ਵਿਵੇਕ ਓਬਰਾਏ ਨੇ ਐਸ਼ਵਰਿਆ ਬਾਰੇ ਕੀਤੇ ਟਵੀਟ ’ਤੇ ਮਾਫ਼ੀ ਮੰਗੀ

ਵਿਵੇਕ Image copyright Getty Images

ਫ਼ਿਲਮ ਅਦਾਕਾਰ ਵਿਵੇਕ ਓਬਰਾਏ ਨੇ ਐਸ਼ਵਰਿਆ ਰਾਏ ਦਾ ਮਜ਼ਾਕ ਉਡਾਉਣ ਵਾਲੇ ਟਵੀਟ ਲਈ ਮਾਫ਼ੀ ਮੰਗ ਲਈ ਹੈ। ਆਪਣੇ ਟਵੀਟ ਵਿਚ ਉਸ ਨੇ ਲਿਖਿਆ, ਕਈ ਵਾਰ ਕੁ਼ਝ ਮਜਾਕੀਆ ਤੇ ਗੈਰ-ਨੁਕਸਾਨਦਾਇਕ ਦਿਖਣ ਵਾਲੀਆਂ ਚੀਜ਼ਾਂ, ਦੂਜਿਆਂ ਲਈ ਸਧਾਰਨ ਨਹੀਂ ਹੁੰਦੀਆਂ।

ਮੈਂ ਪਿਛਲੇ 10 ਸਾਲਾਂ ਦੌਰਾਨ ਕਰੀਬ ਦੋ ਹਜ਼ਾਰ ਗਰੀਬ ਕੁੜੀਆਂ ਦੇ ਸਸ਼ਕਤੀਕਰਨ ਲਈ ਕੰਮ ਕੀਤਾ ਹੈ। ਮੈਂ ਕਿਸੇ ਵੀ ਔਰਤ ਦਾ ਅਪਮਾਨ ਕਰਨ ਦੀ ਸੋਚ ਵੀ ਨਹੀਂ ਸਕਦਾ।

ਜੇਕਰ ਮੇਰੇ ਟਵੀਟ ਨਾਲ ਕਿਸੇ ਇੱਕ ਔਰਤ ਦਾ ਵੀ ਮਨ ਦੁਖਿਆ ਹੈ ਤਾਂ ਮੈਂ ਇਸ ਦੇ ਸੁਧਾਰ ਲਈ ਟਵੀਟ ਡੀਲੀਟ ਕਰਕੇ ਮਾਫ਼ੀ ਮੰਗਦਾ ਹਾਂ।

ਕੀ ਹੈ ਮਾਮਲਾ

ਸੋਮਵਾਰ ਨੂੰ ਵਿਵੇਕ ਓਬਰਾਏ ਨੇ ਐਗਜ਼ਿਟ ਪੋਲ ਨੂੰ ਲੈ ਕੇ ਇੱਕ ਟਿੱਪਣੀ ਦੇ ਨਾਲ ਮੀਮ ਸ਼ੇਅਰ ਕੀਤਾ ਜਿਸ ਤੋਂ ਬਾਅਦ ਮਾਈਕਰੋ ਬਲੌਗਿੰਗ ਪਲੇਟਫਾਰਮ ਟਵਿੱਟਰ 'ਤੇ ਉਨ੍ਹਾਂ ਦੀ ਆਲੋਚਨਾ ਹੋਣ ਲੱਗੀ।

ਉਨ੍ਹਾਂ ਨੇ ਜਿਸ ਤਸਵੀਰ ਨੂੰ ਸਾਂਝਾ ਕੀਤਾ ਸੀ ਉਸ ਵਿੱਚ ਅਦਾਕਾਰਾ ਐਸ਼ਵਰਿਆ ਰਾਏ ਨੂੰ ਸਲਮਾਨ ਖ਼ਾਨ ਦੇ ਨਾਲ, ਵਿਵੇਕ ਓਬਰਾਏ ਦੇ ਨਾਲ ਅਤੇ ਆਖਿਰ ਵਿੱਚ ਪਤੀ ਅਭਿਸ਼ੇਕ ਬੱਚਨ, ਧੀ ਆਰਾਧਿਆ ਬੱਚਨ ਦੇ ਨਾਲ ਦਿਖਾਇਆ ਗਿਆ ਹੈ।

ਤਸਵੀਰ 'ਤੇ ਲਿਖਿਆ ਹੈ - 'ਓਪੀਨੀਅਨ ਪੋਲ, ਐਗਜ਼ਿਟ ਪੋਲ, ਐਗਜ਼ਿਟ ਪੋਲ ਦੇ ਨਤੀਜੇ।'

ਇਸ ਤਸਵੀਰ ਜ਼ਰੀਏ ਉਨ੍ਹਾਂ ਨੇ ਐਗਜ਼ਿਟ ਪੋਲ ਦੇ ਰੁਝਾਨਾਂ 'ਤੇ ਤੰਜ ਕੱਸਿਆ ਹੈ।

ਇਹ ਵੀ ਪੜ੍ਹੋ:

ਵਿਵੇਰ ਓਬਰਾਏ ਦੀ ਸਫ਼ਾਈ

ਇਸ ਬਾਰੇ ਵਿਵੇਕ ਓਬਰਾਓ ਨੇ ਕਿਹਾ ਸੀ, ''ਕਿਸੇ ਨੇ ਇੱਕ ਮੀਮ ਬਣਾਇਆ ਤੇ ਮੈਂ ਉਸ ਨੂੰ ਸਾਂਝਾ ਕੀਤਾ। ਮੀਮ ਵਿੱਚ ਮੇਰਾ ਮਜ਼ਾਕ ਉਡਾਇਆ ਗਿਆ, ਅਤੇ ਮੈਂ ਉਸ ’ਤੇ ਹੱਸਿਆ। ਪਤਾ ਨਹੀਂ ਲੋਕ ਇਸਦਾ ਵਿਵਾਦ ਕਿਉਂ ਬਣਾ ਰਹੇ ਹਨ।''

''ਜੋ ਲੋਕ ਮੀਮ ਵਿੱਚ ਹਨ ਉਨ੍ਹਾਂ ਨੂੰ ਕੋਈ ਦਿੱਕਤ ਨਹੀਂ ਹੈ, ਪਰ ਦੁਨੀਆਂ ਭਰ ਦੇ ਨੇਤਾ ਬੋਲ ਰਹੇ ਹਨ। ਮੈਂ ਉਸ ਵਿੱਚ ਕੋਈ ਅਪਸ਼ਬਦ ਜਾਂ ਕੋਈ ਅਸ਼ਲੀਲ ਤਸਵੀਰ ਨਹੀਂ ਲਗਾਈ ਹੈ।''

''ਮੈਂ ਮਹਿਲਾ ਕਮਿਸ਼ਨ ਨੂੰ ਮਿਲਣਾ ਚਾਹਵਾਂਗਾ ਤੇ ਇਹ ਵੀ ਪੁੱਛਾਂਗਾ ਕਿ ਜੋ ਮੇਰੇ ਪ੍ਰਜੈਕਟ ਚਲਦੇ ਨੇ ਬੱਚਿਆਂ ਲਈ, ਉਹ ਉਸ ਬਾਰੇ ਕੀ ਸੋਚਦੇ ਹਨ। ਮੇਰੀ ਗਲਤੀ ਦੱਸੋ, ਮੈਂ ਮੁਆਫੀ ਮੰਗਣ ਲਈ ਤਿਆਰ ਹਾਂ।''

ਸੋਸ਼ਲ ਮੀਡੀਆ ਨੇ ਕੀਤੀ ਨਿੰਦਾ

ਇਸ ਟਵੀਟ ਦੇ ਸਾਹਮਣੇ ਆਉਂਦੇ ਹੀ ਇਸ 'ਤੇ ਲੋਕਾਂ ਦੀਆਂ ਪ੍ਰਤੀਕਿਰਿਆਵਾਂ ਸਾਹਮਣੇ ਆਉਣ ਲੱਗੀਆਂ। ਅਦਾਕਾਰਾ ਸੋਨਮ ਕਪੂਰ, ਖਿਡਾਰੀ ਜਵਾਲਾ ਗੁੱਟਾ ਅਤੇ ਕਈ ਪੱਤਕਾਰਾਂ ਨੇ ਇਸ ਟਵੀਟ ਨੂੰ 'ਸ਼ਰਮਨਾਕ' ਦੱਸਿਆ ਹੈ।

ਅਦਾਕਾਰਾ ਸੋਨਮ ਕਪੂਰ ਨੇ ਲਿਖਿਆ, “ਬੇਹੱਦ ਖ਼ਰਾਬ ਅਤੇ ਕਲਾਸਲੈੱਸ।”

ਪੱਤਰਕਾਰ ਪੱਲਵੀ ਘੋਸ਼ ਲਿਖਦੇ ਹਨ, "ਸ਼ਰਮਨਾਕ...ਇਹ ਦਿਖਾਉਂਦਾ ਹੈ ਕਿ ਇਨ੍ਹਾਂ ਦੀ ਕੋਈ ਕਲਾਸ ਨਹੀਂ ਹੈ..."

ਸਬਿਤਾ ਸਿੰਘ ਨਾਂ ਦੇ ਇੱਕ ਯੂਜ਼ਰ ਲਿਖਦੇ ਹਨ, "ਵਿਵੇਕ ਆਪਣਾ ਵਿਵੇਕ ਗੁਆ ਚੁੱਕੇ ਹਨ।"

ਪੱਤਰਕਾਰ ਮਾਨਕ ਗੁਪਤਾ ਲਿਖਦੇ ਹਨ, "ਬੇਹੱਦ ਬੁਰਾ ਮਜ਼ਾਕ...ਖ਼ਾਸਕਰ ਕਿਸੇ ਬੱਚੀ ਨੂੰ ਵੀ ਇਸ ਵਿੱਚ ਸ਼ਾਮਿਲ ਕਰਨਾ ਕਾਫੀ ਬੁਰਾ ਹੈ।"

ਜਵਾਲਾ ਗੁੱਟਾ ਨੇ ਲਿਖਿਆ, "ਇਹ ਟਵੀਟ ਬੇਹੱਦ ਬੇਤੁਕਾ ਹੈ, ਨਿਰਾਸ਼ਾਜਨਕ ਹੈ!"

ਸ਼ਿਲਪੀ ਤਿਵਾਰੀ ਲਿਖਦੀ ਹੈ, "ਇਸ ਤੋਂ ਬਾਹਰ ਆ ਜਾਓ, ਇਹ ਮੀਮ ਤੁਹਾਡੇ ਬਾਰੇ ਨਹੀਂ ਹੈ ਅਤੇ ਤੁਹਾਨੂੰ ਵੀ ਇਹ ਪਤਾ ਹੈ। ਤੁਹਾਡੀ ਨਾਂ ਕਮਾਉਣ ਦੀ ਇਸ ਹਰਕਤ ਨਾਲ ਐਸ਼ਵਰਿਆ 'ਤੇ ਇਹ ਮੀਮ ਗਰਾਫਿਕ ਵਾਇਰਲ ਹੋਵੇਗਾ। ਲੋਕਾਂ ਨੂੰ ਬੇਵਕੂਫ ਨਾ ਬਣਾਉਣ ਕਿ ਤੁਸੀਂ ਆਪਣਾ ਮਜ਼ਾਕ ਬਣਾ ਰਹੇ ਹੋ।"

ਕਮੇਲੇਸ਼ ਸੁਤਰ ਲਿਖਦੇ ਹਨ, "ਇਸ ਸ਼ਖਸ਼ ਨੂੰ ਇੱਕ ਨਾਬਾਲਿਗ ਬੱਚੀ ਨੂੰ ਮੀਮ ਵਿੱਚ ਸ਼ਾਮਿਲ ਕਰਨ ਤੋਂ ਪਹਿਲਾਂ ਦਸ ਵਾਰ ਸੋਚਣਾ ਚਾਹੀਦਾ ਹੈ। ਸ਼ਰਮ ਆਉਂਦੀ ਹੈ ਤੁਹਾਡੇ 'ਤੇ ਵਿਵੇਕ ਓਬਰਾਏ।"

ਕੌਮੀ ਮਹਿਲਾ ਕਮਿਸ਼ਨ ਵਲੋਂ ਨੋਟਿਸ

ਕੌਮੀ ਮਹਿਲਾ ਕਮਿਸ਼ਨ ਨੇ ਇਸ ਪੂਰੇ ਮਾਮਲੇ ਦਾ ਨੋਟਿਸ ਲੈਂਦੇ ਹੋਏ ਵਿਵੇਕ ਓਬਰਾਏ ਤੋਂ ਜਵਾਬ ਮੰਗਿਆ ਹੈ।

ਮਹਿਲਾ ਕਮਿਸ਼ਨ ਵੱਲੋਂ ਜਾਰੀ ਕੀਤੇ ਨੋਟਿਸ ਵਿੱਚ ਕਿਹਾ ਗਿਆ ਹੈ, "ਮਹਿਲਾ ਕਮਿਸ਼ਨ ਦੇ ਸਾਹਮਣੇ ਕਈ ਅਜਿਹੀ ਮੀਡੀਆ ਰਿਪੋਰਟਾਂ ਸਾਹਮਣੇ ਆਈਆਂ ਹਨ ਜਿਨ੍ਹਾਂ ਅਨੁਸਾਰ ਵਿਵੇਕ ਓਬਰਾਏ ਨੇ ਕਥਿਤ ਤੌਰ 'ਤੇ ਇੱਕ ਬੇਹੱਦ ਅਪਮਾਨਜਨਕ ਅਤੇ ਮਹਿਲਾ ਵਿਰੋਧੀ ਟਵੀਟ ਕੀਤਾ ਹੈ।”

“ਇਸ ਤਸਵੀਰ ਵਿੱਚ ਇੱਕ ਮਹਿਲਾ ਅਤੇ ਨਾਬਾਲਿਕ ਕੁੜੀ ਨੂੰ ਦਿਖਾਇਆ ਗਿਆ ਹੈ। ਆਪਣੇ ਕਥਿਤ ਤੌਰ 'ਤੇ ਚੋਣਾਂ ਦੇ ਰੁਝਾਨ ਅਤੇ ਨਤੀਜਿਆਂ 'ਤੇ ਟਿੱਪਣੀ ਕਿਸੇ ਮਹਿਲਾ ਦੀ ਨਿੱਜੀ ਜ਼ਿੰਦਗੀ ਦਾ ਜ਼ਿਕਰ ਕਰਦੇ ਹੋਏ ਕੀਤਾ ਹੈ।"

ਹਾਲ ਹੀ ਵਿੱਚ ਵਿਵੇਕ ਓਬਰਾਏ ਆਪਣੀ ਫਿਲਮ ਪੀਐੱਮ ਨਰਿੰਦਰ ਮੋਦੀ ਫਿਲਮ ਨੂੰ ਲੈ ਕੇ ਚਰਚਾ ਵਿੱਚ ਸੀ। ਇਹ ਫਿਲਮ ਦੇਸ ਦੇ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜੀਵਨ 'ਤੇ ਆਧਾਰਿਤ ਹੈ।

ਇਸ ਫਿਲਮ ਦੀ ਰਿਲੀਜ਼ ਨੂੰ ਰਿਲੀਜ਼ ਨੂੰ ਲੈ ਕੇ ਵਿਵਾਦ ਅਤੇ ਚੋਣਾਂ ਨੂੰ ਦੇਖਦੇ ਹੋਏ ਚੋਣ ਕਮਿਸ਼ਨ ਨੇ ਇਸ ਦੀ ਰਿਲੀਜ਼ 'ਤੇ ਚੋਣ ਤੱਕ ਰੋਕ ਲਗਾ ਦਿੱਤੀ ਗਈ ਸੀ।

ਇਹ ਵੀ ਪੜ੍ਹੋ:

ਜਦੋਂ ਐਸ਼ਵਰਿਆ ਨੇ ਖੁੱਲ੍ਹ ਕੇ ਕੀਤੀ ਗੱਲਬਾਤ

ਸਾਲ 2003 ਵਿੱਚ ਵਿਵੇਕ ਓਬਰਾਏ ਨੇ ਸਲਮਾਨ ਖ਼ਾਨ 'ਤੇ ਉਨ੍ਹਾਂ ਨੂੰ ਧਮਕੀ ਦੇਣ ਦੇ ਇਲਜ਼ਾਮ ਲਾਏ ਸਨ।

ਇਸ ਤੋਂ ਬਾਅਦ ਐਸ਼ਵਰਿਆ ਰਾਇ ਨੇ ਕਿਹਾ ਸੀ ਕਿ ਪਰਿਵਾਰ ਦੀ ਸਲਾਮਤੀ ਅਤੇ ਆਪਣੇ ਸਨਮਾਨ ਲਈ ਹੁਣ ਉਹ ਸਲਮਾਨ ਨਾਲ ਬਿਲਕੁੱਲ ਕੰਮ ਨਹੀਂ ਕਰਨਗੇ।

ਸਲਮਾਨ ਨਾਲ ਬਿਤਾਏ ਵਕਤ ਨੂੰ ਉਸ ਵੇਲੇ ਉਨ੍ਹਾਂ ਨੇ ਇੱਕ ਬੁਰਾ ਸੁਪਨਾ ਕਰਾਰ ਦਿੱਤਾ ਸੀ।

Image copyright Getty Images

ਉਸ ਵਕਤ ਜਾਰੀ ਇੱਕ ਬਿਆਨ ਵਿੱਚ ਐਸ਼ਵਰਿਆ ਨੇ ਕਿਹਾ ਸੀ, "ਬਸ ਹੁਣ ਹੋ ਚੁੱਕਿਆ! ਆਪਣੀ ਬਿਹਤਰੀ ਅਤੇ ਸਨਮਾਨ ਦੇ ਨਾਲ ਹੀ ਪਰਿਵਾਰ ਦੇ ਸਨਮਾਨ ਲਈ ਹੁਣ ਮੈਂ ਸਲਮਾਨ ਖ਼ਾਨ ਨਾਲ ਕੰਮ ਨਹੀਂ ਕਰਾਂਗੀ।"

"ਸਲਮਾਨ ਨਾਲ ਬਿਤਾਇਆ ਵਕਤ ਮੇਰੀ ਜ਼ਿੰਦਗੀ ਵਿੱਚ ਇੱਕ ਬੁਰੇ ਸੁਪਨੇ ਵਾਂਗ ਸੀ ਅਤੇ ਮੈਂ ਭਗਵਾਨ ਦੀ ਸ਼ੁੱਕਰਗੁਜ਼ਾਰ ਹਾਂ ਕਿ ਇਹ ਸਭ ਖ਼ਤਮ ਹੋ ਗਿਆ।"

ਸਾਲ 2007 ਵਿੱਚ ਐਸ਼ਵਰਿਆ ਰਾਏ ਨੇ ਬਾਲੀਵੁੱਡ ਅਦਾਕਾਰ ਅਭਿਸ਼ੇਕ ਬੱਚਨ ਨਾਲ ਵਿਆਹ ਕੀਤਾ ਸੀ। ਸਾਲ 2011 ਵਿੱਚ ਉਨ੍ਹਾਂ ਨੇ ਧੀ ਆਰਾਧਿਆ ਨੂੰ ਜਨਮ ਦਿੱਤਾ ਸੀ।

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)