ਹਰਸਿਮਰਤ ਬਾਦਲ: ਅਕਾਲ ਤਖ਼ਤ ਨੂੰ ਕਿਹੜਾ ਇਨਸਾਨ ਕਮਜ਼ੋਰ ਕਰ ਸਕਦਾ ਹੈ?

  • ਖੁਸ਼ਬੂ ਸੰਧੂ
  • ਬੀਬੀਸੀ ਪੱਤਰਕਾਰ
ਹਰਸਿਮਰਤ ਬਾਦਲ

ਤਸਵੀਰ ਸਰੋਤ, GETTYIMAGES

ਤਸਵੀਰ ਕੈਪਸ਼ਨ,

ਹਰਸਿਮਰਤ ਬਾਦਲ ਬਠਿੰਡਾ ਤੋਂ ਹੋਣਗੇ ਅਕਾਲੀ ਦਲ ਦੇ ਉਮੀਦਵਾਰ

ਲੋਕ ਸਭਾ ਚੋਣਾਂ 2019 ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਬਠਿੰਡਾ ਹਲਕੇ ਤੋਂ ਦੋ ਵਾਰ ਸੰਸਦ ਮੈਂਬਰ ਰਹਿ ਚੁੱਕੀ ਹਰਸਿਮਰਤ ਕੌਰ ਬਾਦਲ ਨੂੰ ਹੀ ਮੁੜ ਬਠਿੰਡਾ ਤੋਂ ਆਪਣਾ ਉਮੀਦਵਾਰ ਐਲਾਨਿਆ ਹੈ।

ਹਰਸਿਮਰਤ ਬਾਦਲ ਭਾਜਪਾ ਸਰਕਾਰ 'ਚ ਕੇਂਦਰੀ ਮੰਤਰੀ ਹਨ।

ਬੀਬੀਸੀ ਪੰਜਾਬੀ ਨਾਲ ਖਾਸ ਗੱਲਬਾਤ ਕਰਦਿਆਂ ਉਨ੍ਹਾਂ ਨੇ ਬੇਅਦਬੀ ਦੇ ਮਾਮਲਿਆਂ ਨੂੰ ਲੈ ਕੇ ਅਕਾਲੀ ਦਲ 'ਤੇ ਲੱਗੇ ਇਲਜ਼ਾਮਾਂ ਬਾਰੇ, ਡੇਰੇ ਤੋਂ ਵੋਟਾਂ ਮੰਗਣ ਬਾਰੇ, ਕਰਤਾਰਪੁਰ ਲਾਂਘੇ ਦੀ ਉਸਾਰੀ 'ਤੇ ਹੁੰਦੀ ਸਿਆਸਤ ਅਤੇ ਹੋਰ ਮੁੱਦਿਆਂ ਬਾਰੇ ਗੱਲਬਾਤ ਕੀਤੀ।

ਸਵਾਲ: ਬੇਅਦਬੀ ਦੇ ਮਾਮਲਿਆਂ ਨੂੰ ਲੈ ਕੇ ਅਕਾਲੀ ਦਲ 'ਤੇ ਇਲਜ਼ਾਮ ਲੱਗ ਰਹੇ ਹਨ। ਇਨ੍ਹਾਂ ਬਾਰੇ ਕੀ ਕਹੋਗੇ?

ਜਵਾਬ:ਜਿਹੜੇ ਗੁਰੂ ਸਾਹਿਬ ਉੱਤੇ ਹਮਲੇ ਹੋਏ, ਉਸ ਦਾ ਸਭ ਤੋਂ ਜ਼ਿਆਦਾ ਫਾਇਦਾ ਕਿਸ ਨੂੰ ਹੋਇਆ ਤੇ ਨੁਕਸਾਨ ਕਿਸ ਦਾ ਹੋਇਆ?

ਨੁਕਸਾਨ ਤਾਂ ਸਾਡਾ ਹੋਇਆ ਅਤੇ ਫਾਇਦਾ ਉਨ੍ਹਾਂ ਦਾ ਹੋਇਆ ਜਿਨ੍ਹਾਂ ਦੀਆਂ ਸਰਕਾਰਾਂ ਬਣ ਗਈਆਂ।

ਇਹ ਵੀ ਪੜ੍ਹੋ-

ਜਦੋਂ ਕਾਂਗਰਸ ਦੀ ਸਰਕਾਰ ਬਣੀ ਕਿੰਨੀ ਵਾਰ ਗੁਰੂ ਸਾਹਿਬ ਦੀ ਬੇਅਦਬੀ ਹੋਈ ਲੇਕਿਨ ਕਿਸੇ ਨੇ ਚੂੰ ਤੱਕ ਨਹੀਂ ਕੀਤੀ। ਅੱਜ ਵੀ ਕਾਂਗਰਸ ਆਪਣੀਆਂ ਅਸਫਲਤਾਵਾਂ ਤੋਂ ਧਿਆਨ ਹਟਾਉਣ ਲਈ ਅਕਾਲੀ ਦਲ ਨੂੰ ਹੀ ਭੰਡੀ ਜਾ ਰਹੀ ਹੈ।

ਪਹਿਲਾਂ ਗਰਮ ਖਿਆਲੀਆਂ ਨੂੰ ਸਰਕਾਰੀ ਧਰਨੇ ਵਿੱਚ ਬਿਠਾ ਦਿਉ। ਕਾਂਗਰਸ ਦੀ ਸਾਜ਼ਿਸ਼ ਦੇ ਨਾਲ ਉਨ੍ਹਾਂ ਨੂੰ ਸਾਰੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ ਤਾਂ ਜੋ ਉਹ ਸਵੇਰ ਤੋਂ ਸ਼ਾਮ ਤੱਕ ਅਕਾਲੀਆਂ ਨੂੰ ਭੰਡਦੇ ਰਹਿਣ।

ਜਦੋਂ ਦੇਖਿਆ ਕਿ ਮਾਹੌਲ ਖਰਾਬ ਹੋ ਰਿਹਾ ਹੈ ਤੇ ਇੰਝ ਲੱਗ ਰਿਹਾ ਹੈ ਅੱਤਵਾਦ ਦੇ ਦਿਨ ਵਾਪਿਸ ਆ ਰਹੇ ਹਨ ਤੇ ਫਿਰ ਚੁਟਕੀ ਮਾਰੀ ਅਤੇ ਉਨ੍ਹਾਂ ਨੂੰ ਉਠਾ ਦਿੱਤਾ।

ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਤੇ 9 ਘੰਟੇ ਅਸੈਂਬਲੀ ਵਿੱਚ ਬਹਿਸ ਚੱਲੀ ਤੇ ਅਕਾਲੀਆਂ ਨੂੰ ਭੰਡਿਆ ਗਿਆ। ਜੇ ਉਸ ਵਿੱਚ ਕੁਝ ਵੀ ਹੁੰਦਾ ਤਾਂ ਅਕਾਲੀਆਂ ਨੂੰ ਜੇਲ੍ਹ ਵਿੱਚ ਬੰਦ ਕਰਨਾ ਸੀ।

ਜਦੋਂ ਦੋ ਸਾਲ ਬਾਅਦ ਕੁਝ ਨਹੀਂ ਮਿਲਿਆ ਤਾਂ ਤੀਜੀ ਕਮਿਸ਼ਨ ਆਪਣੇ ਪੁਲਿਸ ਅਫਸਰ ਦੀ ਬਿਠਾਈ।

ਸਵਾਲ: ਕੀ ਅਕਾਲੀ ਦਲ ਅਤੇ ਅਕਾਲ ਤਖ਼ਤ ਕਮਜ਼ੋਰ ਹੋ ਗਏ ਹਨ?

ਜਵਾਬ: ਅਕਾਲ ਤਖ਼ਤ ਗੁਰੂ ਸਾਹਿਬ ਦਾ ਰਚਿਆ ਸਿਰਮੌਰ ਤਖ਼ਤ ਹੈ। ਕਿਹੜਾ ਇਨਸਾਨ ਹੈ ਜੋ ਇਸ ਨੂੰ ਕਮਜ਼ੋਰ ਕਰ ਸਕਦਾ ਹੈ?

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਹਰਸਿਮਰਤ ਕੌਰ ਬਾਦਲ ਨੇ ਲਗਾਤਾਰ ਦੋ ਵਾਰ ਬਠਿੰਡਾ ਲੋਕ ਸਭਾ ਹਲਕੇ ਦੀ ਕੁਰਸੀ ਆਪਣੇ ਨਾਮ ਕੀਤੀ ਹੈ

ਭੰਡੀ ਪ੍ਰਚਾਰ ਕਰਨ ਵਾਲੇ ਉਹ ਨੇ ਜਿਨ੍ਹਾ ਨੇ ਟੈਂਕਾ-ਤੋਪਾਂ ਨਾਲ ਹਮਲੇ ਕਰਵਾ ਕੇ ਨਾਮੋ ਨਿਸ਼ਾਨ ਮਿਟਾਉਣ ਦੀ ਕੋਸ਼ਿਸ਼ ਕੀਤੀ।

ਉਹ ਸਵਾਲ ਚੁੱਕ ਰਹੇ ਨੇ ਜਿਨ੍ਹਾਂ ਨੇ ਅਕਾਲ ਤਖ਼ਤ ਸਾਹਿਬ ਨੂੰ ਢਹਿ-ਢੇਰੀ ਕਰ ਕੇ ਸਿੱਖ ਕੌਮ ਨੂੰ ਖ਼ਤਮ ਕਰਨ ਲਈ ਕੋਈ ਕਸਰ ਨਹੀਂ ਛੱਡੀ।

ਸਵਾਲ: ਤੁਸੀਂ ਪਾਕਿਸਤਾਨ ਜਾਣ ਤੇ ਨਵਜੋਤ ਸਿੱਧੂ ਨੂੰ ਗੱਦਾਰ ਕਿਹਾ, ਫਿਰ ਤੁਸੀਂ ਆਪ ਕਰਤਾਰਪੁਰ ਲਾਂਘੇ ਦਾ ਨੀਂਹ ਪੱਥਰ ਰਖਣ ਵੇਲੇ ਉੱਥੇ ਗਏ। ਇਸ ਵਿੱਚ ਤੁਹਾਨੂੰ ਵਿਰੋਧਾਬਾਸ ਨਹੀਂ ਲਗਦਾ?

ਜਵਾਬ: ਮੈਂ ਉਸ ਪ੍ਰਧਾਨ ਮੰਤਰੀ ਅਤੇ ਆਰਮੀ ਜਰਨਲ ਨਾਲ ਦੋਸਤੀ ਨਿਭਾਉਣ ਨਹੀਂ ਗਈ ਸੀ ਜਿਹੜੇ ਸਾਡੇ ਜਵਾਨਾਂ ਨੂੰ ਸ਼ਹੀਦ ਕਰ ਰਿਹਾ ਹੈ। ਉਸ ਲਈ ਤਾਂ ਕਾਂਗਰਸ ਦਾ ਉਹ ਮੰਤਰੀ ਗਿਆ ਸੀ।

ਕੌਰੀਡੋਰ ਜੋ ਮੋਦੀ ਸਾਹਿਬ ਬਣਾ ਰਹੇ ਹਨ ਇੱਥੋ ਲੈ ਕੇ ਪਾਕਿਸਤਾਨ ਤੱਕ ਕੀ ਉਹ ਵੀ ਪਾਕਿਸਤਾਨ ਦੀ ਦੇਣ ਹੈ ਜਾਂ ਕਾਂਗਰਸ ਦੇ ਉਸ ਮੰਤਰੀ ਦੀ ਦੇਣ ਹੈ?

ਇਹ ਕਾਂਗਰਸ ਦੀ ਦੇਣ ਹੈ ਕਿ ਗੁਰੂ ਨਾਨਕ ਨਾਲ ਜੁੜੇ ਜਿੰਨੇ ਵੀ ਅਸਥਾਨ ਹਨ ਭਾਵੇਂ ਨਨਕਾਨਾ ਸਾਹਿਬ ਹੋਵੇ, ਭਾਵੇਂ ਕਰਤਾਰਪੁਰ ਸਾਹਿਬ ਉਹ ਬਾਰਡਰ ਦੇ ਉਸ ਪਾਸੇ ਹਨ।

ਸਾਡੀ ਮੰਗ ਪ੍ਰਧਾਨ ਮੰਤਰੀ ਮੋਦੀ ਨੇ ਮੰਨੀ। ਉਹ ਹਮੇਸ਼ਾ ਮੈਨੂੰ ਵਿਸ਼ਵਾਸ ਦਿਵਾਉਂਦੇ ਹਨ ਕਿ ਮੇਰੀ ਜ਼ੁਬਾਨ ਤੁਹਾਡੀ ਕੌਮ ਦੇ ਨਾਲ ਹੈ ਅਤੇ ਮੈਂ ਲਾਂਘਾ ਬਣਾ ਕੇ ਦੇਵਾਂਗਾ।

ਇਹ ਵੀ ਪੜ੍ਹੋ-

ਤਸਵੀਰ ਕੈਪਸ਼ਨ,

ਹਰਸਮਿਰਤ ਬਾਦਲ ਨੇ ਕਿਹਾ ਲੋਕਾਂ ਨੇ ਹਮੇਸ਼ਾ ਸਾਡਾ ਸਾਥ ਦਿੱਤਾ ਹੈ ਕਿਉਂਕਿ ਅਸੀਂ ਜੋ ਵੀ ਵਾਅਦੇ ਕੀਤੇ ਹਨ ਉਨ੍ਹਾਂ ਨੂੰ ਪੂਰਾ ਕੀਤਾ ਹੈ

34 ਸਾਲ ਤੋਂ ਅਸੀਂ ਇਨਸਾਫ ਮੰਗਦੇ ਰਹੇ ਕਤਲਿਆਮ ਦੇ ਖਿਲਾਫ। ਅੱਜ ਵੱਡੇ-ਵੱਡੇ ਮਗਰਮੱਛ ਜੇਲ੍ਹ ਵਿੱਚ ਧੱਕੇ ਗਏ ਨੇ ਕਿਉਂਕਿ ਸਾਡੀ ਸਰਕਾਰ ਨੇ ਐਸਆਈਟੀ ਬਣਾਈ ਜੋ ਉਨ੍ਹਾਂ ਨੂੰ ਸਜ਼ਾ ਦਿਲਵਾ ਰਹੀ ਹੈ।

ਸਵਾਲ: ਕਿਹਾ ਜਾਂਦਾ ਹੈ ਡੇਰੇ ਨੇ ਪਿਛਲੀਆਂ ਚੋਣਾਂ ਵਿੱਚ ਤੁਹਾਡਾ ਸਾਥ ਦਿੱਤਾ। ਇਸ ਵਾਰੀ ਤੁਸੀਂ ਡੇਰੇ ਦੇ ਸਮਰਥਕਾਂ ਕੋਲ ਕਿਵੇਂ ਜਾਓਗੇ?

ਜਵਾਬ: ਮੈਨੂੰ ਨਹੀਂ ਪਤਾ ਕਿਸ ਨੇ ਕਿਸ ਨੂੰ ਸਪੋਰਟ ਕੀਤੀ ਕਿਉਂਕਿ ਨਾ ਤਾਂ ਮੈਂ ਜ਼ਿੰਦਗੀ ਵਿੱਚ ਕਦੇ ਉੱਥੇ ਗਈ ਹਾਂ ਅਤੇ ਨਾ ਹੀ ਕਿਸੇ ਵੋਟਰ ਤੋਂ ਵੋਟ ਮੰਗੀ ਹੈ ਕਿ ਉਹ ਕਿੱਥੇ ਜਾਂਦੇ ਨੇ ਅਤੇ ਕਿਹੜੇ ਧਰਮ ਤੋਂ ਹਨ।

ਆਪਣੇ ਇਲਾਕੇ ਵਿੱਚ ਜਦੋਂ ਵੀ ਮੈਂ ਕਿਸੇ ਪਿੰਡ ਜਾਂ ਸੰਸਥਾ ਵਿੱਚ ਗਈ ਹਾਂ ਤੇ ਆਪਣੇ ਕੀਤੀ ਕੰਮਾਂ ਕਰਕੇ।

ਲੋਕਾਂ ਨੇ ਹਮੇਸ਼ਾ ਸਾਡਾ ਸਾਥ ਦਿੱਤਾ ਹੈ ਕਿਉਂਕਿ ਅਸੀਂ ਜੋ ਵੀ ਵਾਅਦੇ ਕੀਤੇ ਹਨ ਉਨ੍ਹਾਂ ਨੂੰ ਪੂਰਾ ਕੀਤਾ ਹੈ।

ਸਵਾਲ: ਕੁਝ ਸੀਨੀਅਰ ਅਕਾਲੀ ਆਗੂ ਪਾਰਟੀ ਛੱਡ ਗਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਡੇਰਾ ਸੱਚਾ ਸੌਦਾ ਮੁੱਖੀ ਨੂੰ ਮੁਆਫੀ ਦੇ ਖਿਲਾਫ ਸਨ। ਉਨ੍ਹਾਂ ਬਾਰੇ ਕੀ ਕਹੋਗੇ?

ਜਵਾਬ: ਜਦੋਂ ਸਾਰਾ ਕੁਝ ਹੋ ਰਿਹਾ ਸੀ ਉਹ ਪਾਰਟੀ ਵਿੱਚ ਸੀ। ਇਹ ਸਭ ਹੋਣ ਦੇ ਬਾਵਜੂਦ ਪਾਰਟੀ ਤੋਂ ਟਿਕਟਾਂ ਮੰਗੀਆਂ।

ਬਾਦਲ ਪਰਿਵਾਰ ਨੂੰ ਬੁਲਾ ਕੇ ਚੋਣ ਪ੍ਰਚਾਰ ਕਰਵਾਇਆ। ਹੁਣ ਜਦੋਂ ਪਾਰਟੀ ਹਾਰ ਗਈ ਅਤੇ ਦੂਜਿਆਂ ਦੇ ਦਿੱਤੇ ਲਾਰੇ ਤੁਹਾਨੂੰ ਚੰਗੇ ਲੱਗਣ ਲਗ ਗਏ।

ਇਹ ਅੱਜ ਦੀ ਤਾਰੀਖ ਵਿੱਚ ਚੋਣ ਲੜ ਕਿਉਂ ਨਹੀਂ ਰਹੇ ਹਨ, ਭੱਜ ਕਿਉਂ ਰਹੇ ਹਨ? ਇਹ ਸਾਫ ਹੈ ਕਿ ਇੱਕ ਸਾਜ਼ਿਸ਼ ਦਾ ਹਿੱਸਾ ਹਨ।

ਤਸਵੀਰ ਸਰੋਤ, Getty Images

ਸਵਾਲ: ਪੰਜਾਬ ਦਾ ਨੌਜਵਾਨ ਨਸ਼ਿਆਂ ਵੱਲ ਜਾ ਰਿਹਾ ਹੈ। ਇਸ ਨੂੰ ਰੋਕਣ ਲਈ ਅਕਾਲੀ ਦਲ ਨੇ ਕੀ ਕਦਮ ਚੁੱਕੇ ਸਨ?

ਜਵਾਬ: ਪੰਜਾਬ ਵਿੱਚ ਉਨੇ ਹੀ ਡਰੱਗਸ ਹਨ ਜਿੰਨੇ ਕਿ ਦੇਸ ਜਾਂ ਦੁਨੀਆਂ ਦੇ ਕਿਸੇ ਹੋਰ ਕੋਨੇ ਵਿੱਚ ਹਨ।

ਇਹ ਇੱਕ ਅਫਵਾਹ ਫੈਲਾਈ ਗਈ ਸੀ ਕਾਂਗਰਸ ਪਾਰਟੀ ਵੱਲੋਂ ਚੋਣਾਂ ਤੋਂ ਪਹਿਲਾਂ ਜਦੋਂ ਰਾਹੁਲ ਗਾਂਧੀ ਨੇ 2012 'ਚ ਮੇਰੇ ਹੀ ਹਲਕੇ 'ਚੋਂ ਕਿਹਾ ਸੀ ਕਿ ਪੰਜਾਬ ਦੇ 70 ਫੀਸਦ ਨੌਜਵਾਨ ਨਸ਼ੇੜੀ ਹਨ। ਪੰਜਾਬ ਵਿੱਚ ਬਹੁਤ ਰੋਸ ਹੋਇਆ ਸੀ। ਲੋਕਾਂ ਨੇ ਫਿਲਮਾਂ ਬਣਾਈਆਂ।

ਆਪਣੀ ਸਰਕਾਰ ਵੱਲੋਂ ਅਸੀਂ ਕੋਸ਼ਿਸ਼ ਕੀਤੀ ਕਿ ਸਾਡੇ ਨੌਜਵਾਨਾਂ ਨੂੰ ਤੁਸੀਂ ਕਿਉਂ ਬਦਨਾਮ ਕਰ ਰਹੇ ਹੋ। ਕਲ ਇਨ੍ਹਾਂ ਨੂੰ ਵਿਆਹ ਕਰਵਾਉਣ 'ਚ, ਪੰਜਾਬ ਤੋਂ ਬਾਹਰ ਨੌਕਰੀਆਂ ਮਿਲਣ ਵਿੱਚ ਦਿੱਕਤ ਹੋਵੇਗੀ।

ਜਦੋਂ ਅਸੀਂ ਪੁਲਿਸ ਦੇ ਭਰਤੀ ਕੀਤੀ ਤਾਂ 4 ਲੱਖ ਨੌਜਵਾਨ ਜਿਨ੍ਹਾਂ ਨੇ ਅਪਲਾਈ ਕੀਤਾ ਸੀ ਉਨ੍ਹਾਂ ਦੇ 100 ਫੀਸਦੀ ਡੋਪ ਟੈਸਟ ਕੀਤੇ ਗਏ ਜਿਸ ਲਈ ਕਿਟਸ ਅਮਰੀਕਾ ਤੋਂ ਮੰਗਾਈਆਂ ਗਈਆਂ ਸਨ। 1.2 ਫੀਸਦ ਡਰੱਗ ਅਡਿਕਟਸ ਮਿਲੇ।

ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਸੀ ਅਤੇ ਬਾਰਡਰ ਬਿਲਕੁਲ ਹੀ ਪੋਰਸ ਸੀ।

ਸਾਡੇ ਟਾਈਮ ਸਭ ਤੋਂ ਜ਼ਿਆਦਾ ਡਰੱਗਸ ਪੰਜਾਬ ਪੁਲਿਸ ਫੜ੍ਹ ਰਹੀ ਸੀ। ਅਸੀਂ ਪੂਰੀ ਲੜਾਈ ਲੜ ਰਹੇ ਸੀ, ਪਰ ਪੰਜਾਬ ਵਿੱਚ ਇੰਨਾ ਡਰੱਗ ਨਹੀਂ ਸੀ ਜਿੰਨਾਂ ਕਾਂਗਰਸ ਕਹਿ ਰਹੀ ਸੀ।

ਚੋਣ ਜਾਬਤਾ ਲੱਗੇ ਅਜੇ 10 ਦਿਨ ਨਹੀਂ ਹੋਏ ਤੇ 100 ਕਰੋੜ ਦੇ ਡਰੱਗਸ ਫੜੇ ਗਏ ਹਨ। ਅੱਜ ਦੀ ਤਾਰੀਖ ਵਿੱਚ ਪੰਜਾਬ ਵਿੱਚ ਸਰਕਾਰ ਨਾਮ ਦੀ ਕੋਈ ਚੀਜ਼ ਹੀ ਨਹੀਂ ਹੈ।

ਸਵਾਲ: ਪੰਜਾਬ ਅਤੇ ਹਰਿਆਣਾ ਵਿਚਕਾਰ ਕਈ ਦਹਾਕਿਆਂ ਤੋਂ ਚਲਦੇ ਆ ਰਹੇ ਮੁੱਦੇ ਜਿਵੇਂ ਪਾਣੀ ਦੀ ਵੰਡ ਕਿਉਂ ਹਲ ਨਹੀਂ ਹੋ ਰਹੇ?

ਜਵਾਬ: ਸਾਡੇ ਵੱਲੋਂ ਤਾਂ ਇਹ ਮੁੱਦਾ ਹੈ ਹੀ ਨਹੀਂ। ਬਾਦਲ ਸਾਹਿਬ ਨੇ ਇਹ ਸਾਫ ਕਰ ਦਿੱਤਾ ਕਿ ਪੰਜਾਬ ਕੋਲ ਇੱਕ ਤੁਪਕਾ ਵੀ ਪਾਣੀ ਦਾ ਫਾਲਤੂ ਨਹੀਂ ਹੈ ਕਿਸੇ ਨੂੰ ਦੇਣ ਵਾਸਤੇ। ਅਸੀਂ ਪੰਜਾਬ ਤੋਂ ਇੱਕ ਬੂੰਦ ਪਾਣੀ ਵੀ ਬਾਹਰ ਨਹੀਂ ਜਾਣ ਦੇਵਾਂਗੇ।

ਉਨ੍ਹਾਂ ਨੇ ਐਸਵਾਈਐਲ ਨੂੰ ਰੱਦ ਕਰ ਕੇ ਜ਼ਮੀਨਾਂ ਵੀ ਕਿਸਾਨਾਂ ਨੂੰ ਵਾਪਿਸ ਕਰ ਦਿੱਤੀਆਂ।

ਸਵਾਲ: ਭਾਜਪਾ ਗਾਂਧੀ ਪਰਿਵਾਰ ਨੂੰ ਪਰਿਵਾਰਵਾਦ ਦੇ ਮੁੱਦੇ 'ਤੇ ਨਿਸ਼ਾਨੇ 'ਤੇ ਲੈਂਦਾ ਹੈ। ਤੁਹਾਡਾ ਵੀ ਤਾਂ ਪੂਰਾ ਪਰਿਵਾਰ ਸਿਆਸਤ ਵਿੱਚ ਹੈ। ਇਸ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ?

ਜਵਾਬ: ਪਹਿਲੀ ਗੱਲ ਅਸੀਂ ਚੁਣੇ ਹੋਏ ਨੁਮਾਏਂਦੇ ਹਾਂ। ਮੈਂ ਵੀ ਜੇ ਚੁਣ ਕੇ ਆਈ ਹਾਂ ਮੇਰੇ ਖਿਲਾਫ 25 ਬੰਦੇ ਹੋਰ ਲੜਦੇ ਨੇ। ਪਬਲਿਕ ਜਿਸ ਮਰਜ਼ੀ ਨੂੰ ਚੁਣ ਸਕਦੀ ਹੈ। ਜੇ ਲੋਕੀ ਸਾਨੂੰ ਚੁਣਦੇ ਨੇ ਚੁਣੇ ਹੋਏ ਕੰਮਾਂ ਦੇ ਆਧਾਰ 'ਤੇ।

ਜੇ ਅੱਜ ਸੁਖਬੀਰ ਜੀ ਪ੍ਰਧਾਨ ਬਣਦੇ ਨੇ ਤਾਂ ਪਾਰਟੀ ਉਨ੍ਹਾਂ ਨੂੰ ਚੁਣਦੀ ਹੈ। ਜੇ ਉਹ ਮੁੱਖ ਮੰਤਰੀ ਬਣਨਗੇ ਲੋਕੀ ਚੁਣਨਗੇ।

ਇਹ ਥੋੜਾ ਹੈ ਕਿ ਬਾਦਲ ਸਾਹਿਬ ਤੋਂ ਪਹਿਲਾਂ ਉਨ੍ਹਾਂ ਦੇ ਪਿਤਾ, ਦਾਦੇ ਕੇ ਪਰਦਾਦੇ ਸਾਰੇ ਮੁੱਖ ਮੰਤਰੀ ਸਨ।

ਲੇਕਿਨ ਜਦੋਂ ਦਾ ਦੇਸ ਆਜ਼ਾਦ ਹੋਇਆ ਹੈ ਇਨ੍ਹਾਂ (ਗਾਂਧੀ ਪਰਿਵਾਰ) ਤੋਂ ਸਿਵਾ ਕੋਈ ਹੈ ਹੀ ਨਹੀਂ।

ਜਵਾਹਰਲਾਲ ਨਹਿਰੂ ਤੋਂ ਬਾਅਦ ਇੰਜਰਾ ਗਾਂਧੀ, ਉਸ ਤੋਂ ਬਾਅਦ ਰਾਜੀਵ ਗਾਂਧੀ, ਉਹ ਗਿਆ ਤੇ ਹਾਰੁਲ ਗਾਂਧੀ।

ਰਾਹੁਲ ਗਾਂਧੀ ਫੇਲ ਹੋ ਗਿਆ ਤਾਂ ਪ੍ਰਿਅੰਕਾ ਗਾਂਧੀ।

ਇਹ ਤਾਂ ਮਜ਼ਾਕ ਬਣਾ ਦਿੱਤਾ ਹੈ ਕਿ ਉਸ ਪਾਰਟੀ ਵਿੱਚ ਕੋਈ ਅੱਗੇ ਉਭਰ ਕੇ ਆ ਹੀ ਨਹੀਂ ਸਕਦਾ।

ਸਵਾਲ: ਰਾਹੁਲ ਗਾਂਧੀ ਨੂੰ ਲੀਡਰ ਦੇ ਤੌਰ 'ਤੇ ਕਿਵੇਂ ਦੇਖਦੇ ਹੋ?

ਜਵਾਬ: ਉਹ ਬਿਲਕੁਲ ਹੀ ਫੇਲ ਹਨ।

ਜਨਤਾ ਨੇ ਉਨ੍ਹਾਂ ਨੂੰ 44 ਸੀਟਾਂ ਤੇ ਸੀਮਿਤ ਕਰ ਦਿੱਤਾ ਜਿੱਥੇ ਉਹ ਵਿਰੋਧੀ ਪੱਖ ਦੇ ਲੀਡਰ ਬਣਨ ਦੇ ਲਾਇਕ ਵੀ ਨਹੀਂ ਸੀ।

ਅੱਜ ਦੀ ਤਾਰੀਖ ਵਿੱਚ ਕੋਈ ਪਾਰਟੀ ਕਾਂਗਰਸ ਨਾਲ ਸਮਝੌਤਾ ਹੀ ਨਹੀਂ ਕਰਨਾ ਚਾਹ ਰਹੀ ਜਿਸ ਕਰਕੇ ਵੱਡੇ ਗੱਠਬੰਧਨਾਂ ਤੋਂ ਇਨ੍ਹਾਂ ਨੂੰ ਬਾਹਰ ਕਰ ਦਿੱਤਾ ਗਿਆ ਹੈ।

ਇਸ ਕਾਰਨ ਰਾਹੁਲ ਬਾਬਾ ਦੇ ਨਾਲ ਪ੍ਰਿਅੰਕਾ ਬੀਬੀ ਨੂੰ ਵੀ ਲਿਆਣਾ ਪੈ ਰਿਹਾ ਹੈ।

ਸਵਾਲ: ਪੰਜਾਬ ਦੇ ਲੋਕਾਂ ਵਿੱਚ ਗੁੱਸਾ ਹੈ ਕਿ ਕੁਝ ਅਜਿਹੇ ਕਾਰੋਬਾਰ ਹਨ ਜਿੰਨਾਂ 'ਤੇ ਬਾਦਲ ਪਰਿਵਾਰ ਦੀ ਮਨੌਪਲੀ ਹੈ ਜਿਵੇਂ ਕੀ ਟਰਾਂਸਪੋਰਟ। ਤੁਹਾਨੂੰ ਨਹੀਂ ਲਗਦਾ ਕਿ ਇਸ ਵਿੱਚ ਵਿਰੋਧਾਬਾਸ ਹੈ?

ਜਵਾਬ: ਬਿਲਕੁਲ ਨਹੀਂ। ਸਾਡੀ ਟਰਾਂਸਪੋਰਟ 1947 ਦੀ ਹੈ। ਇਹ ਸੁਖਬੀਰ ਜੀ ਦੇ ਜਨਮ ਹੋਣ ਤੋਂ ਪਹਿਲਾਂ, ਮੇਰੇ ਜਨਮ ਹੋਣ ਤੋਂ ਪਹਿਲਾਂ ਦੀ ਹੈ। ਇਹ ਸਾਨੂੰ ਵਿਰਾਸਤ ਵਿੱਚ ਮਿਲੀ ਹੈ।

ਸਰਕਾਰ ਦੇ ਟਾਈਮ ਜਿਵੇਂ ਆਮ ਦੂਜੇ ਲੈਂਦੇ ਸੀ, ਉਸੇ ਤਰ੍ਹਾਂ ਨਿਲਾਮੀ ਦੇ ਰਾਹੀਂ ਹੀ ਲਿੱਤਾ ਹੈ।

ਸਾਰਾ ਕੁਝ ਸਾਫ ਹੈ ਅਤੇ ਰਿਕਾਰਡ 'ਤੇ ਹੈ। ਇਸ ਵਿੱਚ ਕੁਝ ਗਲਤ ਨਹੀਂ ਹੈ ਜਿਸ ਕਾਰਨ ਉਹ (ਸਰਕਾਰ) ਕੁਝ ਬੰਦ ਨਹੀਂ ਕਰ ਪਾਏ ਹਨ।

ਇਹ ਜ਼ਰੂਰ ਹੈ ਕਿ ਸੁਖਬੀਰ ਜੀ ਦੀ ਪੜ੍ਹਾਈ ਵਧੀਆ ਹੋਣ ਦੇ ਨਾਤੇ ਉਹ ਸਿਆਣੇ ਇਨਸਾਨ ਹਨ।

ਸਰਕਾਰ ਖਜ਼ਾਨਾ ਖਾਲੀ ਹੋਣ ਦੀ ਗੱਲ ਕਰਦੀ ਰਹਿੰਦੀ ਹੈ, ਇਹੀ ਖਜ਼ਾਨਾ ਸਾਨੂੰ ਮਿਲਿਆ ਸੀ ਜਦੋਂ ਕੈਪਟਨ ਸਾਹਿਬ 2007 ਵਿੱਚ ਸਰਕਾਰ ਛੱਡ ਕੇ ਗਏ ਸਨ।

ਖਜ਼ਾਨਾ ਖਾਲੀ ਸੀ, ਬਲਕਿ ਇਸ ਤੋਂ ਵੀ ਵੱਧ ਕਰਜ਼ਾਈ ਸੀ। ਇਸ ਖਾਲੀ ਖਜ਼ਾਨੇ ਤੋਂ ਰੈਵਿਨੀਊ ਜੈਨੇਰੇਟ ਕਰ ਕੇ ਅਸੀਂ ਪੰਜਾਬ ਦਾ ਕਰਜ਼ਾ ਹੀ ਨਹੀਂ ਘੱਟ ਕੀਤਾ ਬਲਕਿ ਪੰਜਾਬ ਨੂੰ ਪਾਵਰ ਡੈਫਿਸਿਟ ਤੋਂ ਪਾਵਰ ਸਰਪਲਸ ਕੀਤਾ।

ਸਵਾਲ: ਕੀ ਹੋਣਾ ਚਾਹੀਦਾ ਹੈ ਜਿਸ ਨਾਲ ਹੋਰ ਔਰਤਾਂ ਸਿਆਸਤ ਵਿੱਚ ਆਉਣ ਅਤੇ ਅਕਾਲੀ ਦਲ ਵਿੱਚ ਇਸ ਲਈ ਕੀ ਕੀਤਾ ਜਾ ਰਿਹਾ ਹੈ?

ਜਵਾਬ: 70 ਸਾਲ ਲਗ ਗਏ ਕਿ ਇੱਕ ਪੰਜਾਬ ਦੀ ਧੀ ਕੇਂਦਰ ਵਿੱਚ ਮੰਤਰੀ ਬਣੇ।

ਔਰਤਾਂ ਨੂੰ ਅੱਗੇ ਵਧਣ ਦੇ ਮੌਕੇ ਨਹੀਂ ਮਿਲਦੇ। ਇਸ ਕਰ ਕੇ ਮੈਂ ਕਹਿੰਦੀ ਹਾਂ ਕਿ 33 ਫੀਸਦ ਰਾਖਵਾਂਕਰਨ ਜ਼ਰੂਰ ਹੋਣਾ ਚਾਹੀਦਾ ਹੈ।

ਮੈਂ ਸੁਖਬੀਰ ਜੀ ਨੂੰ ਵੀ ਕਹਿੰਦੀ ਰਹਿੰਦੀ ਹਾਂ ਕਿ ਘੱਟ ਤੋਂ ਘੱਟ ਅਸੀਂ ਆਪਣੀ ਪਾਰਟੀ ਵਿੱਚ ਇਹ ਕਰੀਏ।

ਔਰਤ ਦੇ ਪ੍ਰਤੀ ਸਮਾਜ ਦੀ ਸੋਚ ਅਜੇ ਵੀ ਪਿਛੜੀ ਹੋਈ ਹੈ।

ਬਰਾਬਰ ਦਾ ਬਜਟ ਔਰਤਾਂ ਦੀ ਜ਼ਰੂਰਤਾਂ ਵੱਲ ਦਿੱਤੀ ਜਾਊਗਾ ਤਾਂਹੀ ਅਸੀਂ ਬਰਾਬਰ ਦੇ ਵੋਟਰ ਕਹਿਲਾਵਾਂਗੇ।

ਇਹ ਵੀਡੀਓ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।