ਮੋਦੀ ਦੇ 'ਡਰੀਮ ਪ੍ਰਾਜੈਕਟ' ਲਈ ਮੁਸਲਮਾਨਾਂ ਦੇ 80 ਘਰਾਂ ਨੂੰ ਤੋੜਨ ਦਾ ਸੱਚ - ਫੈਕਟ ਚੈੱਕ

ਨਰਿੰਦਰ ਮੋਦੀ Image copyright FACEBOOK/JANKI MANDIR/BBC
ਫੋਟੋ ਕੈਪਸ਼ਨ ਕਾਸ਼ੀ-ਵਿਸ਼ਵਨਾਥ ਮੰਦਿਰ ਮੋਦੀ ਦਾ ਡਰੀਮ ਪ੍ਰਾਜੈਕਟ ਕਿਹਾ ਜਾਂਦਾ ਹੈ

ਇੱਕ ਵੀਡੀਓ ਇਸ ਦਾਅਵੇ ਨਾਲ ਸ਼ੇਅਰ ਕੀਤੀ ਜਾ ਰਹੀ ਹੈ ਕਿ ਪ੍ਰਧਾਨ ਮੰਤਰੀ ਦੀ ਮਹੱਤਵਪੂਰਨ ਕਾਸ਼ੀ-ਵਿਸ਼ਵਨਾਥ ਕੋਰੀਡੋਰ ਯੋਜਨਾ ਦੇ ਤਹਿਤ ਮੁਸਲਮਾਨਾਂ ਦੇ 80 ਘਰਾਂ ਨੂੰ ਤੋੜਿਆ ਗਿਆ ਹੈ।

ਵਾਇਰਲ ਕੀਤੀ ਜਾ ਰਹੀ ਵੀਡੀਓ ਦੇ ਨਾਲ ਲਿਖਿਆ ਜਾ ਰਿਹਾ ਹੈ, "ਕਾਸ਼ੀ ਵਿਸ਼ਵਨਾਸ਼ ਮੰਦਿਰ ਤੋਂ ਗੰਗਾ ਨਦੀ ਤੱਕ ਰੋਡ ਨੂੰ ਚੌੜਾ ਕਰਨ ਲਈ ਮੋਦੀ ਨੇ ਰਸਤੇ 'ਚ ਪੈਂਦੇ 80 ਮੁਸਲਿਮ ਘਰਾਂ ਨੂੰ ਖਰੀਦਿਆਂ। ਜਦੋਂ ਇਨ੍ਹਾਂ ਘਰਾਂ ਨੂੰ ਤੋੜਿਆ ਗਿਆ ਤਾਂ ਉਨ੍ਹਾਂ 'ਚੋਂ 45 ਮੰਦਿਰ ਮਿਲੇ।"

ਮੋਦੀ ਦੇ "ਡਰੀਮ ਪ੍ਰਾਜੈਕਟ" ਕਾਸ਼ੀ-ਵਿਸ਼ਵਨਾਥ ਕੋਰੀਡੋਰ ਦਾ ਉਦੇਸ਼ 18ਸਦੀਂ ਦੇ ਸ਼ਿਵ ਮੰਦਿਰ ਕਾਸ਼ੀ ਵਿਸ਼ਵਨਾਥ ਲਈ ਗੰਗਾ ਤੋਂ ਸਿੱਧਾ ਰਸਤਾ ਬਣਾ ਕੇ ਯਾਤਰੀਆਂ ਨੂੰ ਸਹੂਲਤ ਪ੍ਰਦਾਨ ਕਰਨਾ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਪ੍ਰਾਜੈਕਟ ਦਾ ਨੀਂਹ ਪੱਥਰ ਵਾਰਾਣਸੀ ਵਿੱਚ 8 ਮਾਰਚ 2019 ਨੂੰ ਰੱਖਿਆ ਸੀ।

ਵਾਇਰਲ ਵੀਡੀਓ ਨੂੰ ਫੇਸਬੁੱਕ ਅਤੇ ਟਵਿੱਟਰ 'ਤੇ ਹਜ਼ਾਰਾਂ ਵਾਰ ਸ਼ੇਅਰ ਕੀਤਾ ਗਿਆ ਹੈ।

Image copyright Social media
ਫੋਟੋ ਕੈਪਸ਼ਨ ਵਾਇਰਲ ਪੋਸਟ ਹਜ਼ਾਰਾਂ ਵਾਰ ਸ਼ੇਅਰ ਕੀਤੀ ਗਈ ਹੈ

ਸਾਡੇ ਵਟਸਐਪ ਰੀਡਰਸ ਨੇ ਵੀ ਇਸ ਵੀਡੀਓ ਨੂੰ ਸ਼ੇਅਰ ਕੀਤਾ ਤਾਂ ਜੋ ਇਸ ਦਾਅਵੇ ਦੀ ਪੜਚੋਲ ਕੀਤੀ ਜਾ ਸਕੇ।

Image copyright Social Media
ਫੋਟੋ ਕੈਪਸ਼ਨ ਬੀਬੀਸੀ ਪਾਠਕਾਂ ਵੱਲੋਂ ਪੜਤਾਲ ਲਈ ਭੇਜੀ ਗਈ ਵੀਡੀਓ

ਅਸੀਂ ਆਪਣੀ ਪੜਚੋਲ 'ਚ ਦੇਖਿਆ ਕਿ ਇਹ ਦਾਅਵਾ ਭਰਮ-ਸਿਰਜਕ ਹੈ।

ਦਾਅਵੇ ਦੀ ਸੱਚਾਈ

ਇਹ ਪ੍ਰਾਜੈਕਟ ਵਿਸ਼ੇਸ਼ ਤੌਰ 'ਤੇ ਗਠਿਤ ਸ੍ਰੀ ਕਾਸ਼ੀ ਵਿਸ਼ਵਨਾਥ ਸਪੈਸ਼ਲ ਏਰੀਆ ਡਿਵੈਲਪਮੈਂਟ ਬੋਰਡ ਦੀ ਨਿਗਰਾਨੀ ਹੇਠ ਚੱਲ ਰਿਹਾ ਹੈ।

ਅਸੀਂ ਇਸ ਬੋਰਡ ਦੇ ਸੀਈਓ ਵਿਸ਼ਾਲ ਸਿੰਘ ਨਾਲ ਇਸ ਦਾਅਵੇ ਦੀ ਸੱਚਾਈ ਪਤਾ ਲਗਾਉਣ ਲਈ ਗੱਲਬਾਤ ਕੀਤੀ।

Image copyright SAMIRATMAJ MISHRA
ਫੋਟੋ ਕੈਪਸ਼ਨ ਪ੍ਰਾਜੈਕਟ ਬੋਰਡ ਦੇ ਸੀਈਓ ਵਿਸ਼ਾਲ ਸਿੰਘ ਨੇ ਦੱਸਿਆ ਕਿ ਕੋਰੀਡੋਰ ਲਈ 204 ਘਰਾਂ ਨੂੰ ਤੋੜਿਆ ਗਿਆ ਹੈ

ਵਿਸ਼ਾਲ ਸਿੰਘ ਨੇ ਬੀਬੀਸੀ ਨੂੰ ਦੱਸਿਆ, "ਅਸੀਂ ਪ੍ਰਾਜੈਕਟ ਲਈ ਕੁੱਲ 249 ਘਰਾਂ ਨੂੰ ਖਰੀਦਿਆਂ ਅਤੇ ਸਾਰੇ ਘਰ ਹਿੰਦੂਆਂ ਦੇ ਸਨ। ਇਨ੍ਹਾਂ ਵਿੱਚੋਂ ਅਸੀਂ ਅਜੇ ਤੱਕ 183 ਘਰ ਤੋੜੇ ਹਨ ਤੇ ਇਨ੍ਹਾਂ 'ਚੋਂ ਛੋਟੇ-ਵੱਡੇ 23 ਮੰਦਿਰ ਮਿਲੇ ਹਨ।"

ਮੰਦਿਰ ਦੇ ਨਾਲ ਹੀ ਗਿਆਨਵਾਪੀ ਮਸਜਿਦ ਵੀ ਹੈ।

ਪਰ ਮੰਦਿਰ ਦੇ ਵਿਸਥਾਰ ਅਤੇ ਸੁੰਦਰੀਕਰਨ ਲਈ ਕੋਈ ਵੀ ਮੁਸਲਿਮ ਘਰ ਨਹੀਂ ਤੋੜਿਆ ਗਿਆ।

ਇਹ ਵੀ ਪੜ੍ਹੋ

ਜ਼ਮੀਨੀ ਹਕੀਕਤ

ਗੰਗਾ ਨੂੰ ਕਾਸ਼ੀ-ਵਿਸ਼ਵਨਾਥ ਨਾਲ ਜੋੜਨ ਲਈ ਬਣੇ ਇਸ ਪ੍ਰਾਜੈਕਟ ਦੀਆਂ ਕਈ ਵਿਸ਼ੇਸ਼ਤਾਵਾਂ ਹਨ ਜਿਸ 'ਚ ਪੁਰਾਤਨ ਸ਼ਹਿਰ ਨੂੰ ਨਵਾਂ ਰੂਪ ਦੇਣਾ ਵੀ ਸ਼ਾਮਿਲ ਹੈ।

ਮੰਦਿਰ ਦੇ 50 ਫੁੱਟ ਚੌੜੇ ਕੋਰੀਡੋਰ ਲਈ ਘਰਾਂ ਅਤੇ ਦੁਕਾਨਾਂ ਨੂੰ ਹਟਾਉਣ ਤੋਂ ਇਲਾਵਾ ਗੰਗਾ ਘਾਟਾਂ ਦੀ ਦਿੱਖ ਸਵਾਰਨੀ, ਯਾਤਰੀਆਂ ਲਈ ਵੇਟਿੰਗ-ਰੂਮਜ਼ ਅਤੇ ਅਜਾਇਬ ਘਰ ਦੇ ਨਾਲ-ਨਾਲ ਆਡੀਟੋਰੀਅਮ ਬਣਾਉਣੇ ਵੀ ਪ੍ਰਾਜੈਕਟ 'ਚ ਸ਼ਾਮਿਲ ਹਨ।

ਇਸ ਦਾ ਉਦੇਸ਼ ਪੁਜਾਰੀਆਂ, ਸਵੈਮ-ਸੇਵਕਾਂ ਅਤੇ ਯਾਤਰੀਆਂ ਲਈ ਇੱਕ ਓਪਨ ਫੂਡ ਸਟ੍ਰੀਟ ਖੋਲ੍ਹਣਾ ਵੀ ਹੈ।

ਬੀਬੀਸੀ ਦੇ ਸਮੀਰਾਤਮਜ ਮਿਸ਼ਰਾ ਦੀ ਗਰਾਊਂਡ ਰਿਪੋਰਟ ਮੁਤਾਬਕ ਕਈ ਸਥਾਨਕਵਾਸੀ ਆਪਣੇ ਘਰਾਂ ਦੇ ਤੁੱਟਣ ਨਾਲ ਨਿਰਾਸ਼ ਹਨ।

Image copyright Samiratmaj Mishra
ਫੋਟੋ ਕੈਪਸ਼ਨ ਮੀਡੀਆ ਰਿਪੋਰਟਾਂ ਮੁਤਾਬਕ ਸਥਾਨਕ ਲੋਕ ਸਰਕਾਰ ਦੇ ਇਸ ਫ਼ੈਸਲੇ ਖ਼ਿਲਾਫ਼ ਹਨ

ਇੱਕ ਸਥਾਨਕਵਾਸੀ ਦਾ ਕਹਿਣਾ ਹੈ, "ਲੋਕ ਵਾਰਾਣਸੀ ਤੰਗ ਗਲੀਆਂ ਦੇਖਣ ਆਉਂਦੇ ਹਨ ਨਾ ਕਿ ਮੌਲ ਤੇ ਪਾਰਕ। ਜੇਕਰ ਇਹ ਸਭ ਖ਼ਤਮ ਹੋ ਗਿਆ ਤਾਂ ਸਮਝੋ ਵਾਰਾਣਸੀ ਖ਼ਤਮ ਹੋ ਗਿਆ।"

ਮਿਸ਼ਰਾ ਦਾ ਕਹਿਣਾ ਹੈ, "ਜਦੋਂ ਅਸੀਂ ਗਰਾਊਂਡ ਰਿਪੋਰਟ ਕਰਨ ਗਏ ਸੀ ਤਾਂ ਅਸੀਂ ਦੇਖਿਆ ਕਿ ਇਲਾਕੇ ਵਿੱਚ ਵਧੇਰੇ ਹਿੰਦੂ ਹਨ ਅਤੇ ਕਿਸੇ ਮੁਸਲਮਾਨ ਦਾ ਘਰ ਨਹੀਂ ਟੁੱਟਾ।"

ਮੀਡੀਆ ਰਿਪੋਰਟਾਂ ਮੁਤਾਬਕ, ਸਥਾਨਕ ਹਿੰਦੂਆਂ ਨੇ ਸਰਕਾਰ ਦੇ ਫ਼ੈਸਲੇ ਖ਼ਿਲਾਫ਼ ਪ੍ਰਦਰਸ਼ਨ ਵੀ ਕੀਤਾ ਅਤੇ ਉਨ੍ਹਾਂ ਦਾ ਦਾਅਵਾ ਸੀ ਕਿ ਸਰਕਾਰ ਵਾਰਾਣਸੀ ਨੂੰ ਇੱਕ ਧਾਰਮਿਕ ਸਥਾਨ ਤੋਂ ਸੈਰ-ਸਪਾਟੇ ਵਾਲਾ ਸਥਾਨ ਬਣੀ ਰਹੀ ਹੈ।

ਫੈਕਟ ਚੈੱਕ ਦੀਆਂ ਹੋਰ ਖ਼ਬਰਾਂ

ਇਹ ਵੀਡੀਓ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)