ਗੜ੍ਹਚਿਰੌਲੀ ’ਚ ਮਾਰੇ ਗਏ ਪੁਲਿਸ ਵਾਲਿਆਂ ਦੀਆਂ ਲਾਸ਼ਾਂ ਗੱਤੇ ਦੇ ਡੱਬਿਆਂ ’ਚ ਭੇਜਣ ਦਾ ਸੱਚ

ਸੋਸ਼ਲ ਮੀਡੀਆ Image copyright Twitter

ਗੱਤੇ ਵਿੱਚ ਲਪੇਟੀਆਂ ਸੁਰੱਖਿਆ ਕਰਮੀਆਂ ਦੀਆਂ ਲਾਸ਼ਾਂ ਦੀ ਕਥਿਤ ਤਸਵੀਰ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਜਾ ਰਹੀ ਹੈ।

ਫੋਟੋ ਦੇ ਕੈਪਸ਼ਨ ਵਿੱਚ ਲਿਖਿਆ ਗਿਆ ਹੈ, "ਨਹੀਂ, ਇਹ ਕੂੜੇ ਦੇ ਬਕਸੇ ਨਹੀਂ। ਇਹ ਗੜਚਿਰੌਲੀ ਦੇ ਨਕਸਲ ਹਮਲੇ ਵਿੱਚ ਮਾਰੇ ਗਏ ਸਾਡੇ ਬਹਾਦਰ ਪੁਲਿਸ ਵਾਲਿਆਂ ਦੀਆਂ ਲਾਸ਼ਾਂ ਹਨ। ਭਾਜਪਾ ਦੀ ਰਾਸ਼ਟਰਵਾਦੀ ਸਰਕਾਰ ਸਾਡੇ ਸੁਰੱਖਿਆ ਦਸਤਿਆਂ ਨਾਲ ਇਸ ਪ੍ਰਕਾਰ ਦਾ ਵਿਹਾਰ ਕਰਦੀ ਹੈ। ਉਨ੍ਹਾਂ ਦਾ ਇੱਕੋ-ਇੱਕ ਮਕਸਦ ਅਜਿਹੇ ਦੁਖਾਂਤਾਂ ਤੋਂ ਵੋਟਾਂ ਬਟੋਰਨੀਆਂ ਹੈ। ਵੋਟ ਪਾਉਣ ਸਮੇਂ ਇਹ ਯਾਦ ਰੱਖਿਓ।"

ਬੁੱਧਵਾਰ ਨੂੰ ਮਹਾਰਾਸ਼ਟਰ ਦੇ ਗੜ੍ਹਚਿਰੌਲੀ ਵਿੱਚ ਨਕਸਲਵਾਦੀਆਂ ਵੱਲੋਂ ਕੀਤੇ ਇੱਕ ਧਮਾਕੇ ਵਿੱਚ 15 ਸੁਰੱਖਿਆ ਕਰਮੀਆਂ ਅਤੇ ਨਾਗਰਿਕਾਂ ਦੀ ਮੌਤ ਹੋ ਗਈ ਸੀ।

ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਪੁਲਿਸ ਦਾ ਇੱਕ ਕੁਇਕ ਰਿਸਪਾਂਸ ਦਸਤਾ ਮਾਓਵਾਦੀਆਂ ਵੱਲੋਂ ਅੱਗ ਦੇ ਹਵਾਲੇ ਕੀਤੇ 30 ਵਾਹਨਾਂ ਵੱਲ ਜਾ ਰਿਹਾ ਸੀ।

ਫੇਸਬੁੱਕ ਅਤੇ ਟਵਿੱਟਰ ਉੱਪਰ ਇਸ ਤਸਵੀਰ ਨੂੰ ਹਜ਼ਾਰਾਂ ਵਾਰ ਸ਼ੇਅਰ ਕੀਤਾ ਜਾ ਚੁੱਕਾ ਹੈ।

Image copyright Twitter

ਬੀਬੀਸੀ ਦੀ ਆਪਣੀ ਪੜਤਾਲ ਵਿੱਚ ਇਹ ਦਾਅਵਾ ਝੂਠਾ ਪਾਇਆ ਗਿਆ।

ਜਿਹੜੇ ਸੁਰੱਖਿਆ ਕਰਮੀਆਂ ਦੀ ਉਸ ਹਾਦਸੇ ਵਿੱਚ ਮੌਤ ਹੋਈ ਸੀ ਉਨ੍ਹਾਂ ਦੀਆਂ ਅੰਤਿਮ ਰਸਮਾਂ ਪੂਰੇ ਸਰਕਾਰੀ ਸਨਮਾਨਾਂ ਨਾਲ ਕੀਤੀਆਂ ਗਈਆਂ ਸਨ।

ਕਈ ਨਿਊਜ਼ ਸੰਗਠਨਾਂ ਨੇ ਵੀ ਉਨ੍ਹਾਂ ਦੀਆਂ ਅੰਤਿਮ ਰਸਮਾਂ ਨੂੰ ਕਵਰ ਕੀਤਾ ਸੀ।

ਉਨ੍ਹਾਂ ਦੀਆਂ ਲਾਸ਼ਾਂ ਨੂੰ ਗੱਤੇ ਵਿੱਚ ਨਹੀਂ ਸੀ ਲਪੇਟਿਆ ਗਿਆ ਜਿਵੇਂ ਕਿ ਸੋਸ਼ਲ ਮੀਡੀਆ ਉੱਪਰ ਸ਼ੇਅਰ ਕੀਤੀਆਂ ਜਾ ਰਹੀਆਂ ਤਸਵੀਰਾਂ ਵਿੱਚ ਦਾਅਵਾ ਕੀਤਾ ਗਿਆ ਹੈ।

ਤਸਵੀਰਾਂ ਦੀ ਸਚਾਈ

ਰਿਵਰਸ ਇਮੇਜ ਸਰਚ ਤੋਂ ਪਤਾ ਚਲਦਾ ਹੈ ਕਿ ਇਹ ਤਸਵੀਰ 2017 ਦੀ ਹੈ ਜਦੋਂ ਟਵਾਂਗ ਹਵਾਈ ਹਾਦਸੇ ਵਿੱਚ 7 ਸੁਰੱਖਿਆ ਕਰਮੀਆਂ ਦੀ ਮੌਤ ਹੋ ਗਈ ਸੀ।

ਅਰੁਣਾਚਲ ਪ੍ਰਦੇਸ਼ ਦੇ ਟਵਾਂਗ ਨੇੜੇ ਭਾਰਤੀ ਹਵਾਈ ਫੌਜ ਦਾ ਇੱਕ ਹੈਲੀਕੌਪਟਰ ਕਰੈਸ਼ ਕਰ ਗਿਆ ਸੀ। ਹੈਲੀਕੌਪਟਰ ਵਿੱਚ ਮੌਜੂਦ ਸਾਰੇ ਸੁਰੱਖਿਆ ਕਰਮੀਆਂ ਦੀ ਮੌਤ ਹੋ ਗਈ ਸੀ।

ਉਨ੍ਹਾਂ ਦੀਆਂ ਲਾਸ਼ਾਂ ਨੂੰ ਇਸ ਤਰ੍ਹਾਂ ਗੱਤੇ ਵਿੱਚ ਲਪੇਟ ਕੇ ਟਰਾਂਸਪੋਰਟ ਕੀਤੇ ਜਾਣ ਦੀਆਂ ਤਸਵੀਰਾਂ 'ਤੇ ਸੋਸ਼ਲ ਮੀਡੀਆ ਉੱਪਰ ਕਾਫ਼ੀ ਹੋ-ਹੱਲਾ ਹੋਇਆ ਸੀ।

ਕਈ ਵੱਡੇ ਨਿਊਜ਼ ਸੰਗਠਨਾਂ ਨੇ ਇਸ ਬਾਰੇ ਰਿਪੋਰਟ ਕੀਤਾ ਸੀ।

ਉੱਤਰੀ ਕਮਾਂਡ ਦੇ ਸਾਬਕਾ ਕਮਾਂਡਰ ਐੱਚਐੱਸ ਪਨਾਗ ਨੇ ਉਸ ਸਮੇਂ ਟਵੀਟ ਕੀਤਾ ਸੀ, "ਸੱਤ ਗੱਭਰੂ ਕੱਲ ਆਪਣੀ ਮਾਤ-ਭੂਮੀ ਦੀ ਰਾਖੀ ਲਈ ਧੁੱਪ ਵਿੱਚ ਨਿਕਲੇ ਅਤੇ ਉਹ ਇਸ ਤਰ੍ਹਾਂ ਘਰੇ ਵਾਪਸ ਆਏ।"

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕੀਤਾ:

ਮੁੱਦੇ ਦੀ ਗੰਭੀਰਤਾ ਕਾਰਨ ਫੌਜ ਦੇ ਅਡੀਸ਼ਨਲ ਡਾਇਰੈਕਟੋਰੇਟ ਆਫ਼ ਪਬਲਿਕ ਇਨਫਰਮੇਸ਼ਨ ਨੇ ਇੱਕ ਸਪਸ਼ਟੀਕਰਨ ਜਾਰੀ ਕੀਤਾ।

ਟਵੀਟ ਵਿੱਚ ਲਿਖਿਆ ਗਿਆ ਕਿ ਹੈਲੀਕੌਪਟਰ ਹਾਦਸੇ ਵਿੱਚ ਮਾਰੇ ਗਏ ਜਵਾਨਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਉਨ੍ਹਾਂ ਨੂੰ ਸਥਾਨਕ ਤਰੀਕੇ ਨਾਲ ਭੇਜਿਆ ਗਿਆ, ਇਹ ਗਲਤ ਹੈ।

ਇੱਕ ਹੋਰ ਟਵੀਟ ਵਿੱਚ ਕਿਹਾ ਗਿਆ ਹੈ ਕਿ ਮਾਰੇ ਗਏ ਫੌਜੀਆਂ ਨੂੰ ਹਮੇਸ਼ਾ ਪੂਰਾ ਫੌਜੀ ਸਤਕਾਰ ਦਿੱਤਾ ਜਾਂਦਾ ਹੈ। ਪੱਕਾ ਕੀਤਾ ਜਾਵੇਗਾ ਕਿ ਲਾਸ਼ਾਂ ਬੌਡੀ ਬੈਗਸ, ਲੱਕੜ ਦੇ ਤਾਬੂਤਾਂ ਵਿੱਚ ਹੀ ਭੇਜੀਆਂ ਜਾਣ।

ਇਹ ਵੀ ਪੜ੍ਹੋ

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)