ਕੀ ਹੈ ਬਠਿੰਡਾ ਹਲਕੇ ਦਾ ਹਾਲ, ਕੀ ਨੇ ਮੁੱਦੇ ਅਤੇ ਕੀ ਕਹਿੰਦੇ ਨੇ ਉਮੀਦਵਾਰ — ਗਰਾਊਂਡ ਰਿਪੋਰਟ

  • ''ਮੇਰੀਆਂ ਤਿੰਨ ਧੀਆਂ ਵਿਚੋਂ ਇੱਕ ਬੀਏ ਪਾਸ ਹੈ, ਦੂਜੀ ਨੇ ਕੰਪਿਊਟਰ ਕੋਰਸ ਕੀਤਾ ਹੈ, ਮੈਂਖੇਤਾਂ 'ਚ ਕੰਮ ਕਰ ਕੇ ਉਨ੍ਹਾਂ ਨੂੰ ਪੜ੍ਹਾਇਆ ਹੈ ਪਰ ਉਹ ਬੇਰੁਜ਼ਗਾਰ ਹਨ''
  • ''ਆਗੂਆਂ ਨੇ ਕਿਸਾਨ ਖ਼ੁਦਕੁਸ਼ੀਆਂ ਬਾਰੇ ਕਾਫ਼ੀ ਗੱਲਾਂ ਕੀਤੀਆਂ ਪਰ ਕਿਸਾਨਾਂ ਦੀ ਬਾਂਹ ਫੜਨ ਕੋਈ ਵੀ ਅੱਗੇ ਨਹੀਂ ਆਇਆ''
  • ''ਦਲਿਤਾਂ ਨੂੰ ਆਪਣੀ ਹੀ ਜ਼ਮੀਨ 'ਚ ਵੜਨ ਨਹੀਂ ਦਿੱਤਾ ਜਾਂਦਾ ਦੱਸੋ ਅਸੀਂ ਰੋਟੀ ਕਿੱਥੋਂ ਖਾਈਏ''
  • ''ਸਿਆਸੀ ਆਗੂ ਪਿੰਡ 'ਚ ਆਉਂਦੇ ਤਾਂ ਹਨ ਪਰ ਸੁਰੱਖਿਆ ਅਮਲਾ ਮਿਲਣ ਨਹੀਂ ਦਿੰਦਾ। ਨਸ਼ਾ, ਬੇਰੁਜ਼ਗਾਰੀ ਮੁੱਖ ਮੁੱਦੇ ਹਨ''
  • ''ਸਾਨੂੰ ਚੋਣ ਸ਼ਬਦ ਤੋਂ ਹੀ ਨਫ਼ਰਤ ਹੈ,ਅਸੀਂ ਜ਼ਿੰਦਗੀ ਜੀਅ ਨਹੀਂ ਬਲਕਿ ਕੱਟ ਰਹੇ ਹਾਂ''

ਇਹ ਟਿੱਪਣੀਆਂ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਵਿੱਚੋਂ ਸਿਆਸੀ ਤੌਰ 'ਤੇ ਅਹਿਮ ਸਮਝੇ ਜਾਂਦੇ ਬਠਿੰਡਾ ਹਲਕੇ ਦੇ ਲੋਕਾਂ ਦੀਆਂ ਹਨ।

ਇੱਥੋਂ ਦੋ ਵਾਰ ਲੋਕ ਸਭਾ ਮੈਂਬਰ ਜਿੱਤੇ ਅਤੇ ਮੌਜੂਦਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦਾ ਦਿੱਲੀ ਦਾ ਰਾਹ ਰੋਕਣ ਲਈ ਕਾਂਗਰਸ ਨੇ ਨੌਜਵਾਨ ਆਗੂ ਅਤੇ ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ।

ਇਹ ਵੀ ਪੜ੍ਹੋ:

ਆਮ ਆਦਮੀ ਪਾਰਟੀ ਵੱਲੋਂ ਬਲਜਿੰਦਰ ਕੌਰ ਅਤੇ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਚੋਣ ਮੈਦਾਨ ਵਿਚ ਡਟੇ ਹੋਏ ਹਨ।

ਬਠਿੰਡਾ ਦੀ ਇਹ ਸੀਟ ਬਾਦਲ ਪਰਿਵਾਰ ਲਈ ਵੱਕਾਰੀ ਸੀਟ ਬਣੀ ਹੋਈ ਹੈ, ਇਸ ਕਰਕੇ ਹਰਸਿਮਰਤ ਕੌਰ ਬਾਦਲ ਨੇ ਚੋਣ ਪ੍ਰਚਾਰ ਲਈ ਦਿਨ ਰਾਤ ਇੱਕ ਕੀਤਾ ਹੋਇਆ ਹੈ।

ਫੋਟੋ ਕੈਪਸ਼ਨ ''ਨੇਤਾ ਪਿੰਡ 'ਚ ਆਉਂਦੇ ਤਾਂ ਹਨ ਪਰ ਸੁਰੱਖਿਆ ਅਮਲਾ ਮਿਲਣ ਨਹੀਂ ਦਿੰਦਾ। ਨਸ਼ਾ, ਬੇਰੁਜ਼ਗਾਰੀ ਮੁੱਖ ਮੁਦੇ ਹਨ''

ਇਨ੍ਹਾਂ ਆਗੂਆਂ ਤੋਂ ਚੋਣ ਪ੍ਰਚਾਰ ਦੌਰਾਨ ਬੇਰੁਜ਼ਗਾਰੀ, ਨਸ਼ੇ, ਬੁਨਿਆਦੀ ਸਹੂਲਤਾਂ ਜਿਵੇਂ ਪਾਣੀ, ਸਿੱਖਿਆ ਅਤੇ ਸਿਹਤ ਸਹੂਲਤਾਂ ਵਰਗੇ ਮੁੱਦਿਆਂ ਦਾ ਜਵਾਬ ਮੰਗਦੇ ਆਮ ਲੋਕ ਅਕਸਰ ਦੇਖੇ ਜਾ ਸਕਦੇ ਹਨ।

ਉਹ ਗੱਲ ਵੱਖ ਹੈ ਕਿ ਤਕਰੀਬਨ ਸਾਰੇ ਹੀ ਆਗੂ ਮੁੱਦਿਆਂ ਨੂੰ ਤਰਜੀਹ ਘੱਟ ਦੇ ਕੇ ਇੱਕ ਦੂਜੇ 'ਤੇ ਸਿਆਸੀ ਦੂਸ਼ਣਬਾਜ਼ੀ ਕਰਦੇ ਜ਼ਿਆਦਾ ਦਿਖੇ।

ਕਿੰਨੀ ਔਖ਼ੀ ਹੈ ਹਰਸਿਮਰਤ ਬਾਦਲ ਦੀ ਲੜਾਈ

ਬੁਢਲਾਡਾ ਵਿਧਾਨ ਸਭਾ ਹਲਕੇ ਦੇ ਪਿੰਡ ਅੱਕਾਂਵਾਲੀ ਵਿੱਚ ਬਠਿੰਡਾ ਦੀ ਮੌਜੂਦਾ ਸੰਸਦ ਮੈਂਬਰ ਅਤੇ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਨੇ ਚੋਣ ਪ੍ਰਚਾਰ ਲਈ ਆਉਣਾ ਸੀ।

ਦੋ ਸੌ ਦੇ ਕਰੀਬ ਲੋਕਾਂ ਦਾ ਇਕੱਠ ਸੀ, ਜਿਸ ਵਿਚ ਪੰਜਾਹ ਕੁ ਔਰਤਾਂ ਵੀ ਸਨ ਅਤੇ ਬਾਕੀ ਪੁਲਿਸ ਅਤੇ ਪਿੰਡ ਦੇ ਆਮ ਲੋਕ ਸਨ।

ਇੱਥੇ ਨੌਜਵਾਨ ਦੀ ਗਿਣਤੀ ਬੇਹੱਦ ਘੱਟ ਸੀ। ਭਾਸ਼ਣ ਵਾਲੀ ਥਾਂ ਉੱਤੇ ਜਾਣ ਲਈ ਪੁਲਿਸ ਪਹਿਲਾਂ ਚੰਗੀ ਤਰਾਂ ਤਲਾਸ਼ੀ ਲੈਂਦੀ ਅਤੇ ਫਿਰ ਹੀ ਅੰਦਰ ਜਾਣ ਦਿੰਦੀ ਸੀ।

ਵੋਟਰਾਂ ਵਿਚ ਜੋਸ਼ ਪੈਦਾ ਕਰਨ ਲਈ ਕਵੀਸ਼ਰੀ ਦਾ ਵੀ ਸਹਾਰਾ ਲਿਆ ਜਾ ਰਿਹਾ ਸੀ।

ਫੋਟੋ ਕੈਪਸ਼ਨ ''ਜਦੋਂ ਹਰਸਿਮਰਤ ਕੌਰ ਬਾਦਲ ਪਿੰਡ ਵਿਚ ਆਉਂਦੀ ਹੈ ਤਾਂ ਸੁਰੱਖਿਆ ਅਮਲਾ ਮਿਲਣ ਨਹੀਂ ਦਿੰਦਾ ਅਤੇ ਮਸਲੇ ਉੱਥੇ ਹੀ ਖੜੇ ਹਨ।''

ਸਾਬਕਾ ਫੌਜੀ ਤੇ ਪਿੰਡ ਦੇ ਵਸਨੀਕ ਲਾਲ ਸਿੰਘ ਨੇ ਦੱਸਿਆ ਕਿ ਬੇਰੁਜ਼ਗਾਰੀ, ਨਸ਼ਾ ਅਤੇ ਕਿਸਾਨੀ ਵਰਗੇ ਮੁੱਦਿਆਂ ਦੇ ਨਾਲ-ਨਾਲ ਪੀਣ ਵਾਲੇ ਪਾਣੀ ਦੀ ਸਮੱਸਿਆ ਉਨ੍ਹਾਂ ਲਈ ਪ੍ਰਮੁੱਖ ਹੈ ਜੋ ਅਜੇ ਤੱਕ ਹੱਲ ਨਹੀਂ ਹੋਈ।

ਉਨ੍ਹਾਂ ਅੱਗੇ ਕਿਹਾ, ''ਜਦੋਂ ਹਰਸਿਮਰਤ ਕੌਰ ਬਾਦਲ ਪਿੰਡ ਵਿਚ ਆਉਂਦੀ ਹੈ ਤਾਂ ਸੁਰੱਖਿਆ ਅਮਲਾ ਮਿਲਣ ਨਹੀਂ ਦਿੰਦਾ ਅਤੇ ਮਸਲੇ ਉੱਥੇ ਹੀ ਖੜੇ ਹਨ।''

ਹਰਸਿਮਰਤ ਕੌਰ ਬਾਦਲ ਆਉਂਦੇ ਸਾਰ ਹੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀਆਂ ਨਾਕਾਮੀਆਂ ਅਤੇ ਆਪਣੇ ਵਲੋਂ ਪਿੰਡ ਦੇ ਵਿਕਾਸ ਵਿਚ ਪਾਏ ਗਏ ਯੋਗਦਾਨ ਦਾ ਗੁਣਗਾਨ ਕਰਨ ਲੱਗੇ।

ਬਾਦਲ ਸਰਕਾਰ ਸਮੇਂ ਸ਼ੁਰੂ ਕੀਤੀ ਗਈ ਆਟਾ ਦਾਲ ਸਕੀਮ ਦਾ ਜ਼ਿਕਰ ਉਨ੍ਹਾਂ ਜ਼ਰੂਰ ਕੀਤਾ। ਪਰ ਹਰਸਿਮਰਤ ਕੌਰ ਬਾਦਲ ਦੇ ਭਾਸ਼ਣ ਵਿੱਚੋਂ ਬੇਅਦਬੀ, ਕਿਸਾਨੀ ਨਾਲ ਜੁੜੇ ਮੁੱਦੇ ਗਾਇਬ ਸਨ।

'ਬਠਿੰਡਾ ਵਿੱਚ ਏਮਜ਼ ਹਸਪਤਾਲ ਦੇ ਪੂਰਾ ਹੋਣ ਤੋਂ ਬਾਅਦ ਲੋਕਾਂ ਨੂੰ ਰੁਜ਼ਗਾਰ ਮਿਲੇਗਾ…।'

ਫੋਟੋ ਕੈਪਸ਼ਨ ਬੁੜ੍ਹੀਆਂ ਨੂੰ ਤਾਂ ਹਰਸਿਮਰਤ ਬਾਦਲ ਦੇ ਨੇੜੇ ਬੰਦੇ ਲੱਗਣ ਨਹੀਂ ਦਿੰਦੇ ਪੁਲਿਸ ਆਲ਼ੇ, ਬੁੜੀਆਂ ਕੀ ਦੰਦੀਆਂ ਵੱਢਦੀਆਂ ਨੇ।''

ਭਾਸ਼ਣ ਅਜੇ ਖ਼ਤਮ ਨਹੀਂ ਹੋਇਆ ਸੀ ਇੱਕ ਮਹਿਲਾ ਉੱਠ ਕੇ ਖੜੀ ਹੁੰਦੀ ਹੈ ਅਤੇ ਆਪਣੀ ਗੱਲ ਕਹਿਣ ਦੀ ਕੋਸ਼ਿਸ਼ ਕਰਦੀ ਹੈ ਪਰ ਸੁਰੱਖਿਆ ਅਮਲਾ ਉਸ ਨੂੰ ਬਿਠਾ ਦਿੰਦਾ ਹੈ।

ਬੀਬੀ ਇੰਝ ਵੋਟਾਂ ਨਹੀਂ ਮਿਲਣੀਆਂ

ਭਾਸ਼ਣ ਖ਼ਤਮ ਹੁੰਦਾ ਹੈ ਪਰ ਭੀੜ ਵਿਚ ਕੁਝ ਮਹਿਲਾਵਾਂ ਉੱਚੀ ਉੱਚੀ ਬੋਲਣਾ ਸ਼ੁਰੂ ਕਰ ਦਿੰਦੀਆਂ ਹਨ, ''ਬੀਬੀ ਇੰਝ ਵੋਟਾਂ ਨਹੀਂ ਮਿਲਣੀਆਂ, ਜੇਕਰ ਸਾਡੀ ਗੱਲ ਹੀ ਨਹੀਂ ਸੁਣਨੀ ਤਾਂ ਫਿਰ ਵੋਟਾਂ ਕਾਹਦੀਆਂ।''

ਪਿੰਡ ਦੀ ਮਹਿਲਾ ਗੁਲਾਬ ਕੌਰ ਕਹਿਣ ਲੱਗੀ, ''ਪੀਣ ਵਾਲਾ ਪਾਣੀ ਹੈ ਨਹੀਂ, ਕੋਈ ਸਾਡੀ ਸਾਰ ਨਹੀਂ ਲੈਂਦਾ। ਬੁੜ੍ਹੀਆਂ ਨੂੰ ਤਾਂ ਹਰਸਿਮਰਤ ਬਾਦਲ ਦੇ ਨੇੜੇ ਬੰਦੇ ਲੱਗਣ ਨਹੀਂ ਦਿੰਦੇ ਪੁਲਿਸ ਆਲ਼ੇ, ਬੁੜੀਆਂ ਕੀ ਦੰਦੀਆਂ ਵੱਢਦੀਆਂ ਨੇ।''

''ਸਾਡੀ ਵੋਟ ਦੀ ਕੋਈ ਕੀਮਤ ਨਹੀਂ, ਸਾਨੂੰ ਪਿੰਡ ਦੇ ਮੋਹਤਬਰ ਲਾਰਾ ਲਾ ਕੇ ਇੱਥੇ ਲੈ ਕੇ ਆਏ ਹੁਣ ਸਾਡੀ ਗੱਲ ਨਹੀਂ ਸੁਣਦੇ। ਭੈਣੇ ਇੰਝ ਵੋਟਾਂ ਨਹੀਂ ਮਿਲਣੀਆਂ ਇਸ ਵਾਰ ਬਹੁਤ ਹੋ ਚੁੱਕੇ ਲਾਰੇ।''

ਇਸ ਤੋਂ ਬਾਅਦ ਹਰਸਿਮਰਤ ਦਾ ਸੁਰੱਖਿਆ ਅਮਲਾ ਉਨ੍ਹਾਂ ਨੂੰ ਗੱਡੀ ਵਿਚ ਬਿਠਾ ਕੇ ਦੂਜੇ ਪਿੰਡ ਨੂੰ ਰਵਾਨਾ ਹੋ ਜਾਂਦਾ ਹੈ। ਬਜ਼ੁਰਗ ਮਹਿਲਾਵਾਂ ਉੱਥੇ ਹੀ ਖੜ੍ਹ ਕੇ ਆਪਣੀ ਭੜਾਸ ਕੱਢਦੀਆਂ ਰਹੀਆਂ।

ਬਾਦਲਾਂ ਦੀ ਅਮੀਰੀ ਤੇ ਬੇਅਦਬੀ ਵੜਿੰਗ ਲਈ ਵੱਡੇ ਮੁੱਦੇ

ਕਾਂਗਰਸ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਬਠਿੰਡਾ ਇਲਾਕੇ ਦੇ ਪਿੰਡਾਂ ਲਈ ਨਵਾਂ ਨਾਮ ਹੈ, ਇਸ ਲਈ ਉਹ ਪਹਿਲਾਂ ਆਪਣੀ ਜਾਣ ਪਹਿਚਾਣ ਕਰਵਾਉਂਦੇਂ ਹਨ।

ਸੁਰੱਖਿਆ ਦੇ ਲਿਹਾਜ਼ ਨਾਲ ਪੁਲਿਸ ਦੀ ਨਫ਼ਰੀ ਇੱਥੇ ਘੱਟ ਰਹਿੰਦੀ ਹੈ।

ਤਲਵੰਡੀ ਸਾਬੋ ਦੇ ਪਿੰਡ ਲੇਲੇਵਾਲਾ ਪਿੰਡ ਵਿਚ ਚੋਣ ਪ੍ਰਚਾਰ ਲਈ ਪਹੁੰਚੇ ਰਾਜਾ ਵੜਿੰਗ ਸਭ ਤੋਂ ਪਹਿਲਾ ਖ਼ੁਦ ਨੂੰ ਆਮ ਪਰਿਵਾਰ ਦਾ ਮੁੰਡਾ ਦੱਸ ਕੇ ਭਾਵੁਕ ਤਰੀਕੇ ਨਾਲ ਲੋਕਾਂ ਨਾਲ ਜੁੜਨ ਦੀ ਕੋਸ਼ਿਸ਼ ਕਰਦੇ ਹਨ।

ਆਪਣਾ ਭਾਸ਼ਣ ਤਿੱਖਾ ਕਰਦਿਆਂ ਰਾਜਾ ਵੜਿੰਗ ਪਹਿਲਾ ਹਮਲਾ ਬਾਦਲ ਪਰਿਵਾਰ ਉੱਤੇ ਪਰਿਵਾਰਵਾਦ ਨੂੰ ਲੈ ਕੇ ਕਰਦੇ ਹਨ।

ਫੋਟੋ ਕੈਪਸ਼ਨ ਰਾਜਾ ਵੜਿੰਗ ਅੰਤ ਵਿਚ ਆਖਦੇ ਹਨ, ''ਭਾਵੇਂ ਕਾਲੇ ਚੋਰ ਨੂੰ ਵੋਟ ਪਾ ਦਿਓ ਪਰ ਬਾਦਲਾਂ ਨੂੰ ਨਹੀਂ।''

ਫਿਰ ਬੇਅਦਬੀ ਦੇ ਮੁੱਦੇ ਨੂੰ ਉਭਾਰਦੇ ਹਨ ਤੇ ਇਸ ਤੋਂ ਬਾਅਦ ਉਹ ਬਾਦਲ ਪਰਿਵਾਰ ਦੇ ਕਾਰੋਬਾਰ ਬਾਰੇ ਲੋਕਾਂ ਨੂੰ ਦੱਸਦੇ ਹਨ।

ਇਹ ਵੀ ਪੜ੍ਹੋ:

ਰਾਜਾ ਵੜਿੰਗ ਅੰਤ ਵਿਚ ਆਖਦੇ ਹਨ, ''ਭਾਵੇਂ ਕਾਲੇ ਚੋਰ ਨੂੰ ਵੋਟ ਪਾ ਦਿਓ ਪਰ ਬਾਦਲਾਂ ਨੂੰ ਨਹੀਂ।''

ਲੋਕ ਤਾੜੀਆਂ ਮਾਰਦੇ ਹਨ ਅਤੇ ਜਲਸਾ ਖ਼ਤਮ ਹੋ ਜਾਂਦਾ ਹੈ।

ਬੀਬੀਸੀ ਨਾਲ ਗੱਲਬਾਤ ਕਰਦਿਆਂ ਰਾਜਾ ਵੜਿੰਗ ਨੇ ਮੰਨਿਆ ਕਿ ਨਸ਼ੇ ਦੀ ਸਮੱਸਿਆ ਉੱਤੇ ਪੂਰੀ ਤਰ੍ਹਾਂ ਠੱਲ੍ਹ ਨਹੀਂ ਪਈ।

ਉਨ੍ਹਾਂ ਬੇਰੁਜ਼ਗਾਰੀ ਨੂੰ ਖ਼ਤਮ ਕਰਨ ਲਈ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਕੰਮਾਂ ਦਾ ਦਾਅਵਾ ਵੀ ਕੀਤਾ।

ਲੋਕਾਂ ਦਾ ਭਰੋਸਾ ਜਿੱਤਣਾ 'ਆਪ' ਲਈ ਚੁਣੌਤੀ

ਬਠਿੰਡਾ ਲੋਕ ਸਭਾ ਹਲਕੇ ਦੇ ਪਿੰਡ ਭੂੰਦੜ ਦੇ ਗੁਰਦੁਆਰਾ ਸਾਹਿਬ ਦੇ ਬਾਹਰ ਇੱਕ ਛੋਟੀ ਜਿਹੀ ਗਲ਼ੀ ਵਿੱਚ ਆਮ ਆਦਮੀ ਪਾਰਟੀ ਦੀ ਬਠਿੰਡਾ ਲੋਕ ਸਭਾ ਹਲਕੇ ਤੋਂ ਉਮੀਦਵਾਰ ਬਲਜਿੰਦਰ ਕੌਰ ਦੀ ਨੁੱਕੜ ਮੀਟਿੰਗ ਦਾ ਇੰਤਜ਼ਾਰ ਸੀ।

ਇਸ ਪਿੰਡ ਦੇ ਲੋਕਾਂ ਦਾ ਮੁੱਖ ਕਿੱਤਾ ਖੇਤੀਬਾੜੀ ਹੀ ਹੈ। ਗਲੀ ਵਿਚ ਹੀ ਥੱਲੇ ਬੈਠੇ 65 ਸਾਲਾ ਹਰਨੇਕ ਸਿੰਘ ਨਾਲ ਜਦੋਂ ਚੋਣ ਮੁੱਦਿਆਂ ਦੀ ਗੱਲ ਕੀਤੀ ਗਈ ਤਾਂ ਉਸ ਦਾ ਕਹਿਣਾ ਸੀ ਕਿ ਨਸ਼ਾ ਬੇਰੁਜ਼ਗਾਰੀ ਅਤੇ ਕਿਸਾਨ ਖੁਦਕੁਸ਼ੀਆਂ ਅਹਿਮ ਮੁੱਦੇ ਹਨ।

ਹਰਨੇਕ ਸਿੰਘ ਨੂੰ ਗੁੱਸਾ ਆਮ ਆਦਮੀ ਪਾਰਟੀ ਨਾਲ ਵੀ ਹੈ। ਉਸ ਦਾ ਕਹਿਣਾ ਸੀ, ''ਰਵਾਇਤੀ ਪਾਰਟੀਆਂ ਦੀ ਥਾਂ ਇਸ ਹਲਕੇ ਤੋਂ ਵੋਟਾਂ ਪਾ ਕੇ ਅਸੀਂ ਆਮ ਆਦਮੀ ਪਾਰਟੀ ਦਾ ਵਿਧਾਇਕ ਚੁਣਿਆ।

ਪਰ ਉਸ ਨੇ ਵੀ ਕੁਝ ਨਹੀਂ ਕੀਤਾ ਅਤੇ ਪਾਰਟੀ ਦੀ ਆਪਸੀ ਲੜਾਈ ਵਿਚ ਉਨ੍ਹਾਂ ਦੇ ਮੁੱਦੇ ਦੱਬੇ ਰਹਿ ਗਏ।''

ਇੰਨੇ ਨੂੰ ਭੀੜ ਵਿਚ ਆ ਕੇ ਇੱਕ ਵਿਅਕਤੀ ਦੱਸਦਾ ਹੈ ਕਿ ਬਲਜਿੰਦਰ ਕੌਰ ਆ ਗਈ ਹੈ।

ਬਲਜਿੰਦਰ ਕੌਰ ਸਭ ਤੋਂ ਪਹਿਲਾਂ ਲੋਕਾਂ ਨੂੰ ਕਹਿੰਦੇ ਹਨ ਕਿ ਤੁਸੀਂ ਵਿਧਾਨ ਸਭਾ ਚੋਣਾਂ ਦੇ ਦੌਰਾਨ ਇੱਥੋਂ 'ਆਪ' ਦਾ ਵਿਧਾਇਕ ਜਿਤਾਇਆ ਅਤੇ ਪਾਰਟੀ ਦੀ ਲਾਜ ਰੱਖੀ, ਹੁਣ ਵੀ ਰੱਖਿਓ।

ਇਸ ਤੋਂ ਬਾਅਦ ਉਹ ਦਿੱਲੀ ਵਿਚ 'ਆਪ' ਵੱਲੋਂ ਸਿੱਖਿਆ ਅਤੇ ਸਿਹਤ ਦੇ ਖੇਤਰ ਵਿਚ ਕੀਤੇ ਗਏ ਕੰਮਾਂ ਦਾ ਵੇਰਵਾ ਦਿੰਦੇ ਹਨ।

ਬਲਜਿੰਦਰ ਕੌਰ ਲੋਕਾਂ ਤੋਂ ਸਵਾਲ ਲੈਂਦੇ ਹਨ, ਇੱਕ ਵਿਅਕਤੀ ਭੀੜ ਵਿੱਚੋਂ ਕਾਂਗਰਸ ਦੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਦੀ ਪਤਨੀ ਅਤੇ ਬੇਟੇ ਨੂੰ 'ਆਪ' ਵਿਚ ਸ਼ਾਮਲ ਕੀਤੇ ਜਾਣ ਬਾਰੇ ਸਵਾਲ ਕਰਦਾ ਹੈ।

ਇਹ ਵੀ ਪੜ੍ਹੋ:

ਕੁਝ ਵਿਅਕਤੀ ਬਲਜਿੰਦਰ ਕੌਰ ਨੂੰ ਪਾਰਟੀ ਦੀ ਆਪਸੀ ਫੁੱਟ ਬਾਰੇ ਵੀ ਸਵਾਲ ਕਰਦੇ ਹਨ।

ਲੋਕ ਇਹ ਵੀ ਆਖਦੇ ਹਨ, ''ਇਸ ਗੱਲ ਦੀ ਕੀ ਗਾਰੰਟੀ ਹੈ ਕਿ ਤੁਸੀਂ ਜਿੱਤਣ ਮਗਰੋਂ ਦੂਜੀ ਪਾਰਟੀ ਦਾ ਰੁੱਖ ਨਹੀਂ ਕਰੋਗੇ। ਮਾਹੌਲ ਵਿਚ ਥੋੜ੍ਹੀ ਤਲਖ਼ੀ ਵੀ ਆਉਂਦੀ ਹੈ ਪਰ ਕੁਝ ਦੇਰ ਬਾਅਦ ਬਲਜਿੰਦਰ ਕੌਰ ਲੋਕਾਂ ਨੂੰ ਸ਼ਾਂਤ ਕਰਵਾ ਦਿੰਦੇ ਹਨ।''

ਬੀਬੀਸੀ ਨਾਲ ਗੱਲਬਾਤ ਕਰਦਿਆਂ ਬਲਜਿੰਦਰ ਕੌਰ ਨੇ ਕਿਹਾ, ''ਲੋਕਾਂ ਨੂੰ ਆਮ ਆਦਮੀ ਪਾਰਟੀ ਤੋਂ ਉਮੀਦਾਂ ਬਹੁਤ ਸਨ ਅਤੇ ਜਿਸ ਦੇ ਲਈ ਉਨ੍ਹਾਂ ਵੋਟਾਂ ਵੀ ਪਾਈਆਂ ਪਰ ਚੋਣਾਂ ਤੋਂ ਬਾਅਦ ਪਾਰਟੀ ਦੀ ਆਪਸੀ ਲੜਾਈ ਨੇ ਲੋਕਾਂ ਦੇ ਮਨਾਂ ਨੂੰ ਠੇਸ ਪਹੁੰਚਾਈ ਹੈ।''

'ਬੇਅਦਬੀ ਅਤੇ ਕੋਟਕਪੁਰਾ ਕਾਂਡ ਦੀ ਤਾਂ ਚਰਚਾ ਹੈ ਪਰ ਮੌੜ ਧਮਾਕੇ ਦਾ ਕੀ?'

''ਸਾਨੂੰ ਚੋਣ ਸ਼ਬਦ ਤੋਂ ਹੀ ਨਫ਼ਰਤ ਹੈ,ਅਸੀਂ ਜ਼ਿੰਦਗੀ ਜੀਅ ਨਹੀਂ ਬਲਕਿ ਕੱਟ ਰਹੇ ਹਾਂ''

ਇਹ ਸ਼ਬਦ ਹਨ ਮੌੜ ਦੇ ਰਹਿਣ ਵਾਲੇ 42 ਸਾਲਾ ਖ਼ੁਸ਼ਦੀਪ ਸਿੰਘ ਦੇ। ਖ਼ੁਸ਼ਦੀਪ ਸਿੰਘ ਦੀ ਮੌੜ ਮੰਡੀ ਦੀ ਮਾਰਕੀਟ ਵਿਚ ਆਟੋ ਸਪੇਅਰ ਪਾਰਟਸ ਦੀ ਦੁਕਾਨ ਹੈ।

31 ਜਨਵਰੀ 2017 ਨੂੰ ਮੌੜ ਵਿਚ ਹੋਏ ਧਮਾਕੇ ਵਿਚ ਉਨ੍ਹਾਂ ਦੇ ਇਕਲੌਤੇ ਪੁੱਤਰ ਜਪ ਸਿਮਰਨ ਸਿੰਘ ਦੀ ਮੌਤ ਹੋ ਗਈ ਸੀ।

ਧਮਾਕਾ ਖ਼ੁਸ਼ਦੀਪ ਸਿੰਘ ਦੀ ਦੁਕਾਨ ਦੇ ਨੇੜੇ ਖੜੀ ਕਾਰ ਵਿਚ ਹੋਇਆ ਸੀ, ਜਿਸ ਵਿਚ ਸੱਤ ਲੋਕਾਂ ਦੀ ਮੌਤ ਹੋਈ ਸੀ। ਮ੍ਰਿਤਕਾਂ ਵਿਚ ਜ਼ਿਆਦਾਤਰ ਬੱਚੇ ਸਨ।

ਫੋਟੋ ਕੈਪਸ਼ਨ ਮੇਰਾ ਤਾਂ ਘਰ ਉੱਜੜ ਗਿਆ, ਜਿਸ ਨੂੰ ਮੈਂ ਭੁਲਾ ਨਹੀਂ ਪਾ ਰਿਹਾ। ਬਹੁਤ ਜਾਂਚ ਹੋਈ ਪਰ ਅਜੇ ਤੱਕ ਇਨਸਾਫ਼ ਨਹੀਂ ਮਿਲਿਆ।'', ਖੁਸ਼ਦੀਪ ਸਿੰਘ

ਖ਼ੁਸ਼ਦੀਪ ਸਿੰਘ ਨੇ ਦੱਸਿਆ, ''ਮੇਰਾ ਕਿਸੇ ਵੀ ਰਾਜਨੀਤਿਕ ਪਾਰਟੀ ਨਾਲ ਕੋਈ ਸਬੰਧ ਨਹੀਂ ਰਿਹਾ ਪਰ ਚੋਣਾਂ ਦੇ ਦੌਰਾਨ ਮੇਰਾ ਤਾਂ ਘਰ ਉੱਜੜ ਗਿਆ, ਜਿਸ ਨੂੰ ਮੈਂ ਭੁਲਾ ਨਹੀਂ ਪਾ ਰਿਹਾ। ਬਹੁਤ ਜਾਂਚ ਹੋਈ ਪਰ ਅਜੇ ਤੱਕ ਇਨਸਾਫ਼ ਨਹੀਂ ਮਿਲਿਆ।''

ਪੇਸ਼ੇ ਵਜੋਂ ਅਧਿਆਪਕ ਨਛੱਤਰ ਸਿੰਘ ਦੀ ਕਹਾਣੀ ਵੀ ਅਜਿਹੀ ਹੀ ਸੀ ਉਨ੍ਹਾਂ ਦੇ ਰਿਸ਼ਤੇਦਾਰ ਦਾ ਬੇਟਾ ਵੀ ਇਸ ਧਮਾਕੇ ਵਿਚ ਮਾਰਿਆ ਗਿਆ ਸੀ।

ਨਛੱਤਰ ਸਿੰਘ ਗ਼ੁੱਸੇ ਵਿਚ ਕਹਿੰਦੇ ਹਨ, ''ਜੇਕਰ ਹਰਿਆਣੇ ਵਿਚ ਸ਼ਰਾਬ ਦਾਖਲ ਹੁੰਦੀ ਹੈ ਤਾਂ ਪੁਲਿਸ ਝੱਟ ਉਸ ਨੂੰ ਫੜ ਲੈਂਦੀ ਹੈ ਪਰ ਇੱਕ ਕਾਰ ਵਿਚ ਧਮਾਕਾਖ਼ੇਜ਼ ਸਮੱਗਰੀ ਦੇ ਨਾਲ ਪੰਜਾਬ ਦੀ ਹੱਦ ਵਿਚ ਦਾਖਲ ਹੁੰਦੀ ਹੈ, ਇਸ ਦਾ ਕਿਸੇ ਨੂੰ ਵੀ ਪਤਾ ਨਹੀਂ ਲੱਗਾ, ਇਹ ਸਭ ਮਿਲੀਭੁਗਤ ਨਾਲ ਹੋਇਆ।''

ਉਨ੍ਹਾਂ ਅੱਗੇ ਕਿਹਾ ਕਿ ਬਹਿਬਲ ਕਲਾਂ ਗੋਲੀਕਾਂਡ ਦੇ ਪੀੜਤਾਂ ਨੂੰ ਨੌਕਰੀਆਂ, ਪੈਸੇ ਪਰ ਸਾਨੂੰ ਕੁਝ ਵੀ ਨਹੀਂ।

''ਬੇਅਦਬੀ ਅਤੇ ਕੋਟਕਪੁਰਾ ਕਾਂਡ ਦੀ ਤਾਂ ਚਰਚਾ ਹੈ ਪਰ ਮੌੜ ਧਮਾਕੇ ਦੇ ਪੀੜਤਾਂ ਦਾ ਮੁੱਦਾ ਕੋਈ ਵੀ ਰਾਜਨੀਤਿਕ ਪਾਰਟੀ ਨਹੀਂ ਚੁੱਕ ਰਹੀ।''

ਇਹ ਵੀ ਪੜ੍ਹੋ:

ਬਾਲਿਆਂਵਾਲੀ ਦੀ ਰਹਿਣ ਵਾਲੀ ਨਸੀਬ ਕੌਰ ਨੇ ਕਿਹਾ, ''ਬੱਚਿਆਂ ਲਈ ਦਾਣਿਆਂ ਦਾ ਪ੍ਰਬੰਧ ਕਰ ਰਹੀ ਹਾਂ ਕਿਉਂਕਿ ਰੋਟੀ ਤਾਂ ਕਿਸੇ ਨੇ ਦੇਣੀ ਨਹੀਂ।''

ਲਹਿਰਾ ਮੁਹੱਬਤ ਸੜਕ ਉੱਤੇ ਨਾਲ ਦੇ ਖੇਤਾਂ ਵਿਚ ਕਣਕ ਦੀ ਕਟਾਈ ਮਗਰੋਂ ਜੋ ਬੱਲੀਆਂ ਰਹਿ ਗਈਆਂ ਸਨ, ਉਸ ਵਿੱਚੋਂ ਦਾਣਿਆਂ ਦੀ ਭਾਲ ਕਰ ਰਹੀ ਸੀ।

ਨਸੀਬ ਕੌਰ ਨੇ ਦੱਸਿਆ, ''ਮੇਰੀਆਂ ਤਿੰਨ ਕੁੜੀਆਂ ਹਨ, ਜਿੰਨਾ 'ਚ ਇੱਕ ਬੀਏ ਪਾਸ ਹੈ ਅਤੇ ਦੂਜੀ ਨੇ ਕੰਪਿਊਟਰ ਦਾ ਕੋਰਸ ਕੀਤਾ ਹੈ ਪਰ ਉਨ੍ਹਾਂ ਲਈ ਰੁਜ਼ਗਾਰ ਨਹੀਂ ਹੈ । ਮੈਂ ਆਪਣੀ ਬੱਚੀਆਂ ਲੋਕਾਂ ਦੇ ਘਰਾਂ ਅਤੇ ਖੇਤਾਂ ਵਿਚ ਕੰਮ ਕਰ ਕੇ ਪੜ੍ਹਾਇਆ ਹੈ ਪਰ ਉਹ ਬੇਰੁਜ਼ਗਾਰ ਹਨ।''

ਨਸੀਬ ਕੌਰ ਦੀ ਇੱਕ ਨਾਰਾਜ਼ਗੀ ਇਹ ਵੀ ਸੀ ਜਦੋਂ ਵੀ ਕੋਈ ਵੋਟਾਂ ਲਈ ਆਉਂਦਾ ਹੈ ਤਾਂ ਮੋਹਤਬਰ ਬੰਦੇ ਅਤੇ ਸੁਰੱਖਿਆ ਅਮਲਾ ਲੀਡਰ ਨਾਲ ਗੱਲ ਹੀ ਨਹੀਂ ਕਰਨ ਦਿੰਦੇ।

'ਚਿੱਟੀਆਂ ਚੁੰਨੀਆਂ' ਦਾ ਦਰਦ

''ਖ਼ੂਨ ਦਾ ਰੰਗ ਲਾਲ ਹੁੰਦਾ ਹੈ, ਉਹੀ ਲੀਡਰਾਂ ਦਾ ਅਤੇ ਉਹੀ ਸਾਡਾ ਹੈ, ਉਹ ਅਮੀਰ ਨੇ ਅਸੀਂ ਗ਼ਰੀਬ ਹਾਂ ਪਰ ਮਿਹਨਤ ਕਰਨ ਵਿਚ ਅਸੀਂ ਕਿਸੇ ਤੋਂ ਘੱਟ ਨਹੀਂ ਹਾਂ।'' ਇਹ ਕਹਿਣਾ ਸੀ ਮਾਨਸਾ ਦੇ ਪਿੰਡ ਰੱਲਾ ਦੀ ਵੀਰਪਾਲ ਕੌਰ ਦਾ।

ਵੀਰਪਾਲ ਕੌਰ ਵੀ ਬਠਿੰਡਾ ਤੋਂ ਆਜ਼ਾਦ ਉਮੀਦਵਾਰ ਤੇ ਤੌਰ 'ਤੇ ਘਾਗ ਆਗੂਆਂ ਨੂੰ ਟੱਕਰ ਦੇਣ ਲਈ ਉਤਰੀ ਹੈ।

ਕਰਜ਼ੇ ਕਾਰਨ ਵੀਰਪਾਲ ਕੌਰ ਦਾ ਸਹੁਰਾ, ਪਿਤਾ ਅਤੇ ਫਿਰ ਉਸ ਦੇ ਪਤੀ ਨੇ ਖ਼ੁਦਕੁਸ਼ੀ ਕਰ ਲਈ ਸੀ।

ਵੀਰਪਾਲ ਨੇ ਕਿਹਾ, ''ਕਿਸਾਨ ਖ਼ੁਦਕੁਸ਼ੀ ਪੰਜਾਬ ਦੀ ਕਿਸਾਨੀ ਦੀ ਇੱਕ ਵੱਡੀ ਤਰਾਸਦੀ ਹੈ। ਆਗੂਆਂ ਨੇ ਕਿਸਾਨ ਖ਼ੁਦਕੁਸ਼ੀ ਬਾਰੇ ਕਾਫ਼ੀ ਗੱਲਾਂ ਕੀਤੀਆਂ ਪਰ ਕਿਸਾਨਾਂ ਦੀ ਬਾਂਹ ਫੜਨ ਲਈ ਕੋਈ ਵੀ ਅੱਗੇ ਨਹੀਂ ਆ ਰਿਹਾ।''

ਬਠਿੰਡਾ ਦੇ ਡੀਸੀ ਦਫ਼ਤਰ ਵਿਚ ਇੱਕ ਦਰਖ਼ਤ ਦੀ ਛਾਂ ਹੇਠ ਬੈਠੀ ਵੀਰਪਾਲ ਕੌਰ ਭਾਵੇਂ ਸਿਆਸਤ ਤੋਂ ਅਣਜਾਣ ਹੈ ਪਰ ਉਸ ਦਾ ਭਰੋਸਾ ਹੀ ਉਸ ਦੀ ਤਾਕਤ ਹੈ।

ਵੀਰਪਾਲ ਕੌਰ ਨੇ ਦੱਸਿਆ, ''ਬਠਿੰਡਾ ਆਉਣ ਦੇ ਲਈ ਮੇਰੇ ਕੋਲ ਕਿਰਾਇਆ ਵੀ ਨਹੀਂ ਸੀ। ਮੈਂ ਲੋਕਾਂ ਤੋਂ ਪੈਸੇ ਫੜ ਕੇ ਇੱਥੇ ਆਈ ਹਾਂ। ਕਿਸਾਨ ਖ਼ੁਦਕੁਸ਼ੀ ਦੇ ਪੀੜਤ ਲੋਕਾਂ ਨੇ ਉਸ ਨੂੰ ਦਸ- ਦਸ ਅਤੇ ਵੀਹ- ਵੀਹ ਰੁਪਏ ਇਕੱਠੇ ਕਰ ਕੇ ਨਾਮਜ਼ਦਗੀ ਪੱਤਰ ਦੇ ਨਾਲ ਭਰੀ ਜਾਣ ਵਾਲੀ 25 ਹਜ਼ਾਰ ਰੁਪਏ ਦੀ ਜ਼ਮਾਨਤ ਰਾਸ਼ੀ ਦਿੱਤੀ।''

ਵੀਰਪਾਲ ਕੌਰ ਵਾਂਗ ਪਿੰਡ ਖਿਆਲਾ ਦੀ ਰਹਿਣ ਵਾਲੀ 52 ਸਾਲਾ ਮਨਜੀਤ ਕੌਰ ਵੀ ਬਠਿੰਡਾ ਲੋਕ ਸਭਾ ਹਲਕੇ ਤੋਂ ਚੋਣ ਲੜ ਰਹੀ ਹੈ।

ਉਸ ਦੇ ਪਤੀ ਨੇ ਕਰਜ਼ੇ ਕਾਰਨ ਖ਼ੁਦਕੁਸ਼ੀ ਕਰ ਲਈ ਸੀ ਪਰ ਕਰਜ਼ਾ ਅਜੇ ਵੀ ਉਸ ਸਿਰ ਖੜ੍ਹਾ ਹੈ। ਮਨਜੀਤ ਕੌਰ ਆਖਦੀ ਹੈ, "ਜੇਕਰ ਅਸੀਂ ਹਾਰੇ ਤਾਂ ਵੀ ਸਾਡੀ ਜਿੱਤ ਹੋਵੇਗੀ ਕਿਉਂਕਿ ਅਸੀਂ ਵੱਡੇ ਆਗੂਆਂ ਦੇ ਖ਼ਿਲਾਫ਼ ਲੜਨ ਦਾ ਕਦਮ ਤਾਂ ਚੁੱਕਿਆ।"

ਫੋਟੋ ਕੈਪਸ਼ਨ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ 9 ਵਿੱਚੋਂ ਪੰਜ ਉੱਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਜਿੱਤੇ ਸਨ।

ਬਠਿੰਡਾ ਹਲਕੇ ਨੂੰ ਜਾਣੋ

ਇਸ ਲੋਕ ਸਭਾ ਹਲਕੇ ਵਿਚ ਨੌਂ ਵਿਧਾਨ ਸਭਾ ਹਲਕੇ ਹਨ ਜਿੰਨਾ ਵਿੱਚ ਲੰਬੀ, ਭੁੱਚੋ ਮੰਡੀ, ਬਠਿੰਡਾ ਸ਼ਹਿਰੀ, ਬਠਿੰਡਾ ਦਿਹਾਤੀ, ਤਲਵੰਡੀ ਸਾਬੋ, ਮੌੜ, ਮਾਨਸਾ, ਸਰਦੂਲਗੜ੍ਹ ਅਤੇ ਬੁਢਲਾਡਾ।

2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ 9 ਵਿੱਚੋਂ ਪੰਜ ਉੱਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਜਿੱਤੇ ਸਨ।

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)