ਕਿੰਨਾ ਔਖਾ ਹੈ ਭਰਾ ਦਾ ਭੈਣ ਨਾਲ ਪੀਰੀਅਡਜ਼ ਬਾਰੇ ਗੱਲ ਕਰਨਾ

ਅਭਿਸ਼ੇਕ ਵਾਲਟਰ Image copyright Abhisheik Walter/BBC

"ਹੁਣ ਭੈਣ, ਗਰਲਫ਼ਰੈਂਡ ਤੇ ਬਾਕੀ ਔਰਤਾਂ ਦਾ 'ਪੀਰੀਅਡਜ਼' ਦੌਰਾਨ ਜ਼ਿਆਦਾ ਖਿਆਲ ਰੱਖਦਾ ਹਾਂ।"

"ਪਹਿਲਾਂ ਮੈਨੂੰ ਆਪਣੀ ਭੈਣ ਦੇ ਚਿਹਰੇ ਤੋਂ ਪਤਾ ਤਾਂ ਲਗ ਜਾਂਦਾ ਸੀ ਕਿ ਉਸ ਦੇ ਪੀਰੀਅਡਜ਼ ਚੱਲ ਰਹੇ ਹਨ ਪਰ ਮੈਂ ਕਦੇ ਉਸ ਨਾਲ ਇਸ ਬਾਰੇ ਗੱਲ ਨਹੀਂ ਕੀਤੀ ਸੀ।”

“ਭੈਣ ਨਾਲ ਤਾਂ ਕੀ ਆਪਣੀ ਮਾਂ ਜਾਂ ਘਰ ਦੀ ਕਿਸੇ ਔਰਤ ਨਾਲ ਨਹੀਂ। ਬੇਸ਼ੱਕ ਸਾਡਾ ਪਰਿਵਾਰ ਪੜ੍ਹਿਆ-ਲਿਖਿਆ ਹੈ ਪਰ ਪੀਰੀਅਡਜ਼ ਸਬੰਧੀ ਗੱਲ ਕਰਨ ਵਿੱਚ ਹਮੇਸ਼ਾ ਅਸਹਿਜਤਾ ਰਹੀ ਹੈ।"

ਇਹ ਸ਼ਬਦ ਉਸੇ ਅਭਿਸ਼ੇਕ ਵਾਲਟਰ ਦੇ ਹਨ ਜਿਸ ਨੇ ਆਪਣੀ ਛੋਟੀ ਭੈਣ ਦੇ ਮਨ ਵਿੱਚੋਂ ਪੀਰੀਅਡ ਸਬੰਧੀ ਵਹਿਮ ਦੂਰ ਕਰਨ ਵਾਲੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਅਤੇ ਚਰਚਾ ਦਾ ਵਿਸ਼ਾ ਬਣ ਗਿਆ।

ਭਰਾ ਆਪਣੀ ਭੈਣ ਦੇ ਮਨ ਵਿੱਚੋਂ ਇਸ ਸਬੰਧੀ ਜੁੜੇ ਵਹਿਮ ਅਤੇ ਅਸਹਿਜਤਾ ਦੂਰ ਕਰੇ, ਇਹ ਸਾਡੇ ਸਮਾਜ ਵਿੱਚ ਆਮ ਗੱਲ ਨਹੀਂ ਹੈ।

ਫਿਰ ਆਖਿਰ ਅਭਿਸ਼ੇਕ ਨੇ ਇਸ ਬਾਬਤ ਕਿਵੇਂ ਸੋਚਿਆ, ਉਸ ਦੇ ਪਰਿਵਾਰ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਕੀ ਪ੍ਰਤੀਕਰਮ ਰਿਹਾ ਹੋਵੇਗਾ ਅਤੇ ਬਹੁਤ ਸਾਰੀਆਂ ਹੋਰ ਗੱਲਾਂ ਜਾਣਨ ਲਈ ਅਸੀਂ ਅਭਿਸ਼ੇਕ ਨਾਲ ਸੰਪਰਕ ਕੀਤਾ ਅਤੇ ਫੋਨ 'ਤੇ ਉਸ ਨਾਲ ਗੱਲਬਾਤ ਕੀਤੀ।

ਕਿਵੇਂ ਬਦਲੀ ਪੀਰੀਅਡਜ਼ ਸਬੰਧੀ ਸੋਚ ?

ਅਭਿਸ਼ੇਕ ਨੇ ਦੱਸਿਆ, "ਪੈਡਮੈਨ ਫਿਲਮ ਅਤੇ ਸੋਸ਼ਲ ਮੀਡੀਆ 'ਤੇ ਪੀਰੀਅਡ ਸਬੰਧੀ ਹੁੰਦੀਆਂ ਚਰਚਾਵਾਂ ਨੇ ਮੈਨੂੰ ਬਦਲਿਆ ਹੈ। ਮੈਂ ਪਹਿਲਾਂ ਪੀਰੀਅਡ ਸਬੰਧੀ ਇੰਨਾ ਸੰਵੇਦਨਸ਼ੀਲ ਨਹੀਂ ਸੀ ਜਿੰਨਾ ਹੁਣ ਹਾਂ।”

“ਜਦੋਂ ਮੈਂ ਪੈਡਮੈਨ ਫਿਲਮ ਦੇਖੀ ਤਾਂ ਸੋਚਣ ਲਈ ਮਜਬੂਰ ਹੋ ਗਿਆ। ਫਿਰ ਘਰ ਜਾ ਕੇ ਜਦੋਂ ਆਪਣੀ ਮਾਂ ਨਾਲ ਬੈਠ ਕੇ ਇਹ ਫ਼ਿਲਮ ਦੇਖੀ ਤਾਂ ਮੈਂ ਆਪਣੀ ਮਾਂ ਨਾਲ ਇਸ ਬਾਰੇ ਗੱਲ ਕਰਨਾ ਸ਼ੁਰੂ ਕੀਤਾ ਸੀ।"

ਇਹ ਵੀ ਪੜ੍ਹੋ:

ਅਭਿਸ਼ੇਕ ਨੇ ਅੱਗੇ ਦੱਸਿਆ, "ਮੇਰੀ ਗਰਲਫਰੈਂਡ ਵੀ ਮੈਨੂੰ ਜਦੋਂ ਪਹਿਲਾਂ ਦੱਸਦੀ ਸੀ ਕਿ ਉਸ ਦੇ ਪੀਰੀਅਡਜ਼ ਚੱਲ ਰਹੇ ਹਨ, ਤਾਂ ਮੈਨੂੰ ਉਸ ਦੇ ਦਰਦ ਦਾ ਅਹਿਸਾਸ ਪਹਿਲਾਂ ਕਦੇ ਨਹੀਂ ਹੋਇਆ ਸੀ।”

“ਪਰ ਹੁਣ ਮੈਂ ਉਸ ਨੂੰ ਵੀ ਪੁੱਛਦਾ ਰਹਿੰਦਾ ਹਾਂ ਕਿ ਉਹ ਕਿਵੇਂ ਮਹਿਸੂਸ ਕਰ ਰਹੀ ਹੈ, ਉਸ ਨੂੰ ਕਿਸੇ ਚੀਜ਼ ਦੀ ਲੋੜ ਤਾਂ ਨਹੀਂ?"

ਕਿਉਂ ਬਣਾਈ ਭੈਣ ਨਾਲ ਪੀਰੀਅਡਜ਼ ਬਾਰੇ ਵੀਡੀਓ ?

ਅਭਿਸ਼ੇਕ ਵਾਲਟਰ ਮੂਲ ਰੂਪ ਵਿੱਚ ਬਿਹਾਰ ਦੇ ਬੇਟੀਹਾ ਨਾਲ ਸਬੰਧ ਰਖਦੇ ਹਨ ਅਤੇ ਹੁਣ ਮੁੰਬਈ ਵਿੱਚ ਇੱਕ ਆਈਟੀ ਕੰਪਨੀ ਵਿੱਚ ਨੌਕਰੀ ਕਰਦੇ ਹਨ। ਅਭਿਸ਼ੇਕ ਦਾ ਪਰਿਵਾਰ ਬਿਹਾਰ ਵਿੱਚ ਹੀ ਰਹਿੰਦਾ ਹੈ।

ਅਭਿਸ਼ੇਕ ਨੇ ਆਪਣੀ ਸਕੀ ਭੈਣ ਸਵੀਟੀ ਵਾਲਟਰ ਨਾਲ ਇਸ ਤੋਂ ਪਹਿਲਾਂ ਕਦੇ ਇਸ ਬਾਰੇ ਗੱਲ ਨਹੀਂ ਕੀਤੀ ਸੀ।

ਆਪਣੀ ਜਿਸ ਭੈਣ ਨਾਲ ਅਭਿਸ਼ੇਕ ਨੇ ਪੀਰੀਅਡਜ਼ ਸਬੰਧੀ ਵਹਿਮ ਤੋੜਨ ਵਾਲੀ ਵੀਡੀਓ ਪੋਸਟ ਕੀਤੀ, ਉਸ ਦਾ ਨਾਮ ਸਿਨੀ ਵਿਕਟਰ ਹੈ। ਸਿਨੀ, ਅਭਿਸ਼ੇਕ ਦੇ ਮਾਮਾ ਦੀ ਧੀ ਹੈ ਅਤੇ ਪਿਛਲੇ ਤਿੰਨ ਸਾਲਾਂ ਤੋਂ ਅਭਿਸ਼ੇਕ ਦੇ ਪਰਿਵਾਰ ਨਾਲ ਹੀ ਰਹਿੰਦੀ ਹੈ। ਸਿਨੀ ਪੰਜਵੀਂ ਜਮਾਤ ਵਿੱਚ ਪੜ੍ਹਦੀ ਹੈ।

Image copyright Abhisheik Walter/BBC

ਅਭਿਸ਼ੇਕ ਨੇ ਦੱਸਿਆ, "ਜਦੋਂ ਮੈਂ ਮੁੰਬਈ ਤੋਂ ਬਿਹਾਰ ਸਥਿਤ ਆਪਣੇ ਘਰ ਜਾਂਦਾ ਸੀ ਤਾਂ ਅਕਸਰ ਵੇਖਦਾ ਕਿ ਕਈ ਵਾਰ ਸਿਨੀ ਸਕੂਲ ਤੋਂ ਜਲਦੀ ਆ ਜਾਂਦੀ ਸੀ ਅਤੇ ਪੁੱਛਣ 'ਤੇ ਪੇਟ ਦਰਦ ਦੀ ਗੱਲ ਕਹਿੰਦੀ ਸੀ।“

“ਫਿਰ ਮੈਂ ਆਪਣੀ ਮਾਂ ਨੂੰ ਪੁੱਛਣਾ ਸ਼ੁਰੂ ਕੀਤਾ ਕਿ, ਕੀ ਇਸ ਦੇ ਪੀਰੀਅਡਜ਼ ਚੱਲ ਰਹੇ ਹਨ, ਜੇ ਅਜਿਹਾ ਹੈ ਤਾਂ ਉਸ ਦਾ ਜ਼ਿਆਦਾ ਖਿਆਲ ਰੱਖਿਆ ਕਰੋ।"

"ਫਿਰ ਮੈਂ ਖੁਦ ਹੀ ਉਸ ਨੂੰ ਪੁੱਛ ਲੈਂਦਾ ਸੀ। ਜੇ ਉਸ ਦੇ ਪੀਰੀਅਡਜ਼ ਚੱਲ ਰਹੇ ਹੁੰਦੇ ਤਾਂ ਉਸ ਨੂੰ ਪੜ੍ਹਾਈ ਲਈ ਝਿੜਕਦਾ ਵੀ ਨਹੀਂ ਸੀ ਅਤੇ ਉਸ ਦੀ ਲੋੜ ਦਾ ਖਿਆਲ ਰੱਖਦਾ ਸੀ। ਫਿਰ ਸਿਨੀ ਵੀ ਮੇਰੇ ਨਾਲ ਗੱਲ ਕਰਨ ਲੱਗ ਗਈ ਸੀ ਜਿਵੇਂ ਕਿ ਆਪਣੇ ਪੈਡਜ਼ ਜਾਂ ਹੋਰ ਕਿਸੇ ਲੋੜ ਬਾਰੇ।"

"ਇਸ ਵਾਰ ਜਦੋਂ ਮੈਂ ਘਰ ਗਿਆ, ਦੋ ਮਈ ਦੀ ਗੱਲ ਹੈ। ਸਿਮੀ ਨੇ ਮੈਨੂੰ ਬੂਟਿਆਂ ਨੂੰ ਪਾਣੀ ਪਾਉਣ ਨੂੰ ਕਿਹਾ। ਤਾਂ ਮੈਂ ਉਸ ਨੂੰ ਕਾਰਨ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਪੀਰੀਅਡਜ਼ ਕਾਰਨ ਮੈਨੂੰ ਬੂਟਿਆਂ ਨੂੰ ਪਾਣੀ ਦੇਣ ਤੋਂ ਮਨ੍ਹਾ ਕੀਤਾ ਗਿਆ ਹੈ।"

"ਮੈਂ ਸਿਮੀ ਨੂੰ ਸਮਝਾਇਆ ਕਿ ਉਸ ਪਿੱਛੇ ਤਰਕ ਕੀ ਹੈ? ਮੈਂ ਇਸ ਦੀ ਵੀਡੀਓ ਵੀ ਬਣਾਈ ਅਤੇ ਇਸ ਨੂੰ ਆਪਣੇ ਟਵਿੱਟਰ ਅਕਾਊਂਟ 'ਤੇ ਪੋਸਟ ਕਰ ਦਿੱਤਾ। ਮੈਂ ਪਹਿਲਾਂ ਟਵਿੱਟਰ 'ਤੇ ਜ਼ਿਆਦਾ ਸਰਗਰਮ ਨਹੀਂ ਹਾਂ ਪਰ ਮੈਨੂੰ ਲਗਿਆ ਕਿ ਇਹ ਵੀਡੀਓ ਪੋਸਟ ਕਰਨੀ ਚਾਹੀਦੀ ਹੈ।"

"ਵੀਡੀਓ ਵਾਇਰਲ ਹੋਣ ਤੋਂ ਬਾਅਦ ਪਰਿਵਾਰ ਦੀਆਂ ਔਰਤਾਂ ਨੇ ਇਤਰਾਜ਼ ਕੀਤਾ।"

ਅਭਿਸ਼ੇਕ ਨੇ ਦੱਸਿਆ ਕਿ ਜਦੋਂ ਉਹਨਾਂ ਦੀ ਵੀਡੀਓ ਵਾਇਰਲ ਹੋ ਗਈ ਤਾਂ ਪਰਿਵਾਰ ਦੀਆਂ ਕਈ ਔਰਤਾਂ ਨੇ ਫੋਨ ਕਰਕੇ ਉਸ ਨਾਲ ਇਤਰਾਜ਼ ਜਤਾਇਆ ਪਰ ਉਹਨਾਂ ਔਰਤਾਂ ਦੀਆਂ ਧੀਆਂ ਯਾਨਿ ਕੇ ਅਭਿਸ਼ੇਕ ਦੀਆਂ ਚਚੇਰੀਆਂ-ਮਮੇਰੀਆਂ ਭੈਣਾਂ ਨੇ ਉਸ ਨੂੰ ਡਿਫੈਂਡ ਕੀਤਾ।

ਕਈ ਰਿਸ਼ਤੇਦਾਰਾਂ ਅਤੇ ਦੋਸਤਾਂ ਨੇ ਅਭਿਸ਼ੇਕ ਨੂੰ ਸ਼ਾਬਾਸ਼ੀ ਦਿੱਤੀ ਅਤੇ ਸਹੀ ਠਹਿਰਾਇਆ।

ਅਭਿਸ਼ੇਕ ਨੇ ਦੱਸਿਆ ਕਿ ਸਿਮੀ ਨੂੰ ਜਦੋਂ ਪੀਰੀਅਡਜ਼ ਸ਼ੁਰੂ ਹੋਏ ਤਾਂ ਉਸ ਦੀ ਭੂਆ (ਅਭਿਸ਼ੇਕ ਦੀ ਮਾਂ) ਨੇ ਉਸ ਨੂੰ ਕਿਹਾ ਸੀ ਕਿ ਪੀਰੀਅਡਜ਼ ਦੌਰਾਨ ਬੂਟਿਆਂ ਨੂੰ ਪਾਣੀ ਨਹੀਂ ਦੇਣਾ, ਅਚਾਰ ਨੂੰ ਹੱਥ ਨਹੀਂ ਲਾਉਣਾ, ਨਹੀਂ ਤਾਂ ਬੂਟੇ ਸੜ ਜਾਣਗੇ ਅਤੇ ਅਚਾਰ ਖਰਾਬ ਹੋ ਜਾਵੇਗਾ।

ਪਰ ਹੁਣ ਜਦੋਂ ਅਭਿਸ਼ੇਕ ਦੀ ਇਹਨਾਂ ਵਹਿਮਾਂ ਸਬੰਧੀ ਪੋਸਟ ਕੀਤੀ ਗਈ ਵੀਡੀਓ ਚਰਚਾ ਵਿੱਚ ਆਈ ਅਤੇ ਕਈ ਲੋਕਾਂ ਨੇ ਸ਼ਾਬਾਸ਼ੀ ਦਿੱਤੀ ਤਾਂ ਅਭਿਸ਼ੇਕ ਦੀ ਮਾਂ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਉਹ ਵੀਡੀਓ ਪੋਸਟ ਕੀਤੀ।

"ਕਾਲੇ ਪਾਲੀਥੀਨ ਵਿੱਚ ਲੁਕੋ ਕੇ ਲਿਆਉਂਦਾ ਰਿਹਾ ਹਾਂ ਸੈਨੇਟਰੀ ਪੈਡ"

ਅਭਿਸ਼ੇਕ ਨੇ ਦੱਸਿਆ ਕਿ ਉਹਨਾਂ ਦੇ ਘਰ ਦਾ ਮਾਹੌਲ ਵੀ ਜ਼ਿਆਦਾਤਰ ਮੱਧਵਰਗੀ ਭਾਰਤੀ ਘਰਾਂ ਵਰਗਾ ਹੀ ਰਿਹਾ ਹੈ।

ਅਭਿਸ਼ੇਕ ਨੇ ਕਿਹਾ, "ਜਦੋਂ ਮੈਂ ਛੋਟਾ ਸੀ ਤਾਂ ਘਰ ਦੀਆਂ ਔਰਤਾਂ ਦੁਕਾਨ ਤੋਂ ਪੈਡ ਲਿਆਉਣ ਲਈ ਕਹਿੰਦੀਆਂ ਸਨ ਅਤੇ ਨਾਲ ਹੀ ਇਹ ਵੀ ਕਹਿੰਦੀਆਂ ਸੀ ਕਿ ਕਾਲੇ ਪਾਲੀਥੀਨ ਵਿੱਚ ਲੁਕੋ ਕੇ ਲਿਆਉਣਾ ਹੈ।”

“ਉਸ ਵੇਲੇ ਮੈਨੂੰ ਪਤਾ ਨਹੀਂ ਸੀ ਹੁੰਦਾ ਕਿ ਇਹ ਕੀ ਚੀਜ਼ ਹੈ। ਮੈਂ ਕਾਲੇ ਲਿਫ਼ਾਫੇ ਵਿੱਚ ਲੁਕੋ ਕੇ ਸੈਨੇਟਰੀ ਪੈਡ ਲਿਆਉਂਦਾ ਰਿਹਾ ਹਾਂ ਪਰ ਇਸ ਬਾਰੇ ਕਦੇ ਗੱਲ ਨਹੀਂ ਕੀਤੀ ਸੀ।"

ਕਿੰਨਾ ਔਖਾ ਹੈ ਭਰਾ ਦਾ ਭੈਣ ਨਾਲ ਪੀਰੀਅਡਜ਼ ਸਬੰਧੀ ਗੱਲ ਕਰਨਾ?

ਅਭਿਸ਼ੇਕ ਨੇ ਜੋ ਕੀਤਾ ਹੈ ਬੇਹੱਦ ਖੂਬਸੂਰਤ ਹੈ। ਜਿੰਨੇ ਲੋਕ ਇਸ ਗੱਲ ਲਈ ਅਭਿਸ਼ੇਕ ਦੀ ਨਿੰਦਾ ਕਰ ਰਹੇ ਹਨ ਉਸ ਤੋਂ ਜ਼ਿਆਦਾ ਇਸ ਦੀ ਤਾਰੀਫ਼ ਕਰ ਰਹੇ ਹਨ।

ਪਰ ਇੱਕ ਭਰਾ ਦਾ ਆਪਣੀ ਭੈਣ ਨਾਲ ਇਸ ਸਬੰਧੀ ਖੁੱਲ੍ਹ ਕੇ ਗੱਲ ਕਰਨਾ ਕਿੰਨਾ ਮੁਸ਼ਕਿਲ ਹੈ?

ਅਭਿਸ਼ੇਕ ਨੇ ਕਿਹਾ, “ਜਿਸ ਤਰ੍ਹਾਂ ਸਾਡੇ ਪਰਿਵਾਰਾਂ ਦਾ ਮਾਹੌਲ ਹੁੰਦਾ ਹੈ ਇਹ ਗੱਲ ਬਹੁਤ ਸੌਖੀ ਨਹੀਂ ਪਰ ਜ਼ਰੂਰੀ ਹੈ। ਭੈਣ ਜਿੰਨੀ ਛੋਟੀ ਹੋਵੇਗੀ, ਉੰਨਾ ਹੀ ਸੌਖਾ ਹੋਵੇਗਾ ਕਿ ਉਸ ਨਾਲ ਇਸ ਸਬੰਧੀ ਗੱਲਬਾਤ ਸਹਿਜ ਬਣਾਈ ਜਾ ਸਕੇ ਅਤੇ ਉਸ ਦਾ ਖਿਆਲ ਰੱਖਿਆ ਜਾ ਸਕੇ।”

“ਬਚਪਨ ਤੋਂ ਹੀ ਇਸ ਨੂੰ ਸ਼ਰਮ ਦਾ ਵਿਸ਼ਾ ਨਹੀਂ ਬਣਨ ਦਿੱਤਾ ਜਾਣਾ ਚਾਹੀਦਾ ਹੈ।”

ਭਰਾ ਦੀ ਜਿੰਮੇਵਾਰੀ ਕਿੰਨੀ?

ਅਭਿਸ਼ੇਕ ਨੇ ਕਿਹਾ, "ਭਰਾ ਇਸ ਗੱਲ ਦਾ ਤਾਂ ਧਿਆਨ ਰੱਖਦੇ ਹਨ ਕਿ ਬਾਹਰ ਉਸ ਦੀ ਭੈਣ ਨੂੰ ਕੋਈ ਛੇੜੇ ਨਾ ਪਰ ਘਰ ਵਿੱਚ ਪੀਰੀਅਡਜ਼ ਦੌਰਾਨ ਉਸ ਦਾ ਖਿਆਲ ਨਹੀਂ ਰੱਖਦੇ।"

ਉਹਨਾਂ ਅੱਗੇ ਕਿਹਾ, "ਮੈਂ ਸਿਰਫ਼ ਆਪਣੀ ਭੈਣ ਦੇ ਮਨ ਵਿੱਚੋਂ ਪੀਰੀਅਡਜ਼ ਸਬੰਧੀ ਵਹਿਮ ਹੀ ਨਹੀਂ ਤੋੜੇ ਬਲਕਿ ਉਸ ਨੂੰ ਸਿੱਖਿਆ ਵੀ ਦਿੱਤੀ।”

“ਉਹ ਪੀਰੀਅਡਜ਼ ਦੌਰਾਨ ਦਰਦ ਦੂਰ ਕਰਨ ਲਈ ਦਵਾਈ ਖਾਂਦੀ ਸੀ, ਮੈਂ ਉਸ ਨੂੰ ਸਮਝਾਇਆ ਕਿ ਇਸ ਦਾ ਨੁਕਸਾਨ ਹੋ ਸਕਦਾ ਹੈ ਅਤੇ ਡਾਕਟਰ ਨਾਲ ਸਲਾਹ ਕੀਤੇ ਬਿਨਾਂ ਕੋਈ ਦਵਾਈ ਨਹੀਂ ਲੈਣੀ ਚਾਹੀਦੀ। ਮੈਨੂੰ ਇਸ ਬਾਰੇ ਪਤਾ ਸੀ ਕਿਉਂਕਿ ਮੇਰੀ ਗਰਲਫਰੈਂਡ ਨੇ ਮੈਨੂੰ ਦੱਸਿਆ ਸੀ।"

ਇਹ ਵੀ ਪੜ੍ਹੋ:

"ਮੈਂ ਪੀਰੀਅਡਜ਼ ਦੌਰਾਨ ਹੁਣ ਉਸ ਨੂੰ ਕੋਈ ਕੰਮ ਵੀ ਨਹੀਂ ਕਹਿੰਦਾ, ਪੜ੍ਹਾਈ ਲਈ ਝਿੜਕਦਾ ਵੀ ਨਹੀਂ ਅਤੇ ਘਰ ਦੇ ਬਾਕੀ ਜੀਆਂ ਨੂੰ ਵੀ ਅਜਿਹਾ ਹੀ ਕਰਨ ਲਈ ਕਹਿੰਦਾ ਹਾਂ।"

ਛੋਟੀ ਭੈਣ ਦੀ ਪ੍ਰਤੀਕਿਰਿਆ?

ਅਭਿਸ਼ੇਕ ਨੇ ਕਾਨਫਰੰਸ ਕਾਲ ਜ਼ਰੀਏ ਸਿਮੀ ਵਿਕਟਰ ਨਾਲ ਗੱਲ ਕਰਾਈ। ਸਿਮੀ ਨੇ ਕਿਹਾ, "ਵੀਰ ਦੇ ਮੇਰੇ ਨਾਲ ਇਸ ਬਾਰੇ ਗੱਲ ਕਰਨ ਨਾਲ ਮੈਨੂੰ ਬਹੁਤ ਮਦਦ ਮਿਲੀ, ਉਹ ਮੇਰਾ ਬਹੁਤ ਖਿਆਲ ਰੱਖਦੇ ਹਨ।"

ਪੀਰੀਅਡਜ਼ ਦਾ ਧਰਮ ਨਾਲ ਕਿੰਨਾ ਸਬੰਧ?

ਅਭਿਸ਼ੇਕ ਵਾਲਟਰ ਦੇ ਇਸ ਵੀਡੀਓ 'ਤੇ ਕਈ ਤਰ੍ਹਾਂ ਦੇ ਕਮੈਂਟ ਆਏ। ਉਨ੍ਹਾਂ ਵਿੱਚ ਇੱਕ ਕਮੈਂਟ ਵਿੱਚ ਲਿਖਿਆ ਗਿਆ ਕਿ ਅਭਿਸ਼ੇਕ ਵਾਲਟਰ ਈਸਾਈ ਹੋ ਕੇ ਹਿੰਦੂ ਧਾਰਨਾਵਾਂ ਬਾਰੇ ਟਿੱਪਣੀਆਂ ਕਿਉਂ ਕਰ ਰਿਹਾ ਹੈ।

ਇਸ ਬਾਰੇ ਅਭਿਸ਼ੇਕ ਨੇ ਕਿਹਾ, "ਪੀਰੀਅਡਜ਼ ਸਬੰਧੀ ਗੱਲ ਸਾਰੀਆਂ ਕੁੜੀਆਂ ਨਾਲ ਜੁੜੀਆਂ ਹੋਈਆਂ ਹਨ। ਇਸ ਵਿੱਚ ਹਿੰਦੂ, ਮੁਸਲਮਾਨ ਜਾਂ ਇਸਾਈ ਦਾ ਮਸਲਾ ਨਹੀਂ ਲਿਆਉਣਾ ਚਾਹੀਦਾ। ਮੈਂ ਈਸਾਈ ਹਾਂ ਅਤੇ ਸਾਡੇ ਘਰਾਂ ਵਿੱਚ ਵੀ ਪੀਰੀਅਡਜ਼ ਸਬੰਧੀ ਅੰਧ-ਵਿਸ਼ਵਾਸ ਹਨ।"

ਅਭਿਸ਼ੇਕ ਨੇ ਕਿਹਾ, "ਮੈਨੂੰ ਪਹਿਲਾਂ ਹੀ ਇਹ ਉਮੀਦ ਸੀ ਕਿ ਮੇਰੇ ਨਾਮ ਪਿੱਛੇ ਵਾਲਟਰ ਪੜ੍ਹ ਕੇ ਲੋਕ ਇਸ ਮਸਲੇ ਨੂੰ ਧਰਮ ਨਾਲ ਜੋੜ ਸਕਦੇ ਹਨ ਪਰ ਮੈਂ ਚਾਹੁੰਦਾ ਹਾਂ ਕਿ ਲੋਕ ਆਪਣੀ ਸੋਚ ਵਧਾਉਣ।"

ਪੀਰੀਅਡਜ਼ ਦੌਰਾਨ ਸਿਹਤ 'ਤੇ ਧਿਆਨ ਦੇਣ ਦੀ ਲੋੜ

ਅਭਿਸ਼ੇਕ ਨੇ ਕਿਹਾ ਕਿ ਸਾਡੇ ਦੇਸ ਵਿੱਚ ਪੀਰੀਅਡਜ਼ ਦੌਰਾਨ ਸਿਹਤ ਸਬੰਧੀ ਬਹੁਤ ਕੁਝ ਕਰਨ ਦੀ ਲੋੜ ਹੈ ਅਤੇ ਇਸ ਲਈ ਮਹਿਲਾ ਸਿਆਸਤਦਾਨਾਂ ਨੂੰ ਅੱਗੇ ਆਉਣਾ ਚਾਹੀਦਾ ਹੈ।

ਅਭਿਸ਼ੇਕ ਨੇ ਕਿਹਾ, "ਜਿਸ ਤਰ੍ਹਾਂ ਕਈ ਵੱਡੀਆਂ ਕੰਪਨੀਆਂ ਦੇ ਦਫ਼ਤਰਾਂ ਵਿੱਚ ਸੈਨੇਟਰੀ ਪੈਡ ਵੈਂਡਿੰਗ ਮਸ਼ੀਨਾਂ ਹੁੰਦੀਆਂ ਹਨ ਉਸੇ ਤਰ੍ਹਾਂ ਸਰਕਾਰਾਂ ਨੂੰ ਜਨਤਕ ਥਾਵਾਂ ਉੱਤੇ ਪ੍ਰਬੰਧ ਕਰਨੇ ਚਾਹੀਦੇ ਹਨ ਅਤੇ ਸੈਨੇਟਰੀ ਪੈਡ ਬਹੁਤ ਘੱਟ ਕੀਮਤ 'ਤੇ ਜਾਂ ਲੋੜਵੰਦਾਂ ਨੂੰ ਮੁਫ਼ਤ ਵੀ ਵੰਡਣੇ ਚਾਹੀਦੇ ਹਨ।"

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)