ਲੋਕ ਸਭਾ ਚੋਣਾਂ 2019: ਰਾਮ ਰਹੀਮ ਦੇ ਜੇਲ੍ਹ ਵਿੱਚ ਹੋਣ ਦਾ ਪੰਜਾਬ ’ਤੇ ਕੀ ਅਸਰ

'ਨਾਮ ਚਰਚਾ' ਸਮਾਗਮ Image copyright surinder Mann/BBC
ਫੋਟੋ ਕੈਪਸ਼ਨ ਗੁਰੂ ਹਰ ਸਹਾਏ ਵਿੱਚ ਹੋਈ ਨਾਮ ਚਰਚਾ ਵਿੱਚ ਸ਼ਾਮਲ ਡੇਰਾ ਸਮਰਥੱਕ। ਡੇਰਾ ਮੁਖੀ ਨੂੰ ਕੈਦ ਹੋਣ ਤੋਂ ਬਾਅਦ ਪਹਿਲੀ ਵਾਰ ਇੰਨੀ ਵੱਡੀ ਗਿਣਤੀ 'ਚ ਡੇਰਾ ਪ੍ਰੇਮੀ ਨਾਮ ਚਰਚਾ ਘਰਾਂ 'ਚ ਜੁੜ ਰਹੇ ਹਨ।

29 ਅਪ੍ਰੈਲ 2019 ਨੂੰ ਡੇਰਾ ਸੱਚਾ ਸੌਦਾ ਦੇ ਸਿਰਸਾ ਡੇਰੇ ’ਚ ਵੱਡਾ ਇਕੱਠ ਹੋਣ ਜਾ ਰਿਹਾ ਹੈ ਜਿਸ 'ਤੇ ਸਿਆਸੀ ਹਲਕਿਆਂ ਦੀਆਂ ਨਜ਼ਰਾਂ ਤਾਂ ਖਾਸ ਤੌਰ 'ਤੇ ਹਨ।

ਅਧਿਕਾਰਤ ਤੌਰ 'ਤੇ ਭਾਵੇਂ ਇਹ ਡੇਰੇ ਦਾ 71ਵਾਂ ਸਥਾਪਨਾ ਦਿਵਸ ਅਤੇ ‘ਜਾਮ-ਏ-ਇੰਸਾ’ ਦੀ 13ਵੀਂ ਵਰ੍ਹੇਗੰਢ ਹੈ, ਪਰ ਡੇਰੇ ਉੱਪਰ ਨਜ਼ਰ ਰੱਖਦੇ ਲੋਕਾਂ ਅਨੁਸਾਰ ਇਹ 2019 ਦੀਆਂ ਲੋਕ ਸਭਾ ਚੋਣਾਂ ਲਈ ਡੇਰਾ ਸਮਰਥਕਾਂ ਦੀ ਲਾਮਬੰਦੀ ਹੈ।

ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੇ ਬਲਾਤਕਾਰ ਮਾਮਲੇ ਵਿੱਚ 25 ਅਗਸਤ 2017 ਨੂੰ ਜੇਲ੍ਹ ਜਾਣ ਤੋਂ ਬਾਅਦ ਡੇਰੇ ’ਚ ਹੋਣ ਵਾਲਾ ਇਹ ਸਭ ਤੋਂ ਵੱਡਾ ਇਕੱਠ ਹੋਵੇਗਾ।

ਜਿਸ ‘ਜਾਮ-ਏ-ਇੰਸਾ’ ਦੀ ਵਰ੍ਹੇਗੰਢ ਦੇ ਬਹਾਨੇ ਡੇਰਾ ਪ੍ਰੇਮੀ ਇਕੱਠੇ ਹੋ ਰਹੇ ਹਨ, ਉਸ ਕਾਰਨ ਹੀ ਅਕਾਲ ਤਖ਼ਤ ਨੇ ਸਿੱਖਾਂ ਨੂੰ ਡੇਰੇ ਨਾਲ ਸਾਂਝ ਨਾ ਰੱਖਣ ਦੇ ਹੁਕਮ ਦਿੱਤੇ ਸਨ।

ਇਹ ਵੀ ਪੜ੍ਹੋ:

ਡੇਰੇ ਦਾ ਸਿਆਸੀ ਦਾਅ

ਉਂਝ ਪੰਜਾਬ ’ਚ ਅਕਾਲੀ ਦਲ ਅਤੇ ਕਾਂਗਰਸ ਸਣੇ ਪ੍ਰਮੁੱਖ ਸਿਆਸੀ ਧਿਰਾਂ ਡੇਰੇ ਦੀਆਂ ਵੋਟਾਂ ਜਨਤਕ ਤੌਰ 'ਤੇ ਮੰਗਣ ਤੋਂ ਇਨਕਾਰ ਕਰ ਰਹੀਆਂ ਹਨ।

Image copyright Getty Images
ਫੋਟੋ ਕੈਪਸ਼ਨ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਹਰਿਆਣਾ ਦੀ ਸੁਨਾਰੀਆ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਹਨ

ਡੇਰਾ ਪ੍ਰੇਮੀਆਂ ਵੱਲੋਂ ਡੇਰੇ ਦੇ ਪ੍ਰਭਾਵ ਵਾਲੇ ਪੰਜਾਬ ਦੇ 8 ਜ਼ਿਲ੍ਹਿਆਂ ਸਣੇ ਹਰਿਆਣਾ ਵਿੱਚ 17 ਅਪ੍ਰੈਲ ਨੂੰ ਤੇ ਫਿਰ 21 ਅਪ੍ਰੈਲ ਨੂੰ ਰਾਜਸਥਾਨ, ਉਤਰਾਖੰਡ, ਦਿੱਲੀ ਤੇ ਹਿਮਾਚਲ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਵਿੱਚ 'ਨਾਮ ਚਰਚਾ' ਕੀਤੀ ਗਈ। ਬਿਹਾਰ ਦੇ ਸਮਸਤੀਪੁਰ 'ਚ ਵੀ ਅਜਿਹਾ ਇਕੱਠ ਕੀਤਾ।

ਡੇਰਾ ਇਨ੍ਹਾਂ ਇਕੱਠਾਂ ਨੂੰ ਨਿਰੋਲ ਧਾਰਮਿਕ ਗਤੀਵਿਧੀ ਦੱਸ ਰਿਹਾ ਹੈ।

ਡੇਰਾ ਸੱਚਾ ਸੌਦਾ ਦੀ 45 ਮੈਂਬਰੀ ਕਮੇਟੀ ਦੇ ਅਹਿਮ ਮੈਂਬਰ ਹਰਚਰਨ ਸਿੰਘ ਇੰਸਾਂ ਦਾ ਕਹਿਣਾ ਹੈ, “ਮੌਸਮ ਬਦਲਦੇ ਰਹਿੰਦੇ ਹਨ ਅਤੇ ਸਮਾਂ ਵੀ ਤਬਦੀਲ ਹੁੰਦਾ ਰਹਿੰਦਾ ਹੈ ਪਰ ਅਜਿਹਾ ਕਦੇ ਨਹੀਂ ਹੋਇਆ ਕਿ ਬੱਦਲਾਂ ਦੇ ਢਕਣ ਨਾਲ ਸੂਰਜ ਚੜ੍ਹਣੋਂ ਹਟ ਜਾਵੇ।”

ਸਿਆਸੀ ਵਿੰਗ ਲਵੇਗਾ ਫ਼ੈਸਲਾ

ਡੇਰਾ ਪ੍ਰੇਮੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਇਕੱਠਾਂ ਦਾ ਚੋਣਾਂ ਨਾਲ ਕੋਈ ਵਾਸਤਾ ਨਹੀਂ ਹੈ ਤੇ ਵੋਟਾਂ ਦੀ ਰਾਜਨੀਤੀ ਸਬੰਧੀ ਡੇਰੇ ਦਾ ਰਾਜਨੀਤਕ ਵਿੰਗ ਹੀ ਫੈਸਲਾ ਲੈਣ ਦੇ ਸਮਰੱਥ ਹੈ। ਡੇਰੇ ਦੇ ਪ੍ਰਬੰਧਕ ਇਸ ਨੂੰ ਹਰ ਸਾਲ ਦਾ ਵਰਤਾਰਾ ਦੱਸਦੇ ਹਨ।

ਹਰਚਰਨ ਸਿੰਘ ਇੰਸਾਂ ਕਹਿੰਦੇ ਹਨ, “ਡੇਰੇ ਦੀ ਸਾਧ-ਸੰਗਤ ਨੇ ਆਪਸੀ ਭਾਈਚਾਰਾ ਕਾਇਮ ਰੱਖਣਾ ਹੈ ਅਤੇ ਏਕੇ 'ਚ ਰਹਿ ਕੇ ਹੀ ਮਾਨਵਤਾ ਭਲਾਈ ਦੇ ਕਾਰਜ ਕਰਨੇ ਹਨ, ਤਾਂ ਜੋ ਲੋਕਾਂ ਨੂੰ ਪਤਾ ਲੱਗ ਜਾਵੇ ਕਿ ਡੇਰਾ ਪ੍ਰੇਮੀ ਪਹਿਲਾਂ ਨਾਲੋਂ ਵੀ ਵਧ ਚੜ੍ਹ ਕੇ ਸੇਵਾ ਕਰ ਰਹੇ ਹਨ।”

Image copyright surinder Mann/BBC
ਫੋਟੋ ਕੈਪਸ਼ਨ ਵਿੰਗ ਦੇ ਮੁੱਖ ਮੈਂਬਰ ਚੇਅਰਮੈਨ ਰਾਮ ਸਿੰਘ ਇੰਸਾ

“ਜਿਸ ਦੌਰ ’ਚੋਂ ਅਸੀਂ ਗੁਜ਼ਰ ਰਹੇ ਹਾਂ... ਗੱਲਾਂ ਸੁਣਨੀਆਂ ਪੈ ਰਹੀਆਂ ਹਨ, ਜਿੰਨ੍ਹਾਂ ਦਾ ਸਾਹਮਣਾ ਕਰਦਿਆਂ, ਬਿਨਾਂ ਬਹਿਸ ਕੀਤਿਆਂ, ਤਰਕ ਦੀ ਕਸਵੱਟੀ ਰਾਹੀਂ ਜਵਾਬ ਦੇਣ ਦੀ ਲੋੜ ਹੈ।”

ਵਿੰਗ ਦੇ ਚੇਅਰਮੈਨ ਰਾਮ ਸਿੰਘ ਇੰਸਾ ਦਾ ਕਹਿਣਾ ਹੈ ਕਿ ਸਮਾਗਮ ਸਾਧ-ਸੰਗਤ ਨੂੰ “ਗੁੰਮਰਾਹਕੁੰਨ ਪ੍ਰਚਾਰ” ਤੋਂ ਬਚਣ ਅਤੇ ਡੇਰੇ ਵੱਲੋਂ ਕੀਤੇ ਜਾ ਰਹੇ 134 ਮਾਨਵਤਾ ਭਲਾਈ ਦੇ ਕੰਮਾਂ ਵੱਲ ਪ੍ਰੇਰਿਤ ਕਰਨ ਲਈ ਕੀਤੇ ਗਏ ਹਨ।

ਇਹ ਵੀ ਪੜ੍ਹੋ:

ਡੇਰਾ ਸੱਚਾ ਸੌਦਾ ਦੇ ਯੂਥ ਵਿੰਗ ਦੀ ਕੌਮੀ ਮੈਂਬਰ ਗੁਰਚਰਨ ਕੌਰ ਇੰਸਾਂ ਦਾ ਮੰਨਣਾ ਹੈ ਕਿ ਡੇਰੇ ਦੀ ਸਾਧ-ਸੰਗਤ ਇਕਜੁੱਟ ਹੈ ਤੇ “ਕੋਈ ਵੀ ਤਾਕਤ ਸੰਗਤ ਨੂੰ ਡੇਰੇ ਦੇ ਮਿਸ਼ਨ ਤੋਂ ਲਾਂਭੇ ਨਹੀਂ ਕਰ ਸਕਦੀ”।

ਰਿਸਕ ਹੈ ਪਰ ਅੱਖ ਇਕੱਠ 'ਤੇ

ਡੇਰੇ ਦੀਆਂ ਇਨ੍ਹਾਂ ਗਤੀਵਿਧੀਆਂ ਦਰਮਿਆਨ ਹਾਲਾਤ ਇਹ ਹਨ ਕਿ ਪੰਜਾਬ ਦੀ ਕਿਸੇ ਵੀ ਰਾਜਸੀ ਪਾਰਟੀ ਦਾ ਕੋਈ ਵੀ ਆਗੂ ਡੇਰਾ ਸੱਚਾ ਸੌਦਾ ਦੇ ਪੈਰੋਕਾਰਾਂ ਤੋਂ ਵੋਟਾਂ ਮੰਗਣ ਦਾ ‘ਰਿਸਕ’ ਨਹੀਂ ਲੈਣਾ ਚਾਹੁੰਦਾ।

ਭਾਵੇਂ ਸਿਆਸੀ ਪਾਰਟੀਆਂ ਦੇ ਆਗੂ ਡੇਰੇ ਤੋਂ ਵੋਟਾਂ ਮੰਗਣ ਦੇ ਸਵਾਲਾਂ ਤੋਂ ਟਾਲਾ ਵੱਟ ਰਹੇ ਹਨ, ਹੁਣ ਹਰ ਸਿਆਸੀ ਪਾਰਟੀ ਦੀ ਅੱਖ ਡੇਰੇ 'ਚ 29 ਨੂੰ ਹੋਣ ਵਾਲੇ ਇਕੱਠ 'ਤੇ ਲੱਗੀ ਹੋਈ ਹੈ।

Image copyright surinder Mann/BBC

ਬੀਬੀਸੀ ਪੰਜਾਬੀ ਨੂੰ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਜਗੀਰ ਕੌਰ ਨੇ ਦਾਅਵਾ ਕੀਤਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਨੇ ਕਦੇ ਵੀ ਪੰਥ 'ਚੋਂ ਛੇਕੇ ਡੇਰਿਆਂ ਜਾਂ ਵਿਅਕਤੀਆਂ ਤੋਂ ਵੋਟ ਨਹੀਂ ਮੰਗੀ। “ਅਸੀਂ ਹੁਣ ਵੀ ਅਜਿਹੇ ਡੇਰੇ 'ਚੋਂ ਵੋਟ ਨਹੀਂ ਮੰਗਣ ਨਹੀਂ ਜਾਵਾਂਗੇ ਕਿਉਂਕਿ ਅਕਾਲੀ ਦਲ ਦਾ ਵਿਸ਼ਵਾਸ਼ ਅਕਾਲ ਤਖ਼ਤ ਸਾਹਿਬ 'ਤੇ ਹੈ।”

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਸਾਬਕਾ ਮੰਤਰੀ ਤੋਤਾ ਸਿੰਘ ਦਾ ਕਹਿਣਾ ਹੈ ਕਿ ਅਕਾਲੀ ਦਲ ਨੇ ਹਮੇਸ਼ਾ ਹੀ ਅਕਾਲ ਤਖ਼ਤ ਸਾਹਿਬ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕੰਮ ਕੀਤਾ ਹੈ। ਉਨਾਂ ਨੇ ਕਿਹਾ ਕਿ ਲੋਕਤੰਤਰ ਵਿੱਚ ਹਰ ਸਖਸ਼ ਨੂੰ ਉਸ ਦੀ ਮਰਜ਼ੀ ਮੁਤਾਬਿਕ ਵੋਟ ਪਾਉਣ ਦਾ ਹੱਕ ਹੈ।

ਉਨਾਂ ਨੇ ਕਿਹਾ, ”ਇਕ ਸਾਜਸ਼ ਤਹਿਤ ਹੀ ਪਿਛਲੇ ਸਮੇਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਦਾ ਨਾਂ ਡੇਰਾ ਸਿਰਸਾ ਨਾਲ ਜੋੜਿਆ ਗਿਆ ਸੀ ਪਰ ਹੁਣ ਹੌਲੀ-ਹੌਲੀ ਹਕੀਕਤ ਲੋਕਾਂ ਦੇ ਸਾਹਮਣੇ ਆ ਰਹੀ ਹੈ।”

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਵੀ ਡੇਰੇ ਜਾ ਕੇ ਵੋਟਾਂ ਮੰਗਣ ਤੋਂ ਇਨਕਾਰ ਕਰ ਚੁੱਕੇ ਹਨ।

Image copyright surinder Mann/BBC
ਫੋਟੋ ਕੈਪਸ਼ਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੋਤਾ ਸਿੰਘ

ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਦੇ ਬੁਲਾਰੇ ਡਾ. ਤਾਰਾ ਸਿੰਘ ਸੰਧੂ ਦਾ ਕਹਿਣਾ ਹੈ ਕਿ ਡੇਰਾ ਸੱਚਾ ਸੌਦਾ ਦਾ ਸਮਰਥਨ ਲੈਣ ਦਾ ਫੈਸਲਾ ਲੈ ਕੇ ਕਾਂਗਰਸ ਪਾਰਟੀ ਕਦੇ ਵੀ ‘ਸਿਆਸੀ ਖੁਦਕੁਸ਼ੀ’ ਦੇ ਰਾਹ ਨਹੀਂ ਪੈਣਾ ਚਾਹੁੰਦੀ। “ਕਾਂਗਰਸ ਪਾਰਟੀ ਕੇਵਲ ਜਮਹੂਰੀ ਪ੍ਰਣਾਲੀ ਵਿੱਚ ਹੀ ਭਰੋਸਾ ਰਖਦੀ ਹੈ।”

ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਵਿੱਚ ਮੁੱਖ ਧਿਰ ਬਣ ਕੇ ਉੱਭਰੀ ਆਮ ਆਦਮੀ ਪਾਰਟੀ ਦੇ ਫਰੀਦਕੋਟ ਤੋਂ ਲੋਕ ਸਭਾ ਮੈਂਬਰ ਤੇ ਹੁਣ ਪਾਰਟੀ ਉਮੀਦਵਾਰ ਪ੍ਰੋ. ਸਾਧੂ ਸਿੰਘ ਨੇ ਆਪਣਾ ਰੁਖ਼ ਸਾਫ਼ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਕਿਸੇ ਵੀ ਤਰ੍ਹਾਂ ਦੇ ਕੱਟੜਵਾਦ ਦੇ ਵਿਰੁੱਧ ਹੈ ਤੇ ਸਿਰਫ਼ ਲੋਕ ਭਲਾਈ ਦਾ ਏਜੰਡਾ ਹੀ ਹਰ ਪਾਰਟੀ ਵਰਕਰ ਲਈ ਮੁੱਖ ਹੈ।

ਇਹ ਵੀ ਪੜ੍ਹੋ:

ਉਨਾਂ ਕਿਹਾ ਕਿ ਕਿਸੇ ਵੀ ਧਰਮ ਵਿੱਚ ਸ਼ਰਧਾ ਰੱਖਣਾ ਹਰ ਮਨੁੱਖ ਦਾ ਅਧਿਕਾਰ ਹੈ ਪਰ ਇਸ ਨੂੰ ਸਿਆਸੀ ਲਾਹੇ ਲਈ ਵਰਤਣ ਤੋਂ ਆਮ ਆਦਮੀ ਪਾਰਟੀ ਗੁਰੇਜ਼ ਹੀ ਕਰੇਗੀ।

Image copyright surinder Mann/BBC
ਫੋਟੋ ਕੈਪਸ਼ਨ ਆਮ ਆਦਮੀ ਪਾਰਟੀ ਦੇ ਫਰੀਦਕੋਟ ਤੋਂ ਲੋਕ ਸਭਾ ਮੈਂਬਰ ਤੇ ਹੁਣ ਪਾਰਟੀ ਉਮੀਦਵਾਰ ਪ੍ਰੋ.ਸਾਧੂ ਸਿੰਘ

ਪੰਜਾਬ 'ਚ ਡੇਰੇ ਦਾ ਅਸਰ

ਮਾਲਵਾ ਖੇਤਰ ਦੇ ਪਟਿਆਲਾ, ਫਾਜ਼ਿਲਕਾ, ਫਿਰੋਜ਼ਪੁਰ, ਮੋਗਾ, ਬਠਿੰਡਾ, ਫਰੀਦਕੋਟ ਤੇ ਸੰਗਰੂਰ ਜ਼ਿਲ੍ਹਿਆਂ ’ਚ ਡੇਰਾ ਪ੍ਰੇਮੀਆਂ ਨੇ ਆਪਣੇ ਨਾਮ ਚਰਚਾ ਘਰਾਂ 'ਚ ਵੱਡੇ ਇਕੱਠ ਕਰਕੇ ਭਾਵੇਂ ਕਿਸੇ ਸਿਆਸੀ ਪਾਰਟੀ ਦੇ ਹੱਕ ਜਾਂ ਵਿਰੋਧ 'ਚ ਕੋਈ ਗੱਲ ਨਹੀਂ ਕਹੀ। ਪਰ ਨਾਮ ਨਾ ਛਾਪਣ ਦੀ ਸ਼ਰਤ 'ਤੇ ਗੱਲ ਕਰਦਿਆਂ ਉਹ “ਪਿਛਲੀਆਂ ਚੋਣਾਂ ਵਿਚ ਵੋਟਾਂ ਲੈ ਕੇ ਪਾਸਾ ਵੱਟਣ ਵਾਲਿਆਂ ਨੂੰ ਸਬਕ ਸਿਖਾਉਣ” ਦੇ ਰੌਂਅ ਵਿਚ ਦਿਖਦੇ ਹਨ।

Image copyright surinder Mann/BBC
ਫੋਟੋ ਕੈਪਸ਼ਨ ਬਠਿੰਡੇ ਵਿੱਚ ਹੋਈ ਨਾਮ ਚਰਚਾ ਦਾ ਦ੍ਰਿਸ਼।

ਡੇਰਾ ਸਮਰਥਕ ਪੰਜਾਬ ਵਿੱਚ 40 ਤੋਂ 42 ਲੱਖ ਲੋਕਾਂ ਦੇ ਡੇਰੇ ਨਾਲ ਜੁੜੇ ਹੋਣ ਦਾ ਦਾਅਵਾ ਕਰਦੇ ਹਨ ਹਾਲਾਂਕਿ ਬੀਬੀਸੀ ਇਸ ਦੀ ਪੁਸ਼ਟੀ ਨਹੀਂ ਕਰਦਾ। ਚੋਣਾਂ ਦੌਰਾਨ ਡੇਰੇ ਦਾ ਸਿਆਸੀ ਵਿੰਗ ਬਕਾਇਦਾ ਰਣਨੀਤੀ ਬਣਾ ਕੇ ਖ਼ਾਸ ਧਿਰ ਦੇ ਹੱਕ ਵਿਚ ਭੁਗਤਣ ਦਾ ਫ਼ਤਵਾ ਜਾਰੀ ਕਰਦਾ ਹੈ।

2019 ਦੀਆਂ ਚੋਣਾਂ ਦੌਰਾਨ ਕਿਸ ਪਾਰਟੀ ਦੇ ਹੱਕ ਵਿਚ ਭੁਗਤਣਾ ਹੈ ਕਿਸ ਵਿੱਚ ਨਹੀਂ, ਡੇਰੇ ਦੀਆਂ ਤਾਜ਼ਾ ਗਤੀਵਿਧੀਆਂ ਨੂੰ ਇਸੇ ਦੀਆਂ ਮਸ਼ਕਾਂ ਵਜੋਂ ਦੇਖਿਆ ਜਾ ਰਿਹਾ ਹੈ।

ਕੀ ਡੇਰੇ ਦਾ ਸਿਆਸੀ ਦਮਖਮ ਵਾਕਈ ਘੱਟ ਗਿਆ ਹੈ?

ਸਿਆਸੀ ਮਾਹਿਰ ਅਤੇ ਚੰਡੀਗੜ੍ਹ ਦੇ ਇੱਕ ਕਾਲਜ ਵਿੱਚ ਇਤਿਹਾਸ ਦੇ ਪ੍ਰੋਫੈਸਰ, ਹਰਜੇਸ਼ਵਰ ਪਾਲ ਸਿੰਘ ਦਾ ਮੰਨਣਾ ਹੈ ਕਿ ਕਿਸੇ ਵੀ ਸੰਸਥਾ ਦਾ ਰਾਜਨੀਤਿਕ ਰਸੂਖ ਜ਼ਰੂਰ ਹੁੰਦਾ ਹੈ ਜੇ ਉਸ ਨਾਲ ਲੋਕ ਜੁੜੇ ਹੋਣ, ਭਾਵੇਂ ਯੂਨੀਅਨ ਹੋਣ, ਪਾਰਟੀਆਂ ਹੋਣ ਜਾਂ ਡੇਰੇ।

ਡੇਰਾ ਸੱਚਾ ਸੌਦਾ ਬਾਰੇ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਦਾ ਇਸਤਿਹਾਸ ਦੱਸਦਾ ਹੈ ਕਿ ਇਹ ਉਸੇ ਨਾਲ ਜਾਵੇਗਾ ਜਿਹੜੀ ਪਾਰਟੀ ਇਸ ਨੂੰ ਕਾਨੂੰਨੀ ਮਸਲਿਆਂ ਵਿੱਚ ਮਦਦ ਕਰ ਸਕੇਗੀ, "ਖਾਸ ਤੌਰ 'ਤੇ ਕੇਂਦਰ ਸਰਕਾਰ ਬਣਾਉਣ ਵਾਸਤੇ ਹੋ ਰਹੀਆਂ ਚੋਣਾਂ 'ਚ।"

"ਪੰਜਾਬ ਪੱਧਰ 'ਤੇ ਸਿਆਸੀ ਪਾਰਟੀਆਂ ਚੁਪਚਾਪ ਹੀ ਸਹੀ ਪਰ ਇਨ੍ਹਾਂ ਨਾਲ ਸੰਵਾਦ ਜ਼ਰੂਰ ਰੱਖਣਗੀਆਂ।"

ਉਹ ਅਕਾਲੀਆਂ ਬਾਰੇ ਖਾਸ ਤੌਰ 'ਤੇ ਕਹਿੰਦੇ ਹਨ, "ਅਕਾਲੀਆਂ ਨੂੰ ਡੇਰੇ ਦਾ ਸਮਰਥਨ ਲੈਣ ਕਰਕੇ ਸਿੱਖਾਂ ਦੇ ਇੱਕ ਤਬਕੇ ਦਾ ਵਿਰੋਧ ਸਹਿਣਾ ਪੈ ਰਿਹਾ ਹੈ ਜਿਨ੍ਹਾਂ ਨੇ ਅਕਾਲੀ ਦਲ ਨੂੰ ਵੋਟ ਬਿਕਲੂਲ ਨਹੀਂ ਪਾਉਣੀ। ਫਿਰ ਅਕਾਲੀ ਦਲ ਦੇ ਲੀਡਰ ਡੇਰੇ ਦੀਆਂ ਵੋਟਾਂ ਨੂੰ ਵੀ ਕਿਉਂ ਛੱਡਣਗੇ?"

ਹਰਜੇਸ਼ਵਰ ਮੰਨਦੇ ਹਨ ਕਿ ਸਿਆਸਤ ਉਂਝ ਵੀ ਹਮੇਸ਼ਾ ਖੁੱਲ੍ਹ ਕੇ ਨਹੀਂ ਹੁੰਦੀ, "ਸਮਰਥਨ ਸਿਰਫ ਸਟੇਜਾਂ ਉੱਤੇ ਚੜ੍ਹ ਕੇ ਹੁੰਦਾ, ਹੋਰ ਵੀ ਕਈ ਤਰੀਕੇ ਹਨ। ਡੇਰੇ ਦਾ ਪੂਰਾ ਸਿਸਟਮ ਹੈ, ਬਲਾਕ ਪੱਧਰ ਤੱਕ ਅਹੁਦੇਦਾਰ ਹਨ। ਇਹ ਕਹਿ ਦੇਣਾ ਗਲਤ ਹੋਵੇਗਾ ਕਿ ਮੁਖੀ ਦੇ ਜੇਲ੍ਹ ਵਿੱਚ ਹੋਣ ਨਾਲ ਇਹ ਸਾਰਾ ਕੁਝ ਇੱਕਦਮ ਗਾਇਬ ਹੋ ਜਾਵੇਗਾ।"

‘ਗੰਧਲੀ ਸਿਆਸਤ ਨੇ ਡੇਰਿਆਂ ਨੂੰ ਉਭਾਰਿਆ’

ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਿੱਲੀ ਤੋਂ ਡਾਕਟਰੇਟ ਦੀ ਡਿਗਰੀ ਹਾਸਲ ਕਰਨ ਵਾਲੇ ਬੁੱਧੀਜੀਵੀ ਸੁਮੇਲ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਰਾਜਨੀਤੀ ਦੇ ਗੰਧਲੇਪਣ ਨੇ ਸਮਾਜ ਵਿੱਚ ਨਾ-ਬਰਾਬਰੀ ਵਾਲਾ ਮਾਹੌਲ ਪੈਦਾ ਕੀਤਾ ਹੈ।

ਉਨ੍ਹਾਂ ਕਿਹਾ, ''ਇਸ ਨਾ-ਬਰਾਬਰੀ ਨੇ ਜਿੱਥੇ ਭਾਈਚਾਰਕ ਸਾਂਝ ਨੂੰ ਪ੍ਰਭਾਵਿਤ ਕੀਤਾ ਹੈ, ਉੱਥੇ ਰੂਹਾਨੀ ਸ਼ਾਂਤੀ ਹਾਸਲ ਕਰਨ ਦੀ ਗੱਲ 'ਤੇ ਵੀ ਸਮਾਜ ਵੰਡਿਆ ਗਿਆ। ਰਾਜਸੀ ਦਲਾਂ ਦੀ ਗੰਧਲੀ ਸਿਆਸਤ ਨੇ ਡੇਰਾਵਾਦ ਨੂੰ ਵਧਣ-ਫੁੱਲਣ ਦਾ ਮੌਕਾ ਦਿੱਤਾ।”

“ਇਸ ਦਾ ਦੇਰ-ਸਵੇਰ ਨਤੀਜਾ ਇਹ ਨਿਕਲਿਆ ਕਿ ਡੇਰਿਆਂ ਦੇ ਪੈਰੋਕਾਰਾਂ ਨੇ ਚੋਣਾਂ ਦੇ ਹਰ ਮੌਸਮ ਵਿੱਚ ਆਪਣੇ ਧਾਰਮਿਕ ਸਮਾਗਮਾਂ ਰਾਹੀਂ ਆਪਣੀ ਗਿਣਤੀ ਦੀ ਸ਼ਕਤੀ ਦਾ ਪ੍ਰਦਰਸ਼ਨ ਕਰਕੇ ਸਿਆਸੀ ਦਲਾਂ ਨੂੰ ਸੋਚਾਂ ਵਿੱਚ ਪਾਉਣਾ ਸ਼ੁਰੂ ਕਰ ਦਿੱਤਾ। ਇਹ ਗੱਲ ਤਾਂ ਠੀਕ ਹੀ ਹੈ ਕਿ ਸਿਆਸੀ ਆਗੂ ਸਿੱਧੇ ਜਾਂ ਅਸਿੱਧੇ ਢੰਗ ਨਾਲ ਡੇਰਿਆਂ ਦੇ ਸਮਾਗਮਾਂ ਵਿੱਚ ਹਾਜ਼ਰੀ ਭਰਦੇ ਹੀ ਰਹੇ ਹਨ।''

ਸੁਨਾਰੀਆ ਜੇਲ੍ਹ 'ਚ ਬੰਦ ਮੁਖੀ

ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ 2017 'ਚ ਪੰਚਕੂਲਾ ਦੀ ਸੀਬੀਆਈ ਅਦਾਲਤ ਨੇ ਸਾਧਵੀਆਂ ਨਾਲ ਬਲਾਤਕਾਰ ਮਾਮਲੇ ਵਿੱਚ 20 ਸਾਲ ਸਜ਼ਾ ਸੁਣਾਈ ਸੀ। ਉਸ ਸਮੇਂ ਤੋਂ ਹੀ ਉਹ ਹਰਿਆਣਾ ਦੀ ਸੁਨਾਰੀਆ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਹਨ।

ਸੀਬੀਆਈ ਦੀ ਪੰਚਕੂਲਾ ਅਦਾਲਤ ਨੇ ਡੇਰਾ ਮੁਖੀ ਨੂੰ ਪੱਤਰਕਾਰ ਰਾਮਚੰਦਰ ਛਤਰਪਤੀ ਨੇ ਕਤਲ ਮਾਮਲੇ ਵਿੱਚ ਵੀ ਦੋਸ਼ੀ ਠਹਿਰਾਇਆ ਸੀ। ਇਸ ਮਾਮਲੇ ’ਚ ਵੀ ਉਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਜਿਸ ਨੂੰ ਡੇਰੇ ਨੇ ਉੱਚ ਅਦਾਲਤ ਵਿੱਚ ਚੁਣੌਤੀ ਦਿੱਤੀ ਹੈ।

ਇਹ ਵੀ ਪੜ੍ਹੋ

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)