ਕੋਲਕਾਤਾ: ਅਮਿਤ ਸ਼ਾਹ ਦੇ ਰੋਡ ਸ਼ੋਅ ਦੌਰਾਨ ਹੰਗਾਮਾ, ਲਾਠੀਚਾਰਜ ਅਤੇ ਪੱਥਰਬਾਜ਼ੀ

ਅਮਿਤ ਸ਼ਾਹ Image copyright Ani

ਪੱਛਮ ਬੰਗਾਲ ਦੀ ਰਾਜਧਾਨੀ ਕੋਲਕਾਤਾ ਵਿੱਚ ਮੰਗਲਵਾਰ ਸ਼ਾਮ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੀ ਰੈਲੀ ਦੌਰਾਨ ਤ੍ਰਿਣਮੂਲ ਕਾਂਗਰਸ ਵਿਦਿਆਰਥੀ ਪ੍ਰੀਸ਼ਦ ਦੇ ਮੈਂਬਰਾਂ ਅਤੇ ਭਾਜਪਾ ਕਾਰਕੁਨਾਂ ਵਿਚਾਲੇ ਜੰਮ ਕੇ ਹੰਗਾਮਾ ਹੋਇਆ।

ਤ੍ਰਿਣਮੂਲ ਵਿਦਿਆਰਥੀ ਸ਼ਾਖਾ ਦੇ ਮੈਂਬਰਾਂ ਨੇ ਸ਼ਾਹ ਨੂੰ ਕਾਲੇ ਝੰਡੇ ਦਿਖਾਏ ਅਤੇ ਉਨ੍ਹਾਂ ਦੀ ਗੱਡੀ 'ਤੇ ਪੱਥਰ ਵੀ ਸੁੱਟੇ।

ਉਨ੍ਹਾਂ ਨੇ ਅਮਿਤ ਸ਼ਾਹ ਗੋ ਬੈਕ ਦੇ ਨਾਅਰੇ ਵੀ ਲਗਾਏ ਉਸਤੋਂ ਬਾਅਦ ਭਾਜਪਾ ਕਾਰਕੁਨਾਂ ਨਾਲ ਭਿੜੰਤ ਹੋ ਗਈ।

ਕੁਝ ਦੇਰ ਤੱਕ ਦੋਹਾਂ ਪਾਸਿਓਂ ਬੋਤਲਾਂ ਤੇ ਪੱਥਰ ਸੁੱਟੇ ਜਾਂਦੇ ਰਹੇ। ਪੁਲਿਸ ਨੂੰ ਹਾਲਾਤ ਸੰਭਾਲਣ ਲਈ ਲਾਠੀਚਾਰਜ ਵੀ ਕਰਨਾ ਪਿਆ।

ਇਸ ਵਿੱਚ ਕਈ ਲੋਕ ਜ਼ਖਮੀ ਹੋਏ ਹਨ। ਇਲਾਕੇ ਵਿੱਚ ਹਫੜਾ-ਦਫੜੀ ਦਾ ਮਾਹੌਲ ਪੈਦਾ ਹੋ ਗਿਆ ਅਤੇ ਹਿੰਸਾ ਮਗਰੋਂ ਅੱਗ ਵੀ ਲਗਾ ਦਿੱਤੀ ਗਈ।

ਅਮਿਤ ਸ਼ਾਹ ਨੇ ਬਾਅਦ ਵਿੱਚ ਪੱਤਰਕਾਰਾਂ ਨੂੰ ਕਿਹਾ, ''ਮਮਤਾ ਬੈਨਰਜੀ ਹਾਰ ਦੇ ਡਰੋਂ ਬੌਖਲਾ ਗਏ ਹਨ। ਇਹ ਹਮਲਾ ਉਨ੍ਹਾਂ ਦੀ ਹਤਾਸ਼ਾ ਦਾ ਪ੍ਰਤੀਕ ਹੈ।''

ਭਾਜਪਾ ਦੇ ਕੌਮੀ ਸਕੱਤਰ ਰਾਹੁਲ ਸਿਨਹਾ ਨੇ ਇਲਜ਼ਾਮ ਲਗਾਇਆ, ''ਪੁਲਿਸ ਚੁੱਪਚਾਪ ਸਭ ਕੁਝ ਦੇਖਦੀ ਰਹੀ। ਉਨ੍ਹਾਂ ਕਾਲੇ ਝੰਡੇ ਦਿਖਾਉਣ ਵਾਲਿਆਂ ਨੂੰ ਸੁਰੱਖਿਆ ਘੇਰਾ ਤੋੜ ਕੇ ਅੱਗੇ ਆਉਣ ਦਿੱਤਾ।''

ਇਹ ਵੀ ਪੜ੍ਹੋ

Image copyright Pti

ਦੂਜੇ ਪਾਸੇ ਤ੍ਰਿਣਮੂਲ ਕਾਂਗਰਸ ਨੇ ਇਲਜ਼ਾਮ ਲਗਾਇਆ ਕਿ ਭਾਜਪਾ ਸਮਰਥਕਾਂ ਨੇ ਜਾਣ ਬੁੱਝ ਕੇ ਹਿੰਸਾ ਕੀਤੀ।

ਪਾਰਟੀ ਜਨਰਲ ਸਕੱਤਰ ਪਾਰਥ ਚੈਟਰਜੀ ਨੇ ਕਿਹਾ, ''ਤਾਕਤ ਦਿਖਾਉਣ ਲਈ ਭਾਜਪਾ ਦੇ ਲੋਕਾਂ ਨੇ ਹੀ ਹੰਗਾਮਾ ਕੀਤਾ। ਉਸਤੋਂ ਬਾਅਦ ਪੁਲਿਸ ਨੂੰ ਲਾਠੀਚਾਰਜ ਕਰਨਾ ਪਿਆ।''

ਮਮਤਾ ਬੈਨਰਜੀ ਨੇ ਕਿਹਾ, ''ਭਾਜਪਾ ਨੇ ਬਾਹਰੋਂ ਗੁੰਡੇ ਬੁਲਾ ਕੇ ਹੰਗਾਮਾ ਤੇ ਹਿੰਸਾ ਕਰਾਈ ਹੈ। ਉਨ੍ਹਾਂ ਵਿਦਿਆਸਾਗਰ ਕਾਲਜ ਵਿੱਚ ਭਾਜਪਾ ਸਮਰਥਕਾਂ ਵੱਲੋਂ ਕਥਿਤ ਤੌਰ ਤੇ ਕੀਤੀ ਹਿੰਸਾ ਦੀ ਨਿਖੇਧੀ ਕੀਤੀ।''

ਉਂਝ ਇਸ ਰੋਡ ਸ਼ੋਅ ਦੇ ਮੁੱਦੇ 'ਤੇ ਅੱਜ ਸਵੇਰੇ ਤੋਂ ਹੀ ਇਲਜ਼ਾਮ ਬਜ਼ੀਆਂ ਦਾ ਦੌਰ ਜਾਰੀ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)