ਲੋਕ ਸਭਾ ਚੋਣਾਂ 2019: ਭਜਨ ਲਾਲ-ਚੌਟਾਲਾ ਦੇ ਪਰਿਵਾਰਾਂ ਦੀ ਸਿਆਸੀ ਲੜਾਈ ਪੁੱਜੀ ਪੋਤਿਆਂ ਤੱਕ

  • ਅਰਵਿੰਦ ਛਾਬੜਾ
  • ਬੀਬੀਸੀ ਪੱਤਰਕਾਰ
ਦੇਵੀ ਲਾਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਹਰਿਆਣਾ ਦੇ ਮਰਹੂਮ ਮੁੱਖ ਮੰਤਰੀ ਦੇਵੀ ਲਾਲ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ ਓਪੀ ਚੌਟਾਲਾ

ਗੱਲ ਤੀਹ ਸਾਲ ਪੁਰਾਣੀ ਯਾਨਿ ਕਿ 1989 ਦੀ ਹੈ, ਹਰਿਆਣਾ ਦੇ ਮਰਹੂਮ ਮੁੱਖ ਮੰਤਰੀ ਦੇਵੀ ਲਾਲ ਨੂੰ ਕੇਂਦਰੀ ਮੰਤਰੀ ਬਣਾਇਆ ਜਾ ਰਿਹਾ ਸੀ ਅਤੇ ਮੁੱਖ ਮੰਤਰੀ ਦੀ ਕਮਾਨ ਸੌਂਪ ਦਿੱਤੀ ਗਈ ਉਨ੍ਹਾਂ ਦੇ ਪੁੱਤਰ ਓਮ ਪ੍ਰਕਾਸ਼ ਚੌਟਾਲਾ ਨੂੰ।

ਇਸ ਸਬੰਧੀ ਕੀਤੀ ਗਈ ਪ੍ਰੈੱਸ ਕਾਨਫ਼ਰੰਸ ਵਿੱਚ ਕਿਸੇ ਨੇ ਦੇਵੀ ਲਾਲ ਤੋਂ ਸਵਾਲ ਕੀਤਾ ਕਿ ਪਾਰਟੀ ਵਿੱਚ ਕੀ ਕੋਈ ਹੋਰ ਆਗੂ ਨਹੀਂ ਹੈ।

ਜਿਸ ਨਾਲ ਤੁਸੀਂ ਪਰਿਵਾਰਵਾਦ ਦੇ ਕੁਨਬੇ ਵਿੱਚੋਂ ਬਾਹਰ ਨਿਕਲ ਸਕੋ ਅਤੇ ਆਪਣੇ ਪੁੱਤਰ ਨੂੰ ਅੱਗੇ ਵਧਾਉਣਾ ਨਾ ਪਵੇ। ਇਸ ਦਾ ਜਵਾਬ ਦੇਵੀ ਲਾਲ ਨੇ ਆਪਣੇ ਅੰਦਾਜ਼ ਵਿੱਚ ਦਿੱਤਾ ਅਤੇ ਆਖਿਆ " ਆਪਣੇ ਛੌਰੇ ਨੂੰ ਅੱਗੇ ਨਾ ਵਧਾਵੇ ਕਿ ਤੇਰੇ ਛੋਕਰੇ ਨੂੰ ਅੱਗੇ ਵਧਾਵਾਂ"

ਤੀਹ ਸਾਲਾਂ ਵਿੱਚ ਨਾ ਸਿਰਫ਼ ਦੇਵੀ ਲਾਲ ਦੇ ਪੁੱਤਰ ਅਤੇ ਪੋਤੇ ਹਰਿਆਣਾ ਦੀ ਸੱਤਾ ਦੇ ਗਲਿਆਰਿਆਂ ਵਿੱਚ ਸਰਗਰਮ ਰਹੇ ਹਨ ਸਗੋਂ ਦੋਵੇਂ 'ਲਾਲ' ਯਾਨੀ ਭਜਨ ਲਾਲ ਅਤੇ ਬੰਸੀ ਦੇ ਪਰਿਵਾਰਕ ਮੈਂਬਰ ਸੱਤਾ ਵਿੱਚ ਸਰਗਰਮ ਰਹੇ ਤੇ ਹੁਣ ਤੱਕ ਆਪਣੀ ਹਾਜ਼ਰੀ ਭਰ ਰਹੇ ਹਨ।

ਇਹ ਵੀ ਪੜ੍ਹੋ:

ਇਨ੍ਹਾਂ 'ਲਾਲ' ਦੀ ਆਪਸੀ ਮੁਕਾਬਲੇਬਾਜ਼ੀ ਤੋਂ ਬਿਨਾਂ ਹਰਿਆਣਾ ਦੀ ਸਿਆਸਤ ਅਧੂਰੀ ਲੱਗਦੀ ਹੈ। ਇਹ ਮੁਕਾਬਲਾ ਅਗਲੀ ਪੀੜ੍ਹੀ ਵਿੱਚ ਵੀ ਪਹੁੰਚ ਗਿਆ ਅਤੇ ਹੁਣ ਇਹ ਤੀਜੀ ਅਤੇ ਚੌਥੀ ਪੀੜ੍ਹੀ ਵਿੱਚ ਵੀ ਹੈ।

ਭਵਿਯ ਬਿਸ਼ਨੋਈ ਨੂੰ ਕਾਂਗਰਸ ਵੱਲੋਂ ਟਿਕਟ

ਐਤਵਾਰ ਨੂੰ ਇਹਨਾਂ ਦੀ ਮੁਕਾਬਲੇਬਾਜ਼ੀ ਵਿੱਚ ਇੱਕ ਹੋਰ ਅਧਿਐਨ ਜੁੜ ਗਿਆ ਜਦੋਂ ਕਾਂਗਰਸ ਦੇ ਆਗੂ ਅਤੇ ਗੈਰ-ਜਾਟਾਂ ਦੇ ਦਿੱਗਜ ਮੰਨੇ ਜਾਣੇ ਵਾਲੇ ਭਜਨ ਲਾਲ ਦੇ ਪੋਤੇ ਅਤੇ ਕੁਲਦੀਪ ਬਿਸ਼ਨੋਈ ਦੇ ਪੁੱਤਰ ਭਵਿਯ ਬਿਸ਼ਨੋਈ ਨੂੰ ਕਾਂਗਰਸ ਨੇ ਹਿਸਾਰ ਤੋਂ ਟਿਕਟ ਦੇ ਦਿੱਤੀ।

ਇਸਦਾ ਮਤਲਬ ਇਹ ਹੋਇਆ ਕਿ ਉਸ ਦਾ ਮੁਕਾਬਲਾ ਹੋਵੇਗਾ ਚੌਧਰੀ ਦੇਵੀ ਲਾਲ ਦੇ ਪੋਤੇ ਦੁਸ਼ਯੰਤ ਚੌਟਾਲਾ ਦੇ ਨਾਲ।

ਤਸਵੀਰ ਸਰੋਤ, facebook/bhavya bishnoi

ਤਸਵੀਰ ਕੈਪਸ਼ਨ,

ਭਵਿਯ ਬਿਸ਼ਨੋਈ ਨੂੰ ਕਾਂਗਰਸ ਨੇ ਹਿਸਾਰ ਤੋਂ ਉਮੀਦਵਾਰ ਐਲਾਨਿਆ ਹੈ

ਹਰਿਆਣਾ ਦੀ ਸਿਆਸਤ ਦੀ ਸਮਝ ਰੱਖਣ ਵਾਲੇ ਇਸ ਨੂੰ ਇੱਕ ਵੱਡੀ ਸਿਆਸੀ ਲੜਾਈ ਵਜੋਂ ਦੇਖ ਰਹੇ ਹਨ। ਦੋਵਾਂ ਪਰਿਵਾਰਾਂ ਦੀ ਸਿਆਸੀ ਲੜਾਈ ਕੋਈ ਨਵੀਂ ਨਹੀਂ ਹੈ ਸਗੋਂ ਇਹ ਕਾਫ਼ੀ ਪੁਰਾਣੀ ਹੈ।

ਹਰਿਆਣਾ ਦੇ ਲੋਕ ਯਾਦ ਕਰਦੇ ਹਨ ਕਿ ਸਾਲ 1982 ਦੀਆਂ ਵਿਧਾਨ ਸਭਾ ਚੋਣਾਂ ਦੇ ਦੌਰਾਨ ਜਦੋਂ ਭਜਨ ਲਾਲ ਦੀ ਕਾਂਗਰਸ ਪਾਰਟੀ ਨੂੰ 90 ਵਿੱਚੋਂ 35 ਸੀਟਾਂ ਮਿਲੀਆਂ ਸਨ ਜਦਕਿ ਚੌਧਰੀ ਦੇਵੀ ਲਾਲ ਦੀ ਲੋਕ ਦਲ ਪਾਰਟੀ ਨੂੰ 31 ਅਤੇ ਭਾਜਪਾ ਜਿਸ ਦੇ ਨਾਲ ਉਸ ਦਾ ਸਮਝੌਤਾ ਸੀ ਉਸ ਦੇ ਕੋਲ ਛੇ ਸੀਟਾਂ ਸਨ।

ਸਰਕਾਰ ਬਣਾਉਣ ਦੀਆਂ ਕੋਸ਼ਿਸ਼ਾਂ ਤੇਜ਼ ਸਨ। ਜਿੱਥੇ ਦੇਵੀ ਲਾਲ ਅਕਾਲੀ ਦਲ ਦੇ ਆਪਣੇ ਪੁਰਾਣੇ ਦੋਸਤ ਪ੍ਰਕਾਸ਼ ਸਿੰਘ ਬਾਦਲ ਦੀ ਮਦਦ ਨਾਲ ਆਪਣੇ ਵਿਧਾਇਕਾਂ ਨੂੰ ਹਿਮਾਚਲ ਦੇ ਪ੍ਰਮਾਣੂ ਸ਼ਹਿਰ ਦੇ ਪਹਾੜਾਂ ਵਿਚਾਲੇ ਇੱਕ ਹੋਟਲ ਵਿੱਚ ਭੇਜ ਰਹੇ ਸਨ ਉੱਥੇ ਹੀ ਭਜਨ ਲਾਲ ਵਿਸ਼ੇਸ਼ ਜਹਾਜ਼ ਰਾਹੀਂ ਦਿੱਲੀ ਤੋਂ ਚੰਡੀਗੜ੍ਹ ਅਤੇ ਸਿੱਧਾ ਰਾਜ ਭਵਨ ਪਹੁੰਚੇ।

ਇਸ ਘਟਨਾਕ੍ਰਮ ਤੋਂ ਕੁਝ ਦੇਰ ਬਾਅਦ ਭਜਨ ਲਾਲ ਮੁੱਖ ਮੰਤਰੀ ਦੇ ਤੌਰ ਉੱਤੇ ਸਹੁੰ ਚੁੱਕ ਰਹੇ ਸਨ। ਹਰਿਆਣਾ ਦੇ ਇੱਕ ਸਾਬਕਾ ਆਈ ਏ ਐੱਸ ਅਧਿਕਾਰੀ ਨੇ ਬੀਬੀਸੀ ਨੂੰ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਦੇਵੀ ਲਾਲ ਨੂੰ ਬਹੁਤ ਗ਼ੁੱਸਾ ਆਇਆ ਸੀ। ਬੀਬੀਸੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ "ਮੈਨੂੰ ਯਾਦ ਹੈ ਕਿ ਅਗਲੇ ਦਿਨ ਅਖ਼ਬਾਰਾਂ 'ਚ ਇੱਕ ਤਸਵੀਰ ਛਪੀ ਸੀ ਜੋ ਮੈਨੂੰ ਅਜੇ ਵੀ ਚੰਗੀ ਤਰਾਂ ਯਾਦ ਹੈ।''

ਤਸਵੀਰ ਸਰੋਤ, facebook/kuldeep bishnoi

ਤਸਵੀਰ ਕੈਪਸ਼ਨ,

ਕੁਲਦੀਪ ਬਿਸ਼ਨੋਈ ਅਤੇ ਉਨ੍ਹਾਂ ਦੀ ਪਤਨੀ ਰੇਨੁਕਾ ਬਿਸ਼ਨੋਈ ਦੋਵੇਂ ਕਾਂਗਰਸ ਪਾਰਟੀ ਦੇ ਵਿਧਾਇਕ ਹਨ

''ਇਸ ਤਸਵੀਰ ਵਿੱਚ ਦੇਵੀ ਲਾਲ ਦਾ ਹੱਥ ਉਸ ਸਮੇਂ ਦੇ ਰਾਜਪਾਲ ਜੀ ਡੀ ਤਪਾਸੇ ਦੀ ਕਮੀਜ਼ ਦੇ ਕਾਲਰ ਉੱਤੇ ਸੀ ਜੋ ਆਪਣੇ ਆਪ ਵਿੱਚ ਸਾਰੀ ਕਹਾਣੀ ਬਿਆਨ ਕਰ ਰਹੀ ਸੀ। ਉਹ ਕਹਿੰਦੇ ਹਨ ਕਿ ਕੁੱਲ ਮਿਲਾ ਕੇ ਭਜਨ ਲਾਲ ਨੂੰ ਹਮੇਸ਼ਾ ਇੱਕ ਚਲਾਕ ਆਗੂ ਮੰਨਿਆ ਜਾਂਦਾ ਸੀ।''

''ਉਨ੍ਹਾਂ ਦਾ ਤਰੀਕਾ ਇਹੀ ਸੀ ਕਿ ਵਿਰੋਧੀਆਂ ਨੂੰ ਆਪਣੇ ਵੱਲ ਕਰਨ ਦੇ ਲਈ ਉਨ੍ਹਾਂ ਨੂੰ ਕੋਈ ਫ਼ਾਇਦੇ ਦਾ ਅਹੁਦਾ ਦੇ ਦਿੰਦੇ ਸਨ। ਉਹ ਆਖਦੇ ਹੁੰਦੇ ਸਨ ਕਿ ਆਪਣੇ ਤਾਂ ਨਾਲ ਹੀ ਹਨ ਜ਼ਰੂਰਤ ਦੁਸ਼ਮਣਾਂ ਨੂੰ ਆਪਣੇ ਵੱਲ ਕਰਨ ਦੀ ਹੈ।''

''ਉਹ ਆਖਦੇ ਹਨ ਕਿ ਸ਼ਾਇਦ ਇਹੀ ਕਾਰਨ ਹੈ ਕਿ ਬਿਸ਼ਨੋਈਆਂ ਦੀ ਹਰਿਆਣਾ ਵਿੱਚ ਜੰਨ ਸੰਖਿਆ ਮਹਿਜ਼ ਦੋ ਫ਼ੀਸਦ ਤੋਂ ਵੀ ਘੱਟ ਹੈ ਅਤੇ ਇੱਥੇ ਐਨੀ ਜਾਤੀਵਾਦ ਹੋਣ ਦੇ ਬਾਵਜੂਦ ਭਜਨ ਲਾਲ ਤਿੰਨ ਵਾਰ ਹਰਿਆਣਾ ਦੇ ਮੁੱਖ ਮੰਤਰੀ ਬਣੇ।''

ਉਨ੍ਹਾਂ ਦਾ ਕਹਿਣਾ ਸੀ ਕਿ ਦੂਜੇ ਪਾਸੇ ਦੇਵੀ ਲਾਲ ਅਤੇ ਉਨ੍ਹਾਂ ਤੋਂ ਬਾਅਦ ਓਮ ਪ੍ਰਕਾਸ਼ ਚੌਟਾਲਾ ਕਦੇ ਵੀ ਆਪਣੇ ਵਿਰੋਧੀਆਂ ਨੂੰ ਨਹੀਂ ਸਨ ਭੁੱਲਦੇ ਅਤੇ ਨਾ ਹੀ ਖ਼ੁਸ਼ ਕਰਨ ਦੀ ਕੋਸ਼ਿਸ਼ ਕਰਦੇ ਸਨ।

'ਜੋ ਕਾਬਿਲ ਹੋਵੇਗਾ, ਉਸੇ ਨੂੰ ਲੋਕ ਸਵੀਕਾਰ ਕਰਨਗੇ'

ਦੇਵੀ ਲਾਲ ਦੋ ਵਾਰ ਅਤੇ ਚੌਟਾਲਾ ਚਾਰ ਵਾਰ ਹਰਿਆਣਾ ਦੇ ਮੁੱਖ ਮੰਤਰੀ ਬਣੇ। ਸਵਾਲ ਇਹ ਵੀ ਹੈ ਕਿ ਦੋਵਾਂ ਪਰਿਵਾਰਾਂ ਦੀ ਆਪਸੀ ਖਿੱਚੋਤਾਣ ਹੁਣ ਇਹਨਾਂ ਦੀ ਅਗਲੀ ਪੀੜ੍ਹੀ ਵਿੱਚ ਵੀ ਦੇਖਣ ਨੂੰ ਮਿਲੇਗੀ ਜਾਂ ਸਮੇਂ ਦੇ ਨਾਲ ਚੀਜ਼ਾਂ ਬਦਲੀਆਂ ਹਨ?

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਦੁਸ਼ਯੰਤ ਚੌਟਾਲਾ ਨਵੀਂ ਪਾਰਟੀ ਦੇ ਮੁੱਖ ਆਗੂ ਵਜੋਂ ਉੱਭਰ ਕੇ ਆਏ ਹਨ

ਜੇਜੇਪੀ ਦੇ ਦੁਸ਼ਯੰਤ ਚੌਟਾਲਾ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਵਿੱਚ ਦੱਸਿਆ ਕਿ ਸਿਆਸਤ ਵਿੱਚ ਕੋਈ ਵੀ ਵਿਰੋਧੀ ਨਹੀਂ ਹੁੰਦਾ ਅਤੇ ਉਹ ਭਜਨ ਲਾਲ ਦੇ ਪੋਤੇ ਨੂੰ ਸਿਰਫ਼ ਇੱਕ ਉਮੀਦਵਾਰ ਵਜੋਂ ਲੈ ਰਹੇ ਹਨ। ਉਨ੍ਹਾਂ ਆਖਿਆ ਜੋ ਕਾਬਿਲ ਹੋਵੇਗਾ ਉਸੀ ਨੂੰ ਲੋਕ ਸਵੀਕਾਰ ਕਰਨਗੇ।

ਮੇਰੇ ਲਈ ਉਹ ਇੱਕ ਅਜਿਹੀ ਪਾਰਟੀ (ਕਾਂਗਰਸ) ਦੇ ਉਮੀਦਵਾਰ ਹਨ ਜਿਸ ਨੇ ਪਿਛਲੇ ਦਸ ਸਾਲਾ ਦੌਰਾਨ ਲੋਕਾਂ ਨੂੰ ਬਹੁਤ ਲੁੱਟਿਆ। ਠੀਕ ਉਸੇ ਤਰ੍ਹਾਂ ਜਿਸ ਤਰੀਕੇ ਨਾਲ ਭਾਜਪਾ ਦੇ ਉਮੀਦਵਾਰ ਬ੍ਰਿਜੇਂਦਰ ਸਿੰਘ ਹਨ ਜਿਨ੍ਹਾਂ ਦੀ ਪਾਰਟੀ ਨੇ ਲੋਕਾਂ ਨੂੰ ਜਾਤਪਾਤ ਦੇ ਨਾਮ ਉੱਤੇ ਵੰਡਣ ਦਾ ਕੰਮ ਕੀਤਾ ਹੈ।

ਇਹ ਵੀ ਪੜ੍ਹੋ:

ਉਂਝ ਪਿਛਲੀਆਂ ਚੋਣਾਂ ਵਿੱਚ ਦੁਸ਼ੰਯਤ ਚੌਟਾਲਾ ਨੇ ਭਵਿਯ ਦੇ ਪਿਤਾ ਕੁਲਦੀਪ ਬਿਸ਼ਨੋਈ ਨੂੰ ਹਿਸਾਰ ਸੀਟ ਤੋਂ ਮਾਤ ਦਿੱਤੀ ਸੀ। ਪਰ ਹੁਣ ਭਵਿਯ ਦਾ ਕਹਿਣਾ ਹੈ ਉਸ ਦੇ ਸਾਹਮਣੇ ਦੁਸ਼ੰਯਤ ਚੌਟਾਲਾ ਕੋਈ ਚੁਣੌਤੀ ਨਹੀਂ ਹੈ।

ਕੌਣ ਹੈ ਭਵਿਯ ਬਿਸ਼ਨੋਈ

26 ਸਾਲਾ ਭਵਿਯ ਨੇ ਦੱਸਿਆ ਕਿ ਉਨ੍ਹਾਂ ਨੇ ਲੰਡਨ ਸਕੂਲ ਆਫ਼ ਇਕਨਾਮਿਕਸ ਅਤੇ ਫਿਰ ਆਕਸਫੋਰਡ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ ਹੈ। ਭਵਿਯ ਦਾ ਛੋਟਾ ਭਰਾ ਚਿਤਨਯ ਬਿਸ਼ਨੋਈ ਕ੍ਰਿਕਟਰ ਹਨ ਅਤੇ ਆਈਪੀਐੱਲ ਵਿੱਚ ਚੇਨਈ ਇੰਡੀਅਨ ਦੀ ਟੀਮ ਤੋਂ ਖੇਡਦੇ ਹਨ ਅਤੇ ਇਨ੍ਹਾਂ ਦੀ ਇੱਕ ਭੈਣ ਵੀ ਹੈ।

ਭਵਿਯ ਆਖਦੇ ਹਨ ਕਿ ਲੋਕਾਂ ਨੂੰ ਉਮੀਦ ਸੀ ਕਿ ਦੁਸ਼ਯੰਤ ਦੇਸ ਦੇ ਸਭ ਤੋਂ ਨੌਜਵਾਨ ਸੰਸਦ ਮੈਂਬਰ ਬਣੇ ਪਰ ਜਿੱਤਣ ਤੋਂ ਬਾਅਦ ਉਹ ਕੁਝ ਵੀ ਨਹੀਂ ਕਰ ਸਕੇ ਜਿਸ ਤੋਂ ਸਾਰਾ ਹਿਸਾਰ ਨਿਰਾਸ਼ ਹੈ।

ਤਸਵੀਰ ਸਰੋਤ, facebook/kuldeep bishnoi

ਇਹ ਪੁੱਛੇ ਜਾਣ ਉੱਤੇ ਕੀ ਉਹ ਆਪਣੇ ਦਾਦਾ ਭਜਨ ਲਾਲ ਜੋ ਗੈਰ-ਜਾਟਾਂ ਦੇ ਆਈਕਾਨ ਮੰਨੇ ਜਾਂਦੇ ਸਨ ਵਾਂਗ ਗੈਰ ਜਾਟ ਵੋਟਰਾਂ ਦੇ ਸਮਰਥਨ ਦੀ ਉਮੀਦ ਕਰਦੇ ਹਨ ਤਾਂ ਉਨ੍ਹਾਂ ਦਾ ਜਵਾਬ ਸੀ ਮੈ ਜਾਤੀਵਾਦ ਵਿੱਚ ਵਿਸ਼ਵਾਸ ਨਹੀਂ ਰੱਖਦਾ ਅਤੇ ਉਮੀਦ ਕਰਦਾ ਹਾਂ ਕਿ ਸਾਰੇ ਲੋਕਾਂ ਦਾ ਮੈਨੂੰ ਸਮਰਥਨ ਮਿਲੇਗਾ।

ਉਂਝ ਐਤਵਾਰ ਨੂੰ ਭਵਿਯ ਨੂੰ ਟਿਕਟ ਮਿਲਣਾ ਕਾਫ਼ੀ ਨਾਟਕੀ ਘਟਨਾਕ੍ਰਮ ਸੀ। ਟਿਕਟ ਮਿਲਣ ਤੋਂ ਪਹਿਲਾਂ ਹੀ ਜਿੰਦਲ ਹਾਊਸ ਵਿੱਚ ਭਵਿਯ ਦੀ ਉਮੀਦਵਾਰੀ ਦਾ ਐਲਾਨ ਕਰ ਦਿੱਤਾ ਗਿਆ ਸੀ। ਸਾਬਕਾ ਮੰਤਰੀ ਅਤੇ ਪਾਰਟੀ ਦੀ ਸੀਨੀਅਰ ਆਗੂ ਸਵਿੱਤਰੀ ਜਿੰਦਲ ਨੇ ਦੁਪਹਿਰ ਨੂੰ ਹੀ ਇਸ ਦੇ ਬਾਰੇ ਟਵਿਟ ਕਰ ਦਿੱਤਾ ਸੀ ਜੋ ਮੀਡੀਆ ਵਿੱਚ ਕਾਫ਼ੀ ਵਾਇਰਲ ਹੋਇਆ ਜਦੋਕਿ ਟਿਕਟਾਂ ਦਾ ਐਲਾਨ ਦੇਰ ਰਾਤ ਹੋਇਆ।

ਇਹ ਵੀ ਪੜ੍ਹੋ:

ਮੁਕਾਬਲਾ ਕਾਫ਼ੀ ਸਖ਼ਤ ਹੈ ਪਿਛਲੀ ਵਾਰ ਚੋਣ ਤੋਂ ਬਾਅਦ ਦੁਸ਼ਯੰਤ ਚੌਟਾਲਾ ਦੇ ਕੰਮਕਾਜ ਵਿੱਚ ਤਰਜ਼ਬਾ ਝਲਕਣ ਲੱਗ ਪਿਆ ਹੈ।

ਉੱਥੇ ਹੀ ਦੂਜੇ ਪਾਸੇ ਬ੍ਰਜੇਂਦਰ ਸਿੰਘ ਜੋ ਆਈ ਏ ਐੱਸ ਛੱਡ ਕੇ ਸਿਆਸਤ ਵਿੱਚ ਆਏ ਹਨ ਉਹ ਵੀ ਇਸ ਸੀਟ ਤੋਂ ਕਾਫ਼ੀ ਮਜ਼ਬੂਤ ਉਮੀਦਵਾਰ ਹਨ। ਸਪੱਸ਼ਟ ਹੈ ਕਿ ਸਿਆਸਤ ਵਿੱਚ ਦਿਲਚਸਪੀ ਰੱਖਣ ਵਾਲਿਆਂ ਦੀਆਂ ਨਜ਼ਰਾਂ ਖ਼ਾਸ ਤੌਰ ਉੱਤੇ ਹਿਸਾਰ ਸੀਟ ਉੱਤੇ ਹਨ।

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)