ਮੋਦੀ-ਅਕਸ਼ੇ ਇੰਟਰਵਿਊ: 'ਭਗਤਾਂ ਨੂੰ ਭਾਵੇਂ ਕੁਝ ਮਿਲ ਜਾਵੇ ਪਰ ਜਨਤਾ ਲਈ ਕੁਝ ਨਹੀਂ ਸੀ'

ਨਰਿੰਦਰ ਮੋਦੀ, ਅਕਸ਼ੇ ਕੁਮਾਰ

ਤਸਵੀਰ ਸਰੋਤ, ANI

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਵੱਲੋਂ 'ਗ਼ੈਰ-ਸਿਆਸੀ' ਇੰਟਰਵਿਊ ਕਰਨ ਤੋਂ ਬਾਅਦ ਸੋਸ਼ਲ ਮੀਡੀਆ 'ਤੇ #ModiWithAkshay ਹੈਸ਼ਟੈਗ ਨਾਲ ਟਵਿੱਟਰ ਯੂਜ਼ਰ ਕਈ ਤਰ੍ਹਾਂ ਦੇ ਵਿਚਾਰ ਰੱਖ ਰਹੇ ਹਨ।

ਖ਼ਬਰ ਏਜੰਸੀ ਏਐੱਨਆਈ ਲਈ ਅਕਸ਼ੇ ਵੱਲੋਂ ਕੀਤੀ ਇਸ 67 ਮਿੰਟਾਂ ਦੀ ਇੰਟਰਵਿਊ ਨੂੰ ਭਾਰਤ ਦੇ ਕਈ ਨਿਊਜ਼ ਚੈਨਲਾਂ ਨੇ ਪ੍ਰਸਾਰਿਤ ਕੀਤਾ ਹੈ।

ਪ੍ਰਧਾਨ ਮੰਤਰੀ ਦੇ ਘਰ ਹੋਈ ਇਸ ਇੰਟਰਵਿਊ ਵਿੱਚ ਅਕਸ਼ੇ ਕੁਮਾਰ ਨੇ ਨਰਿੰਦਰ ਮੋਦੀ ਤੋਂ ਉਨ੍ਹਾਂ ਦੀ ਦਿਨ ਭਰ ਦਾ ਰੂਟੀਨ, ਖਾਣ-ਪੀਣ, ਪਸੰਦ ਤੋਂ ਲੈ ਕੇ ਬਚਪਨ ਦੇ ਕੁਝ ਕਿੱਸਿਆਂ ਬਾਰੇ ਸਵਾਲ ਪੁੱਛੇ।

ਇਹ ਵੀ ਜ਼ਰੂਰ ਪੜ੍ਹੋ:

ਅਕਸ਼ੇ ਵੱਲੋਂ ਪੀਐੱਮ ਮੋਦੀ ਦੇ ਇਸ ਇੰਟਰਵਿਊ ਦੀ ਚਰਚਾ ਸੋਸ਼ਲ ਮੀਡੀਆ 'ਤੇ ਕਾਫ਼ੀ ਹੋ ਰਹੀ ਹੈ ਅਤੇ ਲੋਕ ਆਪੋ-ਆਪਣੇ ਤਰੀਕੇ ਟਵੀਟ ਕਰ ਰਹੇ ਹਨ।

ਫ਼ਿਲਮ ਨਿਰਮਾਤਾ ਅਸ਼ੋਕ ਪੰਡਿਤ ਆਪਣੇ ਟਵੀਟ 'ਚ ਲਿਖਦੇ ਹਨ, ''ਮੈਂ ਇੱਕੋ ਇਨਸਾਨ ਵਿੱਚ ਇੱਕ ਯੋਗੀ, ਪੀਰ, ਫ਼ਕੀਰ, ਜਨੂੰਨੀ ਨੇਤਾ, ਪਿਤਾ ਬਰਾਬਰ ਅਤੇ ਵਧੀਆ ਇਨਸਾਨ ਨੂੰ ਮਹਿਸੂਸ ਕਰ ਸਕਦਾ ਹਾਂ ਅਤੇ ਇਹ ਤੁਸੀਂ ਹੋ ਨਰਿੰਦਰ ਮੋਦੀ ਜੀ।''

ਟਵਿੱਟਰ ਯੂਜ਼ਰ ਵੈਸ਼ਾਲੀ ਨੇ ਲਿਖਿਆ, ''ਇਸ ਤਰ੍ਹਾਂ ਮੋਦੀ ਆਪਣਾ ਪ੍ਰਚਾਰ ਕਰਦੇ ਹਨ। ਖ਼ੁਦ ਦੀ ਮਸ਼ਹੂਰੀ ਕਰਨ ਦਾ ਇਹ ਸ਼ਰਮਨਾਕ ਤਰੀਕਾ ਹੈ।''

ਸ਼ਸ਼ਾਂਕ ਲਿਖਦੇ ਹਨ, ''ਇਸ ਇੰਟਰਵਿਊ ਨਾਲੋਂ ਚੰਗਾ ਹੁੰਦਾ ਕਿ ਮੋਦੀ ਜੀ 'ਤੇ ਬਣੀ ਫ਼ਿਲਮ ਰਿਲੀਜ਼ ਕਰ ਦਿੱਤੀ ਜਾਂਦੀ। ਦੇਸ ਵਿੱਚ ਚੱਲ ਕੀ ਰਿਹਾ ਹੈ ਭਰਾ?''

'ਟਵਿੰਕਲ ਦੇ ਟਵੀਟ ਦੇਖਦਾ ਰਹਿੰਦਾ ਹਾਂ'

ਸੋਸ਼ਲ ਮੀਡੀਆ 'ਤੇ ਪ੍ਰਧਾਨ ਮੰਤਰੀ ਦੀ ਉਸ ਟਿੱਪਣੀ ਦੀ ਵੀ ਚਰਚਾ ਹੈ ਜੋ ਉਨ੍ਹਾਂ ਨੇ ਅਕਸ਼ੇ ਦੀ ਪਤਨੀ ਟਵਿੰਕਲ ਖੰਨਾ 'ਤੇ ਕੀਤੀ।

ਉਨ੍ਹਾਂ ਨੇ ਕਿਹਾ, ''ਮੈਂ ਸੋਸ਼ਲ ਮੀਡੀਆ ਜ਼ਰੂਰ ਦੇਖਦਾ ਹਾਂ, ਇਸ ਨਾਲ ਮੈਨੂੰ ਬਾਹਰ ਕੀ ਚੱਲ ਰਿਹਾ ਹੈ ਇਸ ਦੀ ਜਾਣਕਾਰੀ ਮਿਲਦੀ ਹੈ। ਮੈਂ ਤੁਹਾਡਾ ਅਤੇ ਟਵਿੰਕਲ ਖੰਨਾ ਜੀ ਦਾ ਵੀ ਟਵਿੱਟਰ ਦੇਖਦਾ ਹਾਂ।”

“ਉਹ ਜਿਸ ਤਰ੍ਹਾਂ ਮੇਰੇ ਉੱਤੇ ਗੁੱਸਾ ਕੱਢਦੇ ਹਨ ਤਾਂ ਮੈਂ ਸਮਝਦਾ ਹਾਂ ਕਿ ਇਸ ਨਾਲ ਤੁਹਾਡੇ ਪਰਿਵਾਰ ’ਚ ਬਹੁਤ ਸ਼ਾਂਤੀ ਰਹਿੰਦੀ ਹੋਵੇਗੀ।''

ਤਸਵੀਰ ਸਰੋਤ, ANI

ਇਸ 'ਤੇ ਟਵਿੰਕਲ ਖੰਨਾ ਨੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਲਿਖਿਆ, ''ਮੈਂ ਇਸ ਨੂੰ ਸਕਾਰਾਤਮਕ ਤਰੀਕੇ ਨਾਲ ਦੇਖਦੀ ਹਾਂ - ਪ੍ਰਧਾਨ ਮੰਤਰੀ ਨਾ ਸਿਰਫ਼ ਮੇਰੇ ਵਜੂਦ ਬਾਰੇ ਜਾਣਦੇ ਹਨ ਸਗੋਂ ਮੇਰਾ ਲਿਖਿਆ ਪੜ੍ਹਦੇ ਵੀ ਹਨ।''

'ਮਮਤਾ ਮੈਨੂੰ ਕੁਰਤੇ ਭੇਜਦੇ ਹਨ'

ਅਕਸ਼ੇ ਨੇ ਪੀਐੱਮ ਮੋਦੀ ਨੂੰ ਪੁੱਛਿਆ ਕਿ ਕੀ ਵਿਰੋਧੀ ਧਿਰ 'ਚ ਉਨ੍ਹਾਂ ਦੇ ਦੋਸਤ ਹਨ। ਇਸ 'ਤੇ ਪ੍ਰਧਾਨ ਮੰਤਰੀ ਨੇ ਕਿਹਾ, “ਬਹੁਤ ਦੋਸਤ ਹਨ ਅਤੇ ਅਸੀਂ ਸਾਲ ਵਿੱਚ ਕਦੇ-ਕਦੇ ਖਾਣ-ਪਾਣ ਵੀ ਕਰਦੇ ਹਾਂ।”

ਪ੍ਰਧਾਨ ਮੰਤਰੀ ਨੇ ਕਿਹਾ, “ਸ਼ਾਇਦ ਤੁਹਾਨੂੰ ਹੈਰਾਨੀ ਹੋਵੇਗੀ ਅਤੇ ਸ਼ਾਇਦ ਇਸ ਗੱਲ ਨਾਲ ਮੈਨੂੰ ਚੋਣਾਂ 'ਚ ਨੁਕਸਾਨ ਵੀ ਹੋ ਸਕਦਾ ਹੈ ਪਰ ਮਮਤਾ ਦੀਦੀ ਅੱਜ ਵੀ ਸਾਲ 'ਚ ਇੱਕ-ਦੋ ਕੁਰਤੇ ਮੈਨੂੰ ਦਿੰਦੇ ਹਨ।”

ਟਵਿੱਟਰ ਯੂਜ਼ਰ ਸਾਕੇਤ ਰੰਜਨ ਨੇ ਇਸ 'ਤੇ ਲਿਖਿਆ ਹੈ, ''ਮਮਤਾ ਦੀਦੀ ਦੇ ਭੇਜੇ ਕੁਰਤੇ ਨੈਸ਼ਨਲਿਸਟ ਹਨ ਪਰ ਮਮਤਾ ਦੀਦੀ ਐਂਟੀ-ਨੈਸ਼ਨਲ ਹਨ।''

ਇੰਟਰਵਿਊ ਦੀ ਮੁਖ਼ਾਲਫ਼ਤ ਕਰਨ ਵਾਲਿਆਂ 'ਚ ਸ਼ੁਮਾਰ @VTibdewala ਨੇ ਲਿਖਿਆ, ''ਇਸ ਇੰਟਰਵਿਊ 'ਚ ਭਗਤਾਂ ਨੂੰ ਭਾਵੇਂ ਕੁਝ ਮਿਲ ਜਾਵੇ, ਜਨਤਾ ਦੇ ਮਤਲਬ ਦਾ ਕੁਝ ਨਵਾਂ ਨਹੀਂ ਸੀ।''

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆ ਸਕਦੇ ਹਨ -

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)