ਜਦੋਂ ਏਅਰ ਮਾਰਸ਼ਲ ਅਰਜਨ ਸਿੰਘ ਨੂੰ ਪਾਕਿਸਤਾਨੀ ਹਵਾਈ ਫੌਜ ਦੇ ਮੁਖੀ ਨੇ ਕੀਤਾ ਸੀ ਗੁਪਤ ਫੋਨ

1965 ਦੀ ਜੰਗ ਦੌਰਾਨ ਅਰਜਨ ਸਿੰਘ ਤੇ ਪਾਕਿਸਤਾਨੀ ਹਵਾਈ ਫੌਜਦੇ ਮੁਖੀ ਨੂਰ ਖਾਨ Image copyright PUSHPENDRA SINGH
ਫੋਟੋ ਕੈਪਸ਼ਨ 1965 ਦੀ ਜੰਗ ਦੌਰਾਨ ਅਰਜਨ ਸਿੰਘ ਤੇ ਪਾਕਿਸਤਾਨੀ ਹਵਾਈ ਫੌਜਦੇ ਮੁਖੀ ਨੂਰ ਖਾਨ

ਥਾਂ - ਰੱਖਿਆ ਮੰਤਰਾਲੇ ਦਾ ਦਫਤਰ, ਕਮਰਾ ਨੰਬਰ 108, ਸਾਉਥ ਬਲਾਕ। ਦਿਨ - 1 ਸਤੰਬਰ, 1965, ਸਮਾਂ - ਦੁਪਹਿਰ 4 ਵਜੇ

ਰੱਖਿਆ ਮੰਤਰੀ ਯਸ਼ਵੰਤਰਾਓ ਚੌਹਾਨ, ਏਅਰ ਮਾਰਸ਼ਲ ਅਰਜਨ ਸਿੰਘ ਤੇ ਰੱਖਿਆ ਮੰਤਰਾਲੇ ਵਿੱਚ ਵਿਸ਼ੇਸ਼ ਸਕੱਤਰ ਐੱਚਸੀ ਸਰੀਨ, ਏਡਜੁਟੈਂਟ ਜਨਰਲ ਲੈਫਟਿਨੈਂਟ ਜਨਰਲ ਕੁਮਾਰਮੰਗਲਮ ਦੇ ਨਾਲ ਗਹਿਰੇ ਸਲਾਹ ਮਸ਼ਵਰਾ ਵਿੱਚ ਵਿਅਸਤ ਸਨ।

ਉਸੇ ਦਿਨ ਛੰਬ ਸੈਕਟਰ ਵਿੱਚ ਪਾਕਿਸਤਾਨੀ ਟੈਂਕਾਂ ਤੇ ਤੋਪਾਂ ਨੇ ਹਮਲਾ ਕੀਤਾ ਸੀ।

ਮੰਨੇ-ਪਰਮੰਨੇ ਹਵਾਈ ਸੈਨਾ ਦੇ ਇਤਿਹਾਸਕਾਰ ਪੁਸ਼ਪਿੰਦਰ ਸਿੰਘ ਨੇ ਦੱਸਿਆ, "1 ਸਤੰਬਰ, 1965 ਨੂੰ ਜਦੋਂ ਛੰਬ ਵਿੱਚ ਲੜਾਈ ਸ਼ੁਰੂ ਹੋਈ ਤਾਂ ਰੱਖਿਆ ਮੰਤਰੀ ਚੌਹਾਨ ਨੇ ਅਰਜਨ ਸਿੰਘ ਨੂੰ ਸੱਦਿਆ।"

"ਉਨ੍ਹਾਂ ਨੇ ਅਰਜਨ ਸਿੰਘ ਤੋਂ ਪੁੱਛਿਆ ਕਿ ਉਹ ਕੀ ਕਰ ਸਕਦੇ ਹਨ ਤੇ ਅਰਜਨ ਸਿੰਘ ਨੇ 45 ਮਿੰਟਾਂ ਦੇ ਅੰਦਰ ਸਭ ਤੋਂ ਕਰੀਬੀ ਠਿਕਾਣੇ ਪਠਾਨਕੋਟ ਤੋਂ ਆਪਣੇ ਜਹਾਜ਼ ਉਡਾ ਦਿੱਤੇ।"

ਇਹ ਵੀ ਪੜ੍ਹੋ:

ਅਰਜਨ ਸਿੰਘ ਨੇ ਸਭ ਤੋਂ ਵੱਡਾ ਨਾਂ 1944 ਦੀ ਬਰਮਾ ਦੀ ਲੜਾਈ ਵਿੱਚ ਬਣਾਇਆ ਜਿੱਥੇ ਉਨ੍ਹਾਂ ਨੂੰ ਲੌਰਡ ਮਾਊਂਟਬੈਟਨ ਨੇ 'ਡਿਸਟਿਨਗਵਿਸ਼ਡ ਫਲਾਈਂਗ ਕਰੌਸ' ਨਾਲ ਸਨਮਾਨਿਤ ਕੀਤਾ ਸੀ।

ਪੁਸ਼ਪਿੰਦਰ ਸਿੰਘ ਨੇ ਦੱਸਿਆ, ''ਜਦੋਂ ਜਾਪਾਨ ਨੇ ਬਰਮਾ 'ਤੇ ਹਮਲਾ ਕੀਤਾ ਤਾਂ ਕਾਫੀ ਭਾਰਤੀ ਫੌਜੀ ਭੇਜੇ ਗਏ। ਅਰਜਨ ਸਿੰਘ ਨੰਬਰ 1 ਸਕੁਆਡਰਨ ਨੂੰ ਲੀਡ ਕਰ ਰਹੇ ਸਨ। ਉਹ ਸਿਰਫ 25 ਸਾਲ ਦੇ ਸਨ।''

''ਉਨ੍ਹਾਂ ਨੂੰ ਇਮਫਾਲ ਭੇਜਿਆ ਗਿਆ, 15 ਮਹੀਨਿਆਂ ਤੱਕ ਉਨ੍ਹਾਂ ਨੇ ਬਹੁਤ ਸਪੋਰਟ ਕੀਤਾ। ਉਨ੍ਹਾਂ ਨੂੰ 'ਇਮਫਾਲ ਦਾ ਰੱਖਿਅਕ' ਤੇ 'ਟਾਈਗਰਜ਼ ਆਫ ਇਮਫਾਲ' ਵੀ ਕਿਹਾ ਗਿਆ।''

ਡਿਸਟਿਨਗਵਿਸ਼ਡ ਫਲਾਈਂਗ ਕਰੌਸ ਹਵਾਈ ਸੈਨਾ ਦਾ ਬਹੁਤ ਵੱਡਾ ਸਨਮਾਨ ਹੁੰਦਾ ਹੈ।

ਅਰਜਨ ਸਿੰਘ ਦੇ ਜਹਾਜ਼ ਦੀ ਕਰੈਸ਼ ਲੈਨਡਿੰਗ

ਇਸ ਤੋਂ ਪਹਿਲਾਂ ਅਰਜਨ ਸਿੰਘ ਵਜ਼ੀਰਸਤਾਨ ਵਿੱਚ ਤੈਅਨਾਤ ਸਨ। ਸਿਤੰਬਰ 1940 ਵਿੱਚ ਉਨ੍ਹਾਂ ਨੇ ਉੱਥੋਂ 50 ਉਡਾਨਾਂ ਭਰੀਆਂ ਅਤੇ ਅਗਲੇ ਮਹੀਨੇ 80। ਇਸ ਦੌਰਾਨ ਜ਼ਮੀਨ ਤੋਂ ਉਨ੍ਹਾਂ 'ਤੇ ਕਾਫੀ ਗੋਲੀਬਾਰੀ ਵੀ ਹੋਈ।

ਅਰਜਨ ਸਿੰਘ ਦੀ ਜੀਵਨੀ 'ਦਿ ਆਈਕਨ' ਵਿੱਚ ਇੱਕ ਦਿਲਚਸਪ ਕਿੱਸਾ ਹੈ।

ਤੀਜਾ ਗੋਤਾ ਲਾਉਂਦੇ ਹੋਏ ਅਰਜਨ ਸਿੰਘ ਨੂੰ ਮਹਿਸੂਸ ਹੋਇਆ ਕਿ ਉਨ੍ਹਾਂ ਦੇ ਇੰਜਨ 'ਤੇ ਗੋਲੀ ਲੱਗੀ ਹੈ। ਉਸ ਵੇਲੇ ਜਹਾਜ਼ ਕਾਫੀ ਥੱਲੇ ਸੀ। ਉਨ੍ਹਾਂ ਨੇ ਆਪਣੇ ਜਹਾਜ਼ ਨੂੰ ਖੌਸੋਰਾ ਨਦੀ ਦੇ ਕੋਲ੍ਹ ਉਤਾਰ ਦਿੱਤਾ।

ਕਰੈਸ਼ ਲੈਨਡਿੰਗ ਦੌਰਾਨ ਅਰਜਨ ਸਿੰਘ ਦਾ ਚਿਹਰਾ ਜਹਾਜ਼ ਦੇ ਇੰਨਸਟਰੂਮੈਂਟ ਪੈਨਲ ਨਾਲ ਟਕਰਾਇਆ ਤੇ ਡੂੰਘੀ ਸੱਟ ਵੀ ਆਈ।

Image copyright DHIRENDRA S JAFA
ਫੋਟੋ ਕੈਪਸ਼ਨ 2002 ਵਿੱਚ ਭਾਰਤ ਸਰਕਾਰ ਨੇ ਅਰਜਨ ਸਿੰਘ ਨੂੰ ਮਾਰਸ਼ਲ ਆਫ ਦਿ ਏਅਰਫੋਰਸ ਨਿਯੁਕਤ ਕੀਤਾ ਸੀ

ਜਿਵੇਂ ਹੀ ਜਹਾਜ਼ ਕਰੈਸ਼ ਲੈਂਡ ਕੀਤਾ, ਉਨ੍ਹਾਂ ਦਾ ਗਨਰ ਗੁਲਾਮ ਅਲੀ ਭੱਜਣ ਲੱਗਿਆ।

ਅਰਜਨ ਨੇ ਦੇਖਿਆ ਕਿ ਉਹ ਉਸੇ ਤਰਫ ਜਾ ਰਿਹਾ ਸੀ ਜਿੱਥੇ ਕਬੀਲੇ ਦੇ ਲੋਕ ਗੋਲੀਬਾਰੀ ਕਰ ਰਹੇ ਸਨ।

ਇੱਕ ਵੀ ਪਲ ਗੁਆਏ ਬਿਨਾਂ ਅਰਜਨ ਸਿੰਘ ਨੱਕ ਤੋਂ ਬਹਿੰਦੇ ਖੂਨ ਦੇ ਬਾਵਜੂਦ ਤੇਜ਼ੀ ਨਾਲ ਉਸਦੇ ਪਿੱਛੇ ਭੱਜਣ ਲੱਗੇ ਤੇ ਚਾਰੋਂ ਪਾਸਿਓਂ ਚੱਲ ਰਹੀਆਂ ਗੋਲੀਆਂ ਵਿਚਾਲੇ 50 ਗਜ਼ ਅੱਗੇ ਦੌੜ ਕੇ ਉਸ ਨੂੰ ਫੜ ਲਿਆ ਅਤੇ ਉਸ ਨੂੰ ਪੁੱਠੀ ਤਰਫ ਭੱਜਣ ਲਈ ਕਿਹਾ।

ਦੁਨੀਆਂ 'ਚ ਅਜਿਹੇ ਬਹੁਤ ਘੱਟ ਹਵਾਈ ਸੇਨਾ ਪ੍ਰਧਾਨ ਹੋਣਗੇ ਜਿਨ੍ਹਾਂ ਨੇ 40 ਸਾਲ ਦੀ ਉਮਰ ਵਿੱਚ ਇਹ ਅਹੁਦਾ ਸਾਂਭਿਆ ਹੋਵੇ ਅਤੇ ਸਿਰਫ 45 ਸਾਲ ਦੀ ਉਮਰ ਵਿੱਚ ਰਿਟਾਇਰ ਵੀ ਹੋ ਗਏ ਹੋਣ।

ਇਹ ਵੀ ਪੜ੍ਹੋ:

ਏਅਰ ਚੀਫ ਮਾਰਸ਼ਲ ਅਰਜਨ ਸਿੰਘ ਦੀ ਖਾਸੀਅਤ ਉਨ੍ਹਾਂ ਦੀ ਆਕਰਸ਼ਿਤ ਸ਼ਖਸੀਅਤ, ਲੰਬਾ ਚੌੜਾ ਸਰੀਰ, ਗੱਲ ਕਰਨ ਦਾ ਸ਼ਾਨਦਾਰ ਸਲੀਕਾ ਤੇ ਕਮਾਲ ਦੀ ਲੀਡਰਸ਼ਿੱਪ ਸਨ।

ਅਰਜਨ ਸਿੰਘ ਨੂੰ ਕਰੀਬੀ ਨਾਲ ਜਾਣਨ ਵਾਲੇ ਏਅਰ ਵਾਈਸ ਮਾਰਸ਼ਲ ਕਪਿਲ ਕਾਕ ਨੇ ਕਿਹਾ, ''ਉਹ ਖੇਡਣ ਦੇ ਵੀ ਬਹੁਤ ਸ਼ੌਕੀਨ ਸੀ ਤੇ ਸਮਾਜਕ ਰੂਪ ਨਾਲ ਮਿਲਨਸਾਰ ਸੀ।''

''ਇੱਕ ਆਮ ਫੌਜੀ ਨੂੰ ਇਹ ਨਹੀਂ ਲੱਗਦਾ ਸੀ ਕਿ ਉਹ ਮੁਖੀ ਨਾਲ ਗੱਲ ਕਰ ਰਿਹਾ ਹੈ। ਉਨ੍ਹਾਂ ਦੇ ਦਿਮਾਗ ਵਿੱਚ ਕਿਸੇ ਤਰ੍ਹਾਂ ਦੀ ਗਰਮੀ ਨਹੀਂ ਹੁੰਦੀ ਸੀ।''

ਅਰਜਨ ਸਿੰਘ ਹਮੇਸ਼ਾ ਤੋਂ ਹੀ ਜੂਨੀਅਰਜ਼ ਲਈ ਰੋਲ ਮਾਡਲ ਰਹੇ।

ਪਾਕਿਸਤਾਨੀ ਏਅਰ ਮਾਰਸ਼ਲ ਅਸਗਰ ਖਾਨ ਦਾ ਫੋਨ

1965 ਦੀ ਜੰਗ ਤੋਂ ਤਿੰਨ ਦਿਨ ਪਹਿਲਾਂ ਇੱਕ ਅਖਬਾਰ ਵਿੱਚ ਇਹ ਛਪਿਆ ਸੀ ਕਿ ਪਾਕਿਸਤਾਨੀ ਹਵਾਈ ਫੌਜ ਦੇ ਏਅਰ ਮਾਰਸ਼ਲ ਅਸਗਰ ਖਾਨ ਨੇ ਆਪਣੇ ਪੁਰਾਣੇ ਦੋਸਤ ਅਰਜਨ ਸਿੰਘ ਨੂੰ ਇੱਕ ਗੁਪਤ ਕਾਲ ਕੀਤਾ ਜਿਸ ਕਾਰਨ ਦੋਹਾਂ ਦੇਸਾਂ ਵਿਚਾਲੇ ਜੰਗ ਨਹੀਂ ਹੋਈ।

ਪੁਸ਼ਪਿੰਦਰ ਸਿੰਘ ਨੇ ਦੱਸਿਆ, ''ਦੋਵੇਂ ਇਮਫਾਲ ਵਿੱਚ ਨਾਲ ਕੰਮ ਕਰਦੇ ਸਨ। ਜਦੋਂ ਰਣ ਆਫ ਕੱਚ ਦੀ ਲੜਾਈ ਸ਼ੁਰੂ ਹੋਈ ਤਾਂ ਅਸਗਰ ਖਾਨ ਨੇ ਅਰਜਨ ਸਿੰਘ ਨੂੰ ਫੋਨ ਕਰਕੇ ਕਿਹਾ ਕਿ ਸਾਨੂੰ ਆਪਣੀ ਹਵਾਈ ਫੌਜ ਨੂੰ ਇਸ ਲੜਾਈ ਤੋਂ ਦੂਰ ਰੱਖਣਾ ਚਾਹੀਦਾ ਹੈ।''

ਉਨ੍ਹਾਂ ਕਿਹਾ, ''ਫੋਨ ਤੋਂ ਬਾਅਦ ਭਾਰਤ ਨੇ ਵੀ ਇਹ ਤੈਅ ਕੀਤਾ ਕਿ ਉਹ ਆਪਣੀ ਫੌਜ ਦਾ ਇਸਤੇਮਾਲ ਨਹੀਂ ਕਰੇਗਾ।''

''ਉਸ ਤੋਂ ਬਾਅਦ ਇਹ ਅਫਵਾਹ ਫੈਲੀ ਕਿ ਇਸ ਕਾਲ ਕਾਰਨ ਪਾਕਿਸਤਾਨੀ ਦੀ ਸਰਕਾਰ ਨੇ ਉਨ੍ਹਾਂ ਨੂੰ ਕੱਢ ਦਿੱਤਾ ਸੀ। ਪਰ ਇਹ ਸੱਚ ਨਹੀਂ ਸੀ, ਕਿਉਂਕਿ ਅਸਗਰ ਖਾਨ ਰਿਟਾਇਰ ਹੋਣ ਵਾਲੇ ਸਨ ਤੇ ਕਾਰਜਕਾਲ ਖਤਮ ਹੋ ਚੁੱਕਿਆ ਸੀ।''

Image copyright Pushpinder Singh
ਫੋਟੋ ਕੈਪਸ਼ਨ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤ੍ਰੀ ਦੇ ਨਾਲ ਏਅਰ ਮਾਰਸ਼ਲ ਅਰਜਨ ਸਿੰਘ

ਪੁਸ਼ਪਿੰਦਰ ਸਿੰਘ ਨੇ ਦੱਸਿਆ, ''ਇੱਕ ਵਾਰ ਮੈਂ ਪਾਕਿਸਤਾਨੀ ਹਵਾਈ ਫੌਜੀਆਂ ਦਾ ਇੰਟਰਵਿਊ ਕਰਨ ਲਈ ਪਾਕਿਸਤਾਨ ਜਾ ਰਿਹਾ ਸੀ ਤਾਂ ਉਥੋਂ ਸੁਝਾਅ ਆਇਆ ਕਿ ਮੈਂ ਰਿਸਾਲ ਪੁਰ ਚਲਿਆ ਜਾਵਾਂ।''

''ਰਿਸਾਲ ਪੁਰ ਫਲਾਈਂਗ ਅਕਾਦਮੀ ਹੈ ਜਿੱਥੇ ਪਾਕਿਸਤਾਨੀ ਪਾਇਲਟਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ।''

ਉਨ੍ਹਾਂ ਕਿਹਾ, ''ਮੈਂ ਪਾਕਿਸਤਾਨ ਜਾਣ ਤੋਂ ਪਹਿਲਾਂ ਅਰਜਨ ਸਿੰਘ ਨੂੰ ਪੁੱਛਿਆ ਕਿ ਕੀ ਮੈਂ ਤੁਹਾਡੀ ਤਸਵੀਰ ਤੋਹਫੇ ਵਿੱਚ ਦੇ ਸਕਦਾ ਹਾਂ।''

''ਮੈਂ ਉਨ੍ਹਾਂ ਦੀ ਤਸਵੀਰ ਖਿੱਚੀ ਤੇ ਉਨ੍ਹਾਂ ਨੇ ਉਸ 'ਤੇ ਦਸਤਖਤ ਵੀ ਕੀਤੇ। ਫਿਰ ਰਿਸਾਲਪੁਰ ਦੇ ਸਟੇਸ਼ਨ ਕਮਾਂਡਰ ਨੂੰ ਤੋਹਫੇ ਵਿੱਚ ਦੇ ਦਿੱਤੀ।''

''ਅਰਜਨ ਸਿੰਘ ਦੀ ਉਹ ਤਸਵੀਰ ਅੱਜ ਵੀ ਪਾਕਿਸਤਾਨ ਦੀ ਰਿਸਾਲ ਪੁਰ ਫਲਾਈਂਗ ਅਕਾਦਮੀ ਵਿੱਚ ਲੱਗੀ ਹੋਈ ਹੈ।''

ਇਹ ਵੀ ਪੜ੍ਹੋ:

ਰਿਟਾਇਰ ਹੋਣ 'ਤੇ ਅਰਜਨ ਸਿੰਘ ਨੇ ਹਰ ਹਵਾਈ ਸਟੇਸ਼ਨ 'ਤੇ ਫੇਅਰਵੈੱਲ ਵਿਜ਼ਿਟ ਕੀਤੀ।

ਉਹ ਅੰਬਾਲਾ ਵੀ ਗਏ ਜਿੱਥੇ ਉਸ ਵੇਲੇ ਏਅਰ ਮਾਰਸ਼ਲ ਸਤੀਸ਼ ਈਨਾਮਦਾਰ ਫਲਾਈਟ ਲੈਫਟਿਨੈਂਟ ਦੇ ਤੌਰ 'ਤੇ ਤਾਇਨਾਤ ਸਨ।

ਉਨ੍ਹਾਂ ਕਿਹਾ, ''ਅਸੀਂ ਉਨ੍ਹਾਂ ਨੂੰ ਲੈਣ ਲਈ ਗਏ ਤਾਂ ਮੈਂ ਪਿੱਛੇ ਦੀ ਸੀਟ ਦਾ ਦਰਵਾਜ਼ਾ ਖੋਲ੍ਹਣ ਲਈ ਗਿਆ। ਉਨ੍ਹਾਂ ਕਿਹਾ, ਭਾਰਤੀ ਹਵਾਈ ਫੌਜ ਦਾ ਕਮੀਸ਼ੰਡ ਅਫਸਰ ਮੇਰੀ ਗੱਡੀ ਦਾ ਦਰਵਾਜ਼ਾ ਨਹੀਂ ਖੋਲੇਗਾ।''

''ਮੈਂ ਦੂਜੀ ਤਰਫ ਜਾਕੇ ਗੱਡੀ ਦੀ ਅਗਲੀ ਸੀਟ 'ਤੇ ਬੈਠਣ ਲੱਗਿਆ।''

''ਉਨ੍ਹਾਂ ਫਿਰ ਮੈਨੂੰ ਕਿਹਾ, ਇੱਕ ਗੱਲ ਹਮੇਸ਼ਾ ਯਾਦ ਰੱਖਣਾ। ਕਦੇ ਵੀ ਤੁਸੀਂ ਕਿੰਨੇ ਹੀ ਵੱਡੇ ਅਫਸਰ ਨੂੰ ਐਸਕੌਰਟ ਕਰ ਰਹੇ ਹੋ, ਚਾਹੇ ਤੁਸੀਂ ਜਿੰਨੇ ਹੀ ਛੋਟੇ ਅਫਸਰ ਹੋ, ਕਦੇ ਵੀ ਅੱਗੇ ਦੀ ਸੀਟ 'ਤੇ ਨਾ ਬੈਠਣਾ। ਹਮੇਸ਼ਾ ਉਸਦੇ ਨਾਲ ਬੈਠ ਕੇ ਜਾਣਾ।''

ਮਾਰਸ਼ਲ ਆਫ ਦਿ ਇੰਡੀਅਨ ਏਅਰਫੋਰਸ

2002 ਵਿੱਚ ਭਾਰਤ ਸਰਕਾਰ ਨੇ ਅਰਜਨ ਸਿੰਘ ਨੂੰ ਮਾਰਸ਼ਲ ਆਫ ਦਿ ਏਅਰਫੋਰਸ ਨਿਯੁਕਤ ਕੀਤਾ।

ਏਅਰ ਵਾਈਸ ਮਾਰਸ਼ਲ ਕਪਿਲ ਕਾਕ ਨੇ ਕਿਹਾ, ''ਉਹ ਇੱਕ ਨੰਬਰ ਦੇ ਲੜਾਕੂ ਪਾਇਲਟ ਸੀ। ਉਹ ਪਹਿਲਾਂ ਆਪ ਕੰਮ ਕਰਕੇ ਵਿਖਾਉਂਦੇ ਸੀ ਤੇ ਫਿਰ ਲੋਕਾਂ ਨੂੰ ਕਹਿੰਦੇ ਸੀ ਕਿ ਇਸ ਨੂੰ ਕਰੋ।''

''ਸ਼ਾਇਦ ਇਸੇ ਕਰਕੇ ਉਹ ਭਾਰਤੀ ਹਵਾਈ ਫੌਜ ਵਿੱਚ ਕਾਫੀ ਪ੍ਰਸਿੱਧ ਰਹੇ।''

Image copyright PUSHPINDAR SINGH
ਫੋਟੋ ਕੈਪਸ਼ਨ ਅਰਜਨ ਸਿੰਘ ਬੇਬਾਕੀ ਨਾਲ ਸਾਰਿਆਂ ਨਾਲ ਗੱਲ ਕਰਦੇ ਸਨ

ਏਅਰ ਚੀਫ ਮਾਰਸ਼ਲ ਅਰਜਨ ਸਿੰਘ ਨੂੰ ਰਿਟਾਇਰਮੈਂਟ ਤੋਂ ਬਾਅਦ ਪਹਿਲਾਂ ਸਵਿਟਜ਼ਰਲੈਂਡ ਦਾ ਰਾਜਦੂਤ ਬਣਾਇਆ ਗਿਆ ਤੇ ਫਿਰ ਕੀਨੀਆ ਵਿੱਚ ਹਾਈ ਕਮਿਸ਼ਨਰ। ਉਹ ਘੱਟ ਗਿਣਤੀ ਆਯੋਗ ਦੇ ਸਦੱਸ ਤੇ ਦਿੱਲੀ ਦੇ ਲੈਫਟਿਨੈਂਟ ਗਵਰਨਰ ਵੀ ਰਹੇ।

ਹਵਾਈ ਜਹਾਜ਼ਾਂ ਤੋਂ ਇਲਾਵਾ ਉਨ੍ਹਾਂ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਜਨੂੰਨ ਗੋਲਫ ਸੀ।

ਉਹ ਆਪਣੀ ਜ਼ਿੰਦਗੀ ਦੇ ਅੰਤਿਮ ਦਿਨਾਂ ਤੱਕ ਗੋਲਫ ਖੇਡਦੇ ਰਹੇ।

ਆਖਰੀ ਦਿਨਾਂ ਵਿੱਚ ਜਦੋਂ ਉਹ ਚੱਲ ਨਹੀਂ ਪਾਂਦੇ ਸੀ, ਉਦੋਂ ਵੀ ਉਨ੍ਹਾਂ ਦੀ ਪੰਜ ਸਿਤਾਰਿਆਂ ਵਾਲੀ ਗੱਡੀ ਦਿੱਲੀ ਗੋਲਫ ਕੋਰਸ ਦੇ ਅਖੀਰ ਤੱਕ ਜਾਂਦੀ ਸੀ ਤੇ ਉਹ ਆਪਣੀ ਵਹ੍ਹੀਲ ਚੇਅਰ 'ਤੇ ਬੈਠ ਕੇ ਲੋਕਾਂ ਨੂੰ ਗੋਲਫ ਖੇਡਦੇ ਹੋਏ ਵੇਖਿਆ ਕਰਦੇ ਸੀ।

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)