ਰਿਤਿਕ ਦੀਆਂ ਅੱਖਾਂ 'ਚ ਬੇਸ਼ੱਕ ਰੌਸ਼ਨੀ ਨਹੀਂ ਪਰ ਹੌਂਸਲੇ ਬਲੁੰਦ ਨੇ

ਰਿਤਿਕ ਗੋਇਲ
ਫੋਟੋ ਕੈਪਸ਼ਨ ਰਿਤਿਕ ਨੇ ਬਾਰ੍ਹਵੀਂ ਜਮਾਤ ਦੀ ਪ੍ਰੀਖਿਆ ਵਿੱਚ 94.8 ਫੀਸਦੀ ਅੰਕ ਹਾਸਿਲ ਕੀਤੇ ਹਨ

ਕੁਦਰਤ ਨੇ ਭਾਵੇਂ ਅੱਖਾਂ ਦੀ ਰੌਸ਼ਨੀ ਨਹੀਂ ਦਿੱਤੀ ਪਰ ਰਿਤਿਕ ਦੇ ਹੌਂਸਲੇ ਨੇ ਉਸ ਦੀ ਜ਼ਿੰਦਗੀ ਵਿੱਚ ਹਨੇਰਾ ਨਹੀਂ ਹੋਣ ਦਿੱਤਾ।

ਚੰਡੀਗੜ੍ਹ ਨੇੜੇ ਹਰਿਆਣਾ ਦੇ ਪੰਚਕੁਲਾ ਵਿੱਚ ਰਹਿਣ ਵਾਲੇ ਰਿਤਿਕ ਗੋਇਲ ਨੇ ਸੀਬੀਐਸਸੀ ਦੀ ਬਾਰ੍ਹਵੀਂ ਜਮਾਤ ਦੀ ਪ੍ਰੀਖਿਆ ਵਿੱਚ 94.8 ਫੀਸਦੀ ਅੰਕ ਹਾਸਿਲ ਕੀਤੇ ਹਨ।

ਰਿਤਿਕ ਸਿਰਫ਼ ਆਪਣੇ ਤੁਰਨ ਫਿਰਨ ਜਿੰਨ੍ਹਾਂ ਹੀ ਦੇਖ ਸਕਦਾ ਹੈ ਯਾਨਿ ਕੁਝ ਕਦਮਾਂ ਦੀ ਦੂਰੀ ਤੱਕ।

ਉਸ ਨੇ ਚੰਡੀਗੜ੍ਹ ਦੇ ਸੈਕਟਰ 26 ਸਥਿਤ ਇੰਸਟੀਚਿਊਟ ਫਾਰ ਦਿ ਬਲਾਈਂਡ ਵਿੱਚ ਪੜ੍ਹਾਈ ਕੀਤੀ।

ਰਿਤਿਕ ਇਸ ਸੰਸਥਾ ਦੇ ਬਾਕੀ ਵਿਦਿਆਰਥੀਆਂ ਵਾਂਗ ਬਰੇਲ ਸਕ੍ਰਿਪਟ (ਨੇਤਰਹੀਣ ਵਿਦਿਆਰਥੀਆਂ ਲਈ ਤਿਆਰ ਖਾਸ ਲਿਖ਼ਤ) ਅਤੇ ਆਡੀਓ ਲੈਕਚਰਜ਼ ਰਾਹੀਂ ਪੜ੍ਹਾਈ ਕਰਦਾ ਰਿਹਾ ਹੈ।

ਇਹ ਵੀ ਪੜ੍ਹੋ-

ਫੋਟੋ ਕੈਪਸ਼ਨ ਰਿਤਿਕ ਆਪਣੇ ਇੰਸਚੀਟਿਊਟ ਵਿੱਚ ਇੰਨੇ ਵਧੀਆਂ ਅੰਕ ਹਾਸਿਲ ਕਰਨ ਵਾਲਾ ਪਹਿਲਾ ਵਿਦਿਆਰਥੀ ਹੈ

ਇਸ ਸਕੂਲ ਦੇ ਪ੍ਰਿੰਸੀਪਲ ਜਗਨਨਾਥ ਸਿੰਘ ਜਿਆਰਾ ਨੇ ਫੋਨ 'ਤੇ ਗੱਲਬਾਤ ਦੌਰਾਨ ਦੱਸਿਆ ਕਿ ਰਿਤਿਕ ਇੰਨੇ ਨੰਬਰ ਹਾਸਿਲ ਕਰਨ ਵਾਲਾ ਇਸ ਸਕੂਲ ਦਾ ਪਹਿਲਾ ਵਿਦਿਆਰਥੀ ਹੈ।

ਜਗਨਨਾਥ ਸਿੰਘ ਜਿਆਰਾ ਨੇ ਕਿਹਾ, "ਇਹ ਬੱਚੇ ਨੇਤਰਹੀਣ ਹੋ ਸਕਦੇ ਹਨ, ਦ੍ਰਿਸ਼ਟੀਹੀਣ ਨਹੀਂ।"

ਜਦੋਂ ਅਸੀਂ ਰਿਤਿਕ ਨਾਲ ਗੱਲਬਾਤ ਕਰਨ ਪਹੁੰਚੇ ਤਾਂ ਉਸ ਦੇ ਚਿਹਰੇ 'ਤੇ ਇਸ ਪ੍ਰਾਪਤੀ ਦੀ ਖੁਸ਼ੀ ਸੀ।

ਰਿਤਿਕ ਨੇ ਦੱਸਿਆ ਕਿ ਉਹ ਅਜਿਹੇ ਹੀ ਨਤੀਜੇ ਦੀ ਆਸ 'ਚ ਸੀ ਅਤੇ ਜਦੋਂ ਨਤੀਜੇ ਬਾਰੇ ਪਤਾ ਲੱਗਾ ਤਾਂ ਉਸ ਨੂੰ ਬਹੁਤ ਖੁਸ਼ੀ ਹੋਈ।

ਰਿਤਿਕ ਨੇ ਦੱਸਿਆ ਕਿ ਰਿਜ਼ਲਟ ਪਤਾ ਲੱਗਣ ਤੋਂ ਬਾਅਦ ਉਸ ਦੀ ਮਾਂ ਅਤੇ ਭੈਣ ਵੀ ਬਹੁਤ ਖੁਸ਼ ਹੋਏ।

"ਦੇਖ ਨਹੀਂ ਸਕਦਾ, ਇਸ ਲਈ ਅਵਾਜ਼ਾਂ ਤੇ ਸੰਗੀਤ ਬਹੁਤ ਪਸੰਦ ਹੈ।"

ਰਿਤਿਕ ਸਿਰਫ਼ ਪੜ੍ਹਾਈ ਵਿੱਚ ਹੀ ਚੰਗਾ ਨਹੀਂ ਬਲਕਿ ਬਹੁਤ ਸੋਹਣੀ ਸਿਤਾਰ ਵੀ ਵਜਾਉਦਾ ਹੈ।

ਫੋਟੋ ਕੈਪਸ਼ਨ ਰਿਤਿਕ ਆਪਣੀ ਮਾਂ ਅਤੇ ਭੈਣ ਨਾਲ ਰਹਿੰਦਾ ਹੈ

ਉਸ ਨੇ ਸਿਤਾਰ ਮਿਊਜ਼ਕ ਆਪਣੀ ਨੌਵੀਂ-ਦਸਵੀਂ ਤੱਕ ਦੀ ਪੜ੍ਹਾਈ ਵਿੱਚ ਸਿੱਖਿਆ ਹੈ।

ਜਦੋਂ ਬੀਬੀਸੀ ਦੀ ਟੀਮ ਉਸ ਨਾਲ ਗੱਲਬਾਤ ਕਰਨ ਪਹੁੰਚੀ ਤਾਂ ਉਸ ਨੇ ਬੜੇ ਚਾਅ ਨਾਲ ਸਿਤਾਰ ਵਜਾਈ।

ਰਿਤਿਕ ਨੇ ਜਦੋਂ ਸਿਤਾਰ ਦੀਆਂ ਧੁਨਾਂ ਛੇੜੀਆਂ ਤਾਂ ਮਾਹੌਲ ਬਹੁਤ ਖੁਸ਼ਨੁਮਾ ਹੋ ਗਿਆ ਅਤੇ ਸੰਗੀਤ ਦੀਆਂ ਧੁਨਾਂ ਤੇ ਰਿਤਿਕ ਦੇ ਚਿਹਰੇ ਤੋਂ ਸਕਰਾਤਮਕ ਊਰਜਾ ਦਾ ਸੰਚਾਰ ਹੋ ਰਿਹਾ ਸੀ।

ਰਿਤਿਕ ਨੇ ਕਿਹਾ, "ਆਲੇ-ਦੁਆਲੇ ਵਿੱਚ ਕੀ ਹੋ ਰਿਹਾ ਹੈ ਇਸ ਸਭ ਅਵਾਜ਼ਾਂ ਰਾਹੀਂ ਸੁਣ ਕੇ ਹੀ ਮੈਂ ਸਮਝ ਸਕਦਾ ਹਾਂ ਅਤੇ ਮਹਿਸੂਸ ਕਰਦਾ ਹਾਂ, ਪੜ੍ਹਾਈ ਵੀ ਆਡੀਓ ਲੈਕਚਰਜ਼ ਰਾਹੀਂ ਹੁੰਦੀ ਹੈ।"

ਰਿਤਿਕ ਨੇ ਦੱਸਿਆ ਕਿ ਉਸ ਨੂੰ ਸੁਣਨਾ ਬਹੁਤ ਪਸੰਦ ਹੈ।

ਇਹ ਵੀ ਪੜ੍ਹੋ

ਫੋਟੋ ਕੈਪਸ਼ਨ ਰਿਤਿਕ ਨੂੰ ਸਿਤਾਰ ਵਜਾਉਣ ਅਤੇ ਸ਼ਤਰੰਜ ਖੇਡਣ ਦਾ ਵੀ ਸ਼ੌਂਕ ਹੈ

ਰਿਤਿਕ ਨੇ ਕਿਹਾ, "ਮੈਨੂੰ ਗਾਉਣਾ ਪਸੰਦ ਨਹੀਂ ਪਰ ਕਿਉਂਕਿ ਸਿਤਾਰ ਦੀ ਅਵਾਜ਼ ਬਹੁਤ ਭਾਉਂਦੀ ਹੈ ਇਸ ਲਈ ਸਿਤਾਰ ਵਜਾਉਂਦਾ ਹਾਂ।"

ਰਿਤਿਕ ਮੋਬਾਈਲ ਫੋਨ ਦਾ ਵੀ ਇਸਤੇਮਾਲ ਕਰਦਾ ਹੈ। ਭਾਵੇਂ ਦੇਖ ਕੇ ਨਹੀਂ ਪਰ ਜੋਤਹੀਣ ਲੋਕਾਂ ਲਈ ਬਣੀਆਂ ਮੋਬਾਈਲ ਐਪਲੀਕੇਸ਼ਨਜ਼ ਜ਼ਰੀਏ, ਜੋ ਸਕਰੀਨ ਨੂੰ ਪੜ੍ਹ ਕੇ ਸੁਣਾਉਂਦੀਆਂ ਹਨ ਅਤੇ ਜੋਤਹੀਣ ਯੂਜ਼ਰ ਫੋਨ ਇਸਤੇਮਾਲ ਕਰ ਸਕਦਾ ਹੈ।

ਸ਼ਤਰੰਜ ਦਾ ਖਿਡਾਰੀ

ਸਿਤਾਰ ਹੀ ਨਹੀਂ, ਰਿਤਿਕ ਗੋਇਲ ਸ਼ਤਰੰਜ ਦਾ ਵੀ ਖਿਡਾਰੀ ਹੈ। ਉਸ ਨੇ ਆਪਣਾ ਸ਼ਤਰੰਜ ਬੋਰਡ ਵੀ ਦਿਖਾਇਆ ਜੋ ਕਿ ਆਮ ਨਾਲੋਂ ਵੱਖਰਾ ਸੀ। ਜੋਤਹੀਣ ਖਿਡਾਰੀਆਂ ਲਈ ਖਾਸ ਸ਼ਤਰੰਜ ਬੋਰਡ ਹੁੰਦਾ ਹੈ ਤਾਂ ਜੋ ਉਹ ਉਂਗਲਾ ਦੇ ਪੋਟਿਆਂ ਨਾਲ ਟੋਹ ਕੇ ਖੇਡ ਸਕਣ।

ਰਿਤਿਕ ਆਲ ਇੰਡੀਆ ਚੈਸ ਫੈਡਰੇਸ਼ਨ ਫਾਰ ਦਿ ਬਲਾਈਂਡ ਵੱਲੋਂ ਕਰਵਾਏ ਜਾਂਦੇ ਕਈ ਮੁਕਾਬਲਿਆਂ ਵਿੱਚ ਵੀ ਹਿੱਸਾ ਲੈ ਚੁੱਕਿਆ ਹੈ। ਵਿਹਲੇ ਸਮੇਂ ਵਿੱਚ ਰਿਤਿਕ ਅਕਸਰ ਸ਼ਤਰੰਜ ਖੇਡਣਾ ਪਸੰਦ ਕਰਦਾ ਹੈ।

"ਜੋਤਹੀਣ ਬੱਚਿਆਂ ਲਈ ਐਜੁਕੇਸ਼ਨ ਬਹੁਤ ਅਹਿਮ ਹੈ"

ਰਿਤਿਕ ਦਾ ਸੁਫ਼ਨਾ ਇੱਕ ਆਈਏਐਸ ਅਫ਼ਸਰ ਬਣਨ ਦਾ ਹੈ। ਉਹ ਗ੍ਰੈਜੁਏਸ਼ਨ ਦੀ ਪੜ੍ਹਾਈ ਦੇ ਨਾਲ-ਨਾਲ ਯੂਪੀਐਸਸੀ ਦੀ ਕੋਚਿੰਗ ਲੈਣ ਬਾਰੇ ਸੋਚ ਰਿਹਾ ਹੈ।

ਰਿਤਿਕ ਨੇ ਕਿਹਾ, "ਮੈਨੂੰ ਕਦੇ ਅਜਿਹਾ ਨਹੀਂ ਲੱਗਿਆ ਕਿ ਮੈਂ ਜੋਤਹੀਣ ਹਾਂ ਤਾਂ ਮੈਂ ਕੁਝ ਨਹੀਂ ਕਰ ਸਕਦਾ। ਮੈਂ ਜ਼ਿੰਦਗੀ ਵਿੱਚ ਕੁਝ ਵੀ ਕਰ ਸਕਦਾ ਹਾਂ।"

ਫੋਟੋ ਕੈਪਸ਼ਨ ਰਿਤਿਕ ਗੋਇਲ ਨੇ ਬਰੇਲ ਸਕ੍ਰਿਪਟ ਦੀ ਮਦਦ ਨਾਲ ਪੜ੍ਹਾਈ ਕੀਤੀ ਹੈ

ਰਿਤਿਕ ਨੇ ਅੱਗੇ ਕਿਹਾ, "ਜੋਤਹੀਣ ਲੋਕਾਂ ਲਈ ਪੜ੍ਹਾਈ ਦੀ ਅਹਿਮੀਅਤ ਬਾਕੀ ਲੋਕਾਂ ਨਾਲੋਂ ਵਧ ਜਾਂਦੀ ਹੈ। ਜੇ ਕੋਈ ਜੋਤਰਹੀਣ ਬੱਚਾ ਪੜ੍ਹਾਈ ਵਿੱਚ ਰੁਚੀ ਨਹੀਂ ਰੱਖਦਾ ਉਸ ਲਈ ਜ਼ਿੰਦਗੀ ਦੀਆਂ ਔਕੜਾਂ ਦਾ ਸਾਹਮਣਾ ਕਰਨਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ।"

ਜੋਤਹੀਣ ਮਾਂ ਅਤੇ ਛੋਟੀ ਭੈਣ ਦਾ ਸਾਥ

ਰਿਤਿਕ ਦੀ ਮਾਂ ਮੰਜੂ ਵੀ ਜੋਤਹੀਣ ਹਨ ਅਤੇ ਹਰਿਆਣਾ ਵਿੱਚ ਸਰਕਾਰੀ ਮੁਲਾਜ਼ਮ ਹਨ। ਰਿਤਿਕ ਨੇ ਦੱਸਿਆ ਕਿ ਉਸ ਨੂੰ ਆਪਣੀ ਮਾਂ ਤੋਂ ਹਮੇਸ਼ਾ ਜ਼ਿੰਦਗੀ ਵਿੱਚ ਅੱਗੇ ਵਧਣ ਦੀ ਪ੍ਰੇਰਨਾ ਮਿਲਦੀ ਹੈ।

ਇਹ ਵੀ ਪੜ੍ਹੋ-

ਇਹ ਵੀਡੀਓ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)