ਚੋਣ 2019: ਤੇਜ ਬਹਾਦੁਰ ਦਾ ਪਰਚਾ ਰੱਦ, ਨਰਿੰਦਰ ਮੋਦੀ ‘ਫੌਜੀ ਦੇ ਸਵਾਲਾਂ ਤੋਂ ਡਰ ਗਏ’

ਤੇਜ ਬਹਾਦੁਰ Image copyright FB/Tej Bahadur Yadav

ਵਾਰਾਣਸੀ ਹਲਕੇ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਚੋਣ ਮੈਦਾਨ ਵਿੱਚ ਉਤਰੇ ਸਾਬਕਾ ਬੀਐੱਸਐੱਫ ਜਵਾਨ ਤੇਜ ਬਹਾਦੁਰ ਯਾਦਵ ਦਾ ਪਰਚਾ ਰੱਦ ਹੋ ਗਿਆ ਹੈ।

ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਵਿੱਚ ਇਸ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਕਾਗਜ਼ੀ ਤੌਰ 'ਤੇ ਵੀ ਉਨ੍ਹਾਂ ਨੂੰ ਇਹ ਜਾਣਕਾਰੀ ਮਿਲ ਗਈ ਹੈ। ਉਨ੍ਹਾਂ ਦੇ ਵਕੀਲ ਨੇ ਕਿਹਾ ਕਿ ਉਹ ਇਸ ਖਿਲਾਫ ਅਦਾਲਤ ਜਾਣਗੇ।

ਕਾਰਨ ਅਜੇ ਪੂਰੀ ਤਰ੍ਹਾਂ ਸਾਫ ਨਹੀਂ ਹੈ ਪਰ ਚੋਣ ਕਮਿਸ਼ਨ ਨੇ ਤੇਜ ਬਹਾਦੁਰ ਦੀ ਫੋਰਸ ਤੋਂ ਬਰਖਾਸਤਗੀ ਦੀ ਤਫ਼ਸੀਲ ਮੰਗੀ ਸੀ ਅਤੇ ਇਸ ਬਰਖਾਸਤਗੀ ਨੂੰ ਹੀ ਇਸ ਦਾ ਆਧਾਰ ਮੰਨਿਆ ਜਾ ਰਿਹਾ ਹੈ। ਤੇਜ ਬਹਾਦੁਰ ਨੇ ਪਰਚਾ ਪਹਿਲਾਂ ਤਾਂ ਆਜ਼ਾਦ ਉਮੀਦਵਾਰ ਵਜੋਂ ਦਾਖਲ ਕੀਤਾ ਸੀ ਪਰ ਬਾਅਦ ਵਿੱਚ ਸਮਾਜਵਾਦੀ ਪਾਰਟੀ ਨੇ ਉਸ ਨੂੰ ਆਪਣਾ ਉਮੀਦਵਾਰ ਬਣਾ ਲਿਆ ਸੀ।

ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਆਪਣੀ ਪ੍ਰਤੀਕਿਰਿਆ ਵਿੱਚ ਕਿਹਾ ਕਿ ਉਹ ਆਪਣੀ ਪਹਿਲੀ ਉਮੀਦਵਾਰ ਸ਼ਾਲਿਨੀ ਸਿੰਘ ਨੂੰ ਕਾਇਮ ਰੱਖਣ ਬਾਰੇ ਮੁੜ ਵਿਚਾਰ ਕਰਨਗੇ।

ਤੇਜ ਬਹਾਦੁਰ ਦੇ ਕਾਗਜ਼ ਰੱਦ ਹੋਣ ਬਾਰੇ ਕਿਹਾ ਕਿ ਜਿਨ੍ਹਾਂ ਨੇ ਉਸ ਦੀ ਨੌਕਰੀ ਲਈ ਸੀ ਉਹ ਰਾਸ਼ਟਰ-ਭਗਤ ਨਹੀਂ ਹਨ। ਅਖਿਲੇਸ਼ ਨੇ ਕਿਹਾ ਕਿ ਰੋਟੀ-ਪਾਣੀ ਬਾਰੇ ਤਾਂ ਪਰਿਵਾਰ ਦੇ ਅੰਦਰ ਵੀ ਝਗੜਾ ਹੋ ਜਾਂਦਾ ਹੈ, ਇਹ ਤਾਂ ਇੱਕ ਜਵਾਨ ਨੇ ਸਿਰਫ ਦੱਸਿਆ ਸੀ ਕਿ ਜਵਾਨਾਂ ਨੂੰ ਰੋਟੀ ਠੀਕ ਨਹੀਂ ਮਿਲ ਰਹੀ।

ਤੇਜ ਬਹਾਦੁਰ ਨੇ ਇਸ ਬਾਰੇ ਵੀਡੀਓ ਬਣਾਇਆ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਬਰਖ਼ਾਸਤ ਕਰ ਦਿੱਤਾ ਗਿਆ ਸੀ।

Image copyright ANI
ਫੋਟੋ ਕੈਪਸ਼ਨ ਅਖਿਲੇਸ਼ ਯਾਦਵ ਨੇ ਕਿਹਾ ਕਿ ਭਾਜਪਾ ਦਾ ਡਰ ਸਾਫ਼ ਨਜ਼ਰ ਆ ਰਿਹਾ ਹੈ

ਅਖਿਲੇਸ਼ ਯਾਦਵ ਨੇ ਕਿਹਾ, "ਉਮੀਦਵਾਰੀ ਰੱਦ ਹੋਣ ਤੋਂ ਪਤਾ ਲਗਦਾ ਹੈ ਕਿ ਸਰਕਾਰ ਡਰੀ ਹੋਈ ਹੈ। ਸਰਕਾਰ ਇੱਕ ਫੌਜੀ ਦੇ ਸਵਾਲਾਂ ਤੋਂ ਡਰ ਗਈ ਕਿਉਂਕਿ ਤੇਜ ਬਹਾਦੁਰ ਨੇ ਪੁੱਛਣਾ ਸੀ, 'ਕੀ ਬੁਲੇਟ ਟਰੇਨ ਜ਼ਰੂਰੀ ਹੈ ਜਾਂ ਜਵਾਨਾਂ ਲਈ ਬੁਲੇਟ-ਪਰੂਫ਼ ਜੈਕੇਟ?' ਇਨ੍ਹਾਂ ਸਵਾਲਾਂ ਤੋਂ ਭਾਜਪਾ ਡਰ ਗਈ। ਪਰ ਜਨਤਾ ਸਿਆਣੀ ਹੈ, ਆਪਣਾ ਜਵਾਬ ਵੋਟਾਂ ਰਾਹੀਂ ਦੇਵੇਗੀ।"

ਵਾਰਾਣਸੀ ਦੇ ਜ਼ਿਲ੍ਹਾ ਮੈਜਿਸਟਰੇਟ ਨੇ ਸਾਫ ਕੀਤਾ ਕਿ ਸਵੇਰੇ 11 ਵਜੇ ਤੱਕ ਮੰਗਿਆ ਜਵਾਬ ਤੇਜ ਬਹਾਦੁਰ ਨਹੀਂ ਦੇ ਸਕਿਆ, ਇਸ ਲਈ ਉਮੀਦਵਾਰੀ ਰੱਦ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ:

ਇਤਰਾਜ਼ ਕੀ

ਦੋ ਸਾਲ ਪਹਿਲਾਂ ਸੀਮਾ ਸੁਰੱਖਿਆ ਬਲ ਦੇ ਜਵਾਨ ਤੇਜ ਬਹਾਦੁਰ ਉਦੋਂ ਸੁਰਖ਼ੀਆਂ ਵਿੱਚ ਆਏ ਜਦੋਂ ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸੀ ਜਿਸ ਵਿੱਚ ਉਨ੍ਹਾਂ ਨੇ ਜਵਾਨਾਂ ਨੂੰ ਮਿਲਣ ਵਾਲੇ ਖਾਣੇ ਦੀ ਸ਼ਿਕਾਇਤ ਕੀਤੀ ਸੀ। ਉਨ੍ਹਾਂ ਨੇ ਆਪਣੇ ਵੀਡੀਓ ਵਿੱਚ ਕੈਂਪਾਂ 'ਚ ਰਹਿਣ ਵਾਲੇ ਜਵਾਨਾਂ ਦੀ ਔਖੀ ਜ਼ਿੰਦਗੀ ਦੀ ਚਰਚਾ ਵੀ ਕੀਤੀ ਸੀ।

ਸੀਮਾ ਸੁਰੱਖਿਆ ਬਲਾਂ ਨੇ ਉਨ੍ਹਾਂ ਦੇ ਇਲਜ਼ਾਮਾਂ 'ਤੇ ਇੱਕ ਜਾਂਚ ਬਿਠਾਈ ਅਤੇ ਤੇਜ ਬਹਾਦੁਰ ਨੂੰ ਬੀਐੱਸਐੱਫ਼ ਤੋਂ ਕੱਢ ਦਿੱਤਾ ਗਿਆ ਸੀ।

ਤੇਜ ਬਹਾਦੁਰ ਨੇ ਦੋ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਸਨ — ਇੱਕ 24 ਅਪ੍ਰੈਲ ਨੂੰ ਬਤੌਰ ਆਜ਼ਾਦ ਉਮੀਦਵਾਰ ਅਤੇ ਦੂਜਾ 29 ਅਪ੍ਰੈਲ ਨੂੰ ਸਮਾਜਵਾਦੀ ਪਾਰਟੀ ਦੇ ਉਮੀਦਵਾਰ ਵਜੋਂ।

ਜ਼ਿਲ੍ਹਾ ਚੋਣ ਅਫ਼ਸਰ ਨੇ ਦੋਵੇਂ ਨਾਮਜ਼ਦਗੀ ਪੱਤਰ ਰੱਦ ਕਰ ਦਿੱਤੇ ਹਨ। ਤੇਜ ਬਹਾਦੁਰ 'ਤੇ ਆਪਣੇ ਨਾਮਜ਼ਦਗੀ ਪੱਤਰ ਵਿੱਚ ਦੋ ਵੱਖ-ਵੱਖ ਦਾਅਵੇ ਕਰਨ ਦਾ ਇਲਜ਼ਾਮ ਹਨ।

Image copyright FB/Tej Bahadur Yadav

ਵਾਰਾਣਸੀ ਸੀਟ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਰਤੀ ਜਨਤਾ ਪਾਰਟੀ ਦੇ ਮੌਜੂਦਾ ਸੰਸਦ ਮੈਂਬਰ ਹਨ ਅਤੇ ਇਸ ਵਾਰ ਵੀ ਉਹ ਇਸੇ ਸੀਟ ਤੋਂ ਚੋਣ ਲੜ ਰਹੇ ਹਨ। ਮੋਦੀ ਨੇ 26 ਅਪ੍ਰੈਲ ਨੂੰ ਆਪਣਾ ਨਾਮਜ਼ਦਗੀ ਪੱਤਰ ਭਰਿਆ ਸੀ।

ਇਸ ਸੀਟ 'ਤੇ ਕਾਂਗਰਸ ਦੇ ਅਜੈ ਰਾਇ ਅਤੇ ਸਮਾਜਵਾਦੀ ਪਾਰਟੀ ਦੀ ਇੱਕ ਹੋਰ ਉਮੀਦਵਾਰ ਸ਼ਾਲਿਨੀ ਯਾਦਵ ਨੇ ਵੀ ਪਰਚਾ ਭਰਿਆ ਸੀ। ਪਰ ਨਵਾਂ ਮੋੜ ਉਦੋਂ ਆਇਆ ਜਦੋਂ 30 ਅਪ੍ਰੈਲ ਨੂੰ ਤੇਜ ਬਹਾਦੁਰ ਯਾਦਵ ਨੂੰ ਜ਼ਿਲ੍ਹਾ ਚੋਣ ਅਧਿਕਾਰੀ ਦਾ ਪਹਿਲਾ ਨੋਟਿਸ ਮਿਲਿਆ ਜਿਸ ਵਿੱਚ ਉਸ ਨੂੰ ਕਿਹਾ ਗਿਆ ਕਿ ਉਹ ਸੀਮਾ ਸੁਰੱਖਿਆ ਬਲ ਤੋਂ ਇੱਕ ਚਿੱਠੀ ਲੈ ਕੇ ਆਉਣ ਜਿਸ ਤੋਂ ਪਤਾ ਲੱਗੇ ਕਿ ਉਨ੍ਹਾਂ ਨੂੰ ਕਿਉਂ ਬਰਖਾਸਤ ਕੀਤਾ ਗਿਆ।

ਨੋਟਿਸ ਵਿੱਚ ਉਨ੍ਹਾਂ ਨੂੰ ਜ਼ਿਲ੍ਹਾ ਚੋਣ ਅਧਿਕਾਰੀ ਦੇ ਸਾਹਮਣੇ 1 ਮਈ 2109 ਯਾਨਿ ਕਿ 90 ਸਾਲ ਬਾਅਦ ਪੇਸ਼ ਹੋਣ ਲਈ ਕਿਹਾ ਗਿਆ।

ਬਾਅਦ ਵਿੱਚ ਦੂਜਾ ਨੋਟਿਸ ਜਾਰੀ ਕੀਤਾ ਗਿਆ ਜਿਸ ਵਿੱਚ ਪਹਿਲੇ ਨੋਟਿਸ 'ਚ ਦੱਸੀ ਗਈ ਤਰੀਕ ਨੂੰ 'ਕਲੈਰੀਕਲ ਮਿਸਟੇਕ' ਦੱਸਿਆ ਗਿਆ ਅਤੇ ਉਨ੍ਹਾਂ ਨੂੰ 1 ਮਈ, 2019 ਨੂੰ ਸਵੇਰੇ 11 ਵਜੇ ਤੱਕ ਸੀਮਾ ਸੁਰੱਖਿਆ ਬਲ ਦੀ ਚਿੱਠੀ ਲਿਆ ਕੇ ਦੇਣ ਨੂੰ ਕਿਹਾ ਗਿਆ।

ਇਹ ਵੀਡੀਓਵੀ ਦੇਖੋ: ਮੋਦੀ ਦੇ 'ਗੈਰ-ਸਿਆਸੀ' ਇੰਟਰਵਿਊ ਬਾਰੇ ਲਾਹੌਰੀਏ ਕੀ ਕਹਿਣਗੇ?

ਜ਼ਿਲ੍ਹਾ ਚੋਣ ਅਧਿਕਾਰੀ ਸੁਰਿੰਦਰ ਸਿੰਘ ਵੱਲੋਂ ਭੇਜੇ ਗਏ ਨੋਟਿਸ ਵਿੱਚ ਕਿਹਾ ਗਿਆ ਕਿ ਜਦੋਂ ਤੇਜ ਬਹਾਦੁਰ ਯਾਦਵ ਨੇ ਬਤੌਰ ਆਜ਼ਾਦ ਉਮੀਦਵਾਰ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ ਤਾਂ - " ਕੀ ਤੁਹਾਨੂੰ ਸਰਕਾਰੀ ਸੇਵਾ ਤੋਂ ਭ੍ਰਿਸ਼ਟਾਚਾਰ ਜਾਂ ਦੇਸਧ੍ਰੋਹ ਦੇ ਇਲਜ਼ਾਮ ਵਿੱਚ ਕਦੇ ਬਰਖ਼ਾਸਤ ਕੀਤਾ ਗਿਆ ਹੈ?"

ਇਸ ਸਵਾਲ ਦੇ ਜਵਾਬ ਵਿੱਚ ਤੇਜ ਬਹਾਦੁਰ ਨੇ ਪਹਿਲੇ ਪੱਤਰ ਵਿੱਚ 'ਹਾਂ' ਲਿਖਿਆ ਸੀ।

ਜ਼ਿਲ੍ਹਾ ਚੋਣ ਅਧਿਕਾਰੀ ਮੁਤਾਬਕ ਤੇਜ ਬਹਾਦੁਰ ਨੇ ਜਦੋਂ 29 ਅਪ੍ਰੈਲ ਨੂੰ ਦੂਜਾ ਨਾਮਜ਼ਦਗੀ ਪੱਤਰ ਭਰਿਆ ਤਾਂ ਉਸਦੇ ਨਾਲ ਉਨ੍ਹਾਂ ਨੇ ਇੱਕ ਸਹੁੰ ਪੱਤਰ ਦਾਖ਼ਲ ਕੀਤਾ। ਇਅਸ ਹਲਫ਼ਨਾਮੇ ਵਿੱਚ ਉਨ੍ਹਾਂ ਨੇ ਕਿਹਾ ਕਿ 24 ਅਪ੍ਰੈਲ ਨੂੰ ਜਿਹੜਾ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ ਸੀ ਉਸ ਵਿੱਚ 'ਹਾਂ' ਗ਼ਲਤੀ ਨਾਲ ਲਿਖ ਦਿੱਤਾ ਸੀ।

Image copyright TEJ BAHADUR YADAV/ FB

ਇਹ ਵੀ ਪੜ੍ਹੋ

ਚੋਣ ਕਮਿਸ਼ਨ ਦੇ ਇੱਕ ਅਧਿਕਾਰੀ ਦਾ ਕਹਿਣਾ ਹੈ ਕਿ ਲੋਕ ਪ੍ਰਤੀਨਿਧੀ ਕਾਨੂੰਨ ਵਿੱਚ ਵਿਵਸਥਾ ਹੈ ਕਿ ਹਰ ਉਹ ਕੇਂਦਰ ਜਾਂ ਸੂਬਾ ਸਰਕਾਰ ਦਾ ਕਰਮਚਾਰੀ ਜਿਸਦੀ ਸੇਵਾ ਕਿਸੇ ਵੀ ਇਲਜ਼ਾਮ ਵਿੱਚ ਬਰਖ਼ਾਸਤ ਕੀਤੀ ਗਈ ਹੋਵੇ, ਉਹ ਪੰਜ ਸਾਲ ਤੱਕ ਚੋਣ ਨਹੀਂ ਲੜ ਸਕਦਾ।

ਵਾਰਾਣਸੀ ਦੀ ਲੋਕ ਸਭਾ ਸੀਟ ਤੋਂ ਕੁੱਲ 101 ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ ਹਨ ਜਿਨ੍ਹਾਂ ਵਿੱਚੋਂ 71 ਨਾਮਜ਼ਦਗੀ ਪੱਤਰਾਂ ਨੂੰ ਰੱਦ ਕਰ ਦਿੱਤਾ ਗਿਆ ਹੈ।

ਇਹ ਵੀਡੀਓ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)