨੀ ਜ਼ਮੀਨ ਵਾਪਿਸ ਲੈ ਸਕਦੀ ਹੈ।

ਇਹ ਵੀ ਪੜ੍ਹੋ-

ਇਹ ਵੀਡੀਓ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।