ਲੋਕ ਸਭਾ ਚੋਣਾਂ 2019: ਰਜਿੰਦਰ ਕੌਰ ਭੱਠਲ ਨੇ ਨੌਜਵਾਨ ਨੂੰ ਮਾਰਿਆ ਥੱਪੜ

ਅਮਿਤ ਸ਼ਾਹ Image copyright Amit shah

ਪਠਾਨਕੋਟ ਵਿਚ ਸੰਨੀ ਦਿਓਲ ਦੇ ਚੋਣ ਪ੍ਰਚਾਰ ਲਈ ਪਹੁੰਚੇ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਵਰਗਾ ਪਵਿੱਤਰ ਵਿਅਕਤੀ ਪੂਰੇ ਦੇਸ਼ ਵਿਚ ਚਸ਼ਮੇ ਨਾਲ ਲੱਭਣ ਉੱਤੇ ਵੀ ਨਹੀਂ ਮਿਲੇਗਾ।

ਕੈਪਟਨ ਅਮਰਿੰਦਰ ਸਿੰਘ ਉੱਤੇ ਨਵਜੋਤ ਸਿੰਘ ਸਿੱਧੂ ਦੀਆਂ ਗਤੀਵਿਧੀਆਂ ਦੇ ਹਵਾਲੇ ਨਾਲ ਨਿਸ਼ਾਨਾਂ ਲਾਉਂਦਿਆਂ ਅਮਿਤ ਸ਼ਾਹ ਨੇ ਕਿਹਾ ਕਿ ਕੈਪਟਨ ਚੂਲੀ ਭਰ ਪਾਣੀ ਵਿਚ ਡੁੱਬ ਮਰਨ।

ਨਵਜੋਤ ਸਿੱਧੂ ਬਾਰੇ ਉਨ੍ਹਾਂ ਕਿਹਾ ਕਿ ਸਿੱਧੂ ਨੂੰ ਇਹ ਪੰਜਾਬ ਛੱਡ ਕੇ ਸਰਹੱਦ ਪਾਰਲੇ ਪੰਜਾਬ ਚਲਾ ਜਾਣਾ ਚਾਹੀਦਾ ਹੈ।

ਭੱਠਲ ਨੇ ਨੌਜਵਾਨ ਨੂੰ ਮਾਰਿਆ ਥੱਪੜ

ਸੰਗਰੂਰ ਤੋਂ ਕਾਂਗਰਸੀ ਉਮੀਦਵਾਰ ਕੇਵਲ ਸਿੰਘ ਢਿੱਲੋਂ ਦੇ ਹੱਕ ਵਿਚ ਪ੍ਰਚਾਰ ਲਈ ਪਹੁੰਚੀ ਕਾਂਗਰਸ ਆਗੂ ਰਾਜਿੰਦਰ ਕੌਰ ਭੱਠਲ ਨੇ ਇੱਕ ਨੌਜਵਾਨ ਨੂੰ ਮਾਰਿਆ ਥੱਪੜ ।

ਕਾਂਗਰਸ ਆਗੂ ਅਸਲ ਵਿਚ ਵਿਕਾਸ ਸਬੰਧੀ ਸਵਾਲ ਪੁੱਛੇ ਜਾਣ ਤੋਂ ਭੜਕ ਗਏ ਸਨ। ਇਸ ਉੱਤੇ ਕਾਂਗਰਸ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਅਸੀਂ ਹਰ ਸਵਾਲ ਦਾ ਜਵਾਬ ਦੇ ਰਹੇ ਹਾਂ ਅਤੇ ਇਹ ਵਿਰੋਧੀ ਉਮੀਦਵਾਰ ਨੇ ਹੁੱਲੜਬਾਜ਼ੀ ਲਈ ਭੇਜੇ ਸਨ।

ਉਨ੍ਹਾਂ ਵਰਕਰਾਂ ਨੇ ਕਿਹਾ ਸੀ ਕਿ ਭਾਸ਼ਣ ਖ਼ਤਮ ਹੋ ਜਾਣ ਦਿਓ, ਪਰ ਸਵਾਲ ਤਾਂ ਹੁੰਦੇ 'ਨੀਂ, ਪਹਿਲਾਂ ਤਾਂ ਉਹ ਨਸ਼ੇ ਵਿਚ ਹੁੰਦੇ ਨੇ, ਉਹ ਸਿਰਫ਼ ਮਾਹੌਲ ਖਰਾਬ ਕਰਦੇ ਨੇ।

ਭਗਵੰਤ ਮਾਨ ਰੇਸ ਵਿੱਚੋਂ ਆਉਟ ਹੈ। ਭਗਵੰਤ ਮਾਨ ਨੇ ਕਿਹਾ ਕਿ ਮੈਂ ਤਾਂ ਪਿਛਲ਼ੇ ਪੰਜ ਸਾਲ ਤੋਂ ਲੋਕਾਂ ਨੂੰ ਸਵਾਲ ਪੁੱਛਣ ਲਈ ਕਹਿ ਰਿਹਾ ਸੀ, ਹੁਣ ਲੋਕ ਉਹੀ ਕਰਦੇ ਹਨ।

ਭਗਵੰਤ ਮਾਨ ਦੀ ਕੈਪਟਨ ਨੂੰ ਚੁਣੌਤੀ

ਆਮ ਆਦਮੀ ਪਾਰਟੀ ਦੇ ਦੋ ਵਿਧਾਇਕਾਂ ਦੇ ਕਾਂਗਰਸ ਵਿਚ ਸ਼ਾਮਲ ਹੋਣ ਤੋਂ ਬਾਅਦ ਭਗਵੰਤ ਮਾਨ ਨੇ ਵੀਡੀਓ ਪਾਕੇ ਕੈਪਟਨ ਅਮਰਿੰਦਰ ਸਿੰਘ ਨੂੰ ਵੀਡੀਓ ਰਾਹੀ ਚੁਣੌਤੀ ਦਿੱਤੀ ਕਿ ਹਿੰਮਤ ਹੈ ਤਾਂ ਮੇਰਾ ਮੁੱਲ ਲਾ ਕੇ ਦਿਖਾਉਣ।ਭਗਵੰਤ ਮਾਨ ਨੇ ਭਾਵੁਕ ਵੀਡੀਓ ਰਾਹੀ ਕਿਹਾ ਕਿ ਮੁੱਲ ਉਨ੍ਹਾਂ ਦਾ ਹੀ ਪੈਂਦਾ ਹੈ ਜੋ ਮੰਡੀ ਵਿਚ ਖੜ੍ਹੇ ਹੋਣ।

Image copyright Getty Images

ਸੁਖਬੀਰ ਦੇ ਮੁੱਖ ਮੰਤਰੀ ਦੇ ਬਿਆਨ ਤੇ ਬਾਦਲ ਦੀ ਟਿੱਪਣੀ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਫ਼ਿਰੋਜ਼ਪੁਰ ਲੋਕ ਸਭਾ ਹਲਕੇ ਵਿਚ ਪ੍ਰਚਾਰ ਦੌਰਾਨ ਕਿਹਾ ਕਿ ਪਹਿਲਾ ਤੁਸੀਂ ਡਿਪਟੀ ਮੁੱਖ ਮੰਤਰੀ ਨੂੰ ਜਿਤਾਇਆ ਸੀ ਅਤੇ ਇਸ ਵਾਰ ਤੁਸੀਂ ਅਗਲੇ ਮੁੱਖ ਮੰਤਰੀ ਨੂੰ ਜਿਤਾਓਗੇ।

ਇਸ ਉੱਤੇ ਜਦੋਂ ਪ੍ਰਕਾਸ਼ ਸਿੰਘ ਬਾਦਲ ਤੋਂ ਪੱਤਰਕਾਰਾਂ ਨੇ ਪ੍ਰਤੀਕਰਮ ਲੈਣਾ ਚਾਹਿਆ ਤਾਂ ਉਨ੍ਹਾਂ ਕਿਹਾ ਕਿ ਅਜੇ ਇਹ ਦੂਰ ਦੀ ਗੱਲ ਹੈ। ਇਸ ਲਈ ਅਜੇ ਦੋ-ਢਾਈ ਸਾਲ ਪਿਆ ਹੈ ਅਜੇ ਕੁਝ ਨਹੀਂ ਕਿਹਾ ਜਾ ਸਕਦਾ।

ਸਰਜੀਕਲ, ਸਬੂਤ ਤੇ ਸਿਆਸਤ

ਪੰਜਾਬ ਦੇ ਮੰਤਰੀ ਸਾਧੂ ਸਿੰਘ ਨੇ ਕਿਹਾ ਕਿ ਹਿੰਦੋਸਤਾਨ ਦੇ ਲੋਕ ਗੂੰਗੇ ਤੋ ਬੋਲ਼ੇ ਨਹੀਂ ਹਨ, ਇਸ ਲਈ ਹਰ ਕਿਸੇ ਨੂੰ ਹੱਕ ਹੈ ਕਿ ਉਹ ਸਰਜੀਕਲ ਦੇ ਸਬੂਤ ਮੰਗੇ।

ਸਾਧੂ ਸਿੰਘ ਨੇ ਕਿਹਾ ਕੈਪਟਨ ਅਮਰਿੰਦਰ ਸਿੰਘ ਵਲੋਂ ਸਰਜੀਕਲ ਦੇ ਸਬੂਤ ਮੰਗਣਾ ਪੂਰੀ ਤਰ੍ਹਾਂ ਵਾਜਬ ਹੈ, ਇਸ ਬਾਰੇ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਅਜਿਹਾ ਕਰਕੇ ਕਾਂਗਰਸ ਆਗੂ ਦੇਸ ਨੂੰ ਬਦਨਾਮ ਕਰ ਰਹੇ ਹਨ।

ਇਹ ਵੀ ਪੜ੍ਹੋ

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)