Election 2019 : ਇਹ 5 ਸੂਬੇ ਤੈਅ ਕਰਨਗੇ ਲੋਕ ਸਭਾ ਚੋਣਾਂ ਦੇ ਨਤੀਜੇ

ਫੋਟੋ ਕੈਪਸ਼ਨ ਇਨ੍ਹਾਂ ਪੰਜਾਂ ਵਿਚੋਂ ਤਿੰਨ ਸੂਬਿਆਂ ਨੇ ਦਿਵਾਈ ਸੀ ਮੋਦੀ ਵੱਡੀ ਜਿੱਤ

ਉੱਤਰ ਪ੍ਰਦੇਸ਼ - 80

ਮਹਾਰਾਸ਼ਟਰ - 48

ਪੱਛਮੀ ਬੰਗਾਲ - 42

ਬਿਹਾਰ - 40

ਤਮਿਲਨਾਡੂ - 39

ਲੋਕ ਸਭਾ ਸੀਟਾਂ ਦੀ ਗਿਣਤੀ ਦੇ ਲਿਹਾਜ਼ ਨਾਲ ਦੇਖੀਏ ਤਾਂ ਭਾਰਤ ਦੇ ਇਹ ਪੰਜ ਸੂਬੇ ਬੇਹੱਦ ਅਹਿਮ ਨਜ਼ਰ ਆਉਂਦੇ ਹਨ, ਇਸ ਲਈ ਜ਼ਾਹਿਰ ਹੈ ਕਿ ਦਿੱਲੀ 'ਚ ਸਰਕਾਰ ਬਣਾਉਣ 'ਚ ਇਨ੍ਹਾਂ ਸੂਬਿਆਂ ਦੀ ਮੱਤਵਪੂਰਨ ਭੂਮਿਕਾ ਹੋਵੇਗੀ।

ਪਿਛਲੀਆਂ ਲੋਕ ਸਭਾ ਚੋਣਾਂ ਨਤੀਜਿਆਂ 'ਤੇ ਨਜ਼ਰ ਮਾਰੀਏ ਤਾਂ ਉੱਤਰ ਪ੍ਰਦੇਸ਼ 'ਚ ਸੱਤਾ ਧਿਰ ਭਾਰਤੀ ਜਨਤਾ ਪਾਰਟੀ ਨੂੰ 71 ਸੀਟਾਂ, ਮਹਾਰਾਸ਼ਟਰ ਵਿੱਚ 23, ਪੱਛਮੀ ਬੰਗਾਲ 'ਚ 2, ਬਿਹਾਰ 'ਚ 22 ਅਤੇ ਤਮਿਲਨਾਡੂ 'ਚ 1 ਸੀਟ ਮਿਲੀ ਸੀ।

ਸਿਆਸੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਸਾਲ 2014 ਵਿੱਚ ਆਮ ਚੋਣਾਂ ਅਤੇ 2019 ਦੀਆਂ ਆਮ ਚੋਣਾਂ 'ਚ ਬਹੁਤ ਫਰਕ ਹੈ।

ਜਾਣਕਾਰਾਂ ਦਾ ਅੰਦਾਜ਼ਾ ਹੈ ਕਿ ਇਸ ਵਾਰ ਲੋਕ ਸਭਾ ਚੋਣਾਂ ਦੇ ਸਾਰੇ ਅੰਕੜੇ ਪਿਛਲੀ ਵਾਰ ਨਾਲੋਂ ਲਗਭਗ ਉਲਟ-ਪੁਲਟ ਨਜ਼ਰ ਆਉਣਗੇ ਅਤੇ ਇਸ ਦੇ ਕਈ ਕਾਰਨ ਹਨ।

ਇਹ ਵੀ ਪੜ੍ਹੋ-

ਜੇਕਰ ਕੁਝ ਨਹੀਂ ਬਦਲੇਗਾ ਤਾਂ ਉਹ ਕੇਂਦਰ 'ਚ ਸਰਕਾਰ ਬਣਾਉਣ 'ਚ ਇਨ੍ਹਾਂ ਪੰਜਾਂ ਸੂਬਿਆਂ ਦਾ ਯੋਗਦਾਨ।

ਹੁਣ ਇੱਕ-ਇੱਕ ਕਰਕੇ ਇਨ੍ਹਾਂ ਸਾਰੇ ਸੂਬਿਆਂ ਦੇ ਸਿਆਸੀ ਹਾਲਾਤ 'ਤੇ ਇੱਕ ਝਾਤ ਮਾਰਦੇ ਹਾਂ-

ਤਮਿਲਨਾਡੂ

ਦੱਖਣੀ ਭਾਰਤ 'ਚ ਤਮਿਲਨਾਡੂ 'ਚ ਲੋਕ ਸਭਾ ਦੀਆਂ 39 ਸੀਟਾਂ ਹਨ। ਹਾਲਾਂਕਿ ਇਸ ਵਾਰ ਚੋਣਾਂ ਸਿਰਫ਼ 38 ਸੀਟਾਂ 'ਤੇ ਹੋਈਆਂ ਹਨ ਕਿਉਂਕਿ ਵੈੱਲੋਰ ਸੀਟ 'ਤੇ ਚੋਣਾਂ ਰੱਦ ਕਰ ਦਿੱਤੀਆਂ ਗਈਆਂ ਸਨ।

Image copyright Getty Images
ਫੋਟੋ ਕੈਪਸ਼ਨ ਤਾਮਿਲਨਾਡੂ ਵਿੱਚ ਕਾਂਗਰਸ ਅਤੇ ਡੀਐਮਕੇ ਦਾ ਗਠਜੋੜ ਹੈ

ਇੱਥੇ ਭਾਜਪਾ ਅਤੇ ਕਾਂਗਰਸ ਨੇ ਵੱਖ-ਵੱਖ ਨਾਲ ਮਹਾਗਠਜੋੜ ਕੀਤੇ ਹਨ ਪਰ ਕਈ ਸੂਬੇ 'ਚ ਕਈ ਨਵੀਆਂ ਪਾਰਟੀਆਂ ਵੀ ਉਭਰੀਆਂ ਹਨ।

ਅੰਗਰੇਜ਼ੀ ਅਖ਼ਬਾਰ 'ਦਿ ਹਿੰਦੂ' ਦੇ ਪੱਤਰਕਾਰ ਅਤੇ ਤਮਿਲਨਾਡੂ ਦੀ ਸਿਆਸਤ 'ਤੇ ਨਜ਼ਰ ਰੱਖਣ ਵਾਲੇ ਡੀ. ਸੁਰੇਸ਼ ਕੁਮਾਰ ਦਾ ਕਹਿਣਾ ਹੈ ਕਿ ਤਮਿਲਨਾਡੂ 'ਚ ਭਾਜਪਾ ਅਤੇ ਕਾਂਗਰਸ ਵਰਗੇ ਕੌਮੀ ਦਲਾਂ ਦੀ ਭੂਮਿਕਾ ਬੇਹੱਦ ਸੀਮਤ ਹੈ।

ਸੁਰੇਸ਼ ਦਾ ਮੰਨਣਾ ਹੈ, "ਤਮਿਲਨਾਡੂ 'ਚ ਭਾਜਪਾ ਦੇ ਖ਼ਿਲਾਫ਼ ਵਿਰੋਧ ਦੀ ਲਹਿਰ ਤਾਂ ਹੈ ਹੀ, ਇਸ ਦੇ ਨਾਲ ਹੀ ਜੈਲਲਿਤਾ ਦੀ ਮੌਤ ਤੋਂ ਬਾਅਦ ਕੇ. ਪਲਾਨੀਸੁਆਮੀ ਸਰਕਾਰ ਦੇ ਖ਼ਿਲਾਫ਼ ਲਈ ਵੀ ਸੱਤਾ ਵਿਰੋਧੀ ਲਹਿਰ ਹੈ।"

ਉਹ ਕਹਿੰਦੇ ਹਨ, "ਮੌਜੂਦਾ ਹਾਲਾਤ ਨੂੰ ਦੇਖ ਕੇ ਲਗਦਾ ਹੈ ਕਿ ਤਮਿਲਨਾਡੂ 'ਚ ਇਸ ਵਾਰ ਕਾਂਗਰਸ-ਡੀਐਮਕੇ ਗਠਜੋੜ ਦੀ ਸਥਿਤੀ ਮਜ਼ਬੂਤ ਹੈ। ਸ਼ਾਇਦ ਉਹ 25-30 ਸੀਟਾਂ ਕੱਢ ਲੈਣ।"

ਇਸ ਤੋਂ ਇਲਾਵਾ ਸਾਲ 2017 ਵਿੱਚ ਆਏ ਓਕੀ ਤੂਫ਼ਾਨ ਕਾਰਨ ਹੋਈਆਂ ਕੇਂਦਰ ਸਰਕਾਰ ਅਤੇ ਭਾਰਤੀ ਕੋਸਟ ਗਾਰਡ ਵੱਲੋਂ ਲੋੜੀਂਦੀ ਮਦਦ ਨਾ ਮਿਲਣ ਕਾਰਨ ਤੇ ਮਛੇਰਿਆਂ ਦੀਆਂ ਮੌਤਾਂ ਤੋਂ ਬਾਅਦ ਵੀ ਕੰਨਿਆਕੁਮਾਰ ਦੇ ਲੋਕਾਂ ਵਿੱਚ ਰੋਸ ਹੈ।

Image copyright Getty Images
ਫੋਟੋ ਕੈਪਸ਼ਨ ਓਕੀ ਤੂਫਾਨ ਵਿੱਚ ਲੋੜੀਂਦੀ ਮਦਦ ਨਾ ਮਿਲਣ ਕਾਰਨ ਵੀ ਸਥਾਨਕ ਲੋਕਾਂ ਵਿੱਚ ਰੋਸ ਹੈ

ਇਸ ਤੋਂ ਇਲਾਵਾ ਭਾਜਪਾ ਦੀ ਨੋਟਬੰਦੀ ਅਤੇ ਜੀਐਸੀ ਵਰਗੀਆਂ ਆਰਥਿਕ ਨੀਤੀਆਂ ਕੋਇੰਬਟੂਰ 'ਚ ਉਨ੍ਹਾਂ ਦੇ ਖ਼ਿਲਾਫ਼ ਜਾ ਸਕਦੀਆਂ ਹਨ।

ਇਸ ਦੇ ਨਾਲ ਹੀ ਫਿਲਮੀ ਅਦਾਕਾਰ ਕਮਲ ਹਸਨ ਦੀ ਨਵੀਂ ਬਣੀ ਪਾਰਟੀ ਕਾਰਨ ਨੌਜਵਾਨਾਂ ਅਤੇ ਔਰਤ ਵਰਗ ਦਾ ਰੁਝਾਨ ਕਮਲ ਹਸਨ ਦੀ ਪਾਰਟੀ ਵੱਲ ਜਾ ਰਿਹਾ ਹੈ।

ਡੀ. ਸੁਰੇਸ਼ ਕਹਿੰਦੇ ਹਨ ਕਿ ਨੀਟ ਦੀ ਪ੍ਰੀਖਿਆ ਨੂੰ ਲਾਗੂ ਕਰਨਾ ਵੀ ਤਮਿਲਨਾਡੂ ਦੇ ਲੋਕਾਂ 'ਚ ਭਾਜਪਾ ਖ਼ਿਲਾਫ਼ ਜਾਣ ਦਾ ਕਰਨਾ ਬਣਦਾ ਹੈ।

ਪੱਛਮੀ ਬੰਗਾਲ

ਸਖ਼ਤ ਸੁਰੱਖਿਆ ਦੇ ਬਾਵਜੂਦ ਚੋਣਾਂ ਦੇ ਵੱਖ-ਵੱਖ ਗੇੜਾਂ ਤਹਿਤ ਪੱਛਮੀ ਬੰਗਾਲ 'ਚ ਹਿੰਸਾ ਕਾਇਮ ਹੈ।

ਅੰਗਰੇਜ਼ੀ ਅਖ਼ਬਾਰ 'ਦਿ ਟੈਲੀਗਰਾਫ' ਦੇ ਸੀਨੀਅਰ ਪੱਤਰਕਾਰ ਤਪਸ ਚੱਕਰਵਤੀ ਮੁਤਾਬਕ ਇਸ ਵਾਰ ਬੰਗਾਲ ਦੀ ਜੰਗ 'ਮੋਦੀ ਬਨਾਮ ਮਮਤਾ' ਹੈ।

Image copyright PTI
ਫੋਟੋ ਕੈਪਸ਼ਨ ਤਪਸ ਚਕਰਵਤੀ ਮੁਤਾਬਕ ਇਸ ਵਾਰ ਬੰਗਾਲ ਦੀ ਜੰਗ 'ਮੋਦੀ ਬਨਾਮ ਮਮਤਾ' ਹੈ

ਉਨ੍ਹਾਂ ਦਾ ਕਹਿਣਾ ਹੈ, "ਪੱਛਮੀ ਬੰਗਾਲ ਦੀ ਸਿਆਸਤ 'ਚ ਕੱਟੜਪੰਥੀ ਵਿਚਾਰਧਾਰਾ ਜਾਂ ਭਾਜਪਾ ਦਾ ਅਸਰ ਇਸ ਵੇਲੇ ਦਿਖਣਾ ਸ਼ੁਰੂ ਹੋਇਆ ਜਦੋਂ ਮਮਤਾ ਬੈਨਰਜੀ 'ਤੇ ਘਟ ਗਿਣਤੀ ਖ਼ਾਸਕਰ ਮੁਸਲਮਾਨਾਂ ਨੂੰ ਪ੍ਰਸੰਨ ਕਰਨ ਦੇ ਇਲਜ਼ਾਮ ਲੱਗੇ, ਜਿਸ ਨਾਲ ਬੰਗਾਲ ਦਾ ਵੱਧ ਗਿਣਤੀ ਵਾਲਾ ਤਬਕਾ ਮਮਤਾ ਤੋਂ ਦੂਰ ਹੋਣ ਲੱਗਾ।"

ਇਸ ਦਾ ਫਾਇਦਾ ਭਾਜਪਾ ਨੇ ਚੁੱਕਣਾ ਸ਼ੁਰੂ ਕੀਤਾ ਤੇ ਇੰਨਾ ਹੀ ਨਹੀਂ ਉਨ੍ਹਾਂ ਨੇ ਬੰਗਲਾਦੇਸ ਦੀ ਸੀਮਾ ਨਾਲ ਲਗਦਿਆਂ ਜ਼ਿਲ੍ਹਿਆਂ 'ਚ ਬੰਗਲਾਦੇਸ ਤੋਂ ਆਏ ਹਿੰਦੂਆਂ ਦੀ ਹਮਾਇਤ ਕਰਨੀ ਸ਼ੁਰੂ ਕਰ ਦਿੱਤੀ।

ਤਪਸ ਮੁਤਾਬਕ ਪੱਛਮੀ ਬੰਗਾਲ ਦੀ ਸਿਆਸਤ 'ਤੇ ਨਜ਼ਰ ਰੱਖਣ ਵਾਲੇ ਵਿਸ਼ਲੇਸ਼ਕਾਂ ਦਾ ਅੰਦਾਜ਼ਾ ਅਤੇ ਹੁਣ ਤੱਕ ਦੇ ਰੁਝਾਨ ਨੂੰ ਦੇਖੀਏ ਤਾਂ ਇਸ ਵਾਰ ਭਾਜਪਾ 8-10 ਸੀਟਾਂ ਜਿੱਤਣ 'ਚ ਸਫ਼ਲ ਹੋ ਸਕਦੀ ਹੈ ਜਾਂ ਇਸ ਤੋਂ ਘਟ ਤਾਂ ਤੈਅ ਹਨ।

ਜੇਕਰ ਲੋਕਾਂ ਦੇ ਮੁੱਦਿਆਂ ਦੀ ਗੱਲ ਕੀਤੀ ਜਾਵੇ ਤਾਂ ਤਪਸ ਕਹਿੰਦੇ ਹਨ ਕਿ ਸਥਾਨਕ ਸਿਖਿਅਤ ਲੋਕਾਂ ਨੂੰ ਮਨਭਾਉਂਦਾ ਰੁਜ਼ਗਾਰ ਨਹੀਂ ਮਿਲ ਰਿਹਾ ਅਤੇ ਉਨ੍ਹਾਂ ਦਾ ਬੰਗਲੌਰ, ਚੈਨੱਈ ਅਤੇ ਮੁੰਬਈ ਵਰਗੇ ਸ਼ਹਿਰਾਂ 'ਚ ਹਿਜ਼ਰਤ ਕਰਨਾ ਵੱਡਾ ਮੁੱਦਾ ਹੈ।

ਇਹ ਵੀ ਪੜ੍ਹੋ:

Image copyright Getty Images
ਫੋਟੋ ਕੈਪਸ਼ਨ ਰੁਜ਼ਗਾਰ ਲਈ ਦੂਜੇ ਸ਼ਹਿਰਾਂ ਦਾ ਰੁਖ ਕਰਦੇ ਨੌਜਵਾਨ

ਜਾਣਕਾਰਾਂ ਦਾ ਕਹਿਣਾ ਹੈ ਭਾਜਪਾ ਆਪਣਾ ਪੱਖ ਮਜ਼ਬੂਤ ਤਾਂ ਕਰ ਰਹੀ ਹੈ ਪਰ ਉਸ ਦੀ ਪਹੁੰਚ ਹਿੰਦੀ ਭਾਸ਼ਾਈ ਲੋਕਾਂ ਤੱਕ ਹੀ ਸੀਮਤ ਹੈ।

ਮਹਾਰਾਸ਼ਟਰ

ਆਖ਼ਰੀ ਵੇਲੇ ਤੱਕ 'ਤੂੰ-ਤੂੰ, ਮੈਂ-ਮੈਂ' ਤੋਂ ਆਖ਼ਿਰਕਾਰ ਦੋਵਾਂ ਸ਼ਿਵਸੈਨਾ ਅਤੇ ਭਾਜਪਾ ਦਾ ਗਠਜੋੜ ਹੋ ਗਿਆ।

ਇਥੋਂ ਦੀ ਸਿਆਸਤ ਬਾਰੇ ਗੱਲ ਕਰਦਿਆਂ ਮਰਾਠੀ ਦੇ ਅਖ਼ਬਾਰ 'ਲੋਕਸੱਤਾ' ਦੇ ਸੰਪਾਦਕ ਗਿਰੀਸ਼ ਕੁਬੇਰ ਦਾ ਮੰਨਣਾ ਹੈ ਕਿ 2019 ਦੀਆਂ ਚੋਣਾਂ 'ਚ ਅਸਲ ਮਾਅਨਿਆਂ 'ਚ ਸਭ ਤੋਂ ਬੁਰੀ ਹਾਰ ਸ਼ਿਵਸੈਨਾ ਦੀ ਹੋਵੇਗੀ।

ਕੁਬੇਰ ਇਸ ਵਾਰ ਮਹਾਰਾਸ਼ਟਰ 'ਚ ਰਾਜ ਠਾਕਰੇ ਨੂ 'ਐਕਸ-ਫੈਕਟਰ' ਮੰਨਦੇ ਹਨ।

Image copyright Getty Images

ਉਨ੍ਹਾਂ ਨੇ ਦੱਸਿਆ, "ਹਰੇਕ ਚੋਣਾਂ 'ਚ ਕੋਈ ਨਾ ਕੋਈ ਪਾਰਟੀ ਅਜਿਹੀ ਹੁੰਦੀ ਹੈ ਜਿਸ ਬਾਰੇ ਇਹ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੁੰਦਾ ਹੈ ਕਿ ਉਹ ਅੱਗੇ ਕੀ ਕਰੇਗੀ। ਮਹਾਰਾਸ਼ਟਰ 'ਚ ਅਜਿਹਾ ਐਮਐਨਐਸ ਮੁਖੀ ਰਾਜ ਠਾਕਰੇ ਨੇ ਕੀਤਾ ਹੈ। ਉਨ੍ਹਾਂ ਨੇ 11-12 ਰੈਲੀਆਂ ਕੀਤੀਆਂ ਅਤੇ ਹਰੇਕ ਰੈਲੀ 'ਚ ਮੋਦੀ ਸਰਕਾਰ ਦੇ ਦਾਅਵਿਆਂ ਨੂੰ ਝੂਠਾ ਸਾਬਿਤ ਕਰਨ ਵਾਲੇ ਵੀਡੀਓ ਦਿਖਾਉਂਦੇ ਰਹੇ।"

ਇਸ ਤੋਂ ਇਲਾਵਾ ਗਿਰੀਸ਼ ਕੁਬੇਰ ਦਾ ਕਹਿਣਾ ਹੈ, "ਮਹਾਰਾਸ਼ਟਰ ਇੱਕ ਅਜਿਹਾ ਸੂਬਾ ਹੈ ਜਿੱਥੇ ਸ਼ਹਿਰੀਕਰਨ ਦਾ ਬਥੇਰਾ ਹੋਇਆ ਹੈ ਪਰ ਪੇਂਡੂ ਇਲਾਕਿਆਂ ਵੀ ਉਨੇਂ ਹੀ ਹਨ। ਸ਼ਹਿਰਾਂ ਨਾਲ ਲੱਗੇ ਪਿੰਡਾਂ ਵੀ ਹਨ ਅਜਿਹੇ ਵਿੱਚ ਪਿੰਡਾਂ ਦੀ ਅਣਦੇਖੀ ਕਾਰਨ ਚੋਣਾਂ ਜਿੱਤਣਾ ਮੁਸ਼ਕਿਲ ਹੈ।"

ਉੱਤਰ ਪ੍ਰਦੇਸ਼

ਦਿੱਲੀ ਦਾ ਰਸਤਾ ਉੱਤਰ ਪ੍ਰਦੇਸ਼ ਤੋਂ ਹੋ ਕੇ ਜਾਂਦਾ ਹੈ, ਇਹ ਗੱਲ ਪੁਰਾਣੀ ਬੇਸ਼ੱਕ ਲੱਗੇ ਪਰ ਰਹੇਗੀ ਹਮੇਸ਼ਾ ਸੱਚ।

Image copyright Getty Images

ਆਯੁਧਿਆ 'ਚ ਰਾਮ ਮੰਦਿਰ ਦੇ ਮੁੱਦੇ ਤੋਂ ਲੈ ਕੇ ਕੁੰਭ ਅਤੇ ਫਿਰ ਅਮੇਠੀ ਰਾਏਬਰੇਲੀ ਤੋਂ ਲੈ ਕੇ ਲਖਨਊ, ਇਹ ਸਾਰੀਆਂ ਹਾਈ ਪ੍ਰੋਫਾਇਲ ਸੀਟਾਂ ਲਗਾਤਾਰ ਚਰਚਾ ਦਾ ਵਿਸ਼ਾ ਰਹਿੰਦੀਆਂ ਹਨ।

ਸੀਨੀਅਰ ਪੱਤਰਕਾਰ ਅਤੇ ਉੱਤਰ ਪ੍ਰਦੇਸ਼ ਦੀ ਸਿਆਸਤ 'ਤੇ ਬਾਰੀਕੀ ਨਾਲ ਨਜ਼ਰ ਨਾਲ ਰੱਖਣ ਵਾਲੇ ਮਹਿੰਦਰ ਪ੍ਰਤਾਪ ਦਾ ਮੰਨਣਾ ਹੈ ਕਿ ਸੱਤਾਧਾਰੀ ਭਾਜਪਾ ਨੂੰ ਸਪਾ-ਬਸਪਾ-ਆਰਐਲਡੀ ਕੋਲੋਂ ਸਖ਼ਤ ਚੁਣੌਤੀ ਮਿਲ ਸਕਦੀ ਹੈ।

ਉਨ੍ਹਾਂ ਨੇ ਦੱਸਿਆ, "ਹੁਣ ਤੱਕ ਦਾ ਹਾਲ ਦੇਖ ਕੇ ਮੈਨੂੰ ਲਗਦਾ ਹੈ ਯੂਪੀ ਵਿੱਚ ਭਾਜਪਾ ਦੀਆਂ ਸੀਟਾਂ ਕਰੀਬ ਅੱਧੀਆਂ ਹੋ ਜਾਣਗੀਆਂ। ਪੂਰਬੀ ਉੱਤਰ ਪ੍ਰਦੇਸ਼ ਦੀ ਸਿਆਸਤ ਬਹੁਤ ਹੱਦ ਤੱਕ ਜਾਤੀ ਆਧਾਰਿਤ ਹੈ ਅਤੇ ਇੱਥੇ ਗਠਜੋੜ ਕਾਫੀ ਮਜ਼ਬੂਤ ਹੋ ਕੇ ਉਭਰਿਆ ਹੈ।"

ਮਹਿੰਦਰ ਪ੍ਰਤਾਪ ਮੁਤਾਬਕ ਇੱਕ ਹੋਰ ਗੱਲ ਜੋ ਇਸ ਲੋਕ ਸਭਾ ਚੋਣਾਂ ਨੂੰ ਪਿਛਲੀਆਂ ਲੋਕ ਸਭਾ ਚੋਣਾਂ ਵੱਖ ਬਣਾਉਂਦੀ ਹੈ ਉਹ ਹੈ ਇਸ ਵਾਰ ਪਾਰਟੀਆਂ ਮੁਸਲਮਾਨਾਂ ਵੋਟਰਾਂ ਨੂੰ ਰੁਝਾਉਣ ਲਈ ਪਹਿਲਾਂ ਵਰਗੀ ਹੋੜ ਦਾ ਨਾ ਦਿਖਣਾ, ਜਦ ਕਿ ਉੱਤਰ ਪ੍ਰਦੇਸ਼ 'ਚ 19 ਫੀਸਦ ਵੋਟਰ ਮੁਸਲਮਾਨ ਹਨ।"

ਬਿਹਾਰ

ਬਿਹਾਰ ਦੀ ਸਮਾਜਿਕ ਅਤੇ ਰਾਜਨੀਤਕ ਸਥਿਤੀ ਦੇ ਨਜ਼ਰ ਰੱਖਣ ਵਾਲੇ ਪ੍ਰੋਫੈਸਰ ਡੀਐਮ ਦਿਵਾਕਰ ਨੇ ਦੱਸਿਆ ਕਿ ਭਾਜਪਾ ਲਈ ਹਰ ਚੀਜ਼ ਪਿਛਲੀ ਵਾਰ ਵਾਂਗ ਸੌਖੀ ਤਾਂ ਨਹੀਂ ਹੈ ।

Image copyright Getty Images

ਦਿਵਾਕਰ ਮੰਨਦੇ ਹਨ, "ਬਿਹਾਰ 'ਚ ਸੱਤਾ ਵਿਰੋਧੀ ਲਹਿਰ ਦਾ ਪ੍ਰਭਾਵ ਹੈ। ਇਸ ਦਾ ਸਬੂਤ ਹੈ ਕਿ ਭਾਜਪਾ ਨੇਤਾਵਾਂ ਦਾ ਆਪਣੀਆਂ ਰੈਲੀਆਂ ਅਤੇ ਚੋਣ ਭਾਸ਼ਣਾਂ 'ਚ 'ਨੋਟਬੰਦੀ' ਅਤੇ 'ਜੀਐਸਟੀ' ਵਰਗੀਆਂ ਯੋਜਨਾਵਾਂ ਦਾ ਜ਼ਿਕਰ ਨਾ ਕਰਕੇ 'ਰਾਸ਼ਟਰਵਾਦ' ਅਤੇ 'ਪਾਕਿਸਤਾਨ 'ਚ ਏਅਰਸਟ੍ਰਾਇਕ' ਦੇ ਨਾਮ 'ਤੇ ਵੋਟ ਮੰਗਣਾ।

ਜੇਕਰ ਗੱਲ ਲਾਲੂ ਯਾਦਵ ਦੀ ਗ਼ੈਰ ਮੌਜੂਦਗੀ ਦੀ ਕਰੀਏ ਤਾਂ ਦਿਵਾਕਰ ਮੰਨਦੇ ਹਨ ਕਿ ਇਸ ਦਾ ਨੁਕਸਾਨ ਆਰਜੇਡੀ ਨੂੰ ਹੋਵੇਗਾ ਪਰ ਇਸ ਦਾ ਦੂਜੇ ਪੱਖ ਇਹ ਹੈ ਕਿ ਲੋਕਾਂ ਦੇ 'ਹਮਦਰਦੀ ਵੋਟ' ਵੀ ਪਾਰਟੀ ਨੂੰ ਮਿਲ ਸਕਦੇ ਹਨ।

ਦਿਵਾਕਰ ਕਹਿੰਦੇ ਹਨ, "ਤੇਜਸਵੀ ਨੇ ਜਿਸ ਤਰ੍ਹਾਂ ਬਿਹਾਰ ਦੀ ਸਿਆਸਤ 'ਚ ਆਪਣੀ ਥਾਂ ਬਣਾਈ ਹੈ ਉਹ ਸ਼ਾਇਦ ਇਸ ਲਈ ਸੰਭਵ ਸਕਿਆ ਹੈ ਕਿਉਂਕਿ ਪਿਤਾ ਉਨ੍ਹਾਂ ਦੇ ਨਾਲ ਨਹੀਂ ਹਨ। ਜੇਕਰ ਲਾਲੂ ਹੁੰਦੇ ਤਾਂ ਤੇਜਸਵੀ ਇੰਨੀ ਛੇਤੀ ਇਹ ਰੁਤਬਾ ਹਾਸਿਲ ਨਹੀਂ ਕਰ ਸਕਦੇ ਹਨ ਅਤੇ ਨਾ ਹੀ ਲੋਕ ਇੰਨੀ ਛੇਤੀ ਉਨ੍ਹਾਂ ਪੱਖ 'ਚ ਆਉਂਦੇ।"

Image copyright Getty Images
ਫੋਟੋ ਕੈਪਸ਼ਨ ਬਿਹਾਰ ਵਿੱਚ ਖੇਤੀ ਸੰਕਟ ਗੰਭੀਰ ਮੁੱਦਾ ਹੈ

ਸਥਾਨਕ ਮੁੱਦਿਆਂ ਬਾਰੇ ਗੱਲ ਕਰਦਿਆਂ ਦਿਵਾਕਰ ਨੇ ਕਿਹਾ ਕਿ ਬਾਕੀ ਥਾਵਾਂ ਵਾਂਗ ਬੇਰੁਜ਼ਗਾਰੀ ਤਾਂ ਇੱਕ ਯੂਨੀਵਰਸਲ ਮੁੱਦਾ ਬਣ ਗਿਆ ਹੈ ਅਤੇ ਇਸ ਤੋਂ ਇਲਾਵਾ ਬਿਹਾਰ 'ਚ ਦੋ-ਤਿੰਨ ਮੁੱਦੇ ਹੋਰ ਹਨ।

ਦਿਵਾਕਰ ਕਹਿੰਦੇ ਹਨ, "ਬਿਹਾਰ ਭਿਆਨਕ ਖੇਤੀ ਸੰਕਟ ਨਾਲ ਜੂਝ ਰਿਹਾ ਹੈ। ਇਸ ਤੋਂ ਇਲਾਵਾ ਖੇਤੀ ਅਤੇ ਪਸ਼ੂ-ਪਾਲਣ ਨਾਲ ਜੁੜੀਆਂ ਦੂਜੀਆਂ ਸਮੱਸਿਆਵਾਂ ਵੀ ਹਨ। ਮਿਸਾਲ ਵਜੋਂ ਬਿਹਾਰ 'ਚ ਮੱਛੀਆਂ ਆਂਧਰਾ ਪ੍ਰਦੇਸ਼ ਤੋਂ ਦਰਾਮਦ ਕੀਤੀਆਂ ਜਾਂਦੀਆਂ ਹਨ ਜਦਕਿ ਸਾਡੇ ਇੱਥੇ ਪਾਣੀ ਅਤੇ ਤਲਾਬ ਨਾਲ ਭਰਪੂਰ ਖੇਤਰਾਂ ਦੀ ਕੋਈ ਘਾਟ ਨਹੀਂ। "

ਇਹ ਵੀ ਪੜ੍ਹੋ-

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)