ਕਮਲ ਹਾਸਨ ਦੀ ਟਿੱਪਣੀ 'ਤੇ ਬਹਿਸ, ਨਥੂਰਾਮ ਗੋਡਸੇ ਕਾਤਲ ਜਾਂ ਅੱਤਵਾਦੀ

ਕਮਲ ਹਸਨ Image copyright Getty Images
ਫੋਟੋ ਕੈਪਸ਼ਨ ਮਸ਼ਹੂਰ ਫਿਲਮਕਾਰ ਕਮਲ ਹਾਸਨ ਨੇ ਕਿਹਾ ਹੈ ਕਿ ਆਜ਼ਾਦ ਭਾਰਤ ਦਾ ਪਹਿਲਾ ਹਿੰਦੂ ਅੱਤਵਾਦੀ ਨੱਥੂਰਾਮ ਗੋਡਸੇ ਸੀ

ਅਦਾਕਾਰ ਕਮਲ ਹਾਸਨ ਦੇ ਇੱਕ ਬਿਆਨ 'ਤੇ ਵੱਡਾ ਵਿਵਾਦ ਖੜ੍ਹਾ ਕਰ ਦਿੱਤਾ ਹੈ।

ਕਮਲ ਹਾਸਨ ਨੇ ਐਤਵਾਰ ਨੂੰ ਤਮਿਲਨਾਡੂ ਦੇ ਅਰਵਾਕੁਰਿਚੀ 'ਚ ਇੱਕ ਚੋਣ ਮੁਹਿੰਮ ਦੌਰਾਨ ਸੰਬੋਧਨ ਕਰਦਿਆਂ ਕਿਹਾ ਸੀ ਕਿ ਨੱਥੂਰਾਮ ਗੋਡਸੇ ਆਜ਼ਾਦ ਭਾਰਤ ਦਾ ਪਹਿਲਾ ਅੱਤਵਾਦੀ ਸੀ ਅਤੇ ਉਹ ਹਿੰਦੂ ਸੀ।

ਅਰਵਾਕੁਰਿਚੀ ਉਨ੍ਹਾਂ ਚਾਰ ਵਿਧਾਨ ਸਭਾ ਖੇਤਰਾਂ 'ਚੋਂ ਇੱਕ ਹੈ ਜਿੱਥੇ 19 ਮਈ ਨੂੰ ਜ਼ਿਮਨੀ ਚੋਣਾਂ ਹੋਣੀਆਂ ਹਨ।

ਕਮਲ ਹਾਸਨ ਦੀ ਪਾਰਟੀ ਮੱਕਲ ਨਿਦੀ ਮਈਯਮ ਨੇ ਐਸ ਮੋਹਨਰਾਜ ਨੂੰ ਇਥੋਂ ਉਮੀਦਵਾਰ ਬਣਾਇਆ ਹੈ।

ਇਹ ਵੀ ਪੜ੍ਹੋ-

ਕਮਲ ਹਾਸਨ ਦੇ ਇਸ ਬਿਆਨ ਨੂੰ ਲੈ ਕੇ ਕਈ ਲੋਕਾਂ ਨੇ ਇਤਰਾਜ਼ ਜਤਾਇਆ ਹੈ।

ਬਾਲੀਵੁੱਡ ਅਦਾਕਾਰ ਅਤੇ ਭਾਜਪਾ ਸਮਰਥਕ ਵਿਵੇਕ ਓਬਰਾਓ ਨੇ ਟਵੀਟ ਕਰ ਕੇ ਕਿਹਾ ਹੈ, "ਪਿਆਰੇ ਕਮਲ ਜੀ, ਤੁਸੀਂ ਇੱਕ ਮਹਾਨ ਕਲਾਕਾਰ ਹੋ। ਜਿਸ ਤਰ੍ਹਾਂ ਕਲਾ ਦਾ ਕੋਈ ਧਰਮ ਨਹੀਂ ਹੁੰਦਾ, ਉਸੇ ਤਰ੍ਹਾਂ ਅੱਤਵਾਦ ਦਾ ਵੀ ਕੋਈ ਧਰਮ ਨਹੀਂ ਹੁੰਦਾ। ਤੁਸੀਂ ਕਹਿ ਸਕਦੇ ਹੋ ਗੋਡਸੇ ਅੱਤਵਾਦੀ ਸਨ ਪਰ ਇਸ ਤੋਂ ਵੱਖ 'ਹਿੰਦੂ' ਕਹਿਣ ਦੀ ਕੀ ਲੋੜ ਸੀ? ਕੀ ਸਿਰਫ਼ ਇਸ ਲਈ ਕਿ ਤੁਸੀਂ ਮੁਸਲਮਾਨਾਂ ਦੇ ਬਹੁਗਿਣਤੀ ਵਾਲੇ ਇਲਾਕੇ 'ਚ ਸੀ?"

ਵਿਵੇਕ ਨੇ ਆਪਣੇ ਅਗਲੇ ਟਵੀਟ ਵਿੱਚ ਕਿਹਾ, "ਸਰ, ਇਹ ਇੱਕ ਛੋਟੇ ਕਲਾਕਾਰ ਵੱਲੋਂ ਕਹੀ ਗਈ ਗੱਲ ਲੱਗ ਰਹੀ ਹੈ। ਅਸੀਂ ਸਾਰੇ ਇੱਕ ਹੈ ਅਤੇ ਮੁਲਕ ਦਾ ਬਟਵਾਰਾ ਨਾ ਹੋਣ ਦਿਓ।"

ਅਦਾਕਾਰਾ ਕੋਇਨਾ ਮਿਤਰਾ ਨੇ ਵੀ ਕਮਲ ਹਸਨ ਦੇ ਬਿਆਨ 'ਤੇ ਇਤਰਾਜ਼ ਜਤਾਇਆ ਅਤੇ ਟਵੀਟ ਕਰਕੇ ਕਿਹਾ, "ਕਮਲ ਹਾਸਨ ਸਰ, ਭਾਰਤ ਦੇ ਪਹਿਲੇ ਅੱਤਵਾਦੀ ਜਿਨਹਾ ਸਨ। ਉਨ੍ਹਾਂ ਨੇ ਮੁਸਲਮਾਨਾਂ ਲਈ ਦੇਸ ਨੂੰ ਵੰਡਿਆ ਅਤੇ ਇਸ ਦੌਰਾਨ ਲੱਖਾਂ ਲੋਕ ਮਾਰੇ ਗਏ। ਤੁਹਾਨੂੰ ਕਾਤਲ ਤੇ ਅੱਤਵਾਦੀ ਵਿੱਚ ਫਰਕ ਪਤਾ ਹੋਣਾ ਚਾਹੀਦਾ ਹੈ।"

ਇਹ ਵੀ ਪੜ੍ਹੋ-

ਕਮਲ ਹਾਸਨ ਦੀ ਟਿੱਪਣੀ 'ਤੇ ਸਮਾਜਵਾਦੀ ਪਾਰਟੀ ਦੇ ਸਾਬਕੇ ਨੇਤਾ ਅਮਰ ਸਿੰਘ ਨੇ ਟਵੀਟ ਕਰਦਿਆਂ ਕਿਹਾ, "ਕਮਲ ਹਾਸਨ ਨੂੰ ਰੇਖਾ ਦੇ ਪਿਤਾ ਨੇ ਅੱਗੇ ਵਧਾਇਆ, ਜੋ ਕਿ ਹਿੰਦੂ ਸਨ।"

"ਪਹਿਲੀ ਅਤੇ ਆਖ਼ਰੀ ਪਤਨੀ ਵੀ ਹਿੰਦੂ ਸੀ। ਹੁਣ ਜ਼ਹਿਰੀਲੀ ਟਿੱਪਣੀ ਕਰ ਰਹੇ ਹਨ। ਨਿਸ਼ਚਿਤ ਤੌਰ 'ਤੇ ਗੋਡਸੇ ਕਾਤਲ ਸੀ ਪਰ ਉਹ 26/11 ਵਾਂਗ ਨਹੀਂ ਸੀ। ਸਾਰੇ ਮੁਸਲਮਾਨ ਅੱਤਵਾਦੀ ਨਹੀਂ ਹਨ ਪਰ ਵਧੇਰੇ ਅੱਤਵਾਦੀ ਮੁਸਲਮਾਨ ਹਨ।"

ਸੀਪੀਆਈਐਮਐਲ ਦੀ ਨੇਤਾ ਕਵਿਤਾ ਕ੍ਰਿਸ਼ਨ ਨੇ ਕਮਲ ਹਾਸਨ ਦਾ ਸਮਰਥਨ ਕੀਤਾ ਹੈ।

ਕਵਿਤਾ ਨੇ ਟਵੀਟ ਲਿਖਿਆ ਹੈ, "ਹਾਂ, ਜੋ ਕਮਲ ਹਾਸਨ ਕਹਿ ਰਹੇ ਹਨ ਉਸ ਦਾ ਸਬੂਤ ਹੈ। ਗੋਡਸੇ ਭਾਰਤ ਦਾ ਪਹਿਲਾ ਅੱਤਵਾਦੀ ਸੀ। ਗਾਂਧੀ ਦਾ ਕਤਲ ਭਾਰਤ 'ਚ ਪਹਿਲੀ ਅੱਤਵਾਦੀ ਕਾਰਵਾਈ ਸੀ। ਅਜਿਹਾ ਤੁਸੀਂ ਆਰਐਸਐਸ ਜਾਂ ਭਾਜਪਾ ਨੇਤਾਵਾਂ ਦੇ ਮੂੰਹੋਂ ਕਦੇ ਨਹੀਂ ਸੁਣਿਆ। ਪ੍ਰਗਿਆ ਠਾਕੁਰ ਦੇ ਸੰਗਠਨ ਅਭਿਨਵ ਭਾਰਤ ਗੋਡਸੇ ਅਤੇ ਸਾਵਰਕਰ ਤੋਂ ਪ੍ਰਭਾਵਿਤ ਰਹੇ ਹਨ।"

ਕਮਲ ਹਾਸਨ ਦੀ ਇਸ ਟਿੱਪਣੀ ਨੂੰ ਪਾਕਿਸਤਾਨ ਦੇ ਮੀਡੀਆ ਵਿੱਚ ਵੀ ਥਾਂ ਮਿਲੀ ਹੈ

ਪਾਕਿਸਤਾਨੀ ਨਿਊਜ਼ ਵੈਬਸਾਈਟ ਦਿ ਨਿਊਜ਼ ਨੇ ਕਮਲ ਹਾਸਨ ਦੇ ਬਿਆਨ ਨੂੰ ਲੈ ਕੇ ਲਿਖਿਆ ਹੈ ਕਿ ਭਾਰਤ ਦੇ ਮਸ਼ਹੂਰ ਫਿਲਮਕਾਰ ਨੇ ਕਿਹਾ ਹੈ ਕਿ ਭਾਰਤ ਦਾ ਪਹਿਲਾਂ ਅੱਤਵਾਦੀ ਹਿੰਦੂ ਸੀ ਜਿਸ ਨੇ ਗਾਂਧੀ ਦਾ ਕਤਲ ਕੀਤਾ ਸੀ।

ਤਮਿਲਨਾਡੂ ਦੀ ਭਾਜਪਾ ਪ੍ਰਧਾਨ ਤਮਿਲਿਸਾਈ ਸੁੰਦਰਰਾਜਨ ਨੇ ਕਮਲ ਹਾਸਨ ਇਸ ਬਿਆਨ 'ਤੇ ਸਖ਼ਤ ਇਤਰਾਜ਼ ਜਤਾਇਆ ਹੈ।

ਸੰਦਰਰਾਜਨ ਨੇ ਕਿਹਾ, "ਕਮਲ ਹਾਸਨ ਨੂੰ ਕੋਈ ਹੱਕ ਨਹੀਂ ਹੈ ਕਿ ਉਹ ਪੂਰੇ ਹਿੰਦੂ ਸਮੁਦਾਇ ਨੂੰ ਬਦਨਾਮ ਕਰਨ। ਕਮਲ ਹਾਸਨ ਨੂੰ ਸ੍ਰੀ ਲੰਕਾ ਦੀ ਘਟਨਾ ਨਹੀਂ ਯਾਦ ਆਈ ਜਿੱਥੇ ਹਾਲ ਹੀ ਵਿੱਚ ਸੈਂਕੜਿਆਂ ਦੀ ਜਾਨ ਗਈ। ਉਹ ਅਜਿਹਾ ਜ਼ਿਮਨੀ ਚੋਣਾਂ 'ਚ ਵੋਟ ਲੈਣ ਲਈ ਕਰ ਰਹੇ ਹਾਂ।"

ਯੋਗਿੰਦਰ ਯਾਦਵ ਨੇ ਕਮਲ ਹਾਸਨ ਦੇ ਹੱਕ 'ਚ ਟਵੀਟ ਕੀਤਾ, "ਪ੍ਰਧਾਨ ਮੰਤਰੀ ਵਰਧਾ 'ਚ: ਇਤਿਹਾਸ ਵਿੱਚ ਕੋਈ ਅਜਿਹਾ ਹਵਾਲਾ ਹੈ ਜਿੱਥੇ ਕਿਸੇ ਹਿੰਦੂ ਅੱਤਵਾਦੀ ਦਾ ਜ਼ਿਕਰ ਹੋਵੇ? ਕਮਲ ਹਾਸਨ: ਜੀ ਹਾਂ, ਉਨ੍ਹਾਂ ਦਾ ਨਾਮ ਨੱਥੂਰਾਮ ਗੋਡਸੇ ਹੈ।"

ਉਹ ਅੱਗੇ ਲਿਖਦੇ ਹਨ, "ਇਸ 'ਚ ਗ਼ਲਤ ਕੀ ਹੈ? ਕੀ ਹੁਣ ਇਸ ਨੂੰ ਅਸੀਂ ਅੱਤਵਾਦ ਨਹੀਂ ਕਹਿੰਦੇ? ਕੀ ਉਹ ਹਿੰਦੂ ਨਹੀਂ ਸੀ।"

ਇਹ ਵੀ ਪੜ੍ਹੋ-

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)