ਕੀ ਮੋਦੀ ਸਰਕਾਰ ਨੇ ਚੋਰੀਓਂ ਵਿਦੇਸ਼ ਭੇਜਿਆ 200 ਟਨ ਸੋਨਾ- ਫੈਕਟ ਚੈੱਕ

ਨਰਿੰਦਰ ਮੋਦੀ Image copyright Getty Images

ਸੋਸ਼ਲ ਮੀਡੀਆ 'ਤੇ ਕੁਝ ਲੋਕ ਇਹ ਦਾਅਵਾ ਕਰ ਰਹੇ ਹਨ ਕਿ 'ਮੋਦੀ ਸਰਕਾਰ ਨੇ ਆਉਂਦੇ ਹੀ ਰਿਜ਼ਰਵ ਬੈਂਕ ਦਾ 200 ਟਨ ਸੋਨਾ ਚੋਰੀ-ਛਿਪੇ ਵਿਦੇਸ਼ ਭੇਜ ਦਿੱਤਾ ਸੀ।'

ਬੀਬੀਸੀ ਦੇ ਬਹੁਤ ਸਾਰੇ ਪਾਠਕਾਂ ਨੇ ਵੱਟਸਐਪ ਜ਼ਰੀਏ ਸਾਨੂੰ ਉਨ੍ਹਾਂ ਅਖ਼ਬਾਰਾਂ ਦੀ ਕਟਿੰਗ ਅਤੇ ਵੈੱਬਸਾਈਟਾਂ ਦੇ ਸਕ੍ਰੀਨਸ਼ਾਟ ਭੇਜੇ ਹਨ ਜਿਨ੍ਹਾਂ ਵਿੱਚ ਲਿਖਿਆ ਹੈ ਕਿ 'ਮੋਦੀ ਸਰਕਾਰ ਨੇ ਰਿਜ਼ਰਵ ਬੈਂਕ ਦਾ 200 ਟਨ ਸੋਨਾ ਚੋਰੀਓਂ ਵਿਦੇਸ਼ ਭੇਜ ਦਿੱਤਾ ਹੈ।'

ਬਹੁਤ ਸਾਰੇ ਲੋਕਾਂ ਨੇ ਦੈਨਿਕ ਨੈਸ਼ਨਲ ਹੇਰਾਲਡ ਦੀ ਸਟੋਰੀ ਦਾ ਉਹ ਲਿੰਕ ਸਾਨੂੰ ਭੇਜਿਆ ਜਿਸ ਨੂੰ ਕਾਂਗਰਸ ਪਾਰਟੀ ਦੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਵੀ ਟਵੀਟ ਕੀਤਾ ਗਿਆ ਹੈ।

ਫੋਟੋ ਕੈਪਸ਼ਨ ਬੀਬੀਸੀ ਦੇ ਪਾਠਕਾਂ ਨੇ ਇਸ ਤਰ੍ਹਾਂ ਦੇ ਕਈ ਵੈੱਬਸਾਈਟ ਲਿੰਕ ਭੇਜ ਕੇ 200 ਟਨ ਸੋਨਾ ਵਿਦੇਸ਼ ਭੇਜਣ ਦੀ ਸੱਚਾਈ ਜਾਨਣੀ ਚਾਹੀ
Image copyright Twitter

ਸੋਸ਼ਲ ਮੀਡੀਆ 'ਤੇ ਸੈਂਕੜੇ ਵਾਰ ਸ਼ੇਅਰ ਕੀਤੀ ਜਾ ਚੁੱਕੀ ਨੈਸ਼ਨਲ ਹੈਰਾਲਡ ਦੀ ਇਹ ਰਿਪੋਰਟ ਨਵਨੀਤ ਚਤੁਰਵੇਦੀ ਨਾਮ ਦੇ ਇੱਕ ਸ਼ਖ਼ਸ ਦੇ ਇਲਜ਼ਾਮਾਂ ਦੇ ਆਧਾਰ 'ਤੇ ਲਿਖੀ ਗਈ ਹੈ।

ਅਖ਼ਬਾਰ ਨੇ ਲਿਖਿਆ ਹੈ, "ਕੀ ਮੋਦੀ ਸਰਕਾਰ ਨੇ 2014 ਵਿੱਚ ਸੱਤਾ ਸੰਭਾਲਦੇ ਹੀ ਦੇਸ ਦਾ 200 ਟਨ ਸੋਨਾ ਸਵਿੱਟਜ਼ਰਲੈਂਡ ਭੇਜਿਆ!"

ਪਰ ਰਿਜ਼ਰਵ ਬੈਂਕ ਆਫ਼ ਇੰਡੀਆ ਮੁਤਾਬਕ ਇਹ ਦਾਅਵਾ ਬਿਲਕੁਲ ਗ਼ਲਤ ਹੈ।

ਰਿਜ਼ਰਵ ਬੈਂਕ ਦੇ ਚੀਫ਼ ਜਨਰਲ ਮੈਨੇਜਰ ਯੋਗੇਸ਼ ਦਿਆਲ ਦਾ ਕਹਿਣਾ ਹੈ ਕਿ ਸਾਲ 2014 ਵਿੱਚ ਜਾਂ ਉਸ ਤੋਂ ਬਾਅਦ ਰਿਜ਼ਰਵ ਬੈਂਕ ਨੇ ਆਪਣੇ ਗੋਲਡ ਰਿਜ਼ਰਵ ਤੋਂ ਕੋਈ ਹਿੱਸਾ ਵਿਦੇਸ਼ ਨਹੀਂ ਭੇਜਿਆ।

Image copyright National Herald

ਅਫਵਾਹ ਅਤੇ ਇਲਜ਼ਾਮ...

ਦੱਖਣੀ ਦਿੱਲੀ ਲੋਕ ਸਭਾ ਸੀਟ ਤੋਂ ਨਾਮਜ਼ਦਗੀ ਦਾਖ਼ਲ ਕਰ ਚੁੱਕੇ 'ਨੈਸ਼ਨਲ ਯੂਥ ਪਾਰਟੀ' ਦੇ ਉਮੀਦਵਾਰ ਨਵਨੀਤ ਚਤੁਰਵੇਦੀ ਨੇ 1 ਮਈ 2019 ਯਾਨਿ ਬੁੱਧਵਾਰ ਨੂੰ ਇੱਕ ਬਲਾਗ ਲਿਖਿਆ ਸੀ।

ਇਸ ਬਲਾਗ ਵਿੱਚ ਉਨ੍ਹਾਂ ਨੇ ਇਲਜ਼ਾਮ ਲਗਾਇਆ ਸੀ ਕਿ ਮੋਦੀ ਸਰਕਾਰ ਨੇ ਵਿਰੋਧੀ ਧਿਰ ਨੂੰ ਜਾਣਕਾਰੀ ਦਿੱਤੇ ਬਿਨਾਂ ਹੋਰ ਕੋਈ ਸੂਚਨਾ ਜਨਤਕ ਕੀਤੇ ਬਿਨਾਂ ਰਿਜ਼ਰਵ ਬੈਂਕ ਦਾ 200 ਟਨ ਸੋਨਾ ਵਿਦੇਸ਼ ਭੇਜ ਦਿੱਤਾ।

ਇਹ ਵੀ ਪੜ੍ਹੋ:

ਖ਼ੁਦ ਨੂੰ ਇੱਕ ਆਜ਼ਾਦ ਖੋਜੀ ਪੱਤਰਕਾਰ ਅਤੇ ਲੇਖਕ ਦੱਸਣ ਵਾਲੇ ਨਵਨੀਤ ਨੇ ਆਪਣੇ ਬਲਾਗ ਵਿੱਚ ਦਾਅਵਾ ਕੀਤਾ ਹੈ ਕਿ ਮੋਦੀ ਸਰਕਾਰ ਨੇ ਦੇਸ ਦਾ ਇਹ ਸੋਨਾ ਵਿਦੇਸ਼ ਵਿੱਚ ਗਹਿਣੇ ਰੱਖ ਦਿੱਤਾ ਹੈ।

ਬੀਬੀਸੀ ਨਾਲ ਗੱਲਬਾਤ ਕਰਦੇ ਹੋਏ ਨਵਨੀਤ ਨੇ ਕਿਹਾ ਕਿ ਲਿੰਕਡਿਨ ਨਾਮ ਦੀ ਮਾਈਕਰੋ-ਬਲੌਗਿੰਗ ਸਾਈਟ 'ਤੇ ਉਨ੍ਹਾਂ ਨੇ ਇਹ ਬਲਾਗ ਆਰਟੀਆਈ ਦੇ ਜ਼ਰੀਏ ਮਿਲੀ ਸੂਚਨਾ ਦੇ ਆਧਾਰ 'ਤੇ ਲਿਖਿਆ ਹੈ।

ਨਵਨੀਤ ਨੇ ਆਪਣੇ ਬਲਾਗ ਵਿੱਚ ਆਰਟੀਆਈ ਦੀ ਜਿਹੜੀ ਕਾਪੀ ਸ਼ੇਅਰ ਕੀਤੀ ਹੈ, ਉਸਦੇ ਮੁਤਾਬਕ ਰਿਜ਼ਰਵ ਬੈਂਕ ਨੇ ਇਹ ਸੂਚਨਾ ਦਿੱਤੀ ਸੀ ਕਿ ਭਾਰਤ ਦਾ 268.01 ਟਨ ਸੋਨਾ 'ਬੈਂਕ ਆਫ਼ ਇੰਗਲੈਡ' ਅਤੇ 'ਬੈਂਕ ਆਫ਼ ਇੰਟਰਨੈਸ਼ਨਲ ਸੇਟਲਮੈਂਟਸ' ਦੀ ਸੇਫ਼ ਕਸਟਡੀ ਵਿੱਚ ਹੈ।

ਪਰ ਇਹ ਕੋਈ ਲੁਕੀ ਹੋਈ ਜਾਣਕਾਰੀ ਨਹੀਂ ਹੈ। ਰਿਜ਼ਰਵ ਬੈਂਕ ਆਫ਼ ਇੰਡੀਆ ਦੀ ਅਧਿਕਾਰਤ ਵੈੱਬਸਾਈਟ 'ਤੇ 6 ਜੁਲਾਈ 2018 ਨੂੰ 'ਫੌਰਨ ਐਕਸਚੇਂਜ ਰਿਜ਼ਰਵਜ਼' 'ਤੇ ਇੱਕ ਰਿਪੋਰਟ ਛਪੀ ਸੀ ਜਿਸ ਵਿੱਚ ਇਸ ਗੱਲ ਦਾ ਸਾਫ਼ ਤੌਰ 'ਤੇ ਜ਼ਿਕਰ ਹੈ।

ਵਿਦੇਸ਼ ਵਿੱਚ ਮੌਜੂਦ ਭਾਰਤੀ ਸੋਨਾ

ਸੋਸ਼ਲ ਮੀਡੀਆ 'ਤੇ ਨਵਨੀਤ ਚਤੁਰਵੇਦੀ ਵੱਲੋਂ ਸ਼ੇਅਰ ਕੀਤੀ ਗਈ ਆਰਬੀਆਈ ਦੀ ਪੁਰਾਣੀ ਬੈਲੇਂਸ-ਸ਼ੀਟ ਵੀ ਸ਼ੇਅਰ ਕੀਤੀ ਜਾ ਰਹੀ ਹੈ।

ਇਹ ਵੀ ਕੋਈ ਗੁਪਤ ਜਾਣਕਾਰੀ ਨਹੀਂ ਹੈ। ਆਰਬੀਆਈ ਦੀ ਸਾਈਟ 'ਤੇ ਇਨ੍ਹਾਂ ਬੈਲੇਂਸ-ਸ਼ੀਟਸ ਨੂੰ ਵੀ ਪੜ੍ਹਿਆ ਜਾ ਸਕਦਾ ਹੈ।

Image copyright Getty Images

ਨਵਨੀਤ ਨੇ ਕਿਹਾ, "ਸਾਲ 2014 ਤੋਂ ਪਹਿਲਾਂ ਦੀ ਬੈਲੇਂਸ-ਸ਼ੀਟ ਵਿੱਚ ਇਹ ਸਾਫ਼ ਲਿਖਿਆ ਹੋਇਆ ਹੈ ਕਿ ਵਿਦੇਸ਼ ਵਿੱਚ ਰੱਖੇ ਹੋਏ ਭਾਰਤੀ ਗੋਲਡ ਰਿਜ਼ਰਵ ਦੀ ਕੀਮਤ ਜ਼ੀਰੋ ਹੈ ਜਦਕਿ 2014-15 ਦੀ ਬੈਲੇਂਸ-ਸ਼ੀਟ ਵਿੱਚ ਅਜਿਹਾ ਨਹੀਂ ਹੈ।"

ਪਰ ਅਸੀਂ ਇਹ ਦੇਖਿਆ ਕਿ ਵਿੱਤੀ ਸਾਲ 2013-14 ਅਤੇ 2014-15 ਵਿਚਾਲੇ ਬੈਲੇਂਸ-ਸ਼ੀਟ ਦਾ ਫਾਰਮੈਟ ਬਦਲਣ ਦੇ ਕਾਰਨ ਇਹ ਗ਼ਲਤ ਜਾਣਕਾਰੀ ਫੈਲੀ ਹੈ।

ਆਰਬੀਆਈ ਦੇ ਸੀਨੀਅਰ ਅਧਿਕਾਰੀ ਯੋਗੇਸ਼ ਦਿਆਲ ਮੁਤਾਬਕ ਦੁਨੀਆਂ ਭਰ ਦੇ ਕੇਂਦਰੀ ਬੈਂਕਾਂ ਦੇ ਲਈ ਇਹ ਇੱਕ ਆਮ ਗੱਲ ਹੈ ਕਿ ਉਹ ਆਪਣੇ ਗੋਲਡ ਰਿਜ਼ਰਵ ਨੂੰ ਸੁਰੱਖਿਅਤ ਰੱਖਣ ਦੇ ਲਈ ਉਸ ਨੂੰ 'ਬੈਂਕ ਆਫ਼ ਇੰਗਲੈਡ' ਵਰਗੇ ਹੋਰ ਦੇਸਾਂ ਦੇ ਸੈਂਟਰਲ ਬੈਂਕਾਂ ਵਿੱਚ ਰੱਖੇ ਰਹਿਣ ਦਿਓ।

ਇਹ ਵੀ ਪੜ੍ਹੋ:

ਵਿਦੇਸ਼ਾਂ ਵਿੱਚ ਮੌਜੂਦ ਗੋਲਡ ਰਿਜ਼ਰਵ ਦੇ ਬਾਰੇ ਅਸੀਂ ਕਰੰਸੀ ਐਕਸਪਰਟ ਐਨ ਸੁਬਰਾਮਣੀਅਮ ਨਾਲ ਗੱਲਬਾਤ ਕੀਤੀ।

ਉਨ੍ਹਾਂ ਨੇ ਦੱਸਿਆ ਕਿ ਜਿਹੜਾ ਸੋਨਾ ਵਿਦੇਸ਼ੀ ਬੈਂਕਾਂ ਵਿੱਚ ਰੱਖਿਆ ਹੋਇਆ ਹੈ, ਉਹ ਗਹਿਣੇ ਹੀ ਰੱਖਿਆ ਗਿਆ ਹੋਵੇ, ਅਜਿਹਾ ਨਹੀਂ ਹੈ।

ਦੁਨੀਆਂ ਭਰ ਵਿੱਚ ਇਹ ਇੱਕ ਆਮ ਪ੍ਰਕਿਰਿਆ ਹੈ ਕਿ ਜਦੋਂ ਕੋਈ ਦੇਸ ਦੂਜੇ ਦੇਸਾਂ ਤੋਂ ਸੋਨਾ ਖਰੀਦਦਾ ਹੈ ਤਾਂ ਉਹ ਉਨ੍ਹਾਂ ਦੇਸਾਂ ਦੇ ਸੈਂਟਰਲ ਬੈਂਕ ਦੀ ਸੇਫ਼ ਕਸਟਡੀ ਵਿੱਚ ਉਸ ਨੂੰ ਰਖਵਾ ਦਿੰਦਾ ਹੈ, ਭਾਵੇਂ ਉਹ ਯੂਕੇ ਹੋਵੇ ਜਾਂ ਅਮਰੀਕਾ।

ਐਨ ਸੁਬਰਾਮਣੀਅਮ ਕਹਿੰਦੇ ਹਨ ਕਿ ਅਜਿਹੇ ਮਾਮਲਿਆਂ ਵਿੱਚ ਜਿਹੜਾ ਸੋਨਾ ਵਿਦੇਸ਼ ਵਿੱਚ ਰੱਖਿਆ ਹੁੰਦਾ ਹੈ, ਉਹ ਅਸਲ ਵਿੱਚ ਕਹਾਏਗਾ ਤਾਂ ਉਸੇ ਦੇਸ ਦਾ ਜਿਸ ਨੇ ਉਸ ਨੂੰ ਖਰੀਦਿਆ ਹੈ।

ਸਤੰਬਰ 2018 ਵਿੱਚ ਆਰਬੀਆਈ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਮੁਤਾਬਕ ਮੌਜੂਦਾ ਸਮੇਂ ਵਿੱਚ ਭਾਰਤ ਦੇ ਕੋਲ 586.44 ਟਨ ਸੋਨਾ ਹੈ ਜਿਸ ਵਿੱਚ 294.14 ਟਨ ਸੋਨਾ ਵਿਦੇਸ਼ੀ ਬੈਂਕਾਂ ਵਿੱਚ ਰੱਖਿਆ ਹੋਇਆ ਹੈ।

ਆਰਬੀਆਈ ਦੇ ਮੁਤਾਬਕ ਇਸ ਨੂੰ ਗਹਿਣੇ ਰੱਖਿਆ ਹੋਇਆ ਸੋਨਾ ਨਹੀਂ ਕਿਹਾ ਜਾ ਸਕਦਾ।

1991 ਵਿੱਚ ਭਾਰਤ ਨੇ ਸੋਨਾ ਗਹਿਣੇ ਰੱਖਿਆ ਸੀ

ਖਾੜੀ ਯੁੱਧ ਤੋਂ ਬਾਅਦ ਵਿਸ਼ਵ ਪੱਧਰ 'ਤੇ ਕੱਚੇ ਤੇਲ ਦੀਆਂ ਵੱਧਦੀਆਂ ਕੀਮਤਾਂ ਅਤੇ ਘਰੇਲੂ ਸਿਆਸੀ ਅਨਿਸ਼ਚਤਤਾ ਵਿਚਾਲੇ ਸਾਲ 1991 ਵਿੱਚ ਭਾਰਤ ਨੂੰ ਵਿਦੇਸ਼ੀ ਮੁਦਰਾ ਨੂੰ ਭਾਰੀ ਕਮੀ ਦਾ ਸਾਹਮਣਾ ਕਰਨਾ ਪਿਆ ਸੀ।

ਉਸ ਸਮੇਂ ਭਾਰਤ ਦੇ ਅਜਿਹੇ ਆਰਥਿਕ ਹਾਲਾਤ ਬਣ ਗਏ ਸਨ ਕਿ ਉਹ ਕੁਝ ਹੀ ਹਫ਼ਤਿਆਂ ਦੀ ਦਰਾਮਦਗੀ ਨੂੰ ਵਿੱਤੀ ਮਦਦ ਮੁਹੱਈਆ ਕਰਵਾ ਸਕਦਾ ਸੀ।

ਉਸ ਹਾਲਾਤ ਵਿੱਚ ਵਿਦੇਸ਼ੀ ਮੁਦਰਾ ਇਕੱਠੀ ਕਰਨ ਲਈ ਭਾਰਤ ਨੂੰ 67 ਟਨ ਸੋਨਾ ਬੈਂਕ ਆਫ਼ ਇੰਗਲੈਂਡ ਵਿੱਚ ਗਹਿਣੇ ਰੱਖਣਾ ਪਿਆ ਸੀ।

ਤੁਹਾਨੂੰ ਇਹ ਵੀਡੀਓਜ਼ ਵੀ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)