ਲੋਕ ਸਭਾ ਚੋਣਾਂ 2019: ਅਕਾਲੀ ਦਲ ਦੇ ਰਾਹ ਦੇ ਰੋੜੇ ਬਣ ਸਕਦੇ ਨੇ ਇਹ 5 ਮੁੱਦੇ

ਲੋਕ ਸਭਾ ਚੋਣਾਂ Image copyright Kulbir Beera/Hindustan Times via Getty Images

ਸ਼੍ਰੋਮਣੀ ਅਕਾਲੀ ਦਲ ਦਾ ਗਠਨ 14 ਦਸੰਬਰ 1920 ਵਿੱਚ ਸਿੱਖ ਕੌਮ ਦੀ ਸਿਆਸੀ ਅਗਵਾਈ ਕਰਨ ਲਈ ਕੀਤਾ ਗਿਆ।

ਆਪਣੇ 99 ਸਾਲਾਂ ਦੇ ਇਤਿਹਾਸ ਦੇ ਮਗਰਲੇ ਅੱਧ ਵਿੱਚ ਅਕਾਲੀ ਦਲ ਇੱਕ ਪਰਿਵਾਰ ਦੀ ਪਾਰਟੀ ਬਣਨ ਦੇ ਰਾਹੇ ਪੈ ਗਿਆ ਅਤੇ ਹੁਣ ਇਹ ਪੂਰੀ ਤਰ੍ਹਾਂ ਸਿਰਫ਼ ਬਾਦਲ ਪਰਿਵਾਰ ਦੀ ਪਾਰਟੀ ਬਣ ਕੇ ਰਹਿ ਗਿਆ ਹੈ।

ਅਕਾਲੀ ਦਲ ਕਰੀਬ ਦੋ ਦਹਾਕੇ ਪੰਜਾਬ ਦੀ ਸੱਤਾ ਉੱਤੇ ਕਾਬਜ਼ ਰਿਹਾ ਪਰ ਹੁਣ ਆਪਣੀ ਹੋਂਦ ਬਚਾਉਣ ਲਈ ਜੂਝ ਰਿਹਾ ਹੈ।

ਸਾਲ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਇਸ ਪਾਰਟੀ ਨੂੰ ਮਹਿਜ 15 ਸੀਟਾਂ ਹਾਸਲ ਹੋਈਆਂ ਤੇ ਇਹ ਮੁੱਖ ਵਿਰੋਧੀ ਪਾਰਟੀ ਵੀ ਨਹੀਂ ਬਣ ਸਕਿਆ।

ਇਹ ਵੀ ਪੜ੍ਹੋ:

ਸਾਲ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਅਕਾਲੀ ਦਲ 3 ਸੀਟਾਂ 'ਤੇ ਸੁੰਗੜ ਗਿਆ।

ਅਕਾਲੀ ਦਲ ਦੀ ਹੋਂਦ ਦੀ ਲੜਾਈ

ਆਪਣੇ ਇਤਿਹਾਸ ਵਿੱਚ ਸਭ ਤੋਂ ਹੇਠਲੇ ਪੱਧਰ ਉੱਤੇ ਵਿਚਰ ਰਿਹਾ ਅਕਾਲੀ ਦਲ ਹੋਂਦ ਦੀ ਲੜਾਈ ਲੜ ਰਿਹਾ ਹੈ।

ਪਾਰਟੀ ਨੇ ਬਠਿੰਡਾ ਤੋਂ ਹਰਸਿਮਰਤ ਕੌਰ, ਫਿਰੋਜ਼ਪੁਰ ਤੋਂ ਸੁਖਬੀਰ ਬਾਦਲ, ਸੰਗਰੂਰ ਤੋਂ ਪਰਮਿੰਦਰ ਸਿੰਘ ਢੀਂਡਸਾ, ਖਡੂਰ ਸਾਹਿਬ ਤੋਂ ਬੀਬੀ ਜਗੀਰ ਕੌਰ ਤੇ ਜਲੰਧਰ ਤੋਂ ਚਰਨਜੀਤ ਸਿੰਘ ਅਟਵਾਲ ਵਰਗੇ ਵੱਡੇ ਆਗੂਆਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ।

ਅਕਾਲੀ ਦਲ ਦੇ ਸੂਤਰ ਦੱਸਦੇ ਨੇ ਕਿ ਸੁਖਬੀਰ ਬਾਦਲ ਪਾਰਟੀ ਨੂੰ ਪੈਰ੍ਹਾਂ ਸਿਰ ਕਰਨ ਦੀ ਰਣਨੀਤੀ ਅਜ਼ਮਾ ਕੇ ਹਰ ਤਰ੍ਹਾਂ ਦਾ ਜੋਖ਼ਮ ਲੈ ਰਹੇ ਹਨ। ਸੀਨੀਅਰ ਆਗੂਆਂ ਨੂੰ ਚੋਣ ਮੈਦਾਨ ਵਿੱਚ ਉਤਾਰਨਾ ਇਸੇ ਰਣਨੀਤੀ ਦਾ ਹਿੱਸਾ ਹੈ।

ਆਓ ਦੇਖੀਏ ਉਹ 5 ਨੁਕਤੇ, ਜੋ ਅਕਾਲੀ ਦਲ ਦੇ ਰਾਹ ਵਿੱਚ ਚੁਣੌਤੀ ਬਣ ਰਹੇ ਹਨ ।

ਬਾਦਲ ਪਰਿਵਾਰ ਖ਼ਿਲਾਫ਼ ਹਵਾ ਦਾ ਰੁਖ਼

ਪੰਜਾਬ ਵਿੱਚ ਲਗਾਤਾਰ 10 ਸਾਲ ਦੀ ਸੱਤਾ ਦੌਰਾਨ ਬਾਦਲ ਪਰਿਵਾਰ ਦੇ ਕਈ ਮੈਂਬਰਾਂ ਦਾ ਸਰਕਾਰ ਦੇ ਅਹਿਮ ਮੰਤਰਾਲਿਆਂ ਅਤੇ ਪਾਰਟੀ ਉੱਤੇ ਕਬਜ਼ਾ ਰਿਹਾ।

ਇਸ ਦੌਰਾਨ ਜੋ ਕੁਝ ਵੀ ਗਲਤ ਹੋਇਆ ਉਸ ਦਾ ਜ਼ਿੰਮਾ ਅਕਾਲੀ ਦਲ ਦੀ ਬਜਾਇ ਬਾਦਲ ਪਰਿਵਾਰ ਦੇ ਸਿਰ ਪਿਆ।

ਸੂਬੇ ਵਿੱਚ ਸ਼ਰਾਬ, ਰੇਤ-ਬਜਰੀ, ਟਰਾਂਸਪੋਰਟ ਅਤੇ ਕੇਬਲ ਕਾਰੋਬਾਰ ਮਾਫ਼ੀਆ ਵਾਂਗ ਚੱਲਣ ਦਾ ਪ੍ਰਭਾਵ ਪਿਆ।

ਇਸ ਦਾ ਪੂਰਾ ਕਲੰਕ ਬਾਦਲ ਪਰਿਵਾਰ ਦੇ ਮੱਥੇ ਲੱਗਿਆ ਅਤੇ ਸੂਬੇ ਵਿੱਚ ਸੱਤਾ ਵਿਰੋਧੀ ਲਹਿਰ ਅਕਾਲੀ ਦਲ ਤੋਂ ਵੱਧ ਬਾਦਲ ਪਰਿਵਾਰ ਖ਼ਿਲਾਫ਼ ਖੜ੍ਹੀ ਹੋ ਗਈ।

Image copyright Getty Images

ਬੇਅਦਬੀ ਤੇ ਨਸ਼ੇ ਦਾ ਕਾਰੋਬਾਰ

ਅਕਾਲੀ ਦਲ ਦੀਆਂ 10 ਸਾਲ ਚੱਲੀਆਂ ਸਰਕਾਰਾਂ ਨੇ ਪੰਜਾਬ ਵਿੱਚ ਪ੍ਰਬੰਧਕੀ ਸੁਧਾਰਾਂ ਤੇ ਢਾਂਚਾਗਤ ਸਹੂਲਤਾਂ ਲਈ ਕਾਫ਼ੀ ਕੰਮ ਕੀਤਾ ਪਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ, ਬਰਗਾੜੀ ਗੋਲੀਕਾਂਡ ਅਤੇ ਨਸ਼ਾ ਤਸਕਰਾਂ ਨੂੰ ਸਰਪ੍ਰਸਤੀ ਦੇਣ ਦੇ ਇਲਜ਼ਾਮਾਂ ਅੱਗੇ ਸਾਰੇ ਕੰਮ ਫਿੱਕੇ ਪੈ ਗਏ।

ਬੇਅਦਬੀ ਤੇ ਬਰਗਾੜੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਾ ਦੇਣਾ ਅਤੇ ਸੁਖਬੀਰ ਬਾਦਲ ਦੇ ਸਾਲੇ ਤੇ ਤਤਕਾਲੀ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਉੱਤੇ ਸਿਆਸੀ ਵਿਰੋਧੀਆਂ ਵਲੋਂ ਨਸ਼ਾ ਤਸਕਰਾਂ ਨੂੰ ਸਰਪ੍ਰਸਤੀ ਦੇਣ ਦੇ ਇਲਜ਼ਾਮ ਲਾਉਣਾ।

ਇਹ ਅਜਿਹੇ ਦੋ ਮੁੱਦੇ ਹਨ, ਜਿਹੜੇ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਵੀ ਅਕਾਲੀ ਦਲ ਦਾ ਖਹਿੜਾ ਨਹੀਂ ਛੱਡ ਰਹੇ।

Image copyright Getty Images

ਪੰਥਕ ਮਸਲਿਆਂ ਦਾ ਸਾਇਆ

ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਅਕਾਲ ਤਖ਼ਤ ਤੋਂ ਮਾਫ਼ੀ ਦੁਆਉਣਾ ਤੇ ਵਿਰੋਧ ਹੋਣ ਉੱਤੇ ਵਾਪਸ ਲੈ ਲੈਣਾ।

ਤਖ਼ਤਾਂ ਦੇ ਜਥੇਦਾਰਾਂ ਤੋਂ ਆਪਣੇ ਸਿਆਸੀ ਏਜੰਡੇ ਮੁਤਾਬਕ ਕੰਮ ਕਰਵਾਉਣੇ, ਸ਼੍ਰੋਮਣੀ ਗੁਰਦਆਰਾ ਪ੍ਰਬੰਧਕ ਕਮੇਟੀ ਤੇ ਅਕਾਲ ਤਖ਼ਤ ਦੇ ਸਿਆਸੀਕਰਨ ਦੇ ਇਲਜ਼ਾਮਾਂ ਦਾ ਅਕਾਲੀ ਦਲ ਨੂੰ ਮੁੱਲ ਤਾਰਨਾ ਪੈ ਰਿਹਾ ਹੈ।

ਪਿਛਲੇ ਦਿਨਾਂ ਦੌਰਾਨ ਅਕਾਲੀ ਦਲ ਦੀ ਲੀਡਰਸ਼ਿਪ ਆਪੇ ਅਕਾਲ ਤਖ਼ਤ ਉੱਤੇ ਪੇਸ਼ ਹੋ ਕੇ ਪੰਥ ਤੋਂ ਭੁੱਲਾਂ ਬਖ਼ਸ਼ਾ ਚੁੱਕੀ ਹੈ, ਪਰ ਇਸ ਨਾਲ ਇਹ ਮਸਲਾ ਖ਼ਤਮ ਨਹੀਂ ਹੋ ਸਕਿਆ।

ਬਾਦਲਾਂ ਦੀ ਲੀਡਰਸ਼ਿਪ ਨੂੰ ਚੁਣੌਤੀ

ਅਕਾਲੀ ਦਲ ਵਿੱਚ ਲੰਬੇ ਸਮੇਂ ਤੋਂ ਕੰਮ ਕਰਨ ਵਾਲੇ ਕਈ ਟਕਸਾਲੀ ਅਕਾਲੀਆਂ ਨੇ ਸੁਖ਼ਬੀਰ ਬਾਦਲ ਦੀ ਲੀਡਰਸ਼ਿਪ ਉੱਤੇ ਹੀ ਸਵਾਲ ਖੜ੍ਹੇ ਕਰ ਦਿੱਤੇ।

ਮਾਝੇ ਦੇ ਵੱਡੇ ਅਕਾਲੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ, ਡਾਕਟਰ ਰਤਨ ਸਿੰਘ ਅਜਨਾਲਾ ਅਤੇ ਸੇਵਾ ਸਿੰਘ ਸੇਖ਼ਵਾਂ ਸਣੇ ਹੋਰ ਕਈ ਆਗੂਆਂ ਨੇ ਅਕਾਲੀ ਦਲ ਤੋਂ ਵੱਖ ਹੋ ਕੇ ਅਕਾਲੀ ਦਲ ਟਕਸਾਲੀ ਬਣਾ ਲਿਆ।

ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਪਾਰਟੀ ਵਿੱਚ ਮਾਲਵੇ ਦੇ ਸਭ ਤੋਂ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਦਾ ਪਾਰਟੀ ਛੱਡ ਕੇ ਘਰ ਬੈਠਣਾ ਅਕਾਲੀ ਦਲ ਦੀ ਲੀਡਰਸ਼ਿਪ ਉੱਤੇ ਸਵਾਲ ਖੜ੍ਹੇ ਕਰਦਾ ਹੈ।

ਭਾਜਪਾ ਦਾ ਸਾਥ

2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੇ ਕਈ ਆਗੂਆਂ ਨੇ ਕਿਹਾ ਸੀ ਕਿ ਅਕਾਲੀ ਦਲ ਵਿਰੋਧੀ ਹਵਾ ਨੇ ਭਾਜਪਾ ਦਾ ਨੁਕਸਾਨ ਕੀਤਾ ਹੈ।

ਫਿਰ ਵੀ ਭਾਰਤੀ ਜਨਤਾ ਪਾਰਟੀ ਦੇ ਹਿੰਦੂਤਵੀ ਤੇ ਰਾਸ਼ਟਰਵਾਦੀ ਏਜੰਡੇ ਦਾ ਪੰਜਾਬ ਵਿੱਚ ਪੂਰੇ ਮੁਲਕ ਤੋਂ ਵੱਖਰੀ ਕਿਸਮ ਦਾ ਅਸਰ ਹੁੰਦਾ ਹੈ।

ਦੇਸ ਵਿੱਚ ਨਰਿੰਦਰ ਮੋਦੀ ਸਰਕਾਰ ਉੱਤੇ ਘੱਟ ਗਿਣਤੀਆਂ ਨੂੰ ਨਿਸ਼ਾਨਾਂ ਬਣਾਉਣ ਅਤੇ ਫਿਰਕਾਪ੍ਰਸਤੀ ਦੇ ਇਲਜ਼ਾਮ ਲੱਗਦੇ ਰਹੇ ਹਨ, ਇਹੀ ਕਾਰਨ ਹੈ ਕਿ ਦੇਸ ਵਿੱਚ ਮੋਦੀ ਲਹਿਰ ਦੇ ਬਾਵਜੂਦ ਪੰਜਾਬ ਵਿੱਚ ਭਾਜਪਾ ਦਾ ਵੋਟ ਸ਼ੇਅਰ ਹੇਠਾਂ ਆ ਰਿਹਾ ਹੈ।

ਨਰਿੰਦਰ ਮੋਦੀ ਤੇ ਭਾਜਪਾ ਦਾ ਪੰਜਾਬ ਵਿੱਚ ਜੋ ਪ੍ਰਭਾਵ ਬਣਦਾ ਹੈ, ਉਸ ਦਾ ਅਸਰ ਅਕਾਲੀ ਦਲ ਉੱਤੇ ਵੀ ਪੈਂਦਾ ਹੈ।

ਇਹ ਵੀ ਪੜ੍ਹੋ:

ਸੁਖਬੀਰ ਬਾਦਲ ਲੋਕ ਸਭਾ ਚੋਣਾਂ ਵਿੱਚ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਉਤਾਰ ਕੇ ਆਰ-ਪਾਰ ਦੀ ਲੜਾਈ ਲੜ ਰਹੇ ਹਨ।

ਇਸੇ ਲਈ ਬਾਦਲ ਪਰਿਵਾਰ ਨੇ ਦੋ ਸੀਟਾਂ ਉੱਤੇ ਲੜਨ ਅਤੇ ਸੀਨੀਅਰ ਆਗੂਆਂ ਨੂੰ ਚੋਣ ਮੈਦਾਨ ਵਿਚ ਉਤਾਰਨ ਦਾ ਜੋਖ਼ਮ ਲਿਆ ਹੈ।

ਦੇਖਣਾ ਹੋਵੇਗਾ ਕਿ ਲੋਕ ਸਭਾ ਚੋਣਾਂ ਰਾਹੀ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਮੁੜ ਸੱਤਾ ਹਾਸਲ ਕਰਨ ਦਾ ਰਾਹ ਲੱਭ ਸਕੇਗਾ ਜਾਂ ਨਹੀਂ।

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)