ਹਜ਼ਾਰਾਂ ਸਿੱਖ ਮਾਰ ਦਿੱਤੇ ਹੁਣ ਕਾਂਗਰਸ ਕਹਿੰਦੀ, ਫੇਰ ਕੀ ਹੋਇਆ - ਨਰਿੰਦਰ ਮੋਦੀ

1984 Image copyright Getty Images

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਜੇ ਸੈਮ ਪਿਤਰੋਦਾ ਨੇ ਸਿੱਖ ਕਤਲੇਆਮ ਬਾਰੇ ਅਜਿਹਾ ਬਿਆਨ ਦਿੱਤਾ ਹੈ ਤਾਂ ਉਹ ਮੰਦਭਾਗਾ ਹੈ।

ਉਨ੍ਹਾਂ ਕਿਹਾ, “1984 ਦਾ ਸਿੱਖ ਕਤਲੇਆਮ ਇੱਕ ਵੱਡੀ ਤ੍ਰਾਸਦੀ ਸੀ ਅਤੇ ਇਸ ਕਤਲੇਆਮ ਦੇ ਦੋਸ਼ੀਆਂ ਨੂੰ ਕਾਨੂੰਨ ਮੁਤਾਬਕ ਸਜ਼ਾ ਮਿਲਣੀ ਚਾਹੀਦੀ ਹੈ।”

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਆਪਣੀ ਰੋਹਤਕ ਰੈਲੀ ਵਿੱਚ ਕਾਂਗਰਸੀ ਆਗੂ ਸੈਮ ਪਿਤਰੋਡਾ ਦੇ 1984 ਸਿੱਖ ਕਤਲੇਆਮ ਬਾਰੇ ਦਿੱਤੇ ਬਿਆਨ ’ਤੇ ਕਿਹਾ ਕਿ ਇਹ ਬਿਆਨ ਕਾਂਗਰਸ ਦੀ ਮਾਨਸਿਕਤਾ ਦਾ ਹੀ ਪ੍ਰਤੀਬਿੰਬ ਹੈ।

ਪਿਤਰੋਡਾ ਵਰਤਮਾਨ ਸਰਕਾਰ ਨੂੰ ਉਸ ਦੇ ਪੰਜ ਸਾਲਾਂ ਦੇ ਕਾਰਜ ਕਾਲ ਦੀ ਕਾਰਗੁਜ਼ਾਰੀ ਬਾਰੇ ਘੇਰ ਰਹੇ ਸਨ ਤੇ ਕਹਿ ਰਹੇ ਸਨ,"1984 ਹੋਇਆ ਸੋ ਹੋਇਆ ਪਰ ਤੁਸੀਂ ਪੰਜਾਂ ਸਾਲਾਂ ਵਿੱਚ ਕੀ ਕੀਤਾ?"

ਹਾਲਾਂਕਿ ਕਾਂਗਰਸ ਨੇ ਸੈਮ ਪਿਤਰੋਦਾ ਦੇ ਬਿਆਨ ਤੋਂ ਦੂਰੀ ਬਣਾ ਲਈ ਹੈ। ਕਾਂਗਰਸ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਉਹ ਸੈਮ ਪਿਤਰੋਦਾ ਦੇ ਬਿਆਨ ਨਾਲ ਇਤਫਾਕ ਨਹੀਂ ਰੱਖਦੇ ਹਨ ਅਤੇ ਸਾਰੇ ਆਗੂਆਂ ਨੂੰ ਸੰਜੀਦਗੀ ਬਰਤਨ ਦੀ ਅਪੀਲ ਕਰਦੇ ਹਨ।

ਇਹ ਵੀ ਪੜ੍ਹੋ:

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਗੇ ਕਿਹਾ, “ਕਾਂਗਰਸ ਨੇ ਸਾਲਾਂ ਤੱਕ ਇਹੀ ਕੀਤਾ ਹੈ। ਕਾਂਗਰਸ ਦਾ ਮਤ ਪਹਿਲਾਂ ਤੋਂ ਹੀ ਇਹੀ ਸੀ ਇਸ ਲਈ ਰਾਜੀਵ ਗਾਂਧੀ ਨੇ ਕਿਹਾ ਸੀ ਵੱਡਾ ਰੁਖ ਡਿੱਗਦਾ ਹੈ ਤਾਂ ਧਰਤੀ ਹਿਲਦੀ ਹੀ ਹੈ।”

“ਉਸ ਤੋਂ ਬਾਅਦ ਇੰਨੇ ਕਮਿਸ਼ਨ ਬਣੇ ਪਰ ਸਜ਼ਾ ਇੱਕ ਨੂੰ ਵੀ ਨਹੀਂ ਹੋਈ ਇਸ ਲਈ ਇਸ ਨੂੰ ਕਿਸੇ ਇੱਕ ਵਿਅਕਤੀ ਦੇ ਵਿਚਾਰ ਨਾ ਮੰਨੋ। ਇਹ ਪੂਰੀ ਪਾਰਟੀ ਦਾ ਹੀ ਮਤ ਹੈ।”

“ਹਜ਼ਾਰਾਂ ਸਿੱਖਾਂ ਨੂੰ ਮਾਰਿਆ ਗਿਆ ਅਤੇ ਉਨ੍ਹਾਂ ਦੀਆਂ ਜਾਇਦਾਦਾਂ ਤਬਾਹ ਕੀਤੀਆਂ ਗਈਆਂ ਪਰ ਕਾਂਗਰਸ ਕਹਿੰਦੀ ਹੈ, ਫੇਰ ਕੀ ਹੋਇਆ।”

ਅਕਾਲੀ ਦਲ ਵੱਲੋਂ ਵੀ ਨਿਖੇਧੀ

ਵੀਰਵਾਰ ਨੂੰ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਵਿੱਚ ਓਵਰਸੀਜ਼ ਕਾਂਗਰਸ ਦੇ ਮੁੱਖੀ ਸੈਮ ਪਿਤਰੋਡਾ ਵੱਲੋਂ 1984 ਦੇ ਸਿੱਖ ਕਤਲੇਆਮ ਬਾਰੇ ਕੀਤੀ ਟਿੱਪਣੀ ਤੋਂ ਖੜ੍ਹਾ ਹੋਇਆ ਵਿਵਾਦ ਭਖ਼ਦਾ ਜਾ ਰਿਹਾ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਮਾਮਲੇ ਵਿੱਚ ਆਪਣੇ ਵਿਰੋਧੀ ਕੈਪਟਨ ਅਮਰਿੰਦਰ ਸਿੰਘ ਨੂੰ ਨਿਸ਼ਾਨਾ ਬਣਾਇਆ, ਉਨ੍ਹਾਂ ਟਵੀਟ ਕਰਕੇ ਕਿਹਾ, “ਰਾਹੁਲ ਗਾਂਧੀ ਦੇ ਸਲਾਹਕਾਰ ਸੈਮ ਪਿਤਰੋਡਾ ਨੇ 1984 ਦੇ ਦੰਗਿਆਂ ਨੂੰ ਅਤੀਤ ਦੀ ਗੱਲ ਕਹਿ ਕੇ ਬੇਰਹਿਮੀ ਨਾਲ ਸਿੱਖ ਭਾਵਨਾਵਾਂ ਦਾ ਖਿਲਵਾੜ ਕੀਤਾ ਹੈ। ਇਸ ਤੋਂ ਸਾਬਤ ਹੁੰਦਾ ਹੈ ਕਿ ਰਾਜੀਵ ਗਾਂਧੀ ਨੇ ਹੀ ਇਸ ਕਤਲਿਆਮ ਦੇ ਆਦੇਸ਼ ਦਿੱਤੇ ਸਨ। ਕਾਂਗਰਸ ਹਾਲੇ ਵੀ ਧਰਮ ਨਿਰਪੱਖ ਹੋਣ ਦਾ ਦਾਅਵਾ ਕਰ ਸਕਦੀ ਹੈ?"

ਦੂਸਰੇ ਟਵੀਟ ਵਿੱਚ ਉਨ੍ਹਾਂ ਲਿਖਿਆ, “ਹੈਰਾਨੀ ਹੈ ਜੇ ਸੈਮ ਪਿਤਰੋਡਾ ਦੀ 1984 ਸਿੱਖ ਨਸਲਕੁਸ਼ੀ ਬਾਰੇ ਕੀਤੀ ਭੱਦੀ ਟਿੱਪਣੀ ਤੋਂ ਬਾਅਦ ਵੀ ਕਾਂਗਰਸ ਨਾਲ ਜੁੜੇ ਰਹਿਣਾ ਚਾਹੁਣਗੇ। ਚੋਣਾਂ ਦੀ ਹਾਰ ਦਾ ਸਾਹਮਣਾ ਕਰਨ ਤੋਂ ਪਹਿਲਾਂ ਅਮਰਿੰਦਰ ਲਈ ਕਾਂਗਰਸ ਤੋਂ ਬਾਹਰ ਆ ਜਾਣ ਦਾ ਇਹ ਵਧੀਆ ਮੌਕਾ ਹੈ।"

ਭਾਜਪਾ ਆਗੂ ਪ੍ਰਕਾਸ ਜਾਵਡੇਕਰ ਨੇ ਆਪਣੇ ਟਵਿੱਟਰ ਹੈਂਡਲ ਤੋ ਲਿਖਿਆ, "ਸੈਮ ਪਿਤਰੋਡਾ ਕਹਿ ਰਹੇ ਹਨ ਕਿ ਸਿੱਖ ਨਸਲਕੁਸ਼ੀ ਇਨ੍ਹਾਂ ਚੋਣਾਂ ਵਿੱਚ ਪ੍ਰਸੰਗਕ ਨਹੀਂ ਹੈ। ਕੱਲ੍ਹ ਨੂੰ ਉਹ ਕਹਿਣਗੇ, ਭਾਰਤ ਦੀ ਵੰਡ, ਕਸ਼ਮੀਰੀ ਪੰਡਿਤਾਂ ਦਾ ਬੀਜਨਾਸ਼, ਸ਼ਾਹ ਬਾਨੋ ਫਿਰਕੂ ਹਿੰਸਾ ਵੀ ਪ੍ਰਸੰਗਕ ਨਹੀਂ ਹਨ। ਸੈਮ ਇਹ ਸਾਰੇ ਮੁੱਦੇ ਪ੍ਰਸੰਗਕ ਹਨ ਪਰ ਕਾਂਗਰਸ ਗੈਰ-ਪ੍ਰਸੰਗਕ ਹੋ ਜਾਵੇਗੀ।"

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।