ਗੁਰਦਾਸਪੁਰ ਤੋਂ ਗਰਾਊਂਡ ਰਿਪੋਰਟ: 'ਮੈਂ ਜਿਉਂਦਾ ਸ਼ਹੀਦ ਹਾਂ ਪਰ ਕਿਤੇ ਜੋਗਾ ਨਹੀਂ, ਕਿਸੇ ਕੰਮ ਦਾ ਨਹੀਂ ਰਿਹਾ' - ਲੋਕ ਸਭਾ ਚੋਣਾਂ 2019

ਲੋਕ ਸਭਾ ਚੋਣਾਂ 2019, ਗੁਰਦਸਾਪੁਰ
ਫੋਟੋ ਕੈਪਸ਼ਨ ਪੰਜਾਬ ਵਿੱਚ 19 ਮਈ ਨੂੰ ਹੋਵੇਗੀ ਵੋਟਿੰਗ

ਲੋਕ ਸਭਾ ਚੋਣਾਂ ਦੌਰਾਨ ਭਾਰਤ-ਪਾਕਿਸਤਾਨ ਬਾਰਡਰ ਨੇੜੇ ਪੰਜਾਬ ਦੇ ਗੁਰਦਾਸਪੁਰ ਹਲਕੇ ਉਤੇ ਸਭ ਦੀ ਨਜ਼ਰ ਹੈ।

ਸਿਰਫ ਇਸ ਕਰਕੇ ਨਹੀਂ ਕਿ ਇੱਥੋਂ ਚਾਰ ਵਾਰ ਮਰਹੂਮ ਫਿਲਮ ਸਟਾਰ ਵਿਨੋਦ ਖੰਨਾ ਸੰਸਦ ਮੈਂਬਰ ਰਹਿ ਚੁੱਕੇ ਹਨ ਜਾਂ ਫੇਰ ਇਸ ਕਰਕੇ ਕਿ 'ਬਾਰਡਰ' ਫਿਲਮ ਦੇ ਸਿਤਾਰੇ ਸੰਨੀ ਦਿਓਲ ਇਸ ਬਾਰਡਰ ਹਲਕੇ ਦੇ ਭਾਜਪਾ ਉਮੀਦਵਾਰ ਹਨ। ਜਾਂ ਇਸ ਕਰਕੇ ਕਿ ਉਨ੍ਹਾਂ ਦੀ ਟੱਕਰ ਕਾਂਗਰਸ ਦੇ ਸੂਬੇ ਦੇ ਪ੍ਰਧਾਨ ਸੁਨੀਲ ਜਾਖੜ ਨਾਲ ਹੈ।

ਇਸ ਤੋਂ ਇਲਾਵਾ ਵੀ ਗੁਰਦਾਸਪੁਰ ਵਿੱਚ ਚੋਣਾਂ ਦੇ ਖਾਸ ਹੋਣ ਦੇ ਕਈ ਕਾਰਨ ਹਨ।

ਇੱਥੇ ਉਹ ਮੁੱਦੇ ਵੀ ਅਹਿਮ ਹਨ ਜਿਹੜੇ ਬਾਕੀ ਸੂਬਿਆਂ ਵਿੱਚ ਅਹਿਮ ਹਨ। ਜਿਵੇਂ ਕਿ ਕਿਸਾਨਾਂ ਦੇ ਮਸਲੇ, ਬੇਰੁਜ਼ਗਾਰੀ, ਆਮ ਸਹੂਲਤਾਂ ਤੇ ਵਿਕਾਸ। ਪਰ ਗੁਰਦਾਸਪੁਰ ਦੇ ਆਪਣੇ ਕਈ ਵੱਖਰੇ ਮੁੱਦੇ ਵੀ ਹਨ।

ਇਹ ਵੀ ਪੜ੍ਹੋ:

ਫੋਟੋ ਕੈਪਸ਼ਨ ਸਾਲ 2015 ਵਿੱਚ ਦੀਨਾਨਗਰ 'ਚ ਅੱਤਵਾਦੀ ਹਮਲਾ ਹੋਇਆ ਸੀ

ਦੀਨਾਨਗਰ ਅਤੇ ਪਠਾਨਕੋਟ ਹਮਲਾ

ਪਿਛਲੇ ਪੰਜ ਸਾਲਾਂ ਦੌਰਾਨ ਇਸ ਖੇਤਰ ਵਿੱਚ ਜਿਹੜੇ ਦੋ ਹਮਲੇ ਹੋਏ ਉਹ ਦੋਵੇਂ ਇਸੇ ਹਲਕੇ 'ਚ ਸਨ--ਜੁਲਾਈ 2015 ਵਿੱਚ ਦੀਨਾਨਗਰ ਪੁਲਿਸ ਸਟੇਸ਼ਨ ਉਤੇ ਹਮਲਾ ਹੋਇਆ ਜਿਸ ਵਿੱਚ ਤਿੰਨ ਹਮਲਾਵਰਾਂ ਸਮੇਤ 10 ਲੋਕਾਂ ਦੀ ਮੌਤ ਹੋਈ।

ਉਸ ਤੋਂ ਅਗਲੇ ਸਾਲ ਜਨਵਰੀ ਵਿੱਚ ਪਠਾਨਕੋਟ ਏਅਰ ਬੇਸ ਉਤੇ ਹਮਲਾ ਹੋਇਆ ਜਿਸ ਵਿੱਚ ਹਮਲਾਵਰਾਂ ਤੋਂ ਇਲਾਵਾ ਅੱਠ ਲੋਕ ਮਾਰੇ ਗਏ।

ਇਨ੍ਹਾਂ ਦੋਵਾਂ ਹਮਲਿਆਂ ਦਾ ਨਤੀਜਾ ਇਹ ਹੋਇਆ ਕਿ ਇਥੋਂ ਦੇ ਲੋਕ ਅੱਜ ਵੀ ਡਰੇ-ਸਹਿਮੇ ਜ਼ਿੰਦਗੀ ਜੀ ਰਹੇ ਹਨ ਤੇ ਆਏ ਦਿਨ ਹਮਲਿਆਂ ਦਾ ਖਦਸ਼ਾ ਇੱਥੇ ਬਣਿਆ ਰਹਿੰਦਾ ਹੈ ਤੇ ਕਈ-ਕਈ ਦਿਨ ਪੁਲਿਸ, ਫੌਜ ਤੇ ਬੀਐੱਸਐੱਫ ਦੀ ਚੈਕਿੰਗ ਚਲਦੀ ਰਹਿੰਦੀ ਹੈ।

ਦੀਨਾਨਗਰ ਹਮਲੇ ਵਿੱਚ ਕਈ ਫੱਟੜ ਵੀ ਹੋਏ। ਇਨ੍ਹਾਂ ਵਿੱਚੋਂ ਇੱਕ ਹਨ ਕਮਲਜੀਤ ਸਿੰਘ।

56 ਸਾਲਾ ਕਮਲਜੀਤ ਢਾਬਾ ਚਲਾਉਂਦੇ ਹਨ ਤੇ ਰੋਜ਼ ਦੀ ਤਰ੍ਹਾਂ 27 ਜੁਲਾਈ 2015 ਦੀ ਤੜਕੇ ਆਪਣੀ ਚਿੱਟੀ ਮਰੂਤੀ ਕਾਰ ਵਿੱਚ ਜਾ ਰਹੇ ਸਨ ਜਦੋਂ ਉਨ੍ਹਾਂ ਦਾ ਸਾਹਮਣਾ ਫੌਜੀਆਂ ਦੀ ਵਰਦੀ ਵਿੱਚ ਹਮਲਾਵਰਾਂ ਨਾਲ ਹੋ ਗਿਆ।

ਫੋਟੋ ਕੈਪਸ਼ਨ ਹਮਲੇ ਵਿੱਚ ਕਮਲਜੀਤ ਦੀ ਬਾਂਹ 'ਤੇ ਗੋਲੀ ਲੱਗੀ ਸੀ

ਉਹ ਕਹਿੰਦੇ ਹਨ, "ਪਹਿਲਾਂ ਮੈਂ ਸੋਚਿਆ ਕਿ ਇਹ ਫੌਜੀ ਹਨ ਪਰ ਜਦੋਂ ਉਨ੍ਹਾਂ ਨੇ ਗੋਲੀ ਚਲਾਈ ਤਾਂ ਮੈ ਸਮਝ ਗਿਆ ਕਿ ਕੁਝ ਗੜਬੜ ਹੈ ਤੇ ਮੈਂ ਫਟਾਫਟ ਕਾਰ ਮੋੜੀ ਪਰ ਉਨ੍ਹਾਂ ਗੋਲੀਆਂ ਚਲਾਉਣੀਆਂ ਜਾਰੀ ਰੱਖੀਆਂ, ਕੁਝ ਮੇਰੇ ਮੋਢੇ 'ਤੇ ਲੱਗੀਆਂ।''

ਅੱਜ ਕਮਲਜੀਤ ਦੀ ਇਕ ਬਾਂਹ ਨਹੀਂ ਹੈ ਤੇ ਦੂਜੀ ਵੀ ਘੱਟ ਕੰਮ ਕਰਦੀ ਹੈ। ਉਹ ਦੱਸਦੇ ਹਨ, "ਮੈਂ 87 ਫੀਸਦੀ ਡਿਸੇਬਲਡ ਹਾਂ। ਬੱਸ ਕਿਸਮਤ ਚੰਗੀ ਸੀ ਕਿ ਜਾਨ ਬਚ ਗਈ। ਪਰ ਐਨੇ ਸਾਲਾਂ ਵਿਚ ਨਾ ਤਾਂ ਕਾਂਗਰਸ ਨੇ ਅਤੇ ਨਾ ਹੀ ਭਾਜਪਾ ਨੇ ਸਾਰ ਲਈ। "

"ਭਾਜਪਾ ਦੇ ਵਿਨੋਦ ਖੰਨਾ ਵੀ ਸਾਂਸਦ ਰਹੇ ਤੇ ਕਾਂਗਰਸ ਦੇ ਪ੍ਰਤਾਪ ਸਿੰਘ ਬਾਜਵਾ ਵੀ ਅਤੇ ਪਿਛਲੇ ਸਾਲ ਸੁਨੀਲ ਜਾਖੜ ਜਿੱਤੇ ਸਨ। ਕੋਈ ਪਾਰਟੀ ਸਾਡੀ ਪਰਵਾਹ ਨਹੀਂ ਕਰਦੀ। ਪੰਜ ਹਜ਼ਾਰ ਰੁਪਏ ਪੈਂਸ਼ਨ ਮਿਲਦੀ ਹੈ।"

ਫੋਟੋ ਕੈਪਸ਼ਨ ਕਮਲਜੀਤ ਕਹਿੰਦੇ ਹਨ ਸਰਕਾਰ ਨੇ ਉਨ੍ਹਾਂ ਦੀ ਕੋਈ ਸਾਰ ਨਹੀਂ ਲਈ ਗਈ

ਕਈ ਵਾਰ ਕਿਹਾ ਕਿ ਮੇਰੀ ਧੀ ਨੂੰ ਨੌਕਰੀ ਦੁਆ ਦਿਓ ਪਰ ਜਵਾਬ ਮਿਲਦਾ ਹੈ ਕਿ ਜਿਉਂਦੇ ਬੰਦਿਆਂ ਦੇ ਬੱਚਿਆਂ ਨੂੰ ਨਹੀਂ ਨੌਕਰੀ ਦਿਤੀ ਜਾਂਦੀ।"

ਫਿਰ ਚੁੱਪ ਹੋ ਜਾਂਦੇ ਨੇ ਅਤੇ ਅਸਮਾਨ ਵੱਲ ਵੇਖਦੇ ਹੋਏ ਦੁਖੀ ਮਨ ਨਾਲ ਕਹਿੰਦੇ ਹਨ, "ਇਸ ਤੋਂ ਚੰਗਾ ਹੁੰਦਾ ਕਿ ਮਰ ਹੀ ਜਾਂਦਾ।"

ਕਮਲਜੀਤ ਕਹਿੰਦੇ ਹਨ, "ਮੋਦੀ ਸਾਹਿਬ ਚਾਹ ਬਣਾਉਂਦੇ ਬਣਾਉਂਦੇ ਪ੍ਰਧਾਨ ਮੰਤਰੀ ਬਣ ਗਏ। ਮੈਂ ਢਾਬਾ ਚਲਾਉਂਦਾ ਚਲਾਉਂਦਾ ਚਾਹ ਬਣਾਉਣ ਦੇ ਲਾਇਕ ਵੀ ਨਹੀਂ ਰਿਹਾ। ਮੈਂ ਉਨ੍ਹਾਂ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਉਨ੍ਹਾਂ ਨੂੰ ਮੇਰੇ ਵਰਗੇ ਲੋਕਾਂ ਬਾਰੇ ਸੋਚਣਾ ਚਾਹੀਦਾ ਹੈ। ਉਹ ਤਾਂ ਮੇਰਾ ਦਰਦ ਸਮਝ ਸਕਦੇ ਹਨ ਕਿ ਗੁਜ਼ਾਰਾ ਕਰਨਾ ਕਿੰਨਾ ਮੁਸ਼ਕਿਲ ਹੈ। ਮੈਂ ਜਿਉਂਦਾ ਸ਼ਹੀਦ ਹਾਂ ਪਰ ਕਿਸੇ ਜੋਗਾ ਨਹੀਂ। ਕੋਈ ਕੰਮ ਨਹੀਂ ਕਰ ਸਕਦਾ।''

ਇਹ ਵੀ ਪੜ੍ਹੋ:

ਗੁਰਦਾਸਪੁਰ ਹਲਕੇ ਦੇ ਹੋਰ ਮੁੱਦੇ

ਪਰ ਸੁਰੱਖਿਆ ਗੁਰਦਾਸਪੁਰ ਵਿੱਚ ਇਕੱਲਾ ਮੁੱਦਾ ਨਹੀਂ ਹੈ। ਗੁਰਦਾਸਪੁਰ ਹਲਕੇ ਦਾ ਦੌਰਾ ਕਰਦੇ ਹੋਏ ਅਸੀਂ ਪੁੱਜੇ ਪਾਕਿਸਤਾਨ ਸੀਮਾ ਦੇ ਨਜ਼ਦੀਕ ਮਕੌੜਾ ਪੱਤਣ ਪਿੰਡ ਵਿੱਚ।

ਇੱਥੇ ਇੱਕੋ ਪਲਟੂਨ ਪੁੱਲ ਹੈ ਜੋ ਕਿ ਹਰ ਸਾਲ ਮਾਨਸੂਨ ਤੋਂ ਬਾਅਦ ਰਾਵੀ ਦਰਿਆ ਉੱਤੇ ਬਣਾਇਆ ਜਾਂਦਾ ਹੈ।

ਰਾਵੀ ਦਰਿਆ ਦੇ ਆਲੇ ਦੁਆਲੇ 7 ਪਿੰਡ ਹਨ ਜੋ ਕਿਸੇ ਪੱਕੀ ਸੜਕ ਰਾਹੀਂ ਇੱਕ ਦੂਜੇ ਨਾਲ ਨਹੀਂ ਜੁੜੇ ਹਨ।

ਫੋਟੋ ਕੈਪਸ਼ਨ ਗੁਰਦਾਸਪੁਰ ਦੇ ਲੋਕਾਂ ਮੁਤਾਬਕ ਬਰਸਾਤ ਦੇ ਮੌਸਮ ਤੋਂ ਪਹਿਲਾਂ ਪੁੱਲ ਖੋਲ੍ਹਣ ਕਾਰਨ ਉਨ੍ਹਾਂ ਨੂੰ ਆਉਣ-ਜਾਣ ਵਿੱਚ ਬੜੀ ਦਿੱਕਤ ਆਉਂਦੀ ਹੈ

ਜੂਨ ਮਹੀਨੇ ਵਿੱਚ ਯਾਨੀ ਹਰ ਸਾਲ ਬਰਸਾਤ ਦੇ ਮੌਸਮ ਤੋਂ ਪਹਿਲਾਂ ਪੁੱਲ ਤੋੜ ਦਿੱਤਾ ਜਾਂਦਾ ਹੈ ਅਤੇ ਲੋਕਾਂ ਨੂੰ ਦਰਿਆ ਪਾਰ ਜਾਣ ਲਈ ਕਿਸ਼ਤੀਆਂ ਦਾ ਸਹਾਰਾ ਲੈਣਾ ਪੈਂਦਾ ਹੈ।

ਪਿੰਡ ਵਾਲਿਆ ਨੇ ਦੱਸਿਆ ਕਿ ਇਲਾਕੇ ਦੇ ਲੋਕਾਂ ਨੂੰ ਰੋਜ਼-ਮਰਾ ਦੇ ਕੰਮ ਕਰਨ ਵਿੱਚ ਭਾਰੀ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ।

ਅਸੀ ਕੁਝ ਵਿਦਿਆਰਥੀਆਂ ਨੂੰ ਮਿਲੇ ਜਿਨ੍ਹਾਂ ਨੇ ਦੱਸਿਆ ਕਿ ਸਕੂਲ ਤੇ ਕਾਲਜ ਦਰਿਆ ਦੇ ਦੂਜੇ ਪਾਸੇ ਹਨ। ਪਿੰਡ ਦੇ ਰਹਿਣ ਵਾਲੇ ਅਮਰੀਕ ਸਿੰਘ ਨੇ ਕਿਹਾ ਕਿ ਇਸੇ ਤਰ੍ਹਾਂ ਹੀ ਕਿਸਾਨ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਸਾਹਮਣੇ ਇਕ ਗੰਨਿਆਂ ਦੇ ਭਰੇ ਟਰੱਕ ਵੱਲ ਇਸ਼ਾਰਾ ਕਰਦੇ ਉਨ੍ਹਾਂ ਦੱਸਿਆ ਕਿ ਹੁਣ ਤਾਂ ਪੁਲ ਖੁੱਲ੍ਹਾ ਹੈ ਪਰ ਜੂਨ ਤੋਂ ਲੈ ਕੇ ਅਕਤੂਬਰ ਤੱਕ ਜਦੋਂ ਪੁਲ ਬੰਦ ਹੋ ਜਾਂਦਾ ਹੈ ਤਾਂ ਕਿਸਾਨ ਨੂੰ ਫਸਲ ਖੇਤਾਂ ਤੋਂ ਮੰਡੀ ਲਿਜਾਉਣ ਵਿੱਚ ਮੁਸ਼ਕਿਲ ਹੁੰਦੀ ਹੈ ਜਿਸ ਨਾਲ ਬਹੁਤ ਮਾਲੀ ਨੁਕਸਾਨ ਹੁੰਦਾ ਹੈ।

ਇਸ ਤੋਂ ਇਲਾਵਾ ਲੋਕਾਂ ਦਾ ਕਹਿਣਾ ਹੈ ਕਿ ਨਾ ਤਾਂ ਇੱਥੇ ਸਕੂਲ ਹਨ ਅਤੇ ਨਾ ਹੀ ਹਸਪਤਾਲ। ਸਗੋਂ ਇਹ ਪੁਲ ਵੀ ਇਸ ਸਾਲ ਤਿੰਨ ਚਾਰ ਵਾਰ ਟੁੱਟ ਚੁੱਕਿਆ ਹੈ ਤੇ ਇਸਦੀ ਹਾਲਤ ਹੁਣ ਵੀ ਕਾਫ਼ੀ ਖਸਤਾ ਹੈ।

ਗੁਰਦਾਸਪੁਰ ਦੇ ਲੋਕਾਂ ਦੀਆਂ ਸਮੱਸਿਆਵਾਂ ਹੋਰ ਵੀ ਹਨ। ਜਿਵੇਂ ਗੁਰਦਾਸਪੁਰ ਦੇ ਰਹਿਣ ਵਾਲੇ ਬਲਜਿੰਦਰ ਸਿੰਘ ਕਹਿੰਦੇ ਹਨ ਕਿ ਅਮ੍ਰਿੰਤਸਰ ਤੇ ਲੁਧਿਆਣਾ ਵਾਂਗ ਇੱਥੇ ਕੋਈ ਵੱਡੇ ਸਿੱਖਿਅਕ ਅਦਾਰੇ ਨਹੀਂ ਹਨ ਤੇ ਨਾ ਹੀ ਮਨੋਰੰਜਨ ਲਈ ਮਲਟੀਪਲੈਕਸ।

"ਭਾਵੇਂ ਕਰਤਾਰਪੁਰ ਸਾਹਿਬ ਦਾ ਲਾਂਘਾ ਕੋਈ ਚੋਣਾ ਦਾ ਮੁੱਦਾ ਨਹੀਂ ਹੈ ਪਰ ਇਸ ਦੇ ਖੁੱਲ੍ਹਣ ਤੋਂ ਬਾਅਦ ਸ਼ਾਇਦ ਚੀਜ਼ਾ ਬਦਲਣ ਕਿਉਂਕਿ ਸਾਨੂੰ ਉਮੀਦ ਹੈ ਕਿ ਇੱਥੇ ਟੂਰੀਜ਼ਮ ਵਿੱਚ ਵਾਧਾ ਹੋਵੇਗਾ ਜਿਸ ਨਾਲ ਹੋਟਲ ਤੇ ਸ਼ਾਪਿੰਗ ਮੌਲ ਵਰਗੀਆਂ ਚੀਜਾਂ ਖੁੱਲ੍ਹਣਗੀਆਂ।"

ਇਹ ਵੀ ਪੜ੍ਹੋ:

ਜਾਣੋ ਗੁਰਦਾਸਪੁਰ ਹਲਕੇ ਬਾਰੇ...

ਕੁੱਲ ਉਮੀਦਵਾਰ: 15

ਮੁੱਖ ਮੁਕਾਬਲਾ

ਕਾਂਗਰਸ—ਸੁਨੀਲ ਜਾਖੜ

ਭਾਜਪਾ-ਅਕਾਲੀ ਦਲ—ਸੰਨੀ ਦਿਉਲ

ਆਮ ਆਦਮੀ ਪਾਰਟੀ - ਪੀਟਰ ਮਸੀਹ

ਇਸ ਵਿੱਚ ਆਉਣ ਵਾਲੇ ਵਿਧਾਨ ਸਭਾ ਹਲਕੇ—ਡੇਰਾ ਬਾਬਾ ਨਾਨਕ, ਸੁਜਾਨਪੁਰ, ਭੋਆ, ਪਠਾਨਕੋਟ, ਗੁਰਦਾਸਪੁਰ, ਦੀਨਾਨਗਰ, ਕਾਦੀਆਂ, ਬਟਾਲਾ ਤੇ ਫਤਿਹਗੜ੍ਹ ਚੂੜੀਆਂ।

ਕੁੱਲ ਵੋਟਰ- 1595284

ਮਰਦ ਵੋਟਰ- 849761

ਮਹਿਲਾ ਵੋਟਰ-745479

ਥਰਡ ਜੈਂਡਰ- 44

ਪੋਲਿੰਗ ਬੂਥ- 1826

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।