ਮੁਸਲਮਾਨ ਵੋਟਰਾਂ ਨੂੰ ਪੁਲਿਸ ਵੱਲੋਂ ਕੁੱਟਣ ਦਾ ਸੱਚ- ਫੈਕਟ ਚੈੱਕ

ਪੁਲਿਸ ਲਾਠੀਚਾਰਜ Image copyright Social media viral

ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਕਾਫ਼ੀ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਕਥਿਤ ਤੌਰ 'ਤੇ ਪੁਲਿਸ ਵਾਲੇ ਕੁਝ ਮੁਸਲਮਾਨਾਂ ਨੂੰ ਵੋਟ ਦੇਣ ਤੋਂ ਰੋਕਣ ਲਈ ਮਾਰ-ਕੁੱਟ ਕਰਦੇ ਨਜ਼ਰ ਆ ਰਹੇ ਹਨ।

ਇਸ ਵੀਡੀਓ ਦੇ ਕੈਪਸ਼ਨ ਵਿੱਚ ਲਿਖਿਆ ਹੈ, "ਮੋਦੀ ਸਰਕਾਰ, ਆਰਐੱਸਐੱਸ ਅਤੇ ਸ਼ਿਵਸੈਨਾ ਮੁਸਲਮਾਨਾਂ ਨੂੰ ਵੋਟ ਦੇਣ ਤੋਂ ਰੋਕ ਰਹੇ ਹਨ। ਮੀਡੀਆ ਇਸ ਨੂੰ ਨਹੀਂ ਦਿਖਾਏਗਾ ਇਸ ਲਈ ਕਿਰਪਾ ਕਰਕੇ ਇਸ ਨੂੰ ਸ਼ੇਅਰ ਕਰੋ ਅਤੇ ਮੋਦੀ ਤੇ ਆਰਐੱਸਐੱਸ 'ਤੇ ਕਾਰਵਾਈ ਬਹੁਤ ਜ਼ਰੂਰੀ ਹੈ।"

ਟਵਿੱਟਰ ਅਤੇ ਫੇਸਬੁੱਕ 'ਤੇ ਇਹ ਵੀਡੀਓ ਹਜ਼ਾਰਾਂ ਵਾਰ ਸ਼ੇਅਰ ਕੀਤਾ ਗਿਆ ਹੈ।

ਓਸਿਕਸ ਮੀਡੀਆ ਨਾਮੀ ਇੱਕ ਫੇਸਬੁੱਕ ਪੇਜ ਨੇ ਇਸ ਵੀਡੀਓ ਨੂੰ ਇੱਕ ਕੈਪਸ਼ਨ ਨਾਲ ਸ਼ੇਅਰ ਕੀਤਾ ਸੀ।

ਇਸ ਵਿੱਚ ਲਿਖਿਆ ਗਿਆ ਹੈ, "ਹਾਰ ਦੇ ਡਰ ਨਾਲ ਐੱਨਡੀਏ ਟ੍ਰਿਕ ਦੀ ਵਰਤੋਂ ਕਰ ਰਿਹਾ ਹੈ ਅਤੇ ਪੁਲਿਸ ਮੁਸਲਮਾਨਾਂ ਨੂੰ ਵੋਟ ਦੇਣ ਤੋਂ ਰੋਕ ਰਹੀ ਹੈ। ਮੋਦੀ ਸਰਕਾਰ, ਆਰਐੱਸਐੱਸ ਅਤੇ ਸ਼ਿਵਸੈਨਾ ਔਰਤਾਂ, ਬੱਚਿਆਂ ਅਤੇ ਬਜ਼ੁਰਗਾਂ ਨੂੰ ਕੁੱਟ ਰਹੇ ਹਨ। ਆਉਣ ਵਾਲੀਆਂ ਚੋਣਾਂ ਵਿੱਚ ਹਿੱਸਾ ਲਓ।"

ਇਹ ਵੀ ਪੜ੍ਹੋ:

ਸਾਡੇ ਪਾਠਕਾਂ ਨੇ ਇਸ ਵੀਡੀਓ ਨੂੰ ਵੱਟਸਐਪ ਜ਼ਰੀਏ ਭੇਜ ਕੇ ਇਸਦੀ ਸੱਚਾਈ ਜਾਨਣੀ ਚਾਹੀ।

ਸਾਨੂੰ ਪਤਾ ਲੱਗਿਆ ਹੈ ਕਿ ਵੀਡੀਓ ਨਾਲ ਜੋ ਦਾਅਵੇ ਕੀਤੇ ਗਏ ਹਨ, ਉਹ ਗ਼ਲਤ ਹਨ।

ਵੀਡੀਓ ਦੀ ਸੱਚਾਈ

ਰਿਵਰਸ ਇਮੇਜ ਸਰਚ ਵਿੱਚ ਇਸ ਵੀਡੀਓ ਨਾਲ ਜੁੜੀਆਂ ਖ਼ਬਰਾਂ ਮਿਲੀਆਂ।

ਇੱਕ ਅਪ੍ਰੈਲ 2019 ਨੂੰ ਪ੍ਰਕਾਸ਼ਿਤ ਇੱਕ ਮੀਡੀਆ ਰਿਪੋਰਟ ਮੁਤਾਬਕ, ਇਹ ਵੀਡੀਓ ਗੁਜਰਾਤ ਦੇ ਵੀਰਾਮਗਮ ਕਸਬੇ ਦਾ ਹੈ।

ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਇਹ ਵੀਡੀਓ ਵੀਰਾਮਗਮ ਕਸਬੇ ਦੇ ਭਾਥੀਪੁਰ ਇਲਾਕੇ ਦਾ ਹੈ।

ਇਹ ਘਟਨਾ ਉਦੋਂ ਵਾਪਰੀ ਜਦੋਂ ਇੱਕ ਮਹਿਲਾ ਕਬਰੀਸਤਾਨ ਦੀ ਕੰਧ 'ਤੇ ਕੱਪੜੇ ਸੁਕਾਉਣ ਦੀ ਕੋਸ਼ਿਸ਼ ਕਰ ਰਹੀ ਸੀ ਉਸ ਸਮੇਂ ਕੁਝ ਲੋਕਾਂ ਨੇ ਇਸਦਾ ਵਿਰੋਧ ਕੀਤਾ।

ਇਸ ਪੂਰੀ ਘਟਨਾ ਦੀ ਜਾਣਕਾਰੀ ਲਈ ਬੀਬੀਸੀ ਨੇ ਅਹਿਮਦਾਬਾਦ ਪੇਂਡੂ ਖੇਤਰ ਦੇ ਐੱਸਪੀ ਆਰਵੀ ਆਸਾਰੀ ਨੂੰ ਫੋਨ ਕੀਤਾ।

ਇਹ ਵੀ ਪੜ੍ਹੋ:

ਆਸਾਰੀ ਨੇ ਦੱਸਿਆ, "ਇਹ ਵੀਡੀਓ ਵਿਰਾਮਗਮ ਕਸਬੇ ਵਿੱਚ 31 ਮਾਰਚ 2019 ਨੂੰ ਹੋਈ ਘਟਨਾ ਦਾ ਹੈ। ਜਿਸ ਵਿੱਚ ਠਾਕੁਰ ਅਤੇ ਮੁਸਲਿਮ ਭਾਈਚਾਰੇ ਦੇ ਲੋਕ ਆਪਸ ਵਿੱਚ ਭਿੜ ਗਏ। ਇੱਕ ਔਰਤ ਕਬਰੀਸਤਾਨ ਦੀ ਕੰਧ 'ਤੇ ਕੱਪੜੇ ਸੁਕਾਉਣ ਲਈ ਪਾ ਰਹੀ ਸੀ। ਵਿਰੋਧ ਨੇ ਹਿੰਸਾ ਦਾ ਰੂਪ ਉਦੋਂ ਲੈ ਲਿਆ ਜਦੋਂ ਇੱਕ ਭਾਈਚਾਰੇ ਦੇ ਲੋਕਾਂ ਨੇ ਦੂਜੇ ਭਾਈਚਾਰੇ 'ਤੇ ਹਮਲਾ ਬੋਲ ਦਿੱਤਾ।"

ਉਨ੍ਹਾਂ ਨੇ ਕਿਹਾ, "ਜਦੋਂ ਪੁਲਿਸ ਉੱਥੇ ਪਹੁੰਚੀ ਕੁਝ ਲੋਕਾਂ ਦੇ ਇੱਕ ਗਰੁੱਪ ਨੇ ਪੁਲਿਸ 'ਤੇ ਵੀ ਹਮਲਾ ਬੋਲਿਆ ਅਤੇ ਪੱਥਰ ਸੁੱਟਣੇ ਸ਼ੁਰੂ ਕਰ ਦਿੱਤੇ। ਹਾਲਾਂਕਿ ਪੁਲਿਸ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫ਼ਲ ਰਹੀ। ਗ਼ਲਤ ਦਾਅਵਿਆਂ ਨਾਲ ਵੀਡੀਓ ਨੂੰ ਫੈਲਾਉਣ ਵਾਲਿਆਂ ਤੱਕ ਪਹੁੰਚਣ ਲਈ ਅਸੀਂ ਇਸ ਮਾਮਲੇ ਦੀ ਜਾਂਚ ਕਰ ਰਹੇ ਹਾਂ। ਇਸ ਵੀਡੀਓ ਦਾ ਇਸ ਸਮੇਂ ਜਾਰੀ ਚੋਣਾਂ ਨਾਲ ਕੋਈ ਸਬੰਧ ਨਹੀਂ ਹੈ।"

ਵੋਟ ਦੇਣ ਤੋਂ ਰੋਕਣ ਲਈ ਪੁਲਿਸ ਕਰਮੀ ਮੁਸਲਮਾਨ ਲੋਕਾਂ ਨੂੰ ਕੁੱਟ ਰਹੇ ਹਨ, ਇਹ ਦਾਅਵਾ ਅਸੀਂ ਗ਼ਲਤ ਪਾਇਆ ਹੈ।

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)