Election Result 2019:ਕੀ ਹਿੰਦੂਆਂ ਨੂੰ ਸੱਚਮੁੱਚ ਬੰਗਾਲ ਛੱਡ ਕੇ ਜਾਣ ਲਈ ਕਿਹਾ ਗਿਆ - ਫੈਕਟ ਚੈੱਕ

ਵਾਇਰਲ ਵੀਡੀਓ Image copyright facebook

ਪੱਛਮੀ ਬੰਗਾਲ ਦੇ ਡਾਇਮੰਡ ਹਾਰਬਰ ਸ਼ਹਿਰ ਦਾ ਦੱਸ ਕੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਕੀਤਾ ਜਾ ਰਿਹਾ ਹੈ, ਜਿਸ ਵਿੱਚ ਕੁਝ ਔਰਤਾਂ ਆਪਣੀ ਤਕਲੀਫ਼ ਦੱਸਦੇ ਹੋਏ ਕਹਿੰਦੀਆਂ ਹਨ ਕਿ ਉਨ੍ਹਾਂ 'ਤੇ ਘਰ ਛੱਡ ਕੇ ਚਲੇ ਜਾਣ ਦਾ ਦਬਾਅ ਬਣਾਇਆ ਜਾ ਰਿਹਾ ਹੈ।

ਇਸ ਵਾਇਰਲ ਵੀਡੀਓ ਦੇ ਨਾਲ ਲੋਕ ਇਹ ਦਾਅਵਾ ਕਰ ਰਹੇ ਹਨ ਕਿ 'ਪੱਛਮ ਬੰਗਾਲ ਵਿੱਚ ਮਸਜਿਦਾਂ ਤੋਂ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਹਿੰਦੂ ਬੰਗਾਲ ਛੱਡ ਕੇ ਚਲੇ ਜਾਣ।'

ਕੁਝ ਲੋਕਾਂ ਨੇ ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਲਿਖਿਆ ਹੈ ਕਿ 'ਵਧਾਈ ਹੋਵੇ ਹਿੰਦੂਓ, ਪੱਛਮੀ ਬੰਗਾਲ ਨੂੰ ਦੂਜਾ ਕਸ਼ਮੀਰ ਬਣਦੇ ਹੋਏ ਦੇਖਣ ਲਈ। ਤੁਸੀਂ ਆਪਣੇ ਘਰਾਂ ਵਿੱਚ ਸੌਂਦੇ ਰਹੋ।'

ਹਿੰਦੂਤਵੀ ਰੁਝਾਨ ਵਾਲੇ ਕਈ ਵੱਡੇ ਫੇਸਬੁੱਕ ਗਰੁੱਪਾਂ ਵਿੱਚ ਇਨ੍ਹਾਂ ਦਾਅਵਿਆਂ ਨਾਲ ਇਹ ਵੀਡੀਓ 50 ਹਜ਼ਾਰ ਤੋਂ ਵੱਧ ਵਾਰ ਸ਼ੇਅਰ ਕੀਤਾ ਜਾ ਚੁੱਕਿਆ ਹੈ।

ਨਾਲ ਹੀ ਟਵਿੱਟਰ ਅਤੇ ਵੱਟਸਐਪ 'ਤੇ ਵੀ ਕਰੀਬ ਢਾਈ ਮਿੰਟ ਦਾ ਇਹ ਵੀਡੀਓ ਸ਼ੇਅਰ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ:

ਪਰ ਅਸੀਂ ਪੜਤਾਲ ਵਿੱਚ ਅਸੀਂ ਦੇਖਿਆ ਕਿ ਇਹ ਵੀਡੀਓ ਪੱਛਮੀ ਬੰਗਾਲ ਦੇ ਡਾਇਮੰਡ ਹਾਰਬਰ ਸ਼ਹਿਰ ਦਾ ਨਹੀਂ ਹੈ।

ਵੀਡੀਓ ਦੀ ਹਕੀਕਤ

ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਇਹ ਵੀਡੀਓ ਪੱਛਮੀ ਬੰਗਾਲ ਦੇ ਆਸਨਸੋਲ ਸ਼ਹਿਰ ਦਾ ਹੈ, ਜਿਹੜਾ ਰਾਜਧਾਨੀ ਕਲਕੱਤਾ ਵਿੱਚ ਸਥਿਤ ਡਾਇਮੰਡ ਹਾਰਬਰ ਸ਼ਹਿਰ ਤੋਂ ਕਰੀਬ 250 ਕਿੱਲੋਮੀਟਰ ਦੂਰ ਹੈ।

Image copyright Sm viral post

ਇਹ ਵੀਡੀਓ 1 ਅਪ੍ਰੈਲ 2018 ਦਾ ਹੈ, ਜਿਸ ਨੂੰ ਬੀਬੀਸੀ ਪੱਤਰਕਾਰ ਦਿਲਨਵਾਜ਼ ਪਾਸ਼ਾ ਨੇ ਆਪਣੇ ਕੈਮਰੇ ਵਿੱਚ ਸ਼ੂਟ ਕੀਤਾ ਸੀ।

ਬੀਬੀਸੀ ਹਿੰਦੀ ਦੀ ਵੈੱਬਸਾਈਟ 'ਤੇ ਇਹ ਵੀਡੀਓ 2 ਅਪ੍ਰੈਲ 2018 ਨੂੰ ਪੋਸਟ ਕੀਤਾ ਗਿਆ ਸੀ, ਜਿਸ ਨੂੰ ਇਸ ਲਿੰਕ 'ਤੇ ਕਲਿੱਕ ਕਰਕੇ ਦੇਖਿਆ ਜਾ ਸਕਦਾ ਹੈ।

ਪੱਛਮੀ ਬੰਗਾਲ ਦੇ ਰਾਨੀਜੰਗ ਇਲਾਕੇ (ਆਸਨਸੋਲ) ਵਿੱਚ ਪਿਛਲੇ ਸਾਲ ਰਾਮਨੌਮੀ ( 26 ਮਾਰਚ) ਦੇ ਮੌਕੇ ਹਿੰਸਾ ਹੋਈ ਸੀ ਅਤੇ ਸੈਂਕੜੇ ਘਰ ਹਿੰਸਾ ਦੀ ਲਪੇਟ ਵਿੱਚ ਆਏ ਸਨ।

ਦਿਲਨਵਾਜ਼ ਪਾਸ਼ਾ ਨੇ ਗਰਾਊਂਡ 'ਤੇ ਜਾ ਕੇ ਇਸ ਹਿੰਸਾ ਤੋਂ ਪ੍ਰਭਾਵਿਤ ਲੋਕਾਂ ਨਾਲ ਮੁਲਾਕਾਤ ਕੀਤੀ ਸੀ।

ਇਹ ਵੀ ਪੜ੍ਹੋ:

ਪਾਸ਼ਾ ਮੁਤਾਬਕ, "ਰਾਮਨੌਮੀ ਦੇ ਜਲੂਸ ਦੌਰਾਨ ਹੋਇਆ ਛੋਟਾ ਜਿਹੜਾ ਝਗੜਾ ਵੱਡੀ ਹਿੰਸਾ ਅਤੇ ਅੱਗ ਦੀਆਂ ਲਪਟਾਂ ਵਿੱਚ ਬਦਲ ਗਈ। ਬਹੁਤ ਸਾਰੀਆਂ ਦੁਕਾਨਾਂ ਅਤੇ ਘਰਾਂ ਨੂੰ ਸਾੜ ਦਿੱਤਾ ਗਿਆ। ਜਦੋਂ ਅਸੀਂ ਗਰਾਊਂਡ 'ਤੇ ਪਹੁੰਚੇ ਤਾਂ ਅਸੀਂ ਦੇਖਿਆ ਕਿ ਰਾਨੀਗੰਜ ਵਿੱਚ ਨੁਕਸਾਨ ਮੁਸਲਮਾਨਾਂ ਦਾ ਹੀ ਨਹੀਂ ਸਗੋਂ ਹਿੰਦੂਆਂ ਦਾ ਵੀ ਹੋਇਆ ਸੀ ਅਤੇ ਸ਼ਹਿਰ ਦੇ ਜ਼ਿਆਦਾਤਰ ਲੋਕ ਕਹਿ ਰਹੇ ਸਨ ਕਿ ਦੰਗੇ ਬਾਹਰ ਦੇ ਲੋਕਾਂ ਨੇ ਭੜਕਾਏ ਹਨ।

ਹਿੰਦੂ ਅਤੇ ਮੁਸਲਮਾਨ ਦੋਵਾਂ ਦੀ ਇਹੀ ਰਾਇ ਸੀ ਪਰ ਇਹ ਬਾਹਰ ਦੇ ਲੋਕ ਕੌਣ ਸਨ, ਇਸਦਾ ਜਵਾਬ ਕਿਸੇ ਕੋਲ ਨਹੀਂ ਸੀ।''

ਮਾਰਚ-ਅਪ੍ਰੈਲ 2018 ਵਿੱਚ ਹੋਈ ਆਸਨਸੋਲ ਹਿੰਸਾ 'ਤੇ ਬੀਬੀਸੀ ਦੀਆਂ ਗਰਾਊਂਡ ਰਿਪੋਰਟਾਂ ਪੜ੍ਹੋ

ਡਾਇਮੰਡ ਹਾਰਬਰ ਵਿੱਚ ਹੋਇਆ ਕੀ?

ਸਾਡੀ ਪੜਤਾਲ ਵਿੱਚ ਸਾਨੂੰ ਪਤਾ ਲੱਗਿਆ ਕਿ ਆਸਨਸੋਲ ਦੇ ਇੱਕ ਸਾਲ ਪੁਰਾਣੇ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਗਲਤ ਸੰਦੇਸ਼ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।

ਪਰ ਇਸ ਵੀਡੀਓ ਦੇ ਨਾਲ ਜੋ ਦਾਅਵਾ ਕੀਤਾ ਜਾ ਰਿਹਾ ਹੈ, ਉਹ ਡਾਇਮੰਡ ਹਾਰਬਰ ਸੰਸਦੀ ਸੀਟ ਨਾਲ ਜੁੜਿਆ ਹੈ।

Image copyright Pti

ਲੋਕ ਲਿਖ ਰਹੇ ਹਨ ਕਿ 'ਪੱਛਮ ਬੰਗਾਲ ਦੇ ਡਾਇਮੰਡ ਹਾਰਬਰ ਵਿੱਚ ਹਿੰਦੂਆਂ ਨੂੰ ਜ਼ਬਰਦਸਤੀ ਘਰ ਛੱਡਣ ਲਈ ਕਿਹਾ ਜਾ ਰਿਹਾ ਹੈ।'

ਇਸ ਦਾਅਵੇ ਵਿੱਚ ਕਿੰਨੀ ਸੱਚਾਈ ਹੈ? ਇਹ ਜਾਨਣ ਲਈ ਅਸੀਂ ਡਾਇਮੰਡ ਹਾਰਬਰ ਦੇ ਐਸਪੀ ਸ਼੍ਰੀਹਰੀ ਪਾਂਡ ਨਾਲ ਗੱਲ ਕੀਤੀ।

ਇਹ ਵੀ ਪੜ੍ਹੋ:

ਉਨ੍ਹਾਂ ਨੇ ਦੱਸਿਆ ਕਿ ਡਾਇਮੰਡ ਹਾਰਬਰ ਦੇ ਬੋਗਖਲੀ ਪਿੰਡ ਵਿੱਚ 13 ਮਈ ਨੂੰ ਹਿੰਸਾ ਦੀ ਘਟਨਾ ਹੋਈ ਸੀ। ਪੁਲਿਸ ਨੇ ਇਸ ਮਾਮਲੇ ਵਿੱਚ ਉਸੇ ਦਿਨ 7 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਮੁਲਜ਼ਮਾ ਨੂੰ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਸੀ। ਪਿੰਡ ਵਿੱਚ ਪੁਲਿਸ ਤਾਇਨਾਤ ਕੀਤੀ ਗਈ ਹੈ। ਫਿਲਹਾਲ ਪਿੰਡ ਦੇ ਹਾਲਾਤ ਠੀਕ ਹਨ।

ਸਥਾਨਕ ਪੁਲਿਸ ਨੇ ਦੱਸਿਆ ਕਿ ਇਸ ਘਟਨਾ ਨਾਲ ਜੋੜਦੇ ਹੋਏ ਕਈ ਫਰਜ਼ੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਕੀਤੇ ਜਾ ਰਹੇ ਹਨ ਜਿਨ੍ਹਾਂ ਦਾ ਡਾਇਮੰਡ ਹਾਰਬਰ ਨਾਲ ਕੋਈ ਵਾਸਤਾ ਨਹੀਂ ਹੈ।

ਡਾਇਮੰਡ ਹਾਰਬਰ ਸੰਸਦੀ ਸੀਟ 'ਤੇ ਚੋਣਾਂ ਦੇ ਆਖ਼ਰੀ ਗੇੜ ( 19 ਮਈ) ਨੂੰ ਵੋਟਾਂ ਪਾਈਆਂ ਗਈਆਂ ਸਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)