ਡਾ. ਧਰਮਵੀਰ ਗਾਂਧੀ: ਜਿਹੜੇ ਅਸੂਲਾਂ ਲਈ 'ਆਪ' ਦਾ ਗਠਨ ਹੋਇਆ ਸੀ ਉਸ 'ਤੇ ਹੀ ਪਹਿਰਾ ਨਹੀਂ ਦਿੱਤਾ
- ਸਰਬਜੀਤ ਸਿੰਘ ਧਾਲੀਵਾਲ
- ਬੀਬੀਸੀ ਪੱਤਰਕਾਰ

ਡਾਕਟਰ ਧਰਮੀਵਰ ਗਾਂਧੀ ਪਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਹਨ ਪਰ ਪਾਰਟੀ ਨਾਲ ਖਰਾਬ ਸਬੰਧਾਂ ਦੇ ਚਲਦੇ ਇਸ ਵਾਰ ਉਹ ਆਪਣੀ ਬਣਾਈ ਨਵਾਂ ਪੰਜਾਬ ਪਾਰਟੀ ਵੱਲੋਂ ਚੋਣ ਮੈਦਾਨ ਵਿੱਚ ਹਨ।
ਡਾਕਟਰ ਧਰਮਵੀਰ ਗਾਂਧੀ ਪੇਸ਼ੇ ਤੋਂ ਡਾਕਟਰ ਹਨ ਪਰ ਅੰਨਾ ਹਜ਼ਾਰੇ ਦੀ ਮੁਹਿੰਮ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਰਾਜਨੀਤੀ ਵੱਲ ਰੁਖ ਕੀਤਾ ਅਤੇ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਦੀ ਉਮੀਦਵਾਰ ਅਤੇ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਪਰਨੀਤ ਕੌਰ ਨੂੰ ਹਰਾ ਕੇ ਲੋਕ ਸਭਾ ਵਿੱਚ ਪਹੁੰਚੇ ਸਨ।
ਬੀਬੀਸੀ ਪੰਜਾਬੀ ਨੇ ਉਹਨਾਂ ਤੋਂ ਅਗਾਮੀ ਲੋਕ ਸਭਾ ਚੋਣਾਂ ਅਤੇ ਉਹਨਾਂ ਦੇ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਬਾਰੇ ਗੱਲਬਾਤ ਕੀਤੀ।
ਪੰਜਾਬ ਡੈਮੋਕ੍ਰੇਟਿਕ ਮੰਚ ਦਾ ਭਵਿੱਖ ਕਿਵੇ ਦੇਖਦੇ ਹੋ?
ਜਵਾਬ- ਦੇਖੋ ਜੇਕਰ ਇਹ ਲੋਕਾਂ ਦੀਆਂ ਉਮੀਦਾਂ ਉੱਤੇ ਖਰਾ ਉਤਰਦਾ ਹੈ ਅਤੇ ਲੋਕਤੰਤਰ ਦੀਆਂ ਕਦਰਾਂ ਕੀਮਤਾਂ ਦਾ ਧਾਰਨੀ ਹੋਵੇ, ਜਿਸ ਵਿੱਚ ਸਰਵ ਸਹਿਮਤੀ ਨਾਲ ਫੈਸਲੇ,ਵੱਖ-ਵੱਖ ਵਿਚਾਰਾਂ ਨੂੰ ਥਾਂ ਮਿਲਣ ਦੇ ਨਾਲ ਨਾਲ ਆਪਣੀ ਗੱਲ ਕਹਿਣ ਦਾ ਮੌਕਾ ਮਿਲਣਾ ਸ਼ਾਮਿਲ ਹੈ।
ਜੇਕਰ ਮੰਚ ਇਹਨਾਂ ਗੱਲਾਂ ਤੋਂ ਮੁਨਕਰ ਹੋਵੇਗਾ ਤਾਂ ਇਸ ਦਾ ਹਾਲ ਵੀ ਉਹੀ ਹੋਵੇਗਾ ਜੋ ਬਾਕੀ ਸਿਆਸੀ ਪਾਰਟੀਆਂ ਦਾ ਹੈ।
ਇਸ ਗੱਲ ਦੀ ਕੀ ਗਾਰੰਟੀ ਹੈ ਕਿ ਤੁਹਾਡੀ ਵਿਚਾਰਧਾਰਾ ਪੰਜਾਬ ਡੈਮੋਕ੍ਰੇਟਿਕ ਮੰਚ ਨਾਲ ਮੇਲ ਖਾਏਗੀ।
ਜਵਾਬ - ਦੇਖੋ ਸਾਡੀ ਆਪਸ ਵਿੱਚ ਪੂਰੀ ਸਹਿਮਤੀ ਹੈ, ਮੁੱਦੇ ਸਪਸ਼ਟ ਹਨ ਅਤੇ ਸੱਤ ਪਾਰਟੀਆਂ ਇਸ ਉੱਤੇ ਪਹਿਰਾ ਦੇ ਰਹੀਆਂ ਹਨ। ਜੇਕਰ ਇਹ ਮੰਚ ਵੀ ਲੋਕਾਂ ਦੀਆਂ ਉਮੀਦਾਂ ਉੱਤੇ ਖਰਾ ਨਹੀਂ ਉਤਾਰਿਆ ਤਾਂ ਇਸ ਦਾ ਹਸ਼ਰ ਵੀ ਠੀਕ ਨਹੀਂ ਹੋਵੇਗਾ।
ਇਹ ਵੀ ਪੜ੍ਹੋ:
ਜੋ ਗੱਲਾਂ ਤੁਸੀਂ ਕਰ ਰਹੇ ਹੋ ਉਹੀ ਆਮ ਆਦਮੀ ਪਾਰਟੀ ਕਰ ਰਹੀ ਹੈ ਫਿਰ ਫ਼ਰਕ ਕਿੱਥੇ ਹੈ
ਜਵਾਬ - ਆਮ ਆਦਮੀ ਪਾਰਟੀ ਕੋਲ ਕੋਈ ਯੋਜਨਾ ਨਹੀਂ ਸੀ ਬੱਸ ਇਹੀ ਫ਼ਰਕ ਹੈ।
ਇਸ ਗੱਲ ਦੀ ਕੀ ਗਾਰੰਟੀ ਹੈ ਕਿ ਹੁਣ ਪੰਜਾਬ ਦੇ ਲੋਕਾਂ ਨਾਲ ਧੋਖਾ ਨਹੀਂ ਹੋਵੇਗਾ।
ਜਵਾਬ - ਅਸੀਂ ਗਾਰੰਟੀ ਨਹੀਂ ਸਿਰਫ਼ ਵਿਸ਼ਵਾਸ ਹੀ ਦੇ ਸਕਦੇ ਹਾਂ ਜਿਸ ਤਹਿਤ ਅਸੀਂ ਲੋਕਾਂ ਤੱਕ ਆਪਣੀ ਗੱਲ ਪਹੁੰਚਾ ਰਹੇ ਹਾਂ। ਪੰਜਾਬ ਦੀਆਂ ਰਵਾਇਤੀ ਪਾਰਟੀਆਂ ਲੋਕਾਂ ਨੂੰ ਧੋਖੇ ਵਿੱਚ ਰੱਖ ਕੇ ਵਾਰੀ-ਵਾਰੀ ਰਾਜ ਕਰ ਰਹੀਆਂ ਹਨ। ਅਸੀਂ ਇਸੇ ਗੱਲ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।
ਤੁਸੀਂ ਆਮ ਆਦਮੀ ਪਾਰਟੀ ਤੋਂ ਵੱਖ ਕਿਉਂ ਹੋਏ?
ਜਵਾਬ - ਜਿਹੜੇ ਅਸੂਲਾਂ ਨੂੰ ਲੈ ਕੇ ਪਾਰਟੀ ਦਾ ਗਠਨ ਹੋਇਆ ਸੀ ਉਸ ਉੱਤੇ ਹੀ ਪਹਿਰਾ ਨਹੀਂ ਦਿੱਤਾ ਗਿਆ ਤਾਂ ਮੈਨੂੰ ਬੋਲਣਾ ਪਿਆ ਅਤੇ ਜਿਸ ਦੇ ਕਾਰਨ ਮੈਨੂੰ ਪਾਰਟੀ ਤੋਂ ਵੱਖ ਕਰ ਦਿੱਤਾ ਗਿਆ।
ਮੈਂ ਜੋ ਗੱਲਾਂ ਕਹੀਆਂ ਸਨ ਉਹ ਬਾਅਦ ਵਿਚ ਸੱਚ ਵੀ ਸਾਬਤ ਹੋਈਆਂ। ਵਿਧਾਨ ਸਭਾ ਚੋਣਾਂ ਦੌਰਾਨ ਪਾਰਟੀ 100 ਸੀਟਾਂ ਲੈ ਕੇ ਜਾਂਦੀ ਹੋਈ ਤਕਰੀਬਨ 20 ਸੀਟਾਂ ਉੱਤੇ ਸਿਮਟ ਕੇ ਰਹਿ ਗਈ ਤਾਂ ਸਪਸ਼ਟ ਹੈ ਕਿ ਕੁਝ ਗ਼ਲਤ ਸੀ।
2014 ਦੀਆਂ ਲੋਕ ਸਭਾ ਚੋਣਾਂ ਨਾਲੋਂ ਇਹ ਚੋਣਾਂ ਤੁਹਾਡੇ ਲਈ ਕਿੰਨੀਆਂ ਵੱਖਰੀਆਂ ਹਨ?
ਜਵਾਬ - ਦੇਖੋ ਜੋ ਗੱਲ 2014 ਵਿੱਚ ਸੀ ਉਹ ਤਾਂ ਨਹੀਂ ਹੈ, ਫਿਰ ਵੀ ਲੋਕ ਮੇਰੇ ਨਾਲ ਤੁਰ ਰਹੇ ਹਨ। ਜੋ ਥੋੜ੍ਹੀ ਬਹੁਤੀ ਘਾਟ ਸੀ ਉਹ ਹੁਣ ਪੂਰੀ ਹੋ ਗਈ ਹੈ।
ਪਰ ਆਪ ਦੀ ਦਲੀਲ ਹੈ ਕਿ ਮੋਦੀ ਸਰਕਾਰ ਨੂੰ ਰੋਕਣ ਲਈ ਉਹ ਕਾਂਗਰਸ ਨਾਲ ਹੱਥ ਮਿਲਾ ਰਹੇ ਹਨ। ਇਹੀ ਦਲੀਲ ਤੁਹਾਡੀ ਹੈ ਫਿਰ ਫ਼ਰਕ ਕਿੱਥੇ ਹੈ?
ਜਵਾਬ - ਦੇਖੋ ਅਸੀਂ ਤਾਂ ਕਹਿ ਸਕਦੇ ਹਾਂ ਕਿਉਂਕਿ ਸਾਡੇ ਕੋਲ ਮਜ਼ਬੂਤ ਢਾਂਚਾ ਨਹੀਂ ਹੈ ਪਰ 'ਆਪ' ਦੀ ਤਾਂ ਦਿੱਲੀ ਵਿੱਚ ਸਰਕਾਰ ਹੈ, ਇਹਨਾਂ ਦਾ ਢਾਂਚਾ ਹੈ। ਇਸ ਲਈ ਜੇਕਰ ਇਹਨਾਂ ਨੇ ਚੰਗੇ ਕੰਮ ਕੀਤੇ ਹੁੰਦੇ ਤਾਂ ਸਮਝੌਤੇ ਦੀ ਲੋੜ ਨਹੀਂ ਸੀ ਪੈਣੀ।
ਇਹਨਾਂ ਦੀ ਆਪਸੀ ਕਮਜ਼ੋਰੀ ਹੈ ਜਿਹੜੀ ਵਾਰ-ਵਾਰ ਕਾਂਗਰਸ ਨਾਲ ਸਮਝੌਤੇ ਦੀ ਕੋਸ਼ਿਸ਼ ਲਈ ਮਜਬੂਰ ਕਰ ਰਹੀ ਹੈ।
ਪੰਜਾਬ ਵਿਚ ਆਮ ਆਦਮੀ ਪਾਰਟੀ ਦੇ ਭਵਿੱਖ ਨੂੰ ਕਿਵੇਂ ਦੇਖਦੇ ਹੋ?
ਜਵਾਬ - ਪਾਰਟੀ ਦੀ ਮੌਜੂਦਾ ਲੀਡਰਸ਼ਿਪ ਕੋਲ ਪੰਜਾਬ ਦੇ ਅਸਲ ਮੁੱਦਿਆਂ ਨੂੰ ਲੈ ਕੇ ਭਵਿੱਖ ਦੀ ਕੋਈ ਯੋਜਨਾ ਨਹੀਂ ਹੈ ਜਦੋਂਕਿ ਸਾਡੇ ਕੋਲ 13 ਨੁਕਾਤੀ ਪ੍ਰੋਗਰਾਮ ਹੈ ਜਿਹੜਾ ਅਸੀਂ ਲੋਕਾਂ ਦੇ ਸਾਹਮਣੇ ਰੱਖ ਰਹੇ ਹਾਂ।
ਤੁਸੀਂ ਜੋ 13 ਨੁਕਾਤੀ ਪ੍ਰੋਗਰਾਮ ਲੋਕਾਂ ਦੇ ਸਾਹਮਣੇ ਰੱਖ ਰਹੇ ਹੋ ਉਸ ਨੂੰ ਲਾਗੂ ਕਿਵੇਂ ਕਰੋਗੇ?
ਜਵਾਬ - ਦੇਖੋ ਜੋ ਪ੍ਰੋਗਰਾਮ ਅਸੀਂ ਲੋਕਾਂ ਦੇ ਸਾਹਮਣੇ ਰੱਖ ਰਹੇ ਹਾਂ ਉਹ ਬਹੁਤ ਹੀ ਆਸਾਨ ਹੈ ਅਤੇ ਲਾਗੂ ਕਰਨ ਯੋਗ ਹੈ ਅਤੇ ਇਸ ਸਬੰਧੀ ਅਸੀਂ ਗੱਠਜੋੜ ਵਿੱਚ ਸ਼ਾਮਲ ਪਾਰਟੀਆਂ ਤੋਂ ਵੀ ਸਹਿਮਤੀ ਲਈ ਹੋਈ ਹੈ।
ਛੋਟੀਆਂ ਪਾਰਟੀਆਂ ਦੇ ਸੰਸਦ ਮੈਂਬਰਾਂ ਨੂੰ ਹਾਊਸ ਵਿੱਚ ਆਵਾਜ਼ ਚੁੱਕਣੀ ਕਿੰਨੀ ਔਖੀ ਹੁੰਦੀ ਹੈ?
ਜਵਾਬ - ਸਦਨ ਵਿਚ ਆਪਣੇ ਮੁੱਦਿਆਂ ਬਾਰੇ ਗੱਲਬਾਤ ਕਰਨ ਲਈ ਸਮਾਂ ਬਹੁਤ ਹੀ ਘੱਟ ਮਿਲਦਾ ਹੈ ਪਰ ਜੇਕਰ ਤੁਸੀਂ ਤਿਆਰੀ ਕਰ ਕੇ ਜਾਂਦੇ ਹੋ ਤਾਂ ਤੁਹਾਡੀ ਗੱਲ ਸੁਣੀ ਜਾਂਦੀ ਹੈ।
ਇਹ ਵੀ ਪੜ੍ਹੋ:
ਕੀ ਧਰਮਵੀਰ ਗਾਂਧੀ ਤੁਹਾਡਾ ਅਸਲ ਨਾਮ ਹੈ ?
ਜਵਾਬ - ਮੇਰਾ ਅਸਲ ਨਾਮ ਧਰਮੀਵਰ ਬੁੱਲਾ ਸੀ ਅਤੇ ਮੇਰਾ ਸਬੰਧ ਰੋਪੜ ਜਿਲ੍ਹੇ ਦੇ ਨੂਰਪੁਰ ਬੇਦੀ ਨਾਲ ਹੈ। ਅਸੀ ਤਿੰਨ ਭਰਾ ਹਾਂ, ਮੇਰੇ ਪਿਤਾ ਜੀ ਨੇ ਮੇਰਾ ਨਾਮ ਧਰਮਵੀਰ ਬੁੱਲਾ ਰੱਖਿਆ ਸੀ।
ਕਾਲਜ ਦੀ ਪੜਾਈ ਦੌਰਾਨ ਬੁੱਲਾ ਨਾਮ ਨਾਲ ਚਲਦਾ ਰਿਹਾ ਪਰ ਕਾਲਜ ਦੇ ਦਿਨਾਂ ਵਿੱਚ ਮੇਰੇ ਵਲੋਂ ਕੀਤੇ ਜਾਂਦੇ ਸਮਾਜ ਭਲਾਈ ਦੇ ਕੰਮ ਦੇ ਕਾਰਨ ਵਿਦਿਆਰਥੀਆਂ ਨੇ ਮੈਨੂੰ 'ਗਾਂਧੀ' ਕਹਿਣਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਬੁੱਲਾ ਦੀ ਥਾਂ ਗਾਂਧੀ ਨੇ ਲੈ ਲਈ ਅਤੇ ਅੱਜ ਇਹੀ ਮੇਰੇ ਨਾਮ ਨਾਲ ਚੱਲ ਰਿਹਾ ਹੈ।
ਇਹ ਵੀਡੀਓ ਵੀ ਤੁਹਾਨੂੰ ਪਸੰਦ ਆ ਸਕਦੇ ਹਨ: