ਈਵੀਐਮ ਵਿਵਾਦ: ਵੋਟਿੰਗ ਮਸ਼ੀਨਾਂ ਦੇ ਥਾਂ-ਥਾਂ ਮਿਲਣ ਦੀ ਕਹਾਣੀ ਕੀ ਹੈ

ਈਵੀਐਮ Image copyright Reuters

ਚੋਣਾਂ ਖ਼ਤਮ ਹੁੰਦਿਆਂ ਹੀ ਅਤੇ ਖਾਸ ਕਰਕੇ ਸੋਮਵਾਰ ਤੋਂ ਦੇਸ ਭਰ ਵਿੱਚ ਈਵੀਐਮ ਮਸ਼ੀਨਾਂ ਮਿਲਣ ਦੀਆਂ ਖਬਰਾਂ ਆ ਰਹੀਆਂ ਹਨ। ਵਿਰੋਧੀ ਧਿਰ ਦੇ ਆਗੂ ਇਲਜ਼ਾਮ ਲਾ ਰਹੇ ਹਨ ਕਿ ਜ਼ਿਲ੍ਹਾ ਪ੍ਰਸ਼ਾਸਨ ਦਬਾਅ ਵਿੱਚ ਆ ਕੇ ਵੋਟਾਂ ਦੀ ਗਿਣਤੀ ਦੌਰਾਨ ਈਵੀਐਮ ਬਦਲਣ ਦੀ ਸਾਜਿਸ਼ ਰਚ ਰਿਹਾ ਹੈ।

ਈਵੀਐਮਜ਼ ਅਤੇ ਵੀਵੀਪੈਟ ਨਾਲ ਭਰੇ ਟਰੱਕਾਂ ਦੀ ਜਾਣਕਾਰੀ ਸੋਸ਼ਲ ਮੀਡੀਆ 'ਤੇ ਦਿੱਤੀ ਜਾ ਰਹੀ ਹੈ, ਜਿਸ ਵਿੱਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਈਵੀਐਮ ਮਸ਼ੀਨਾਂ ਬਦਲੀਆਂ ਜਾ ਰਹੀਆਂ ਹਨ। ਅਜਿਹੀ ਖ਼ਬਰਾਂ ਬਿਹਾਰ ਅਤੇ ਉੱਤਰ ਪ੍ਰਦੇਸ਼ ਦੇ ਝਾਂਸੀ, ਚੰਦੌਲੀ, ਗਾਜ਼ੀਪੁਰ, ਡੁਮਰਿਆਗੰਜ ਤੋਂ ਆ ਰਹੀਆਂ ਹੈ।

ਇਸ ਬਾਰੇ ਬਿਹਾਰ ਦੀ ਸਾਬਕਾ ਮੁੱਖ ਮੰਤਰੀ ਅਤੇ ਆਰਜੇਡੀ ਮੁਖੀ ਲਾਲੂ ਪ੍ਰਸਾਦ ਯਾਦਵ ਦੀ ਪਤਨੀ ਰਾਬੜੀ ਦੇਵੀ ਨੇ ਟਵੀਟ ਕੀਤਾ ਹੈ ਕਿ ਈਵੀਐਮ ਮਸ਼ੀਨਾਂ ਨਾਲ ਭਰੇ ਹੋਏ ਟਰੱਕ ਫੜ੍ਹੇ ਜਾ ਰਹੇ ਹਨ।

ਉਨ੍ਹਾਂ ਲਿਖਿਆ, "ਦੇਸ ਭਰ ਦੇ ਸਟਰਾਂਗ ਰੂਮਜ਼ ਦੇ ਨੇੜੇ ਈਵੀਐਮ ਦੀ ਬਰਾਮਦਗੀ ਹੋ ਰਹੀ ਹੈ। ਟਰੱਕਾਂ ਅਤੇ ਨਿੱਜੀ ਵਾਹਨਾਂ ਵਿੱਚ ਈਵੀਐਮ ਫੜ੍ਹੀ ਜਾ ਰਹੀ ਹੈ। ਇਹ ਕਿੱਥੋਂ ਆ ਰਹੀਆਂ ਹਨ ਅਤੇ ਕਿੱਥੇ ਜਾ ਰਹੀਆਂ ਹਨ? ਕਦੋਂ, ਕਿਉਂ, ਕੌਣ ਅਤੇ ਕਿਸ ਲਈ ਇਸ ਨੂੰ ਲੈ ਕੇ ਜਾ ਰਿਹਾ ਹੈ? ਕੀ ਇਹ ਪਹਿਲਾਂ ਹੀ ਤੈਅ ਕੀਤੀ ਹੋਈ ਪ੍ਰਕਿਰਿਆ ਹੈ? ਚੋਣ ਕਮਿਸ਼ਨ ਨੂੰ ਛੇਤੀ ਸਪੱਸ਼ਟ ਕਰਨਾ ਚਾਹੀਦਾ ਹੈ।"

ਚੋਣ ਅਧਿਕਾਰੀਆਂ ਦਾ ਸਪੱਸ਼ਟੀਕਰਨ

ਚੋਣ ਕਮਿਸ਼ਨ ਦੇ ਬੁਲਾਰੇ ਸ਼ੇਫਾਲੀ ਸ਼ਰਨ ਨੇ ਸੋਸ਼ਲ ਮੀਡੀਆ 'ਤੇ ਈਵੀਐਮ ਮੁੱਦੇ 'ਤੇ ਚੋਣ ਅਧਿਕਾਰੀਆਂ ਦੇ ਬਿਆਨ ਸਾਂਝੇ ਕੀਤੇ ਹਨ।

ਇਹ ਵੀ ਪੜ੍ਹੋ:

ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਦੇ ਜ਼ਿਲ੍ਹਾ ਚੋਣ ਅਧਿਕਾਰੀ ਨੇ ਟਵਿੱਟਰ 'ਤੇ ਇੱਕ ਵੀਡੀਓ ਮੈਸੇਜ ਵਿੱਚ ਕਿਹਾ ਹੈ ਕਿ ਮੀਡੀਆ ਰਾਹੀਂ ਇਹ ਖ਼ਬਰ ਫੈਲ ਰਹੀ ਹੈ ਕਿ ਗਾਜ਼ੀਪੁਰ ਵਿੱਚ ਈਵੀਐਮ ਦੀ ਨਿਗਰਾਨੀ ਲਈ ਉਮੀਦਵਾਰਾਂ ਨੂੰ ਰੋਕਿਆ ਗਿਆ।

ਇਸ ਵੀਡੀਓ ਵਿੱਚ ਉਹ ਕਹਿੰਦੇ ਹਨ,"ਇਸ ਸੂਚਨਾ ਬਾਰੇ ਇਹ ਜਾਣਕਾਰੀ ਦੇਣੀ ਹੈ ਕਿ ਗਾਜ਼ੀਪੁਰ ਵਿੱਚ ਰਿਟਰਨਿੰਗ ਅਫ਼ਸਰ ਵਲੋਂ ਪ੍ਰਬੰਧ ਕੀਤੇ ਗਏ ਹਨ। ਹਰੇਕ ਉਮੀਦਵਾਰ ਨੂੰ ਸਟਰਾਂਗ ਰੂਮ 'ਤੇ ਨਿਗਰਾਨੀ ਰੱਖਣ ਲਈ ਤਿੰਨ ਕਲੈਕਸ਼ਨ ਪੁਆਇੰਟ 'ਤੇ ਅੱਠ-ਅੱਠ ਘੰਟਿਆਂ ਵਿੱਚ ਇੱਕ-ਇੱਕ ਵਿਅਕਤੀ ਨੂੰ ਪਾਸ ਜਾਰੀ ਕਰਨ ਲਈ ਤੈਅ ਕੀਤਾ ਗਿਆ ਹੈ। ਪਰ ਕਈ ਥਾਵਾਂ 'ਤੇ ਕਦੇ ਤਿੰਨ ਤਾਂ ਕਦੇ ਪੰਜ ਲੋਕਾਂ ਨੂੰ ਪਾਸ ਜਾਰੀ ਕਰਨ ਦੀ ਮੰਗ ਕੀਤੀ ਗਈ ਜਿਸ ਲਈ ਪ੍ਰਸ਼ਾਸਨ ਨੇ ਅਸਹਿਮਤੀ ਜਤਾਈ।"

ਝਾਂਸੀ ਦੇ ਜ਼ਿਲ੍ਹਾ ਚੋਣ ਅਧਿਕਾਰੀ ਨੇ ਵੀ ਇਸ ਮਾਮਲੇ ਵਿੱਚ ਟਵਿੱਟਰ 'ਤੇ ਜਾਣਕਾਰੀ ਦਿੱਤੀ ਹੈ।

ਉਹ ਕਹਿੰਦੇ ਹਨ, "ਝਾਂਸੀ ਵਿੱਚ ਇੱਕ ਹੀ ਪੋਲਿੰਗ ਪਾਰਟੀ ਦੀ ਰਵਾਨਗੀ ਹੁੰਦੀ ਹੈ। ਇੱਥੇ ਹੀ ਸਟਰਾਂਗ ਰੂਮ ਬਣਦੇ ਹਨ ਅਤੇ ਇੱਥੇ ਹੀ ਕਲੈਕਸ਼ਨ ਪੁਆਇੰਟ ਹੁੰਦਾ ਹੈ। ਗਰੋਠਾ ਅਤੇ ਮਊ ਕਾਫ਼ੀ ਦੂਰ ਦੇ ਵਿਧਾਨ ਸਭਾ ਹਲਕੇ ਹਨ ਇਸ ਲਈ ਪੋਲਿੰਗ ਪਾਰਟੀਆਂ ਨੂੰ ਇੱਥੋਂ ਆਉਣ ਵਿੱਚ ਦੇਰ ਹੋ ਗਈ ਸੀ।

ਕੁਝ ਪ੍ਰੀਜ਼ਾਈਡਿੰਗ ਅਫ਼ਸਰਾਂ ਨੂੰ ਆਪਣੇ ਕਾਗਜ਼ਾਤਾਂ ਨੂੰ ਭਰਨ ਵਿੱਚ ਦੇਰ ਹੋ ਗਈ ਸੀ। ਇਸ ਲਈ ਸਟਰਾਂਗ ਰੂਮ ਸੀਲ ਹੁੰਦੇ-ਹੁੰਦੇ ਸਵੇਰ ਹੋ ਜਾਂਦੀ ਹੈ। ਇੱਥੇ ਵੀ ਸਵੇਰੇ 7-7.30 ਵਜੇ ਸਾਰੀਆਂ ਈਵੀਐਮ ਮਸ਼ੀਨਾਂ ਅਸੀਂ ਸਟਰਾਂਗ ਰੂਮ ਵਿੱਚ ਰੱਖ ਦਿੱਤੀਆਂ ਸਨ। ਉਨ੍ਹਾਂ ਦੀ ਸੀਲਿੰਗ ਜਨਰਲ ਅਬਜ਼ਰਵਰ ਅਤੇ ਜੋ ਵੀ ਉਮੀਦਵਾਰ ਆਏ ਸਨ ਉਨ੍ਹਾਂ ਦੇ ਸਾਹਮਣੇ ਕੀਤੀ ਗਈ ਸੀ। ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਗਈ ਸੀ। ਸੀਲਿੰਗ ਕਰਦੇ ਹੋਏ ਵੀਡੀਓ ਬਣਾਈ ਗਈ ਅਤੇ ਸੀਸੀਟੀਵੀ ਕੈਮਰੇ ਦੇ ਸਾਹਮਣੇ ਕੀਤੀ ਗਈ ਸੀ।"

ਸਟਾਰਾਂਗ ਰੂਮ ਦੀ ਵਰਤੋਂ ਕਿਸ ਲਈ?

ਜ਼ਿਲ੍ਹਾ ਚੋਣ ਅਧਿਕਾਰੀ ਅੱਗੇ ਦੱਸਦੇ ਹਨ ਕਿ ਸਟਾਰਾਂਗ ਰੂਮ ਉਨ੍ਹਾਂ ਈਵੀਐਮ ਅਤੇ ਵੀਵੀਪੈਟ ਲਈ ਬਣਾਏ ਗਏ ਹਨ ਜਿਨ੍ਹਾਂ ਦੀ ਵਰਤੋਂ ਨਹੀਂ ਹੋਈ ਹੈ।

ਅਤੇ ਇਸ ਦਾ ਮਕਸਦ ਹੀ ਹੈ ਕਿ ਇਸਤੇਮਾਲ ਕੀਤੇ ਹੋਏ ਵੀਵੀਪੈਟ ਅਤੇ ਈਵੀਐਮ ਨੂੰ ਵੱਖ ਰੱਖਿਆ ਜਾਵੇ। ਤਾਂ ਕਿ ਕੋਈ ਵੀ ਗੜਬੜ ਨਾ ਹੋਵੇ।

ਇੱਥੇ ਜਿੰਨੀਆਂ ਵੀ ਵਿਧਾਨ ਸਭਾ ਸੀਟਾਂ ਸਨ ਉਨ੍ਹਾਂ ਦੇ 'ਅਨਯੂਜ਼ਡ ਈਵੀਐਮ' ਦਾ ਸਟਰਾਂਗ ਰੂਮ ਬਣਾਇਆ ਗਿਆ ਹੈ। ਜਿਨ੍ਹਾਂ ਉਮੀਦਵਾਰਾਂ ਨੂੰ ਇਤਰਾਜ਼ ਸੀ ਉਨ੍ਹਾਂ ਦੇ ਸਾਹਮਣੇ ਅਸੀਂ ਈਵੀਐਮ ਨੂੰ ਚੈੱਕ ਕਰਕੇ ਵੀ ਦਿਖਾਇਆ ਕਿ ਇਨ੍ਹਾਂ ਵਿੱਚ ਕੁਝ ਨਹੀਂ ਹੈ। ਵੀਵੀਪੈਟ ਦੇ ਬਾਕਸ ਵੀ ਦਿਖਾਏ ਕਿ ਉਨ੍ਹਾਂ ਵਿੱਚ ਕੁਝ ਨਹੀਂ ਹੈ।

Image copyright AFP

ਉਹ ਦੱਸਦੇ ਹਨ ਕਿ ਕੁਝ ਉਮੀਦਵਾਰਾਂ ਨੂੰ ਇਸ ਲਈ ਅਜਿਹਾ ਭਰਮ ਹੋ ਰਿਹਾ ਹੈ ਕਿਉਂਕਿ ਸਟਰਾਂਗ ਰੂਮ ਸੀਲ ਹੋਣ ਵਿੱਚ ਸਮਾਂ ਲੱਗਿਆ ਕਿਉਂਕਿ ਫਾਰਮ ਨਹੀਂ ਭਰੇ ਗਏ ਸਨ। 'ਰਿਜ਼ਰਵ ਅਨਯੂਜ਼ਡ ਈਵੀਐਮ' ਲਈ ਸਟਰਾਂਗ ਰੂਮ ਵੀ ਚੋਣ ਕਮਿਸ਼ਨ ਦੇ ਨਿਰਦੇਸ਼ 'ਤੇ ਹੀ ਬਣਾਏ ਗਏ ਹਨ।

ਚੋਣ ਕਮਿਸ਼ਨ ਦਾ ਜਵਾਬ

ਦੇਸ ਭਰ ਵਿੱਚ ਇਹ ਮੁੱਦਾ ਚਰਚਾ ਦਾ ਵਿਸ਼ਾ ਬਣਨ ਤੋਂ ਬਾਅਦ ਚੋਣ ਕਮਿਸ਼ਨ ਨੇ ਵੀ ਆਪਣਾ ਬਿਆਨ ਜਾਰੀ ਕਰਕੇ ਸਪੱਸ਼ਟੀਕਰਨ ਦਿੱਤਾ ਹੈ।

1. ਗਾਜ਼ੀਪੁਰ: ਉਮੀਦਵਾਰਾਂ ਨੇ ਕੰਟਰੋਲ ਰੂਮ ਦੀ ਨਿਗਰਾਨੀ 'ਤੇ ਸਵਾਲ ਚੁੱਕੇ ਸਨ, ਜਿਸ ਨੂੰ ਹੱਲ ਕਰ ਲਿਆ ਗਿਆ ਹੈ।

2. ਚੰਦੌਲੀ: ਕੁਝ ਲੋਕਾਂ ਨੇ ਇਲਜ਼ਾਮ ਲਾਇਆ ਸੀ ਪਰ ਪ੍ਰੋਟੋਕੋਲ ਦੇ ਤਹਿਤ ਈਵੀਐਮ ਸੁਰੱਖਿਅਤ ਹਨ।

3. ਡੁਮਰਿਆਂਗੰਜ: ਪ੍ਰੋਟੋਕੋਲ ਤਹਿਤ ਈਵੀਐਮ ਸੁਰੱਖਿਅਤ ਹਨ। ਸਾਰੇ ਇਲਜ਼ਾਮ ਬੇਬੁਨਿਆਦ ਸਨ। ਡੀਐਮ ਅਤੇ ਐਸਪੀ ਨੇ ਮਾਮਲਾ ਹੱਲ ਕਰ ਲਿਆ ਹੈ।

4. ਝਾਂਸੀ: ਸਿਆਸੀ ਪਾਰਟੀ ਦੇ ਉਮੀਦਵਾਰਾਂ ਦੀ ਹਾਜ਼ਰੀ ਵਿੱਚ ਈਵੀਐਮ ਨੂੰ ਸੀਲ ਕਰ ਦਿੱਤਾ ਗਿਆ ਹੈ। ਇੱਥੇ ਕੋਈ ਸਮੱਸਿਆ ਨਹੀਂ ਹੈ।

ਇਹ ਵੀ ਪੜ੍ਹੋ:

ਜਾਰੀ ਬਿਆਨ ਵਿੱਚ ਅੱਗੇ ਕਿਹਾ ਗਿਆ ਹੈ ਕਿ ਦਰਅਸਲ ਇਨ੍ਹਾਂ ਸਾਰੇ ਮਾਮਲਿਆਂ ਵਿੱਚ ਸਾਰੇ ਈਵੀਐਮ ਅਤੇ ਵੀਵੀਪੈਟ ਨੂੰ ਸਿਆਸੀ ਪਾਰਟੀ ਦੇ ਉਮੀਦਵਾਰਾਂ ਦੇ ਸਾਹਮਣੇ ਸੀਲ ਕੀਤਾ ਗਿਆ ਸੀ ਜਿਸ ਦੀ ਵੀਡੀਓ ਵੀ ਬਣਾਈ ਗਈ ਸੀ ਅਤੇ ਸੀਸੀਟੀਵੀ ਕੈਮਰੇ ਵੀ ਸਨ।

ਸੀਪੀਏਐਫ਼ ਸੁਰੱਖਿਆ ਗਾਰਡ ਵੀ ਉੱਥੇ ਮੌਜੂਦ ਸਨ। ਉਮੀਦਵਾਰਾਂ ਨੂੰ ਉਸ ਵੇਲੇ ਅਤੇ ਉਸ ਪੁਆਇੰਟ 'ਤੇ ਹਰੇਕ ਉਮੀਦਵਾਰ ਦੇ ਇੱਕ ਨੁਮਾਇੰਦੇ ਨੂੰ 24 × 7 ਨਿਗਰਾਨੀ ਰੱਖਣ ਦੀ ਇਜਾਜ਼ਤ ਹੈ। ਇਸ ਲਈ ਇਹ ਇਲਜ਼ਾਮ ਬੇਬੁਨਿਆਦ ਹਨ।

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)