ਹੰਸ ਰਾਜ ਹੰਸ ਦੀ ਨਵੀਂ ਉਡਾਰੀ, ਭਾਜਪਾ ਨੇ ਦਿੱਲੀ ਤੋਂ ਦਿੱਤੀ ਟਿਕਟ

  • ਆਰਿਸ਼ ਛਾਬੜਾ
  • ਬੀਬੀਸੀ ਪੱਤਰਕਾਰ
ਹੰਸ ਰਾਜ ਹੰਸ

ਤਸਵੀਰ ਸਰੋਤ, Getty Images

ਜਾਣੇ-ਪਛਾਣੇ ਸੂਫ਼ੀ ਗਾਇਕ ਤੇ ਲੰਮੇ ਸਮੇਂ ਤੋਂ ਸਿਆਸਤ ਵਿੱਚ ਆਪਣੀ ਗਾਇਕੀ ਦੇ ਬਰਾਬਰ ਮੁਕਾਮ ਭਾਲਦੇ ਹੰਸ ਰਾਜ ਹੰਸ ਨੇ ਮੁੜ ਨਵਾਂ ਸੁਰ ਛੇੜਿਆ ਹੈ।

ਕਾਂਗਰਸ ਵਲੋਂ ਰਾਜ ਸਭਾ ਨਾ ਭੇਜੇ ਜਾਣ ਕਾਰਨ ਨਰਾਜ਼ ਹੋ ਕੇ ਦਸੰਬਰ 2016 ਵਿਚ ਭਾਜਪਾ ਵਿਚ ਸ਼ਾਮਲ ਹੋਏ ਹੰਸ ਰਾਜ ਹੰਸ ਹੁਣ ਦਿੱਲੀ ਤੋਂ ਚੋਣ ਮੈਦਾਨ ਵਿਚ ਉਤਾਰੇ ਗਏ ਹਨ।

ਭਾਜਪਾ ਨੇ ਉਨ੍ਹਾਂ ਨੂੰ ਦਿੱਲੀ ਦੇ ਉੱਤਰ-ਪੱਛਮੀ ਲੋਕ ਸਭਾ ਹਲਕੇ ਤੋਂ ਉਮੀਦਵਾਰ ਬਣਾਇਆ ਹੈ।

ਇੱਥੋਂ ਮੌਜੂਦਾ ਸੰਸਦ ਮੈਂਬਰ, ਭਾਜਪਾ ਦੇ ਹੀ ਉਦਿਤ ਰਾਜ, ਨਾਰਾਜ਼ ਹਨ। ਪਰ ਹੰਸ ਲਈ ਇਸ ਐੱਸ.ਸੀ-ਰਿਜ਼ਰਵਡ ਸੀਟ ਤੋਂ ਚੋਣ ਮੈਦਾਨ 'ਚ ਆਉਣਾ ਇੱਕ ਨਵੀਂ ਸ਼ੁਰੂਆਤ ਹੈ।

ਇਹ ਵੀ ਪੜ੍ਹੋ:

ਅਕਾਲੀ ਦਲ ਤੋਂ ਸ਼ੁਰੂ ਕੀਤਾ ਸੀ ਸਿਆਸੀ ਸਫ਼ਰ

ਆਪਣੇ ਆਪ ਨੂੰ ਦਲਿਤਾਂ ਦੇ ਲੀਡਰ ਵਜੋਂ ਪੇਸ਼ ਕਰਨ ਵਾਲੇ ਹੰਸ ਨੇ ਇਹ ਉਡਾਰੀ ਕਾਂਗਰਸ ਤੋਂ ਮਾਰੀ ਹੈ, ਜਿੱਥੇ ਉਹ 2016 ਵਿੱਚ ਪਹੁੰਚੇ ਸਨ। ਉਸ ਤੋਂ ਪਹਿਲਾਂ ਉਨ੍ਹਾਂ ਦਾ ਸਿਆਸੀ ਆਲ੍ਹਣਾ ਸ਼੍ਰੋਮਣੀ ਅਕਾਲੀ ਦਲ ਵਿੱਚ ਸੀ।

ਹੰਸ ਲਈ ਸਿਆਸਤ ਦੀ ਸ਼ੁਰੂਆਤ 2002 ਵਿੱਚ ਮੰਨੀ ਜਾਂਦੀ ਹੈ,ਜਦੋਂ ਉਨ੍ਹਾਂ ਨੇ ਅਕਾਲੀ ਦਲ ਲਈ ਖੁੱਲ੍ਹ ਕੇ ਪ੍ਰਚਾਰ ਕੀਤਾ ਸੀ। ਇਸ ਤੋਂ ਇੱਕ ਸਾਲ ਪਹਿਲਾਂ ਹੀ ਪ੍ਰਕਾਸ਼ ਸਿੰਘ ਬਾਦਲ ਦੀ ਅਕਾਲੀ-ਭਾਜਪਾ ਸਰਕਾਰ ਨੇ ਉਨ੍ਹਾਂ ਨੂੰ 'ਰਾਜ ਗਾਇਕ' ਆਖ ਕੇ ਨਵਾਜ਼ਿਆ ਸੀ।

ਹੰਸ ਰਾਜ ਹੰਸ

ਤਸਵੀਰ ਸਰੋਤ, FB/Hnas Raj Hans

ਤਸਵੀਰ ਕੈਪਸ਼ਨ,

ਭਾਜਪਾ ਨੇ ਕੌਮੀ ਸਫ਼ਾਈ ਕਮਿਸ਼ਨ ਦਾ ਉੱਪ ਚੇਅਰਮੈਨ ਬਣਾਇਆ

ਬਾਅਦ ਵਿੱਚ ਹੰਸ ਨੂੰ ਕਾਂਗਰਸ ਆਗੂ ਅਤੇ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਕਰੀਬੀ ਵੀ ਮੰਨਿਆ ਗਿਆ ਅਤੇ ਉਹ ਵੀ ਹੰਸ ਨੂੰ 'ਰਾਜ ਗਾਇਕ' ਆਖਦੇ ਰਹੇ।

ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਮੁਤਾਬਕ ਉਹ ਗਾਇਕੀ ਦੌਰਾਨ ਵੀ ਇੱਕ ਵਾਰ ਮੁਸੀਬਤ ਵਿੱਚ ਫਸ ਗਏ ਸਨ, ਜਦੋਂ 1992 ਦੇ ਉਨ੍ਹਾਂ ਦੇ ਇੱਕ ਗੀਤ ਨੂੰ ਖਾੜਕੂਆਂ ਦੀ ਵਡਿਆਈ ਵਜੋਂ ਵੇਖਿਆ ਗਿਆ। ਹੰਸ ਦਾ ਤਰਕ ਸੀ ਕਿ ਉਹ ਤਾਂ ਮੁਗਲਾਂ ਦੁਆਰਾ ਸਿੱਖਾਂ ਉੱਤੇ ਕੀਤੇ ਤਸ਼ੱਦਦ ਦੀ ਗੱਲ ਕਰ ਰਹੇ ਹਨ। ਇਹ ਪੂਰੀ ਐਲਬਮ ਹੀ ਬਹੁਤ ਮਸ਼ਹੂਰ ਹੋਈ।

ਜਲੰਧਰ ਤੋਂ ਹਾਰ ਗਏ ਸਨ ਚੋਣ

ਚੋਣਾਂ ਵਿਚ ਉਨ੍ਹਾਂ ਨੇ ਪਹਿਲੀ ਵਾਰ ਲੋਕ ਸਭਾ ਲਈ ਜਲੰਧਰ ਤੋਂ ਲੜੀ, ਅਕਾਲੀ ਦਲ ਦੀ ਟਿਕਟ ਉੱਤੇ।

ਹਾਰਨ ਦੇ ਪੰਜ ਸਾਲਾਂ ਬਾਅਦ 2014 ਵਿੱਚ ਉਨ੍ਹਾਂ ਨੇ ਮੁੜ ਟਿਕਟ ਲਈ ਦਾਅਵੇਦਾਰੀ ਪੇਸ਼ ਕੀਤੀ ਪਰ ਪਾਰਟੀ ਨੇ ਪਵਨ ਕੁਮਾਰ ਟੀਨੂ ਨੂੰ ਉਮੀਦਵਾਰ ਬਣਾਇਆ।

ਭਾਵੇਂ ਹੰਸ ਨੇ ਉਦੋਂ ਜਲੰਧਰ ਵਿੱਚ ਪ੍ਰਚਾਰ ਕਰਨ ਤੋਂ ਨਾਂਹ ਕਰ ਦਿੱਤੀ ਪਰ ਬਾਦਲ ਦੀ ਨਹੁੰ, ਹਰਸਿਮਰਤ ਕੌਰ ਬਾਦਲ ਲਈ ਬਠਿੰਡਾ 'ਚ ਘਰ-ਘਰ ਜਾ ਕੇ "ਕੀ ਕਰਨ ਮੈਂ ਸਿਫਤਾਂ, ਬੀਬਾ ਜੀ ਦੀਆਂ!" ਗਾਉਂਦੇ ਰਹੇ।

ਫਿਰ 2014 ਮੁੱਕਦਿਆਂ ਤੱਕ ਉਨ੍ਹਾਂ ਨੇ ਸਿਆਸਤ ਨੂੰ "ਗੰਦੀ ਖੇਡ" ਦੱਸ ਕੇ ਅਕਾਲੀ ਦਲ ਵੀ ਛੱਡ ਦਿੱਤਾ।

ਸਾਲ 2016 ਵਿਚ ਕਾਂਗਰਸ 'ਚ ਸ਼ਾਮਲ ਹੋਏ

ਸਾਲ 2016 ਦੀ ਸ਼ੁਰੂਆਤ ਵਿੱਚ ਉਹ ਕਾਂਗਰਸ ਵਿੱਚ ਸ਼ਾਮਲ ਹੋਏ ਪਰ ਬਾਅਦ ਵਿੱਚ ਕਥਿਤ ਤੌਰ 'ਤੇ ਰਾਜ ਸਭਾ ਜਾਂ ਵਿਧਾਨ ਸਭਾ ਚੋਣਾਂ ਵੇਲੇ ਕੋਈ ਤਰਜੀਹ ਨਾ ਮਿਲਣ ਕਰਕੇ ਉਹ ਇੱਥੋਂ ਵੀ ਨਾਰਾਜ਼ ਹੋ ਗਏ।

ਹੰਸ ਰਾਜ ਹੰਸ

ਤਸਵੀਰ ਸਰੋਤ, FB/ hans Raj Hans

ਤਸਵੀਰ ਕੈਪਸ਼ਨ,

ਰਾਸ਼ਟਰਪਤੀ ਰਾਮ ਨਾਥ ਕੋਬਿੰਦ ਨਾਲ ਹੰਸ ਰਾਜ ਹੰਸ ( ਖੱਬਿਓ ਦੂਜੇ)

ਹੁਣ ਉਨ੍ਹਾਂ ਨੇ ਨਾ ਸਿਰਫ ਭਾਜਪਾ ਦਾ ਲੜ ਫੜ੍ਹਿਆ ਹੈ ਸਗੋਂ ਉਨ੍ਹਾਂ ਦਾ ਚੋਣ ਲੜਨ ਦਾ ਚਾਅ ਵੀ ਪੂਰਾ ਹੋ ਗਿਆ ਹੈ, ਭਾਵੇਂ ਪੰਜਾਬ ਛੱਡ ਕੇ ਦਿੱਲੀ ਤੋਂ ਹੀ ਸਹੀ।

ਉਂਝ ਉਨ੍ਹਾਂ ਨੂੰ ਗਾਇਕੀ ਵਿੱਚ ਵੀ ਆਪਣੀ ਵਿਭਿੰਨਤਾ ਕਰਕੇ ਜਾਣਿਆ ਜਾਂਦਾ ਹੈ।

ਜਦੋਂ ਉਨ੍ਹਾਂ ਨੇ 2014 ਦੇ ਅੰਤ 'ਚ ਅਕਾਲੀ ਦਲ ਛੱਡਿਆ ਸੀ ਤਾਂ ਉਦੋਂ ਵੀ ਰਿਪੋਰਟਾਂ ਸਨ ਕਿ ਉਹ ਭਾਜਪਾ 'ਚ ਜਾਣ ਲਈ ਗੱਲਬਾਤ ਕਰ ਰਹੇ ਹਨ ਪਰ ਇਸ ਵਿੱਚੋਂ ਕੁਝ ਨਿਕਲਿਆ ਨਹੀਂ। ਬਾਅਦ ਵਿੱਚ ਆਮ ਆਦਮੀ ਪਾਰਟੀ ਨਾਲ ਜੁੜਨ ਦੀਆਂ ਖਬਰਾਂ ਦਾ ਵੀ ਇਹੀ ਹਸ਼ਰ ਹੋਇਆ।

ਸੂਫ਼ੀ ਡੇਰੇ ਦੇ ਗੱਦੀ ਨਸ਼ੀਨ

ਉਨ੍ਹਾਂ ਦਾ ਰੂਹਾਨੀ ਰੁਝਾਨ ਵੀ ਰਿਹਾ ਹੈ ਅਤੇ ਉਹ ਡੇਰਾ ਰਾਧਾ ਸੁਆਮੀ 'ਚ ਸੰਗੀਤ ਸਿਖਲਾਈ ਵੀ ਕਰਦੇ ਰਹੇ ਹਨ।

ਇਸ ਤੋਂ ਇਲਾਵਾ ਉਹ ਨਕੋਦਰ ਵਿੱਚ ਸੂਫ਼ੀ ਸੰਤ ਲਾਲ ਬਾਦਸ਼ਾਹ ਦੇ ਡੇਰੇ ਨਾਲ ਵੀ ਜੁੜੇ ਰਹੇ ਅਤੇ ਉਸ ਦੇ ਗੱਦੀ ਨਸ਼ੀਨ ਹਨ।

ਪਾਕਿਸਤਾਨ ਦੇ ਦੌਰੇ ਦੌਰਾਨ ਅਮਨ ਤੇ ਦੋਸਤੀ ਦੀ ਗੱਲ ਕਰਨ ਕਰਕੇ ਹੰਸ ਰਾਜ ਹੰਸ ਹਿੰਦੂਤਵੀ ਸੰਗਠਨਾਂ ਦੇ ਨਿਸ਼ਾਨੇ ਉੱਤੇ ਰਹੇ ਹਨ।

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)