ਲੋਕ ਸਭਾ ਚੋਣਾਂ 2019: ਤੁਹਾਡੇ ਕੋਲ ਸੋਸ਼ਲ ਮੀਡੀਆ ’ਤੇ ਪਾਰਟੀਆਂ ਦਾ ਪ੍ਰਚਾਰ ਇੰਝ ਪਹੁੰਚਦਾ

ਸੋਸ਼ਲ ਮੀਡੀਆ Image copyright AFP/Getty Images

ਪਹਿਲਾਂ ਔਰਕੁਟ ਤੇ ਫਿਰ ਫੇਸਬੁੱਕ ਜ਼ਰੀਏ ਜਦੋਂ ਸੋਸ਼ਲ ਮੀਡੀਆ ਨੇ ਭਾਰਤੀ ਨੌਜਵਾਨਾਂ ਦੀ ਜਿੰਦਗੀ ਵਿੱਚ ਦਸਤਕ ਦਿੱਤੀ ਤਾਂ, ਇਸ ਨੂੰ ਇੱਕ ਨਾਨ-ਸੀਰੀਅਸ ਪਲੈਟਫਾਰਮ ਮੰਨਿਆ ਜਾਂਦਾ ਸੀ।

90ਵਿਆਂ ਵਿੱਚ ਜਨਮ ਲੈਣ ਵਾਲੇ ਜਾਣਦੇ ਹਨ ਕਿ ਕਿਵੇਂ ਉਹਨਾਂ ਦੇ ਮਾਪੇ ਸੋਸ਼ਲ ਮੀਡੀਆ 'ਤੇ ਸਮਾਂ ਬਿਤਾਉਣ ਕਾਰਨ ਉਹਨਾਂ ਨੂੰ ਵਿਹਲੜ ਸਮਝਦੇ ਸੀ।

ਫਿਰ ਇਸ ਪੀੜ੍ਹੀ ਨੇ ਆਪਣੇ ਮਾਪਿਆਂ ਨੂੰ ਵੀ ਸੋਸ਼ਲ ਮੀਡੀਆ ਵਰਤਣਾ ਸਿਖਾਇਆ ਅਤੇ ਹੁਣ ਉਹ ਸਮਾਂ ਆ ਗਿਆ ਹੈ ਜਦੋਂ ਸਿਆਸੀ ਪਾਰਟੀਆਂ ਨੂੰ ਸੋਸ਼ਲ ਮੀਡੀਆ ਲਈ ਵੱਖਰੇ ਵਿੰਗ ਬਣਾਉਣੇ ਪੈ ਗਏ ਹਨ।

ਜ਼ਿੰਦਗੀ ਦਾ ਹਿੱਸਾ ਬਣ ਚੁੱਕੇ ਸੋਸ਼ਲ ਮੀਡੀਆ ਜ਼ਰੀਏ, ਸਿਆਸਤਦਾਨ ਵੋਟਾਂ ਦੇ ਧਰੁਵੀਕਰਨ ਦੀ ਕੋਸ਼ਿਸ਼ ਕਰਦੇ ਹਨ।

ਇਹਨਾਂ ਲੋਕ ਸਭਾ ਚੋਣਾਂ ਵਿੱਚ ਪੰਜਾਬ ਦੀਆਂ ਸਿਆਸੀ ਪਾਰਟੀਆਂ ਸੋਸ਼ਲ ਮੀਡੀਆ ਨੂੰ ਕਿਵੇਂ ਵਰਤ ਰਹੀਆਂ ਹਨ, ਇਹ ਜਾਣਨ ਲਈ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ।

ਕਿਹੜੇ ਪਲੈਟਫਾਰਮਜ਼ 'ਤੇ ਹੁੰਦਾ ਹੈ ਕੰਮ ?

ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਭਾਜਪਾ ਅਤੇ ਆਮ ਆਦਮੀ ਪਾਰਟੀ ਦੇ ਸਬੰਧਤ ਲੀਡਰਾਂ ਮੁਤਾਬਕ ਫੇਸਬੁੱਕ, ਟਵਿੱਟਰ, ਇੰਸਟਾਗ੍ਰਾਮ, ਵਟਸਐਪ , ਸਨੈਪਚੈਟ, ਹੈਲੋ ਐਪ ਜਿਹੇ ਪਲੈਟਫਾਰਮਜ਼ 'ਤੇ ਮੁਹਿੰਮ ਚੱਲਦੀ ਹੈ।

ਇਹ ਵੀ ਪੜ੍ਹੋ:

ਪਰ ਸਾਰੀਆਂ ਹੀ ਪਾਰਟੀਆਂ ਨੇ ਉਨ੍ਹਾਂ ਲਈ ਜ਼ਿਆਦਾ ਲੋਕਾਂ ਤੱਕ ਪਹੁੰਚ ਦੇਣ ਵਾਲੇ ਪਲੈਟਫਾਰਮ ਫੇਸਬੁੱਕ ਅਤੇ ਵਟਸਐਪ ਨੂੰ ਦੱਸਿਆ।

ਕਿਹੜੇ ਅਤੇ ਕਿੰਨੇ ਲੋਕ ਕਰਦੇ ਹਨ ਕੰਮ ?

ਕਾਂਗਰਸ ਦੇ ਸੋਸ਼ਲ ਮੀਡੀਆ ਲਈ ਲੋਕ

ਪੰਜਾਬ ਕਾਂਗਰਸ ਦੇ ਸੋਸ਼ਲ ਮੀਡੀਆ ਕੁਆਰਡੀਨੇਟਰ ਸਮਰਾਟ ਢੀਂਗਰਾ ਨੇ ਦੱਸਿਆ ਕਿ ਇਹਨਾਂ ਚੋਣਾਂ ਦੌਰਾਨ ਕਰੀਬ 20,000 ਲੋਕ ਪੰਜਾਬ ਵਿੱਚ ਕਾਂਗਰਸ ਲਈ ਸੋਸ਼ਲ ਮੀਡੀਆ 'ਤੇ ਕੰਮ ਕਰ ਰਹੇ ਹਨ।

Image copyright Samraat Dhingra/BBC
ਫੋਟੋ ਕੈਪਸ਼ਨ ਪੰਜਾਬ ਕਾਂਗਰਸ ਦੇ ਸੋਸ਼ਲ ਮੀਡੀਆ ਕੁਆਰਡੀਨੇਟਰ ਸਮਰਾਟ ਢੀਂਗਰਾ ਮੁਤਾਬਕ ਕਰੀਬ 20,000 ਲੋਕ ਸੋਸ਼ਲ ਮੀਡੀਆ ਦਾ ਕੰਮ ਦੇਖ ਰਹੇ ਹਨ

ਉਨ੍ਹਾਂ ਕਿਹਾ, "117 ਹਲਕਿਆਂ ਲਈ ਇੱਕ-ਇੱਕ ਵਿਧਾਨ ਸਭਾ ਹਲਕੇ ਦਾ ਇੰਚਾਰਜ, 13 ਲੋਕ ਸਭਾ ਹਲਕਿਆਂ ਦੇ ਇੰਚਾਰਜ ਅਤੇ ਫਿਰ ਹਰ ਬੂਥ ਦਾ ਇੱਕ ਇੰਚਾਰਜ ਇਸ ਕੰਮ 'ਤੇ ਲੱਗੇ ਹਨ। ਪੰਜਾਬ ਵਿੱਚ ਕਰੀਬ 19 ਹਜਾਰ ਬੂਥ ਹਨ।"

"ਢੀਂਗਰਾ ਨੇ ਦਾਅਵਾ ਕੀਤਾ ਕਿ ਇਹ ਸਾਰੇ ਪਾਰਟੀ ਲੀਡਰ ਅਤੇ ਵਰਕਰ ਹੀ ਹਨ, ਕੋਈ ਪੇਡ ਨਹੀ ਹੈ।"

"ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਸੋਸ਼ਲ ਮੀਡੀਆ ਦੇਖਣ ਲਈ ਵੱਖਰੀ ਟੀਮ ਹੈ। ਇਸ ਤੋਂ ਇਲਾਵਾ ਹਰ ਇੱਕ ਉਮੀਦਵਾਰ ਨਾਲ ਇੱਕ-ਇੱਕ ਕੁਆਰਡੀਨੇਟਰ ਸੋਸ਼ਲ ਮੀਡੀਆ ਟੀਮ ਨੇ ਲਗਾਇਆ ਹੈ ਅਤੇ ਬਾਕੀ ਉਮੀਦਵਾਰਾਂ ਦੀਆਂ ਨਿੱਜੀ ਟੀਮਾਂ ਹਨ।"

ਕੁਝ ਟੀਮਾਂ ਚੰਡੀਗੜ੍ਹ ਸਥਿਤ ਪੰਜਾਬ ਕਾਂਗਰਸ ਕਮੇਟੀ ਦੇ ਦਫਤਰ ਬੈਠਦੀਆਂ ਹਨ, ਕੁਝ ਸੀਐਮ ਹਾਊਸ ਅਤੇ ਬਾਕੀ ਜ਼ਿਆਦਾਤਰ ਆਪੋ-ਆਪਣੇ ਕੰਮਾਂ ਕਾਰਾਂ ਵਿਚਕਾਰ।

ਸ਼੍ਰੋਮਣੀ ਅਕਾਲੀ ਦਲ ਦੇ ਸੋਸ਼ਲ ਮੀਡੀਆ ਇੰਚਾਰਜ

ਸ਼੍ਰੋਮਣੀ ਅਕਾਲੀ ਦਲ ਦੇ ਆਲ ਵਿੰਗ ਕੁਆਰਡੀਨੇਟਰ ਚਰਨਜੀਤ ਬਰਾੜ ਨੇ ਕਿਹਾ, "ਹਰ ਵਿਧਾਨ ਸਭਾ ਹਲਕੇ ਵਿੱਚ 40-50 ਵਰਕਰ ਅਜਿਹੇ ਛਾਂਟੇ ਹੋਏ ਹਨ ਜੋ ਪਾਰਟੀ ਲਈ ਸੋਸ਼ਲ ਮੀਡੀਆ 'ਤੇ ਕੰਮ ਕਰਦੇ ਹਨ। ਇੱਕ ਵੇਲੇ ਇਹਨਾਂ ਵਿੱਚੋਂ 25-30 ਫੀਸਦੀ ਲੋਕ ਕੰਮ ਕਰਦੇ ਹਨ।"

Image copyright Nachhatar Singh/Facebook
ਫੋਟੋ ਕੈਪਸ਼ਨ ਅਕਾਲੀ ਦਲ ਦੇ ਆਈਟੀ ਵਿੰਗ ਦੇ ਪ੍ਰਧਾਨ ਨਛੱਤਰ ਸਿੰਘ ਗਿੱਲ ਮੁਤਾਬਕ 13 ਲੋਕ ਸਭਾ ਹਲਕਿਆਂ ਲਈ ਇੱਕ-ਇੱਕ ਸੋਸ਼ਲ ਮੀਡੀਆ ਇੰਚਾਰਜ ਲਗਾਇਆ ਗਿਆ ਹੈ

ਬਰਾੜ ਨੇ ਦੱਸਿਆ, "ਪਿਛਲੀਆਂ ਵਿਧਾਨ ਸਭਾ ਚੋਣਾਂ ਵੇਲੇ ਏਜੰਸੀ ਹਾਇਰ ਕੀਤੀ ਗਈ ਸੀ ਪਰ ਹਾਰ ਤੋਂ ਬਾਅਦ ਜਦੋਂ ਲੋਕਾਂ ਵਿੱਚ ਗਏ ਤਾਂ ਪਤਾ ਲੱਗਿਆ ਕਿ ਸੋਸ਼ਲ ਮੀਡੀਆ ਦੀ ਕਮਾਨ ਪਾਰਟੀ ਦੇ ਵਰਕਰਾਂ ਹੱਥ ਹੋਣੀ ਚਾਹੀਦੀ ਹੈ।"

"ਫਿਰ ਮੈਂ ਪਿੰਡ-ਪਿੰਡ ਜਾ ਕੇ ਪਾਰਟੀ ਵਰਕਰਾਂ ਵਿੱਚੋਂ ਕੁਝ ਨੌਜਵਾਨ ਚੁਣੇ ਜੋ ਸੋਸ਼ਲ ਮੀਡੀਆ 'ਤੇ ਕੰਮ ਕਰਨ ਅਤੇ ਹੁਣ ਪੰਜ ਮਿੰਟ ਅੰਦਰ ਕੋਈ ਵੀ ਗੱਲ ਅਸੀਂ ਪਿੰਡ ਪਿੰਡ ਪਹੁੰਚਾਉਂਦੇ ਹਾਂ।"

ਇਹ ਵੀ ਪੜ੍ਹੋ:

ਪਾਰਟੀ ਦੇ ਆਈ.ਟੀ ਵਿੰਗ ਦੇ ਪ੍ਰਧਾਨ ਨਛੱਤਰ ਸਿੰਘ ਗਿੱਲ ਨੇ ਦੱਸਿਆ ਇਸ ਤੋਂ ਇਲਾਵਾ 13 ਲੋਕ ਸਭਾ ਹਲਕਿਆਂ ਲਈ ਇੱਕ-ਇੱਕ ਸੋਸ਼ਲ ਮੀਡੀਆ ਇੰਚਾਰਜ ਲਗਾਇਆ ਗਿਆ ਹੈ। ਉਹਨਾਂ ਕਿਹਾ ਕਿ ਵਾਰ-ਰੂਮ ਜਿਹੀ ਕੋਈ ਚੀਜ਼ ਨਹੀਂ, ਹਰ ਕੋਈ ਆਪੋ-ਆਪਣੇ ਕੰਮਾਂ-ਕਾਰਾਂ ਦੌਰਾਨ ਹੀ ਸੋਸ਼ਲ ਮੀਡੀਆ 'ਤੇ ਪ੍ਰਚਾਰ ਕਰਦਾ ਹੈ।

ਆਮ ਆਦਮੀ ਪਾਰਟੀ ਦੀ ਸੋਸ਼ਲ ਮੀਡੀਆ ਸਟਰੈਟੇਜੀ

ਆਮ ਆਦਮੀ ਪਾਰਟੀ ਪੰਜਾਬ ਦੇ ਆਈਟੀ/ਸੋਸ਼ਲ ਮੀਡੀਆ ਹੈਡ ਕੋਮਲ ਬੇਲਾ ਨੇ ਦੱਸਿਆ, "ਆਮ ਆਦਮੀ ਪਾਰਟੀ ਦੀ ਸੋਸ਼ਲ ਮੀਡੀਆ ਟੀਮ ਵਿੱਚ 1500 ਮੈਂਬਰ ਹਨ। ਇਹ ਸਾਰੇ ਪਾਰਟੀ ਦੇ ਵਲੰਟੀਅਰ ਹਨ।"

Image copyright Komal Bela/BBC
ਫੋਟੋ ਕੈਪਸ਼ਨ 'ਆਪ' ਪੰਜਾਬ ਦੇ ਸੋਸ਼ਲ ਮੀਡੀਆ ਮੁਖੀ ਕੋਮਲ ਬੇਲਾ ਮੁਤਾਬਕ ਵਲੰਟੀਅਰ ਹੀ ਸੋਸ਼ਲ ਮੀਡੀਆ ਮੁਹਿੰਮ ਚਲਾ ਰਹੇ ਹਨ

"ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਪੰਜਾਬ ਦਾ ਆਈਟੀ/ਸੋਸ਼ਲ ਮੀਡੀਆ ਹੈਡ, ਜੋ ਕਿ ਮੈਂ ਕੋਮਲ ਬੇਲਾ ਹਾਂ। ਉਸ ਤੋਂ ਬਾਅਦ ਪੰਜ ਜੋਨ ਇੰਚਾਰਜ। ਫਿਰ ਜ਼ਿਲ੍ਹਾ ਇੰਚਾਰਜ, ਜ਼ਿਲ੍ਹਾ ਟੀਮ ਮੈਂਬਰ ਅਤੇ ਬਲਾਕ ਇੰਚਾਰਜ ਤੇ ਬਲਾਕ ਟੀਮ ਮੈਂਬਰ।

ਇਸ ਤੋਂ ਇਲਾਵਾ ਜੇ ਬੂਥ ਪੱਧਰ ਦੀ ਗੱਲ ਕੀਤੀ ਜਾਵੇ ਤਾਂ ਇੱਕ ਜਣੇ ਦੇ ਜਿੰਮੇ 20-20 ਪੋਲਿੰਗ ਬੂਥ ਆਉਂਦੇ ਹਨ। ਇਹ ਵਲੰਟੀਅਰ ਬੂਥ ਚੋਣ ਇੰਚਾਰਜਾਂ ਤੱਕ ਕੰਟੈਂਟ ਪਹੁੰਚਾਉਂਦੀਆਂ ਹਨ ਅਤੇ ਉਹ ਆਮ ਲੋਕਾਂ ਤੱਕ ਪਹੁੰਚਦਾ ਹੈ।"

"ਸਿਰਫ਼ ਮਾਨੀਟਰਿੰਗ ਟੀਮ ਇੱਕ ਜਗ੍ਹਾ ਬੈਠ ਕੇ ਕੰਮ ਕਰਦੀ ਹੈ। ਜਿਸ ਨੂੰ ਅਸੀਂ ਵਾਰ ਰੂਮ ਵੀ ਕਹਿੰਦੇ ਹਾਂ, ਜੋ ਕਿ ਪਹਿਲਾਂ ਚੰਡੀਗੜ੍ਹ ਸੀ ਪਰ ਹੁਣ ਸੰਗਰੂਰ ਹੈ।"

"ਬਾਕੀ ਸਾਰੇ ਵਲੰਟਰੀਅਰ ਸਿਰਫ਼ ਵਟਸਐਪ ਗਰੁੱਪਾਂ ਜ਼ਰੀਏ ਜੁੜੇ ਹੋਏ ਹਨ ਅਤੇ ਆਪੋ-ਆਪਣੇ ਘਰਾਂ-ਕੰਮਾਂ ਤੇ ਹੁੰਦੇ ਹੋਇਆਂ ਹੀ ਕੰਮ ਕਰਦੇ ਹਨ। "

ਪੰਜਾਬ ਭਾਜਪਾ ਦਾ ਸੋਸ਼ਲ ਮੀਡੀਆ ਸੈੱਲ

ਪੰਜਾਬ ਭਾਜਪਾ ਦੇ ਸੋਸ਼ਲ ਮੀਡੀਆ ਅਤੇ ਆਈਟੀ ਵਿੰਗ ਇੰਚਾਰਜ ਵਰੁਣ ਪੁਰੀ ਨੇ ਕਿਹਾ, "ਸਾਡੇ ਕੋਲ ਗਿਣਤੀ ਨਹੀਂ ਹੈ। ਸਾਡੇ ਸਾਰੇ ਹੀ ਵਰਕਰ ਆਪਣੇ-ਆਪਣੇ ਪੱਧਰ 'ਤੇ ਕੰਮ ਕਰਦੇ ਹਨ। ਸੋਸ਼ਲ ਮੀਡੀਆ ਹੈਂਡਲ ਕਰਨ ਲਈ ਕੋਈ ਪੇਡ ਬੰਦਾ ਨਹੀਂ ਰੱਖਿਆ ਗਿਆ ਹੈ ਅਤੇ ਨਾ ਹੀ ਪੰਜਾਬ ਭਾਜਪਾ ਨੇ ਕਿਸੇ ਏਜੰਸੀ ਨੂੰ ਹਾਇਰ ਕੀਤਾ ਹੈ।"

ਦੱਸ ਦੇਈਏ ਕਿ ਭਾਜਪਾ ਕੌਮੀ ਪੱਧਰ 'ਤੇ ਵੱਖਰੇ ਤੌਰ 'ਤੇ ਸੋਸ਼ਲ ਮੀਡੀਆ ਪ੍ਰਚਾਰ ਵਿੱਚ ਜੁਟੀ ਹੋਈ ਹੈ ਜੋ ਕਿ ਜੰਗੀ ਪੱਧਰ 'ਤੇ ਹੈ।

Image copyright Varun puri/Facebook
ਫੋਟੋ ਕੈਪਸ਼ਨ ਪੰਜਾਬ ਭਾਜਪਾ ਦੇ ਸੋਸ਼ਲ ਮੀਡੀਆ ਅਤੇ ਆਈਟੀ ਵਿੰਗ ਇੰਚਾਰਜ ਵਰੁਣ ਪੁਰੀ ਮੁਤਾਬਕ ਸਾਰੇ ਵਰਕਰ ਆਪਣੇ ਪੱਧਰ ਤੇ ਕੰਮ ਕਰਦੇ ਹਨ

ਜੇ ਸੋਸ਼ਲ ਮੀਡੀਆ ਨਾ ਹੁੰਦਾ ਤਾਂ....?

ਪੰਜਾਬ ਕਾਂਗਰਸ ਲਈ INC ਸੋਸ਼ਲ ਮੀਡੀਆ ਕੁਆਰਡੀਨੇਟਰ ਸਮਰਾਟ ਢੀਂਗਰਾ ਨੇ ਕਿਹਾ, "ਜੇ ਸੋਸ਼ਲ ਮੀਡੀਆ ਨਾ ਹੁੰਦਾ ਤਾਂ ਅੱਜ ਸਾਡੀ ਇਹ ਪੋਸਟ ਵੀ ਨਾ ਹੁੰਦੀ ਜਿਸ 'ਤੇ ਮੈਂ ਅੱਜ ਹਾਂ। ਬਾਕੀ ਸੋਸ਼ਲ ਮੀਡੀਆ ਅੱਜ ਦੇ ਸਮੇਂ ਗਰਾਊਂਡ ਲੈਵਲ ਕੈਂਪੇਨ ਤੋਂ ਜ਼ਿਆਦਾ ਅਹਿਮ ਹੋ ਗਿਆ ਹੈ।"

"2014 ਦੀਆਂ ਚੋਣਾਂ ਵਿੱਚ ਕਾਂਗਰਸ ਸੋਸ਼ਲ ਮੀਡੀਆ 'ਤੇ ਬੀਜੇਪੀ ਮੁਕਾਬਲੇ ਬਹੁਤ ਪਿੱਛੇ ਸੀ, ਇਹ ਬੀਜੇਪੀ ਦੀ ਜਿੱਤ ਦੇ ਕਾਰਨਾਂ ਵਿੱਚੋਂ ਵੀ ਇੱਕ ਹੈ। ਭਾਜਪਾ ਨੂੰ ਸੋਸ਼ਲ ਮੀਡੀਆ ਨੇ ਹੀ ਬਣਾਇਆ। ਪਰ ਇਸ ਵਾਰ ਕਾਂਗਰਸ ਦੀ ਸੋਸ਼ਲ ਮੀਡੀਆ 'ਤੇ ਪੂਰੀ ਪਕੜ ਹੈ।"

ਸ਼੍ਰੋਮਣੀ ਅਕਾਲੀ ਦਲ ਦੇ ਆਈਟੀ ਵਿੰਗ ਦੇ ਪ੍ਰਧਾਨ ਨਛੱਤਰ ਸਿੰਘ ਗਿੱਲ ਨੇ ਕਿਹਾ, "ਮੈਂ ਕਹਿੰਦਾ ਹਾਂ ਹੁੰਦਾ ਹੀ ਨਾ ਤਾਂ ਬਿਹਤਰ ਸੀ। ਹੁਣ ਸੋਸ਼ਲ ਮੀਡੀਆ ਜ਼ਰੀਏ ਗੰਦੀ ਸਿਆਸਤ ਹੋ ਰਹੀ ਹੈ। ਪਰਿਵਾਰਾਂ ਦੀਆਂ ਨਿੱਜੀ ਤਸਵੀਰਾਂ ਦਾ ਗਲਤ ਇਸਤੇਮਾਲ ਹੋ ਰਿਹਾ ਹੈ।"

"ਸੋਸ਼ਲ ਮੀਡੀਆ ਨੇ ਸਿਆਸਤ ਦਾ ਪੱਧਰ ਹੇਠਾਂ ਡੇਗ ਦਿੱਤਾ ਹੈ। ਇਸ 'ਤੇ ਰੋਕ ਹੀ ਲੱਗ ਜਾਵੇ ਤਾਂ ਬਿਹਤਰ ਹੈ। ਸਾਈਬਰ ਕਰਾਈਮ ਪ੍ਰਤੀ ਸਖ਼ਤ ਕਾਰਵਾਈਆਂ ਵੀ ਨਹੀਂ ਹੁੰਦੀਆਂ ਜੋ ਹੋਣੀਆਂ ਚਾਹੀਦੀਆਂ ਹਨ।"

Image copyright AFP/Getty Images

ਆਮ ਆਦਮੀ ਪਾਰਟੀ ਪੰਜਾਬ ਦੇ ਸੋਸ਼ਲ ਮੀਡੀਆ ਤੇ ਆਈ.ਟੀ. ਹੈੱਡ ਕੋਮਲ ਬੇਲਾ ਨੇ ਕਿਹਾ, "ਫਿਰ ਬਹੁਤ ਸਾਰੀ ਸੱਚਾਈ ਲੋਕਾਂ ਸਾਹਮਣੇ ਉਜਾਗਰ ਨਹੀਂ ਹੋ ਸਕਦੀ ਸੀ। ਲੋਕਾਂ ਨੂੰ ਪਤਾ ਨਹੀਂ ਸੀ ਲੱਗਣਾ ਕਿ ਪਾਰਟੀਆਂ ਜਿੰਨਾ ਵਾਅਦਿਆਂ ਨਾਲ ਸੱਤਾ ਵਿੱਚ ਆਈਆਂ, ਉਹ ਪੂਰੇ ਹੋਏ ਜਾਂ ਨਹੀਂ।"

ਜੇ ਸੋਸ਼ਲ ਮੀਡੀਆ ਨਾ ਹੁੰਦਾ ਤਾਂ ਬੀਬੀ ਭੱਠਲ ਵੱਲੋਂ ਨੌਜਵਾਨ ਨੂੰ ਚਪੇੜ ਮਾਰਨ ਦੀ ਘਟਨਾ ਸ਼ਾਇਦ ਲੋਕਾਂ ਨੂੰ ਪਤਾ ਨਾ ਲਗਦੀ।

ਦਰਅਸਲ, ਰਵਾਇਤੀ ਮੀਡੀਆ ਦੀ ਪਹੁੰਚ ਵਿੱਚ ਹਰ ਚੀਜ਼ ਨਹੀਂ ਹੁੰਦੀ ਖਾਸ ਕਰਕੇ ਛੋਟੇ ਪਿੰਡ ਅਤੇ ਛੋਟੀਆਂ ਚੋਣ ਮੀਟਿੰਗਾਂ, ਉਹਨਾਂ ਮੀਟਿੰਗਾਂ ਵਿੱਚ ਕੀ ਕੁਝ ਹੋ ਰਿਹਾ ਹੈ, ਉਹ ਸੋਸ਼ਲ ਮੀਡੀਆ ਜ਼ਰੀਏ ਹੀ ਪਤਾ ਲਗਦਾ ਹੈ।"

ਇਹ ਵੀ ਪੜ੍ਹੋ:

ਬੀਜੇਪੀ ਦੇ ਸੋਸ਼ਲ ਮੀਡੀਆ ਤੇ ਆਈ.ਟੀ. ਵਿੰਗ ਪ੍ਰਧਾਨ ਵਰੁਣ ਪੁਰੀ ਨੇ ਕਿਹਾ, "ਸੋਸ਼ਲ ਮੀਡੀਆ ਅੱਜ ਜ਼ਿੰਦਗੀ ਦਾ ਹਿੱਸਾ ਬਣ ਗਿਆ ਹੈ। ਲੋਕ ਮੂੰਹ ਧੋਣ ਤੋਂ ਪਹਿਲਾਂ ਸੋਸ਼ਲ ਮੀਡੀਆ ਅਕਾਊਂਟ ਚੈੱਕ ਕਰਦੇ ਹਨ ਪਰ ਜੇ ਸੋਸ਼ਲ ਮੀਡੀਆ ਨਾ ਹੁੰਦਾ ਤਾਂ ਵੀ ਭਾਜਪਾ ਲਈ ਕੋਈ ਖ਼ਤਰਾ ਨਹੀਂ ਸੀ ਕਿਉਂਕਿ ਰੈਲੀਆਂ ਵਿੱਚ ਵੀ ਲੋਕ ਮੋਦੀ ਜੀ ਨੂੰ ਸੁਨਣਾ ਪਸੰਦ ਕਰਦੇ ਹਨ। ਉਹਨਾਂ ਦਾ ਔਰਾ ਅਜਿਹਾ ਹੈ ਕਿ ਲੋਕ ਉਹਨਾਂ ਨੂੰ ਪਸੰਦ ਕਰਦੇ ਹਨ।"

2019 ਦੀ ਚੋਣ ਸੋਸ਼ਲ ਮੀਡੀਆ 'ਤੇ ਲੜੀ ਜਾ ਰਹੀ ਹੈ?

ਕਾਂਗਰਸ

ਸਮਰਾਟ ਢੀਂਗਰਾ ਨੇ ਕਿਹਾ, " ਮੈਂ ਇਸ ਨਾਲ ਸਹਿਮਤ ਹਾਂ ਕਿਉਂਕਿ ਜਿਵੇਂ ਡੋਰ ਟੂ ਡੋਰ ਕੈਂਪੇਨ ਘਰ-ਘਰ ਤੱਕ ਪਹੁੰਚ ਕਰਦਾ ਹੈ, ਸੋਸ਼ਲ ਮੀਡੀਆ ਕੈਂਪੇਨ ਘਰ ਦੇ ਪੰਜ ਵਿੱਚੋਂ ਘੱਟੋ-ਘੱਟ ਚਾਰ ਜੀਆਂ ਤੱਕ ਪਹੁੰਚ ਕਰਦੀ ਹੈ।"

ਸ਼੍ਰੋਮਣੀ ਅਕਾਲੀ ਦਲ

ਨਛੱਤਰ ਸਿੰਘ ਗਿੱਲ ਨੇ ਕਿਹਾ, "ਸੋਸ਼ਲ ਮੀਡੀਆ 'ਤੇ ਪਾਰਟੀਆਂ ਦੇ ਹੱਕ ਅਤੇ ਵਿਰੋਧ ਵਿੱਚ ਬੋਲਣ ਵਾਲੇ 100 ਬੰਦਿਆਂ ਵਿੱਚੋਂ 90 ਪਾਰਟੀਆਂ ਦੇ ਹੀ ਹੁੰਦੇ ਹਨ ਅਤੇ ਸਿਰਫ਼ ਦਸ ਆਮ ਲੋਕ। ਪਾਰਟੀਆਂ ਦੇ ਲੋਕ ਹੀ ਸੋਸ਼ਲ ਮੀਡੀਆ 'ਤੇ ਆਪਸ ਵਿੱਚ ਲੜਦੇ ਰਹਿੰਦੇ ਹਨ। ਆਪਣੀ ਗੱਲ ਪਹੁੰਚਾਉਣ ਲਈ ਸੋਸ਼ਲ ਮੀਡੀਆ ਲੋੜ ਜ਼ਰੂਰ ਬਣ ਗਿਆ ਹੈ।"

Image copyright Getty Images

ਆਮ ਆਦਮੀ ਪਾਰਟੀ

ਕੋਮਲ ਬੇਲਾ ਨੇ ਕਿਹਾ, "ਪੂਰੀ ਤਰ੍ਹਾਂ ਨਹੀਂ ਕਹਿ ਸਕਦੇ ਕਿਉਂਕਿ ਚੋਣ ਤਾਂ ਗਰਾਊਂਡ 'ਤੇ ਹੀ ਲੜੀ ਜਾ ਰਹੀ ਹੈ। ਇਹ ਜ਼ਰੂਰ ਹੈ ਕਿ ਗਰਾਊਂਡ 'ਤੇ ਕੀ ਕੁਝ ਹੋ ਰਿਹਾ ਹੈ ਇਹ ਤਸਵੀਰ ਜ਼ਿਆਦਾ ਲੋਕਾਂ ਤੱਕ ਪਹੁੰਚਾਉਣ ਲਈ ਸੋਸ਼ਲ ਮੀਡੀਆ ਦਾ ਇਸਤੇਮਾਲ ਹੁੰਦਾ ਹੈ। ਜੋ ਘਟਨਾਵਾਂ ਮੀਡੀਆ ਨਹੀਂ ਦਿਖਾਉਂਦਾ, ਉਹ ਦਿਖਾਉਣ ਲਈ ਸਾਨੂੰ ਸੋਸ਼ਲ ਮੀਡੀਆ ਦੀ ਲੋੜ ਹੈ।

ਪਿਛਲੇ ਕੁਝ ਸਮੇਂ ਤੋਂ ਜ਼ਿਆਦਾਤਰ ਮੀਡੀਆ ਚੈਨਲ ਅਤੇ ਕਈ ਅਖ਼ਬਾਰਾਂ ਵਿੱਚ ਆਮ ਆਦਮੀ ਪਾਰਟੀ ਨੂੰ ਦੂਜੀਆਂ ਪਾਰਟੀਆਂ ਦੇ ਮੁਕਾਬਲੇ ਬਹੁਤ ਘੱਟ ਸਪੇਸ ਮਿਲ ਰਹੀ ਹੈ। ਕਈ ਅਦਾਰੇ ਤਾਂ ਇਸ ਤਰ੍ਹਾਂ ਦਿਖਾ ਰਹੇ ਹਨ ਜਿਵੇਂ ਸੰਗਰੂਰ ਵਿੱਚ ਭਗਵੰਤ ਮਾਨ ਚੋਣ ਲੜ ਹੀ ਨਹੀਂ ਰਹੇ ਜਦੋਂਕਿ ਸੱਚਾਈ ਇਹ ਹੈ ਕਿ ਸੰਗਰੂਰ ਸਾਡੀ ਸਭ ਤੋਂ ਜ਼ਿਆਦਾ ਹੌਟ ਸੀਟ ਹੈ।"

ਭਾਜਪਾ

ਵਰੁਣ ਪੁਰੀ ਨੇ ਕਿਹਾ, "ਅਸੀਂ ਇਹ ਚੋਣ ਮੋਦੀ ਦੇ ਚਿਹਰੇ 'ਤੇ ਲੜ ਰਹੇ ਹਾਂ। ਅਸੀਂ ਮੋਦੀ ਜੀ ਦੇ ਕੰਮ ਲੋਕਾਂ ਅੱਗੇ ਰੱਖ ਰਹੇ ਹਾਂ, ਲੋਕਾਂ ਨੂੰ ਇਹ ਕੰਮ ਪਸੰਦ ਆ ਰਹੇ ਹਨ ਅਤੇ ਸਾਨੂੰ ਰਿਸਪਾਂਸ ਮਿਲ ਰਿਹਾ ਹੈ। ਹਾਲੇ ਸਿਰਫ਼ ਸ਼ੁਰੂਆਤ ਹੈ, ਨਰਿੰਦਰ ਮੋਦੀ ਘੱਟੋ-ਘਟ ਤੀਹ ਸਾਲ ਹੋਰ ਪ੍ਰਧਾਨ ਮੰਤਰੀ ਰਹਿਣਗੇ।"

ਸੋਸ਼ਲ ਮੀਡੀਆ ਮੁਹਿੰਮ ਦੇ ਖ਼ਤਰੇ ਕੀ ਹਨ?

ਸਾਰੀਆਂ ਪਾਰਟੀਆਂ ਦੇ ਨੁਮਾਇੰਦਿਆਂ ਨੇ ਫੇਕ ਨਿਊਜ਼, ਝੂਠੀਆਂ ਅਫ਼ਵਾਹਾਂ ਨੂੰ ਸਭ ਤੋਂ ਵੱਡਾ ਖ਼ਤਰਾ ਦੱਸਿਆ। ਜਿਹੜੇ ਵੀ ਨੁਮਾਇੰਦਿਆਂ ਨਾਲ ਗੱਲ ਕੀਤੀ ਉਹਨਾਂ ਕਿਹਾ ਕਿ ਅਸੀਂ, ਆਪਣੀ ਪਾਰਟੀ ਦੇ ਸਕਰਾਤਮਕ ਪੱਖ ਹੀ ਪ੍ਰਚਾਰਿਤ ਕਰਨ ਵਿੱਚ ਯਕੀਨ ਰਖਦੇ ਹਾਂ ਅਤੇ ਨਾਂ-ਪੱਖੀ ਪ੍ਰਚਾਰ ਨਹੀਂ ਕਰਦੇ।

Image copyright Wachiwit/GettyImages

ਪਰ ਸੋਸ਼ਲ ਮੀਡੀਆ 'ਤੇ ਚੋਣਾਂ ਦੌਰਾਨ ਫੈਲਦੀਆਂ ਅਫ਼ਵਾਹਾਂ ਅਤੇ ਫੇਕ ਨਿਊਜ਼ ਕੌਣ ਫੈਲਾਉਂਦਾ ਹੈ, ਇਸ ਬਾਰੇ ਇੱਕ ਦੂਜੀ ਪਾਰਟੀ ਨੂੰ ਜਿੰਮੇਵਾਰ ਠਹਿਰਾਇਆ।

ਕੁੱਲ ਮਿਲਾ ਕੇ ਸੋਸ਼ਲ ਮੀਡੀਆ ਇਹਨਾਂ ਚੋਣਾਂ ਵਿੱਚ ਵੱਡੀ ਭੂਮਿਕਾ ਨਿਭਾ ਰਿਹਾ ਹੈ ਅਤੇ ਵੋਟਰਾਂ ਨੂੰ ਸਮਝਦਾਰੀ ਨਾਲ ਫੇਕ ਨਿਊਜ਼ ਪਛਾਨਣੀ ਚਾਹੀਦੀ ਹੈ ਅਤੇ ਇਸ ਨੂੰ ਅੱਗੇ ਨਹੀਂ ਵਧਾਉਣਾ ਚਾਹੀਦਾ।

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)