ਜ਼ਿਲ੍ਹਾ ਟੌਪਰ ਵਿਦਿਆਰਥਣ ਨੂੰ ਬੋਰਡ ਨੇ ਦਿੱਤੇ 0 ਫਿਰ ਦਿੱਤੇ 99
- ਦੀਪਤੀ ਬਤਿੱਨੀ
- ਬੀਬੀਸੀ ਪੱਤਰਕਾਰ

ਤੇਲੰਗਾਨਾ ਵਿੱਚ 12ਵੀਂ ਦੇ ਨਤੀਜੇ ਆਉਣ ਤੋਂ ਬਾਅਦ ਪੁਲਿਸ ਮੁਤਾਬਕ 8 ਵਿਦਿਆਰਥੀਆਂ ਨੇ ਕੀਤੀ ਖੁਦਕੁਸ਼ੀ
8 ਅਪ੍ਰੈਲ ਨੂੰ ਆਏ ਇੰਟਰਮੀਡੀਏਟ ਬੋਰਡ (12ਵੀਂ ਦੇ ਨਤੀਜਿਆਂ) ਤੋਂ ਨਤੀਜਿਆਂ ਤੋਂ ਬਾਅਦ ਹੈਦਰਾਬਾਦ ਦੇ ਇੰਟਰਮੀਡੀਏਟ ਬੋਰਡ ਦਾ ਦਫ਼ਤਰ ਜੰਗੀ ਮੈਦਾਨ 'ਚ ਤਬਦੀਲ ਹੋ ਗਿਆ। ਤੇਲੰਗਾਨਾ ਪੁਲਿਸ ਮੁਤਾਬਕ ਨਤੀਜਿਆਂ ਤੋਂ ਬਾਅਦ 8 ਵਿਦਿਆਰਥੀਆਂ ਦੀ ਮੌਤ ਹੋਈ ਹੈ।
ਪਰ ਵਿਦਿਆਰਥੀ ਯੂਨੀਅਨ ਦਾ ਦਾਅਵਾ ਹੈ ਕਿ 16 ਵਿਦਿਆਰਥੀਆਂ ਨੇ ਖੁਦਕੁਸ਼ੀ ਕੀਤੀ ਹੈ। ਉਨ੍ਹਾਂ ਨੇ ਇੰਟਰਮੀਡੀਏਟ ਬੋਰਡ ਨੂੰ ਇਨ੍ਹਾਂ ਦੀ ਮੌਤ ਦਾ ਜ਼ਿੰਮੇਵਾਰ ਦੱਸਿਆ ਹੈ।
ਬੱਚਿਆਂ ਦੇ ਅਧਿਕਾਰਾਂ ਸਬੰਧੀ ਕੰਮ ਕਰਨ ਵਾਲੀ ਇੱਕ ਐਨਜੀਓ ਬਲਾਲਾ ਹਕੁੱਲਾ ਸੰਗਮ ਨੇ ਤੇਲੰਗਾਨਾ ਹਾਈ ਕੋਰਟ 'ਚ ਪਟੀਸ਼ਨ ਵੀ ਪਾਈ ਹੈ।
ਇਸ ਪਟੀਸ਼ਨ ਵਿੱਚ ਉਸ ਨੇ ਇੰਟਰਮੀਡੀਏਟ ਬੋਰਡ ਦੇ ਨਤੀਜਿਆਂ ਵਿੱਚ ਗਲਤੀਆਂ ਦਾ ਦੋਸ਼ ਲਗਾਇਆ ਹੈ।
ਇਸ ਤੋਂ ਇਲਾਵਾ ਖ਼ਫ਼ਾ ਮਾਪਿਆਂ ਅਤੇ ਵਿਦਿਆਰਥੀਆਂ ਨੇ ਬੋਰਡ ਦੇ ਦਫ਼ਤਰ ਬਾਹਰ ਪ੍ਰਦਰਸ਼ਨ ਵੀ ਕੀਤਾ।
ਇਹ ਵੀ ਪੜ੍ਹੋ-
ਦਰਅਸਲ ਵਿਦਿਆਰਥੀਆਂ ਦੇ ਡਰ ਆਧਾਰਹੀਣ ਨਹੀਂ ਹਨ। ਤੇਲੰਗਾਨਾ ਦੇ ਮੈਨਚੈਰੀਅਲ ਤੋਂ ਵਿਦਿਆਰਥਣ ਨਵਿਆ ਨੂੰ ਇੱਕ ਵਿਸ਼ੇ ਵਿੱਚ 'ਜ਼ੀਰੋ' ਮਿਲਿਆ ਹੈ। ਹੈਰਾਨੀ ਵਾਲੀ ਗੱਲ ਹੈ ਕਿ ਉਹ ਪਿਛਲੇ ਸਾਲ ਜ਼ਿਲ੍ਹਾਂ ਟੋਪਰ ਰਹੀ ਹੈ।
ਹਾਲਾਂਕਿ, ਜਦੋਂ ਉਸ ਦੇ ਕਾਲਜ ਪ੍ਰਸ਼ਾਸਨ ਨੇ ਇਹ ਮੁੱਦਾ ਸਰਕਾਰੀ ਅਧਿਕਾਰੀਆਂ ਕੋਲ ਚੁੱਕਿਆ ਤਾਂ ਮੁੜ ਮੁਲਾਂਕਣ ਕਰਨ 'ਤੇ ਉਸ ਦੇ ਨੰਬਰ 'ਜ਼ੀਰੋ' ਤੋਂ 99 ਹੋ ਗਏ।
ਨਵਿਆ ਕਹਿੰਦੀ ਹੈ, "ਜਦੋਂ ਮੈਂ ਪਹਿਲਾਂ ਨਤੀਜਾ ਦੇਖਿਆ ਤਾਂ ਮੈਨੂੰ ਬੜੀ ਸ਼ਰਮ ਮਹਿਸੂਸ ਹੋਈ। ਕੁਝ ਮਿੰਟਾਂ ਲਈ ਲਗਿਆ ਨਤੀਜੇ ਠੀਕ ਹਨ ਅਤੇ ਮੈਂ ਫੇਲ੍ਹ ਹੋ ਗਈ ਹਾਂ ਪਰ ਫਿਰ ਉਨ੍ਹਾਂ ਨੇ ਕਿਹਾ ਕਿ ਇਹ ਗ਼ਲਤ ਹੈ ਅਤੇ ਮੈਨੂੰ 99 ਨੰਬਰ ਮਿਲੇ ਹਨ।"

"ਜੇਕਰ ਬਿਨਾਂ ਇੰਤਜ਼ਾਰ ਕੀਤਿਆਂ ਕੋਈ ਗ਼ਲਤ ਕਦਮ ਚੁੱਕ ਲੈਂਦੀ ਤਾਂ ਇਸ ਲਈ ਕੌਣ ਜ਼ਿੰਮੇਵਾਰ ਹੁੰਦਾ? ਇਸ ਨੇ ਮੈਨੂੰ ਉਸ ਦਿਨ ਡਰਾ ਕੇ ਰੱਖ ਦਿੱਤਾ ਸੀ। ਇੰਝ ਲਗਦਾ ਹੈ ਜਿਵੇਂ ਅਧਿਕਾਰੀ ਸਾਡੇ ਭਵਿੱਖ ਨਾਲ ਖੇਡ ਰਹੇ ਹਨ।"
ਇਸ ਤੋਂ ਇਲਾਵਾ ਹੋਰ ਵੱਡੀ ਖਾਮੀ ਜਿਹੜੀ ਸਾਹਮਣੇ ਆਈ ਹੈ ਉਹ ਇਹ ਹੈ ਕਿ ਜਿਨ੍ਹਾਂ ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਉਨ੍ਹਾਂ ਨੂੰ ਵੀ ਨਤੀਜਿਆਂ 'ਚ ਗ਼ੈਰ-ਹਾਜ਼ਰ ਦੱਸਿਆ ਗਿਆ।
ਕੁਝ ਵਿਦਿਆਰਥੀਆਂ ਦੀ ਸ਼ਿਕਾਇਤ ਹੈ ਕਿ ਉਨ੍ਹਾਂ ਨੇ ਪਿਛਲੇ ਸਾਲ ਵਧੀਆ ਪ੍ਰਦਰਸ਼ਨ ਕੀਤਾ ਸੀ ਅਤੇ ਇਸ ਸਾਲ ਵੀ ਉਨ੍ਹਾਂ ਚੰਗੇ ਨੰਬਰਾਂ ਦੀ ਆਸ ਪਰ ਜਦੋਂ ਨਤੀਜੇ ਆਏ ਤਾਂ ਉਹ ਹੈਰਾਨ ਹੋ ਗਏ ਕਿਉਂਕਿ ਉਨ੍ਹਾਂ ਦੇ ਨੰਬਰ ਇਕੈਹਰੀ ਸੰਖਿਆ (ਸਿੰਗਲ ਡਿਜਿਟ ਸਕੋਰ) ਵਿੱਚ ਸਨ।

ਪਿਛਲੇ ਸਾਲ ਜ਼ਿਲ੍ਹਾਂ ਟੋਪਰ ਰਹੀ ਨਵਿਆ ਨੂੰ ਮਿਲੇ 0 ਨੰਬਰ ਮਿਲੇ
ਸਾਈ ਰਾਮ ਰੈਡੀ ਆਪਣੇ ਪੁੱਤਰ ਵੇਣੂਗੋਪਾਲ ਰੈਡੀ ਲਈ ਪਿਛਲੇ ਸ਼ੁੱਕਰਵਾਰ ਤੋਂ ਬੋਰਡ 'ਤੇ ਚੱਕਰ ਕੱਟ ਰਹੇ ਹਨ।
ਉਨ੍ਹਾਂ ਦਾ ਕਹਿਣਾ ਹੈ, "ਮੇਰੇ ਬੇਟੇ ਦੇ ਪਹਿਲੇ ਸਾਲ ਹਿਸਾਬ ਵਿਸ਼ੇ 'ਚ 75 'ਚੋਂ 75 ਅਤੇ ਫਿਜ਼ਿਕਸ ਤੇ ਕੈਮਿਸਟਰੀ ਦੋਵਾਂ ਵਿੱਚ 60 'ਚੋਂ 60 ਆਏ ਸਨ। ਇਸ ਸਾਲ ਉਸ ਦੇ ਹਿਸਾਬ ਵਿੱਚ ਉਸ ਦੇ 1 ਨੰਬਰ ਅਤੇ ਫਿਜ਼ਿਕ 'ਚੋਂ ਜ਼ੀਰੋ ਨੂੰਬਰ ਆਇਆ ਹੈ। ਇਹ ਕਿਵੇਂ ਹੋ ਸਕਦਾ ਹੈ।"
"ਮੇਰਾ ਬੇਟਾ ਹੋਰ ਕਾਮੀਟੈਵਿਕ ਪ੍ਰੀਖਿਆਵਾਂ ਦੀ ਤਿਆਰੀ ਵੀ ਕਰ ਰਿਹਾ ਹੈ ਪਰ ਨਤੀਜੇ ਦੇਖ ਕੇ ਉਹ ਮਾਯੂਸ ਹੋ ਗਿਆ ਹੈ। ਉਸ ਨੇ ਪੜ੍ਹਣਾ, ਖਾਣਾ ਅਤੇ ਘਰੋਂ ਬਾਹਰ ਜਾਣਾ ਬੰਦ ਕਰ ਦਿੱਤਾ ਹੈ। ਮੈਨੂੰ ਉਸ ਦੀ ਮਾਨਸਿਕ ਸਿਹਤ ਦੀ ਚਿੰਤਾ ਹੋ ਰਹੀ ਹੈ।"
ਵੇਣੂਗੋਪਾਲ ਹੀ ਨਹੀਂ ਬਲਕਿ ਹੋਰ ਵੀ ਕਈ ਅਜਿਹੇ ਮਾਪੇ ਅਤੇ ਵਿਦਿਆਰਥੀ ਹਨ ਜੋ ਬੋਰਡ ਦੇ ਬਾਹਰ ਖੜ੍ਹੇ ਹੋ ਕੇ ਨਿਆਂ ਦੀ ਮੰਗ ਕਰ ਰਹੇ ਹਨ।
ਕਈਆਂ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਕੋਈ ਪ੍ਰਤਿਕਿਰਿਆ ਨਹੀਂ ਦਿੱਤੀ ਗਈ ਹੈ।
ਇਹ ਵੀ ਪੜ੍ਹੋ-

ਹਾਲਾਂਕਿ ਪ੍ਰੈੱਸ ਸਟੇਟਮੈਂਟ ਵਿੱਚ ਬੋਰਡ ਨੇ ਅਰਜ਼ੀਆਂ ਦੀ ਮੁੜ ਤਸਦੀਕ ਅਤੇ ਮੁੜ ਮੁਲਾਂਕਣ ਦੀ ਤਰੀਕ ਦਿੱਤੀ ਹੈ।
ਪ੍ਰੈਸ ਨੋਟ 'ਚ ਲਿਖਿਆ ਹੈ, "ਮੁਲਾਂਕਣ 'ਚ ਗ਼ਲਤੀਆਂ ਹੋਣ ਦੀ ਖ਼ਬਰ ਆਧਾਰਹੀਣ ਹੈ। ਜੇਕਰ ਵਿਦਿਆਰਥੀਆਂ ਨੂੰ ਕੋਈ ਸ਼ੱਕ ਹੈ ਤਾਂ ਉਹ 600 ਰੁਪਏ ਦੀ ਫੀਸ ਭਰ ਕੇ ਮੁੜ-ਤਸਦੀਕ ਲਈ ਅਪਲਾਈ ਕਰ ਸਕਦੇ ਹਨ ਅਤੇ ਉੱਤਰ ਪਤ੍ਰਿਕਾ ਆਨਲਾਈਨ ਭੇਜੀ ਜਾਵੇਗੀ।"
"ਇਸ ਪ੍ਰਕਿਰਿਆ ਤਹਿਤ ਵਿਦਿਆਰਥੀ ਰੀ-ਕਾਊਂਟਿੰਗ ਲਈ ਆਨਲਾਈਨ 100 ਰੁਪਏ ਦੀ ਫੀਸ ਭਰ ਅਪਲਾਈ ਕਰ ਸਕਦੇ ਹਨ। ਇਸ ਲਈ ਵਿਦਿਆਰਥੀਆਂ ਨੂੰ ਡਰਨ ਦੀ ਲੋੜ ਨਹੀਂ ਹੈ।"
ਬੋਰਡ ਦਾ ਵਿਦਿਆਰਥੀਆਂ ਨਾਲ ਇਹ ਰਵੱਈਆ ਠੀਕ ਨਹੀਂ ਮੰਨਿਆ ਜਾ ਰਿਹਾ ਅਤੇ ਉਨ੍ਹਾਂ ਮਾਪਿਆਂ ਨੂੰ ਲਗਦਾ ਹੈ ਕਿ ਉਹ ਗ਼ਲਤ ਹਨ।
ਝਾਂਸੀ ਪਿਛਲੇ ਦੋ ਦਿਨਾਂ ਤੋਂ ਦਫ਼ਤਰ ਦੇ ਚੱਕਰ ਲਗਾ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ, "ਮੈਂ ਸਿੰਗਲ ਮਾਂ ਹਾਂ, ਮੇਰਾ ਬੇਟਾ ਡਿਫੈਂਸ ਸਰਵਿਸ 'ਚ ਜਾਣਾ ਚਾਹੁੰਦਾ ਹੈ ਪਰ ਨਤੀਜਿਆਂ ਮੁਤਾਬਕ ਉਸ ਦੇ ਨੰਬਰ ਘੱਟ ਆਏ ਹਨ। ਪ੍ਰਸ਼ਾਸਨ ਦਾ ਕਹਿਣਾ ਹੈ ਮੁੜ-ਤਸਦੀਕ ਜਾਂ ਰੀ-ਕਾਊਂਟਿੰਗ ਲਈ ਅਪਲਾਈ ਕਰੋ।"

ਮਾਪੇ ਅਤੇ ਵਿਦਿਆਰਥੀ ਹਨ ਜੋ ਬੋਰਡ ਦੇ ਬਾਹਰ ਖੜ੍ਹੇ ਹੋ ਕੇ ਨਿਆਂ ਅਤੇ ਸਫਾਈ ਦੀ ਮੰਗ ਕਰ ਰਹੇ ਹਨ
"ਪਰ ਮੈਨੂੰ ਲਗਦਾ ਕਿ ਉਹ ਕੋਈ ਨਿਆਂ ਕਰਨਗੇ। ਕੀ ਹੋਵੇਗਾ ਜੇ ਉਹ ਫਿਰ ਉਹੀ ਨੰਬਰ ਉਸ ਨੂੰ ਦੇ ਦੇਣਗੇ। ਇੰਨੇ ਮਾੜੇ ਨਤੀਜੇ ਦੇਣ ਵਾਲੇ ਬੋਰਡ 'ਤੇ ਅਸੀਂ ਕਿਵੇਂ ਯਕੀਨ ਕਰ ਸਕਦੇ ਹਾਂ।"
ਮੁੜ-ਤਸਦੀਕ ਜਾਂ ਰੀ-ਕਾਊਂਟਿੰਗ ਲਈ ਅਰਜ਼ੀਆਂ 27 ਅਪ੍ਰੈਲ ਤੱਕ ਹੀ ਮਨਜ਼ੂਰ ਕੀਤੀਆਂ ਜਾਣਗੀਆਂ।
ਬੋਰਡ ਦੇ ਬਾਹਰ ਮਾਪਿਆਂ ਅਤੇ ਵਿਦਿਆਰਥੀਆਂ ਦੀ ਭੀੜ ਨੂੰ ਦੇਖਦਿਆਂ ਪੁਲਿਸ ਤਾਇਨਾਤ ਕੀਤੀ ਗਈ ਹੈ ਅਤੇ ਕਿਸੇ ਨੂੰ ਦਫ਼ਤਰ ਦੇ ਅੰਦਰ ਜਾਣ ਦੀ ਇਜਾਜ਼ਤ ਨਹੀਂ ਹੈ।
ਇਸ ਦੇ ਸਮਰਥਨ ਲਈ ਵਿਰੋਧੀ ਸਿਆਸੀ ਪਾਰਟੀ ਅਤੇ ਵਿਦਿਆਰਥੀ ਯੂਨੀਅਨ ਸਾਹਮਣੇ ਆ ਗਈ ਹੈ।
ਦਫ਼ਤਰ ਦੇ ਬਾਹਰ ਪ੍ਰਦਰਸ਼ਨ ਅਤੇ ਗ੍ਰਿਫ਼ਤਾਰੀਆਂ ਦੇ ਬਾਵਜੂਦ ਵੀ ਬੋਰਡ ਕਾਫੀ ਸੁਰੱਖਿਅਤ ਹੈ।

ਬੋਰਡ ਦੇ ਬਾਹਰ ਸੁਰੱਖਿਆ ਲਈ ਪੁਲਿਸ ਤੈਨਾਤ ਕੀਤੀ ਹੋਈ ਹੈ
ਇਸ ਵਿਚਾਲੇ ਬੋਰਡ ਦੇ ਸਕੱਤਰ ਅਸ਼ੋਕ ਨੇ ਸੋਮਵਾਰ ਨੂੰ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਉਨ੍ਹਾਂ ਵਾਰ-ਵਾਰ ਕਿਹਾ ਕਿ ਬੋਰਡ਼ ਦੇ ਖ਼ਿਲਾਫ਼ ਇਲਜ਼ਾਮ ਗ਼ਲਤ ਹਨ। ਪਰ ਇਸ ਦੇ ਨਾਲ ਉਨ੍ਹਾਂ ਨੇ ਮੰਨਿਆ ਕਿ ਨਵਿਆ ਦੇ ਮਾਮਲੇ 'ਚ ਗ਼ਲਤੀ ਹੋਈ ਸੀ।
ਅਸ਼ੋਕ ਨੇ ਕਿਹਾ, "ਮੁਲਾਂਕਣ ਅਤੇ ਨਤੀਜਿਆਂ ਦੇ ਐਲਾਨ 'ਚ ਕੋਈ ਗ਼ਲਤੀ ਨਹੀਂ ਹੋਈ। ਹਾਲਾਂਕਿ, ਨਵਿਆ ਦੇ ਮਾਮਲੇ 'ਚ ਗ਼ਲਤੀ ਹੋਈ ਸੀ ਜਿਸ ਨੂੰ ਠੀਕ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਜਿਸ ਨੇ ਇਹ ਗ਼ਲਤੀ ਕੀਤੀ ਸੀ ਅਸੀਂ ਉਸ 'ਤੇ ਜੁਰਮਾਨਾ ਵੀ ਲਗਾਇਆ ਹੈ।"
"ਗ਼ਲਤੀ ਇਸ ਲਈ ਹੋਈ ਕਿਉਂਕਿ ਨਤੀਜਿਆਂ ਦੇ ਮੁਲਾਂਕਣ ਦੌਰਾਨ ਓਐਮਆਰ ਸ਼ੀਟ 'ਤੇ ਬਬਲਿੰਗ ਦੀ ਪ੍ਰਕਿਰਿਆ ਹੁੰਦੀ ਹੈ ਅਤੇ ਇਸੇ ਦੌਰਾਨ ਹੀ ਗ਼ਲਤੀ ਹੋ ਗਈ। ਹੁਣ ਇਸ ਨੂੰ ਸੁਧਾਰ ਲਿਆ ਗਿਆ ਹੈ ਅਤੇ ਇਸ ਤੋਂ ਇਲਾਵਾ ਕੋਈ ਗ਼ਲਤੀ ਨਹੀਂ ਹੈ।"
ਜਦੋਂ ਵਿਦਿਆਰਥੀ ਪ੍ਰੀਖਿਆ ਲਈ ਆਉਂਦੇ ਹਨ ਤਾਂ ਉਨ੍ਹਾਂ ਨੂੰ ਆਪਣਾ ਹਾਲ ਨੰਬਰ (ਰੋਲ ਨੰਬਰ) ਓਐਮਆਰ ਓਪਟੀਕਲ ਮਾਰਕ ਰੈਕੋਗਨਿਸ਼ ਸ਼ੀਟ 'ਤੇ ਭਰਨਾ ਚਾਹੀਦਾ ਹੈ।
ਇਸ ਸ਼ੀਟ 'ਤੇ ਉਨ੍ਹਾਂ ਨੂੰ ਨੰਬਰਾਂ 'ਤੇ ਬਬਲਿੰਗ ਕਰਨੀ ਹੁੰਦੀ ਹੈ। ਇਸੇ ਤਰ੍ਹਾਂ ਹੀ ਸ਼ੀਟ ਦੇ ਭਾਗ 3 'ਚ ਅੰਕਾਂ ਲਈ ਸੰਖਿਆ ਬਬਲਿੰਗ ਦੇ ਨਾਲ ਇੱਕ ਸਮਾਨ ਕਾਲਮ ਹੁੰਦਾ ਹੈ ਜੋ ਮੁਲਾਂਕਣ ਕਰਤਾ ਵੱਲੋਂ ਭਰਿਆ ਜਾਣਾ ਹੁੰਦਾ ਹੈ। ਇਸੇ ਦੌਰਾਨ ਹੀ ਗ਼ਲਤੀ ਹੋਣ ਦੀ ਸੰਭਾਵਨਾ ਹੁੰਦੀ ਹੈ।
ਇਸ ਸਾਲ ਬੋਰਡ ਨੇ ਨਵੀਂ ਨਿੱਜੀ ਫਰਮ ਗਲੋਬਰੇਨਾ ਟੈਕਨਾਲੋਜੀ ਨੂੰ ਡਾਟਾ ਐਂਟਰੀ ਦਾ ਕੰਮ ਦਿੱਤਾ ਸੀ।
ਉਨ੍ਹਾਂ ਨੇ ਇਲਜ਼ਾਮ ਲਗਾਏ ਗਏ ਹਨ ਕਿ ਫਰਮ ਹੀ ਗ਼ਲਤੀਆਂ ਦਾ ਕਾਰਨ ਹੈ। ਹਾਲਾਂਕਿ ਬੋਰਡ ਦੇ ਸਕੱਤਰ ਨੇ ਇਨ੍ਹਾਂ ਨੂੰ ਨਕਾਰਿਆ ਹੈ।
ਸੂਬੇ ਦੇ ਸਿੱਖਿਆ ਮੰਤਰੀ ਜਗਦੀਸ਼ ਰੈਡੀ ਨੇ ਇਲਜ਼ਾਮਾਂ ਦੀ ਜਾਂਚ ਲਈ ਐਤਵਾਰ ਨੂੰ ਤਿੰਨ ਮੈਂਬਰੀ ਕਮੇਟੀ ਦਾ ਐਲਾਨ ਕੀਤਾ ਸੀ।
ਕਮੇਟੀ ਬੁੱਧਵਾਰ ਤੱਕ ਆਪਣੀ ਰਿਪੋਰਟ ਦੇ ਸਕਦੀ ਹੈ। ਸਿੱਖਿਆ ਮੰਤਰੀ ਨੇ ਕਿਹਾ, "ਨਤੀਜਿਆਂ ਕਾਰਨ ਪੈਦਾ ਹੋਏ ਭਰਮ ਅਤੇ ਗੜਬੜੀਆਂ ਹਨ ਉਹ ਅਧਿਕਾਰੀਆਂ ਦੇ ਅੰਦਰੂਨੀ ਮੁੱਦਿਆਂ ਕਾਰਨ ਪੈਦਾ ਹੋਈਆਂ ਹਨ। ਹਾਲਾਂਕਿ ਉਨ੍ਹਾਂ ਨੇ ਅਧਿਕਾਰੀਆਂ ਖ਼ਿਲਾਫ ਕੀਤੀ ਜਾਣ ਵਾਲੀ ਅਗਲੇਰੀ ਕਾਰਵਾਈ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ।"

ਮਨੋਵਿਗਿਆਨੀਆਂ ਦਾ ਮੰਨਣਾ ਹੈ ਕਿ ਇਸ ਦਾ ਵਿਦਿਆਰਥੀਆਂ ਦੀ ਮਾਨਸਿਕ ਸਥਿਤੀ 'ਤੇ ਡੂੰਘਾ ਅਸਰ ਪਵੇਗਾ।
ਸਵਿਸ ਕੰਨਸਲਟੈਂਟ ਸਾਈਕੋਲੇਜਿਸਟ ਵਾਸੂਪ੍ਰਦਾ ਕਾਰਤਿਕ ਦਾ ਕਹਿਣਾ ਹੈ, "ਪ੍ਰੀਖਿਆ ਆਪਣੇ ਆਪ ਵਿੱਚ ਤਣਾਅ ਹੈ। ਇਹ ਭਾਵਨਾ ਨਾ ਸਿਰਫ਼ ਵਿਦਿਆਰਥੀ ਬਲਕਿ ਮਾਪੇ ਤੇ ਸਮਾਜ 'ਚ ਵੱਡੇ ਪੱਧਰ 'ਤੇ ਰਹਿੰਦੀ ਹੈ। ਸੰਸਥਾਵਾਂ ਵਿਦਿਆਰਥੀਆਂ 'ਤੇ ਬਹੁਤ ਤਣਾਅ ਪਾਉਂਦੀਆਂ ਹਨ। ਹਰੇਕ ਵਿਦਿਆਰਥੀ ਦੀ ਸਮਰਥਾ ਵੱਖਰੀ ਹੁੰਦੀ ਹੈ।"
"ਵਿਦਿਆਰਥੀ ਨੂੰ ਇਮਤਿਹਾਨ ਪਾਸ ਕਰਨ ਦੀ ਉਮੀਦ ਰੱਖਣੀ ਕੋਈ ਯਥਾਰਥਵਾਦੀ ਭਾਵਨਾ ਨਹੀਂ ਹੈ। ਵਿਦਿਆਰਥੀਆਂ ਨੂੰ ਲਗਾਤਾਰ ਸਲਾਹ ਦੀ ਲੋੜ ਹੁੰਦੀ ਹੈ, ਵਿਦਿਆਰਥੀਆਂ ਅਤੇ ਮਾਪਿਆਂ ਵਿਚਾਲੇ ਜਾਗਰੂਕਤਾ ਪੈਦਾ ਕਰਨ ਦੀ ਲੋੜ ਹੈ।"
ਇਹ ਵੀ ਪੜ੍ਹੋ-
ਇਹ ਵੀਡੀਓ ਵੀ ਤੁਹਾਨੂੰ ਪਸੰਦ ਆਉਣਗੇ