ਹਰਿਆਣਾ: ਜਾਟ ਬਨਾਮ ਗ਼ੈਰ-ਜਾਟ ਕਿੰਨਾ ਵੱਡਾ ਮੁੱਦਾ

ਮਨੋਹਰ ਲਾਲ ਖੱਟਰ Image copyright Sat Singh/BBC
ਫੋਟੋ ਕੈਪਸ਼ਨ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੂੰ ਹਿੰਸਾ ਲਈ ਜ਼ਿੰਮੇਵਾਰ ਦੱਸਿਆ

ਹਰਿਆਣਾ ਵਿੱਚ 10 ਲੋਕ ਸਭਾ ਸੀਟਾਂ ਉੱਤੇ 12 ਮਈ ਨੂੰ ਵੋਟਿੰਗ ਹੋਣੀ ਹੈ। ਕੌਮੀ ਪਾਰਟੀਆਂ ਭਾਜਪਾ ਅਤੇ ਕਾਂਗਰਸ ਤੋਂ ਇਲਾਵਾ ਓਮ ਪ੍ਰਕਾਸ਼ ਚੌਟਾਲਾ ਦੀ ਆਈਐਨਐਲਡੀ ਅਤੇ ਇਸ ਤੋਂ ਵੱਖ ਹੋ ਕੇ ਬਣੀ ਜੇਜੇਪੀ ਵੀ ਚੋਣ ਮੈਦਾਨ ਵਿੱਚ ਹੈ।

ਬਾਗੀ ਭਾਜਪਾ ਐਮਪੀ ਰਾਜਕੁਮਾਰ ਸੈਣੀ ਦੀ ਐਲਐਸਪੀ ਅਤੇ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਨੇ ਵੀ ਉਮੀਦਵਾਰ ਮੈਦਾਨ ਵਿੱਚ ਉਤਾਰੇ ਹਨ।

ਹਰਿਆਣਾ ਵਿਚ ਪੰਜ ਅਹਿਮ ਮੁੱਦੇ ਹਨ ਜੋ ਚੋਣਾਂ ਨੂੰ ਪ੍ਰਭਾਵਿਤ ਕਰ ਸਕਦੇ ਹਨ।

ਸਾਲ 2016 ਦੀ ਹਿੰਸਾ

ਹਰੇਕ ਸਿਆਸੀ ਪਾਰਟੀ ਨੇ ਸਾਲ 2016 ਵਿੱਚ ਹਰਿਆਣਾ ਵਿੱਚ ਹੋਈ ਹਿੰਸਾ ਨੂੰ ਮੁੱਦਾ ਬਣਾ ਲਿਆ ਹੈ। ਰੈਲੀਆਂ ਦੌਰਾਨ ਮੰਚ ਤੋਂ ਇਸ ਬਾਰੇ ਗੱਲ ਵੀ ਹੁੰਦੀ ਹੈ।

ਹਾਲ ਹੀ ਵਿੱਚ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੂੰ ਹਿੰਸਾ ਲਈ ਜ਼ਿੰਮੇਵਾਰ ਦੱਸਿਆ ਅਤੇ ਉਨ੍ਹਾਂ ਨੂੰ ਹਰਾਉਣ ਲਈ ਕਿਹਾ।

ਇਹ ਵੀ ਪੜ੍ਹੋ:

ਹੁੱਡਾ ਨੇ ਪਲਟਵਾਰ ਕਰਦਿਆਂ ਸਾਲ 2016 ਦੀ ਹਿੰਸਾ ਨੂੰ ਸਰਕਾਰੀ ਮਸ਼ਨੀਰੀ ਅਤੇ ਖੱਟਰ ਸਰਕਾਰ ਦੀ ਨਾਕਾਮਯਾਬੀ ਦੱਸਿਆ।

ਆਈਐਨਐਲਡੀ ਆਗੂ ਅਭੇ ਚੌਟਾਲਾ ਸਹੂਲਤ ਮੁਤਾਬਕ ਖੱਟਰ ਅਤੇ ਹੂਡਾ ਦੋਹਾਂ 'ਤੇ ਹੀ ਨਿਸ਼ਾਨੇ ਲਗਾਉਂਦੇ ਰਹਿੰਦੇ ਹਨ।

ਭਾਜਪਾ ਤੋਂ ਬਾਗੀ ਹੋਏ ਸੰਸਦ ਮੈਂਬਰ ਰਾਜ ਕੁਮਾਰ ਸੈਣੀ ਹਿੰਸਾ ਦੌਰਾਨ ਅਕਸਰ ਭਾਜਪਾ ਖਿਲਾਫ਼ ਖੁੱਲ੍ਹ ਕੇ ਬੋਲਦੇ ਰਹੇ ਹਨ। ਪਰ ਉਹ ਇਸ ਵੇਲੇ ਇਸ ਮੁੱਦੇ ਉੱਤੇ ਘੱਟ ਬੋਲ ਰਹੇ ਹਨ।

ਰਾਮ ਰਹੀਮ ਨੂੰ ਸਜ਼ਾ

2017 ਤੋਂ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਾਧਵੀਆਂ ਦੇ ਬਲਾਤਕਾਰ ਤੇ ਪੱਤਰਕਾਰ ਦੇ ਕਤਲ ਦੇ ਦੋਸ਼ਾਂ ਕਰਕੇ ਰੋਹਤਕ ਜੇਲ੍ਹ ਵਿੱਚ ਸਜ਼ਾ ਕਟ ਰਹੇ ਹਨ।

ਮੰਨਿਆ ਜਾਂਦਾ ਹੈ ਕਿ ਰਾਮ ਰਹੀਮ ਸਮਰਥਕਾਂ ਨੇ ਸਾਲ 2014 ਵਿੱਚ ਭਾਜਪਾ ਨੂੰ ਵੋਟ ਪਾਈ ਸੀ ਪਰ ਇਸ ਵਾਰੀ ਡੇਰਾ ਸਮਰਥਕ ਨਾਰਾਜ਼ ਨਜ਼ਰ ਆ ਰਹੇ ਹਨ।

Image copyright Sat Singh/BBC
ਫੋਟੋ ਕੈਪਸ਼ਨ ਡੇਰਾ ਸਮਰਥਕਾਂ ਨੇ ਹਾਲੇ ਤੱਕ ਇਹ ਸਪਸ਼ਟ ਨਹੀਂ ਕੀਤਾ ਹੈ ਕਿ ਉਹ ਕਿਸ ਨੂੰ ਸਮਰਥਨ ਦੇਣਗੇ

ਉਹ ਰਾਮ ਰਹੀਮ ਨੂੰ ਹਿਰਾਸਤ ਵਿੱਚ ਲੈਣ ਵੇਲੇ ਹੋਈ ਹਿੰਸਾ ਕਾਰਨ ਨਾਰਾਜ਼ ਹਨ। ਹਾਲਾਂਕਿ ਡੇਰਾ ਸਮਰਥਕਾਂ ਨੇ ਹਾਲੇ ਤੱਕ ਇਹ ਸਪਸ਼ਟ ਨਹੀਂ ਕੀਤਾ ਹੈ ਕਿ ਉਹ ਕਿਸ ਦੇ ਸਮਰਥਨ ਵਿੱਚ ਉਹ ਵੋਟ ਪਾਉਣਗੇ।

ਜਾਟ ਤੇ ਗ਼ੈਰ-ਜਾਟ ਵੋਟ

ਲੋਕ ਸਭਾ ਚੋਣਾਂ ਵਿਚ ਜਾਟ ਵੋਟ ਕਾਫ਼ੀ ਅਹਿਮ ਹੈ ਕਿਉਂਕਿ ਜਾਟ ਭੂਮੀ 'ਤੇ ਸਾਲ 2014 ਵਿੱਚ ਭਾਜਪਾ ਨੇ 7 ਸੀਟਾਂ ਉੱਤੇ ਜਿੱਤ ਦਰਜ ਕੀਤੀ ਸੀ।

Image copyright Sat Singh/BBC

ਕਾਂਗਰਸ ਵੱਡਾ ਜਾਟ ਵੋਟ ਬੈਂਕ ਆਪਣੇ ਹੱਕ ਵਿੱਚ ਹੋਣ ਦਾ ਦਾਅਵਾ ਕਰ ਰਹੀ ਹੈ ਪਰ ਗ਼ੈਰ-ਜਾਟ ਵੋਟ ਬੈਂਕ ਵੀ ਵੱਡਾ ਮੁੱਦਾ ਹੈ। 2016 ਵਿੱਚ ਜਾਟ ਅੰਦੋਲਨ ਦੌਰਾਨ ਹੋਈ ਹਿੰਸਾ ਕਾਰਨ ਜਾਟ ਤੇ ਗ਼ੈਰ - ਜਾਟ ਵੋਟਰਾਂ ਵਿਚਾਲੇ ਪਾੜਾ ਪੈ ਗਿਆ।

ਗ਼ੈਰ ਜਾਟ ਲੋਕਾਂ ਦਾ ਇਲਜ਼ਾਮ ਹੈ ਕਿ ਜਾਟ ਭਾਈਚਾਰੇ ਨੇ ਉਨ੍ਹਾਂ ਦੀ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ ਹੈ ਤਾਂ ਦੂਜੇ ਪਾਸੇ ਜਾਟ ਭਾਈਚਾਰੇ ਦੇ ਲੋਕ ਇਨ੍ਹਾਂ ਇਲਜ਼ਾਮਾਂ ਨੂੰ ਨਕਾਰਦੇ ਹਨ। ਉਹ ਕਹਿੰਦੇ ਹਨ ਕਿ ਅੰਦੋਲਨ ਦੌਰਾਨ ਉਨ੍ਹਾਂ ਦੇ ਲੋਕ ਵੀ ਮਾਰੇ ਗਏ ਹਨ।

ਜਾਟ ਅੰਦੋਲਨ ਦਾ ਮੁੱਦਾ ਜਾਟ ਬਨਾਮ ਗ਼ੈਰ-ਜਾਟ ਬਣ ਗਿਆ ਹੈ।

ਐਂਟੀ ਇਨਕੰਬੈਂਸੀ

ਭਾਜਪਾ ਦੇ ਸੰਸਦ ਮੈਂਬਰ ਵਾਅਦੇ ਪੂਰੇ ਨਾ ਕਰਨ ਕਾਰਨ ਐਂਟੀ ਇਨਕੰਬੈਂਸੀ ਨੂੰ ਝੱਲ ਰਹੇ ਹਨ।

Image copyright Sat Singh/BBC
ਫੋਟੋ ਕੈਪਸ਼ਨ ਹਰਿਆਣਾ ਵਿੱਚ 10 ਲੋਕ ਸਭਾ ਸੀਟਾਂ ਉੱਤੇ 12 ਮਈ ਨੂੰ ਵੋਟਿੰਗ ਹੋਣੀ ਹੈ

ਭਾਜਪਾ ਆਗੂ ਧਰਮਬੀਰ ਭਿਵਾਨੀ ਵਿਚ, ਰਤਨ ਲਾਲ ਕਟਾਰੀਆ ਅੰਬਾਲਾ ਵਿਚ, ਕ੍ਰਿਸ਼ਨ ਪਾਲ ਗੁੱਜਰ ਫਰੀਦਾਬਾਦ ਵਿਚ ਰਮੇਸ਼ ਕੌਸ਼ਿਕ ਸੋਨੀਪਤ ਵਿੱਚ ਦੌਰਿਆਂ ਦੌਰਾਨ ਪਿੰਡਾਂ ਵਿੱਚ ਲੋਕਾਂ ਦੀ ਨਰਾਜ਼ਗੀ ਝੱਲ ਚੁੱਕੇ ਹਨ।

ਉਨ੍ਹਾਂ ਦੇ ਬਾਈਕਾਟ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਕਾਫੀ ਦੇਖੀਆਂ ਜਾਂ ਸਕਦੀਆਂ ਹਨ।

ਹਾਲਾਂਕਿ ਹੋਰਨਾਂ ਪਾਰਟੀਆਂ ਦੇ ਸੰਸਦ ਮੈਂਬਰਾਂ ਨੂੰ ਵਿਰੋਧੀ ਧਿਰ ਵਿੱਚ ਹੋਣ ਕਾਰਨ ਇਹ ਨਮੋਸ਼ੀ ਨਹੀਂ ਝਲਣੀ ਪਈ।

ਰੋਹਤਕ ਤੋਂ ਸੰਸਦ ਮੈਂਬਰ ਦੀਪਿੰਦਰ ਹੁੱਡਾ, ਹਿਸਾਰ ਤੋਂ ਦੁਸ਼ਅੰਤ ਚੌਟਾਲਾ ਨੂੰ ਐਂਟੀ-ਇਨਕੰਬੈਸੀ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ ਹੈ।

ਰੋਹਤਕ ਦੀ ਪੁਰਾਣੀ ਸਿਆਸਤ

ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੇ ਆਗੂ ਭੁਪਿੰਦਰ ਹੁੱਡਾ ਦਾ ਨਾਮ ਸੋਨੀਪਤ ਲੋਕ ਸਭਾ ਤੋਂ ਐਲਾਨੇ ਜਾਣ ਤੋਂ ਬਾਅਦ ਰੋਹਤਕ ਦੀ ਸੀਟ ਅਸੁਰੱਖਿਅਤ ਸਮਝੀ ਜਾ ਰਹੀ ਸੀ।

ਜਾਟ ਭੂਮੀ ਸੋਨੀਪਤ ਤੋਂ 'ਹੂਡਾ' ਦਾ ਨਾਮ ਜੁੜਨ ਨਾਲ ਉੱਥੇ 'ਚੌਧਰ' ਮੁੜ ਪਰਤ ਆਈ ਹੈ।

Image copyright Sat Singh/BBC

ਹੁੱਡਾ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਹ ਚੰਡੀਗੜ੍ਹ ਵਾਪਸੀ ਲਈ ਦਿੱਲੀ ਦਾ ਰਾਹ ਅਪਣਾਉਣਗੇ।

ਰੋਹਤਕ ਦੇ ਮਜ਼ਬੂਤ ਆਗੂ ਮੰਨੇ ਜਾਂਦੇ ਹੁੱਡਾ ਨੇ ਸੂਬੇ 'ਤੇ ਦੱਸ ਸਾਲ ਰਾਜ ਕੀਤਾ ਹੈ। ਪਰ ਪਿਛਲੀਆਂ ਚੋਣਾਂ ਵਿੱਚ ਉਨ੍ਹਾਂ 'ਤੇ ਖੇਤਰੀ ਪੱਖਪਾਤ ਦੇ ਇਲਜ਼ਾਮ ਲੱਗੇ ਸਨ।

ਮਾਹਿਰ ਦੀ ਰਾਇ

'ਪਾਲੀਟਿਕਸ ਆਫ਼ ਚੌਧਰ' ਦੇ ਲੇਖਕ ਡਾ. ਸਤੀਸ਼ ਤਿਆਗੀ ਦਾ ਕਹਿਣਾ ਹੈ ਕਿ ਖੇਤਰੀ ਪਾਰਟੀਆਂ ਦਾ ਦਬਦਬਾ ਤਾਂ ਹਰਿਆਣਾ ਦੇ ਲੋਕ ਸਮਝ ਰਹੇ ਹਨ ਪਰ ਜਾਟ ਅਤੇ ਗ਼ੈਰ-ਜਾਟ ਦੀ ਜਾਤੀਵਾਦੀ ਸਿਆਸਤ ਸਮਾਜ ਨੂੰ ਨੁਕਸਾਨ ਪਹੁੰਚਾ ਰਹੀ ਹੈ।

ਇਹ ਵੀ ਪੜ੍ਹੋ:

ਉਨ੍ਹਾਂ ਕਿਹਾ, "ਸਾਲ 2016 ਵਿੱਚ ਹੋਈ ਹਿੰਸਾ ਤੋਂ ਬਾਅਦ ਸਰਕਾਰ ਨੂੰ ਇਸ ਦਾ ਹੱਲ ਕਰਨਾ ਚਾਹੀਦਾ ਹੈ। ਪਰ ਮੌਜੂਦਾ ਸਮਾਂ ਦੇਖ ਕੇ ਲਗਦਾ ਹੈ ਕਿ ਸਿਆਸੀ ਪਾਰਟੀਆਂ ਹਾਲਾਤ ਦਾ ਫਾਇਦਾ ਲੈਣਾ ਚਾਹੁੰਦੀਆਂ ਹਨ ਜੋ ਕਿ ਸਮਾਜਿਕ ਤਾਣੇ-ਬਾਣੇ ਨੂੰ ਨੁਕਸਾਨ ਪਹੁੰਚਾ ਰਿਹਾ ਹੈ।"

ਉਨ੍ਹਾਂ ਕਿਹਾ ਕਿ ਹਰਿਆਣਾ ਦੇ ਲਈ ਮੁੱਖ ਮੁੱਦੇ ਹਨ, ਜਿਵੇਂ ਨੌਜਵਾਨਾਂ ਨੂੰ ਰੁਜ਼ਗਾਰ ਦੇ ਲਈ ਕਾਬਿਲ ਬਣਵਾਉਣਾ, ਮਿਆਰੀ ਸਿੱਖਿਆ ਦੇਣਾ, ਬਿਹਤਰ ਸਿਹਤ ਸੇਵਾਵਾਂ, ਔਰਤਾਂ ਖਿਲਾਫ਼ ਅਪਰਾਧ ਘਟਾਉਣਾ, ਪੁਲਿਸ ਦਾ ਨਵੀਨੀਕਰਨ ਕਰਨਾ। ਪਰ ਸਭ ਸਿਆਸੀ ਪਾਰਟੀਆਂ ਜਾਤੀਵਾਦ ’ਤੇ ਆਧਾਰਿਤ ਸਿਆਸਤ ਕਰ ਰਹੀਆਂ ਹਨ।

ਇਹ ਵੀਡੀਓਜ਼ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)