ਲੋਕ ਸਭਾ ਚੋਣਾਂ 2019: ਹਰਿਆਣਾ 'ਚ ਮੁੱਖ ਮੰਤਰੀ ਦੀ ਕੁਰਸੀ ਦੇ ਦਾਅਵੇਦਾਰਾਂ ਦੀ ਕਿਸਮਤ ਦਾਅ 'ਤੇ

Image copyright Getty Images

ਹਰਿਆਣਾ ਦੀਆਂ 10 ਲੋਕ ਸਭਾ ਸੀਟਾਂ ਲਈ ਚੋਣ ਲੜ ਰਹੇ ਉਮੀਦਵਾਰਾਂ ਦੀ ਕਿਸਮਤ ਦੇ ਫੈਸਲੇ ਲਈ 12 ਮਈ ਨੂੰ ਵੋਟਾਂ ਪੈਣਗੀਆਂ।

ਪਰ ਲੋਕ ਸਭਾ ਦੇ ਚੋਣ ਤੋਂ ਜ਼ਿਆਦਾ ਇਹ ਲੜਾਈ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਮੁੱਖ ਮੰਤਰੀ ਦੀ ਕੁਰਸੀ 'ਤੇ ਆਪਣੀ ਦਾਅਵੇਦਾਰੀ ਮਜ਼ਬੂਤ ਕਰਨ ਬਾਰੇ ਨਜ਼ਰ ਆ ਰਹੀ ਹੈ।

ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਇਸੇ ਸਾਲ ਅਕਤੂਬਰ ਵਿੱਚ ਹੋ ਸਕਦੀਆਂ ਹਨ।

23 ਮਈ ਨੂੰ ਆਉਣ ਵਾਲੇ ਨਤੀਜੇ ਹਰਿਆਣਾ ਦੇ ਕਈ ਸਿਆਸੀ ਆਗੂਆਂ ਦੇ ਰਾਜਨੀਤਿਕ ਸਫਰ ਦੀ ਦਿਸ਼ਾ ਤੈਅ ਕਰਨਗੇ।

2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਭਾਜਪਾ ਨੇ 7 ਸੀਟਾਂ 'ਤੇ ਜਿੱਤ ਹਾਸਿਲ ਕੀਤੀ ਸੀ, ਦੋ ਇੰਡੀਅਨ ਨੈਸ਼ਨਲ ਲੋਕ ਦਲ ਨੂੰ ਮਿਲੀਆਂ ਸਨ ਅਤੇ ਇੱਕ ਕਾਂਗਰਸ ਨੂੰ।

ਇਹ ਵੀ ਪੜ੍ਹੋ:-

ਭੁਪਿੰਦਰ ਹੁੱਡਾ ਲਈ ਆਪਣੀ ਅਤੇ ਬੇਟੇ ਦੀ ਜਿੱਤ ਜ਼ਰੂਰੀ

ਸੂਬੇ ਵਿੱਚ ਕਾਂਗਰਸ ਕਈ ਧੜਿਆਂ ਵਿੱਚ ਵੰਡੀ ਹੋਈ ਹੈ। ਇੱਕ ਧੜਾ ਹੈ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦਾ। ਹੁੱਡਾ ਦੋ ਵਾਰੀ ਹਰਿਆਣਾ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ।

ਉਨ੍ਹਾਂ ਦੀ ਤੀਜੀ ਵਾਰ ਮੁੱਖ ਮੰਤਰੀ ਬਣਨ ਦੀ ਹਸਰਤ ਪੂਰੀ ਨਾ ਹੋ ਸਕੀ ਜਦੋਂ ਕਾਂਗਰਸ 2014 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਹਾਰ ਗਈ।

ਇਸ ਸਮੇਂ ਹੁੱਡਾ 'ਤੇ ਸੀਬੀਆਈ ਵੱਲੋਂ ਤਿੰਨ ਕੇਸ ਚੱਲ ਰਹੇ ਹਨ।

ਹਰਿਆਣਾ ਪੁਲਿਸ ਵੱਲੋਂ ਕਾਂਗਰਸ ਆਗੂ ਪ੍ਰਿਅੰਕਾ ਗਾਂਧੀ ਦੇ ਪਤੀ ਰੌਬਰਟ ਵਾਡਰਾ ਅਤੇ ਹੁੱਡਾ 'ਤੇ ਕਥਿਤ ਤੌਰ 'ਤੇ ਜ਼ਮੀਨ ਦੀ ਖਰੀਦ ਵਿੱਚ ਘੋਟਾਲੇ ਦੇ ਇਲਜ਼ਾਮਾਂ ਕਾਰਨ ਕੇਸ ਦਰਜ ਕੀਤਾ ਗਿਆ ਸੀ।

ਹੁੱਡਾ ਆਪਣਾ ਧਿਆਨ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 'ਤੇ ਲਗਾਉਣਾ ਚਾਹੁੰਦੇ ਸਨ, ਪਰ ਪਾਰਟੀ ਹਾਈ ਕਮਾਨ ਦੇ ਕਹਿਣ ਤੋਂ ਬਾਅਦ ਲੋਕ ਸਭਾ ਚੋਣਾਂ ਵਿੱਚ ਸੋਨੀਪਤ ਤੋਂ ਖੜੇ ਹਨ। ਉੱਥੇ ਹੀ ਉਨ੍ਹਾਂ ਦੇ ਬੇਟੇ ਦੀਪਿੰਦਰ ਸਿੰਘ ਹੁੱਡਾ ਰੋਹਤਕ ਤੋਂ ਚੋਣ ਲੜ ਰਹੇ ਹਨ।

Image copyright Sat singh/bbc

ਦੀਪਿੰਦਰ, ਰੋਹਤਕ ਤੋਂ ਤਿੰਨ ਵਾਰੀ ਸਾਂਸਦ ਰਹਿ ਚੁੱਕੇ ਹਨ। ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਹਰਿਆਣਾ ਵਿੱਚ ਕਾਂਗਰਸ ਇੱਕੋ ਸੀਟ ਜਿੱਤੀ ਸੀ।

ਉਹ ਸੀਟ ਰੋਹਤਕ ਤੋਂ ਦੀਪਿੰਦਰ ਨੇ ਜਿੱਤੀ ਸੀ। ਭਾਜਪਾ ਇਹ ਸੀਟ ਜਿੱਤਣ ਲਈ ਪੂਰਾ ਜ਼ੋਰ ਲਗਾ ਰਹੀ ਹੈ।

ਦੋਵੇਂ ਪਿਓ-ਪੁੱਤਰ ਦੀ ਜਿੱਤ ਜਾਂ ਹਾਰ ਇਹ ਤੈਅ ਕਰੇਗੀ ਕਿ ਆਉਣ ਵਾਲੀਆਂ ਚੋਣਾਂ ਵਿੱਚ ਭੁਪਿੰਦਰ ਹੁੱਡਾ ਮੁੱਖ ਮੰਤਰੀ ਦੀ ਕੁਰਸੀ ਲਈ ਦਾਅਵੇਦਾਰੀ ਪੇਸ਼ ਕਰ ਸਕਣਗੇ ਜਾਂ ਨਹੀਂ।

ਪਾਰਟੀ ਪ੍ਰਧਾਨ ਅਸ਼ੋਕ ਤੰਵਰ ਲਈ ਜਿੱਤ ਦੇ ਮਾਅਨੇ

ਕਾਂਗਰਸ ਵਿੱਚ ਦੂਜਾ ਧੜਾ ਪਾਰਟੀ ਪ੍ਰਧਾਨ ਅਸ਼ੋਕ ਤੰਵਰ ਦਾ ਹੈ ਜੋ ਇੱਕ ਦਲਿਤ ਹਨ।

ਹੁੱਡਾ ਜੋ ਇੱਕ ਜਾਟ ਲੀਡਰ ਹਨ ਅਤੇ ਤੰਵਰ ਵਿੱਚਕਾਰ ਪਾਰਟੀ 'ਤੇ ਕੰਟਰੋਲ ਲਈ ਝਗੜਾ ਕਈ ਸਾਲਾਂ ਤੋਂ ਚਲਦਾ ਆ ਰਿਹਾ ਹੈ। ਤੰਵਰ ਸਿਰਸਾ ਤੋਂ ਚੋਣ ਲੜ ਰਹੇ ਹਨ।

ਤੰਵਰ ਨੇ 2009 ਵਿੱਚ ਹੋਈਆਂ ਚੋਣਾਂ ਸਿਰਸਾ ਤੋਂ ਜਿੱਤੀਆਂ ਸਨ, ਪਰ 2014 ਵਿੱਚ ਹਾਰ ਗਏ ਸਨ।

ਪਿਛਲੇ ਪੰਜ ਸਾਲਾਂ ਵਿੱਚ ਕਈ ਵਾਰ ਹੁੱਡਾ ਦੇ ਸਮਰਥਕਾਂ ਨੇ ਤੰਵਰ ਦੀ ਲੀਡਰਸ਼ਿਪ 'ਤੇ ਸਵਾਲ ਚੁੱਕੇ ਹਨ ਅਤੇ ਉਨ੍ਹਾਂ ਨੂੰ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਹਟਾਉਣ ਦੀ ਮੰਗ ਪਾਰਟੀ ਹਾਈ ਕਮਾਨ ਤੋਂ ਕੀਤੀ ਹੈ।

ਦੋਵੇਂ ਧਿਰਾਂ ਵਿੱਚ ਖੁਲ੍ਹੇਆਮ ਲੜਾਈ ਵੀ ਹੋਈ ਹੈ ਅਤੇ ਤੰਵਰ ਨੇ ਹੁੱਡਾ ਦੇ ਸਮਰਥਕਾਂ 'ਤੇ ਉਨ੍ਹਾਂ ਨੂੰ ਕੁਟਣ ਦੇ ਇਲਜ਼ਾਮ ਵੀ ਲਗਾਏ।

Image copyright Prabhu Dyal/BBC

ਤੰਵਰ ਲਈ ਇਸ ਚੋਣ ਵਿੱਚ ਜਿੱਤ ਪਾਰਟੀ ਵਿੱਚ ਉਨ੍ਹਾਂ ਦੀ ਹੋਂਦ ਨੂੰ ਮਜ਼ਬੂਤ ਕਰੇਗੀ।

ਕਾਂਗਰਸ ਵਿੱਚ ਹੀ ਹੋਰ ਸਿਆਸੀ ਆਗੂ ਹਨ, ਜਿਨ੍ਹਾਂ ਲਈ ਇਹ ਚੋਣਾਂ ਹਰਿਆਣਾ ਦੀ ਸਿਆਸਤ ਵਿੱਚ ਉਨ੍ਹਾਂ ਦਾ ਭਵਿੱਖ ਤੈਅ ਕਰਨਗੀਆਂ।

ਇਨ੍ਹਾਂ ਵਿੱਚ ਸ਼ਾਮਲ ਹਨ ਕਿਰਨ ਚੌਧਰੀ ਜੋ ਵਿਧਾਨ ਸਭਾ ਵਿੱਚ ਕਾਂਗਰਸ ਪਾਰਟੀ ਦੇ ਲੀਡਰ ਹਨ। ਉਨ੍ਹਾਂ ਦੀ ਬੇਟੀ ਸ਼ਰੁਤੀ ਚੌਧਰੀ ਭਿਵਾਨੀ-ਮਹਿੰਦਰਗੜ੍ਹ ਤੋਂ ਚੋਣਾਂ ਲੜ ਰਹੀ ਹੈ।

ਪਾਰਟੀ ਦੇ ਵਿਧਾਇਕ ਰਣਦੀਪ ਸੁਰਜੇਵਾਲਾ ਦੀ ਦਾਅਵੇਦਾਰੀ ਹਾਲ ਹੀ ਵਿੱਚ ਹੋਈਆਂ ਜ਼ਿਮਨੀ ਚੋਣਾਂ ਹਾਰਨ ਕਾਰਨ ਕਮਜ਼ੋਰ ਹੋ ਗਈ ਹੈ।

ਇਹ ਵੀ ਪੜ੍ਹੋ:-

ਕਾਂਗਰਸ ਦੇ ਵਿਧਾਇਕ ਰੇਣੁਕਾ ਬਿਸ਼ਨੋਈ ਅਤੇ ਕੁਲਦੀਪ ਬਿਸ਼ਨੋਈ ਦਾ ਬੇਟਾ ਭਵਯ ਬਿਸ਼ਨੋਈ ਹਿਸਾਰ ਤੋਂ ਚੋਣਾਂ ਲੜ ਰਿਹਾ ਹੈ।

ਕੁਲਦੀਪ ਅਤੇ ਰੇਣੁਕਾ ਨੇ 2014 ਦੀਆਂ ਵਿਧਾਨ ਸਭਾ ਚੋਣਾਂ ਆਪਣੀ ਪਾਰਟੀ ਹਰਿਆਣਾ ਜਨਹਿਤ ਕਾਂਗਰਸ ਤੋਂ ਲੜੀਆਂ ਸਨ। ਬਾਅਦ ਵਿੱਚ ਉਨ੍ਹਾਂ ਆਪਣੀ ਪਾਰਟੀ ਕਾਂਗਰਸ ਵਿੱਚ ਰਲਾ ਦਿੱਤੀ।

ਚੌਟਾਲਾ ਪਰਿਵਾਰ ਵਿਚਕਾਰ ਟਾਕਰਾ

ਇਸੇ ਤਰ੍ਹਾਂ ਦੇ ਹਾਲਾਤ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਵਿੱਚ ਹਨ। ਇਹ ਇੱਕ ਕਾਰਨ ਸੀ ਕਿ ਪਾਰਟੀ ਦੋ ਫਾੜ ਹੋਈ ਅਤੇ ਜਨਨਾਇਕ ਜਨਤਾ ਦਲ ਬਣੀ।

ਦੋਵੇਂ ਪਾਰਟੀਆਂ ਸਾਬਕਾ ਮੁੱਖ ਮੰਤਰੀ ਦੇਵੀ ਲਾਲ ਦੇ ਨਾਮ 'ਤੇ ਵੋਟ ਮੰਗ ਰਹੀਆਂ ਹਨ।

ਇਨੈਲੋ ਵਿੱਚ ਝਗੜਾ ਉਸ ਸਮੇਂ ਖੁਲ੍ਹ ਕੇ ਸਾਹਮਣੇ ਆਇਆ ਜਦੋਂ ਸੰਸਦ ਮੈਂਬਰ ਦੁਸ਼ਯੰਤ ਚੌਟਾਲਾ ਦੀਆਂ ਰੈਲੀਆਂ ਦੌਰਾਨ ਇਹ ਨਾਅਰੇ ਲੱਗਣੇ ਸ਼ੁਰੂ ਹੋਏ ਕਿ ਉਹ ਹਰਿਆਣਾ ਦੇ ਮੁੱਖ ਮੰਤਰੀ ਹੋਣਗੇ। ਦੁਸ਼ਯੰਤ ਸਾਬਕਾ ਮੁੱਖ ਮੰਤਰੀ ਓ ਪੀ ਚੌਟਾਲਾ ਦੇ ਪੋਤੇ ਹਨ ਅਤੇ ਅਜੈ ਚੌਟਾਲਾ ਦੇ ਬੇਟੇ।

ਓ ਪੀ ਚੌਟਾਲਾ ਅਤੇ ਅਜੈ ਦੋਵੇਂ ਟੀਚਰ ਭਰਤੀ ਘੁਟਾਲੇ ਕਾਰਨ ਜੇਲ੍ਹ ਵਿੱਚ ਸਜ਼ਾ ਭੁਗਤ ਰਹੇ ਹਨ।

ਉਨ੍ਹਾਂ ਦੀ ਗੈਰ ਮੌਜੂਦਗੀ ਵਿੱਚ ਓ ਪੀ ਚੌਟਾਲਾ ਦੇ ਛੋਟੇ ਬੇਟੇ ਅਭਯ ਚੌਟਾਲਾ ਪਾਰਟੀ ਦੀ ਕਮਾਨ ਸੰਭਾਲ ਰਹੇ ਸਨ।

Image copyright Getty Images

ਅਭਯ ਹਰਿਆਣਾ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਲੀਡਰ ਹਨ। ਪਾਰਟੀ ਵਿੱਚ ਕੁਝ ਨੇਤਾ ਅਭਯ ਦੇ ਨਾਲ ਹਨ ਅਤੇ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਅਹੁਦੇ 'ਤੇ ਦੇਖਣਾ ਚਾਹੁੰਦੇ ਹਨ।

ਇਹ ਇੱਕ ਕਾਰਨ ਹੈ ਕਿ ਪਾਰਟੀ ਵਿੱਚ ਤਣਾਅ ਵੱਧਦਾ ਗਿਆ ਅਤੇ ਦੁਸ਼ਯੰਤ ਨੇ ਜਨਨਾਇਕ ਜਨਤਾ ਪਾਰਟੀ (ਜੇਜੇਪੀ) ਬਣਾ ਲਈ।

ਦੁਸ਼ਯੰਤ ਹਿਸਾਰ ਤੋਂ ਚੋਣ ਮੈਦਾਨ ਵਿੱਚ ਹਨ ਅਤੇ ਉਨ੍ਹਾਂ ਦੇ ਛੋਟੇ ਭਰਾ ਦਿਗਵਿਜੈ ਸੋਨੀਪਤ ਤੋਂ। ਅਭੈ ਨੇ ਆਪਣੇ ਬੇਟੇ ਅਰਜੁਨ ਨੂੰ ਕੁਰੂਕਸ਼ੇਤਰ ਤੋਂ ਖੜਾ ਕੀਤਾ ਹੈ।

ਇਹ ਵੀ ਪੜ੍ਹੋ:-

ਦੋਵਾਂ ਪਾਰਟੀਆਂ ਦੀ ਲੋਕ ਸਭਾ ਵਿੱਚ ਜਿੱਤ ਜਾ ਹਾਰ ਇਹ ਤੈਅ ਕਰੇਗੀ ਕਿ ਆਉਣ ਵਾਲੇ ਸਮੇਂ ਵਿੱਚ ਕੌਣ ਹਰਿਆਣਾ ਦੀ ਸਿਆਸਤ ਵਿੱਚ, ਖਾਸ ਕਰ ਕੇ ਜਾਟ ਭਾਈਚਾਰੇ 'ਚ, ਵੱਡਾ ਰੋਲ ਅਦਾ ਕਰੇਗੀ।

ਬੀਬੀਸੀ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਦੁਸ਼ਯੰਤ ਨੇ ਕਿਹਾ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਇਨੈਲੋ ਦੀ ਹੋਂਦ ਨਹੀਂ ਬਚੇਗੀ। ਉਨ੍ਹਾਂ ਨੇ ਕਿਹਾ, "ਚੋਣਾਂ ਦੇ ਬਾਅਦ ਤੁਸੀਂ ਕਹੋਗੇ ਇਨੈਲੋ ਇੱਕ ਪਾਰਟੀ ਹੁੰਦੀ ਸੀ।"

ਭਾਜਪਾ ਵਿੱਚ ਕੀ ਹੈ ਸਥਿਤੀ

2014 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੇ 90 ਵਿੱਚੋਂ 47 ਸੀਟਾਂ ਜਿੱਤ ਕੇ ਹਰਿਆਣਾ ਵਿੱਚ ਨਵਾਂ ਇਤਿਹਾਸ ਰਚਿਆ ਸੀ।

ਉਸ ਸਮੇਂ ਮੁੱਖ ਮੰਤਰੀ ਦੀ ਕੁਰਸੀ 'ਤੇ ਦਾਅਵੇਦਾਰੀ ਪੇਸ਼ ਕਰਨ ਵਿੱਚ ਕਈ ਲੀਡਰ ਸਨ।

Image copyright SUJIT JAISWAL/AFP/Getty Images

ਇਨ੍ਹਾਂ ਵਿੱਚ ਭਾਜਪਾ ਆਗੂ ਕੈਪਟਨ ਅਭਿਮੰਯੂ, ਰਾਮ ਬਿਲਾਸ ਸ਼ਰਮਾ, ਬਿਰੇਂਦਰ ਸਿੰਘ ਅਤੇ ਅਨਿਲ ਵਿਜ ਸ਼ਾਮਲ ਸਨ। ਪਰ ਪਾਰਟੀ ਨੇ ਇੱਕ ਗੈਰ-ਜਾਟ ਮਨੋਹਰ ਲਾਲ ਖੱਟਰ ਨੂੰ ਚੁਣਿਆ।

ਖੱਟਰ ਦੇ ਕਾਰਜਕਾਲ ਦੌਰਾਨ ਹਰਿਆਣਾ ਵਿੱਚ ਕਈ ਵੱਡੀਆਂ ਘਟਨਾਵਾਂ ਹੋ ਚੁੱਕੀਆਂ ਹਨ ਜਿਵੇਂ ਜਾਟ ਰਾਖਵਾਂਕਰਨ ਲਈ ਹਿੰਸਾ, ਗੁਰਮੀਤ ਰਾਮ ਰਹੀਮ ਦੀ ਗ੍ਰਿਫਤਾਰੀ ਅਤੇ ਸਜ਼ਾ ਸੁਣਾਏ ਜਾਣ ਸਮੇਂ ਪੰਚਕੂਲਾ ਵਿੱਚ ਆਮ ਡੇਰਾ ਸਮਰਥਕਾਂ ਅਤੇ ਪੁਲਿਸ ਦੀ ਭਿੜੰਤ।

ਪਰ ਭਾਜਪਾ ਹਾਈ ਕਮਾਨ ਨੇ ਖੱਟਰ 'ਤੇ ਆਪਣਾ ਵਿਸ਼ਵਾਸ ਬਣਾਇਆ ਹੋਇਆ ਹੈ।

ਇਹ ਵੀਡੀਓ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)