ਬਰਗਾੜੀ ਮੋਰਚੇ ਦੀ ਲੀਡਰਸ਼ਿਪ ਨੇ ਕਾਂਗਰਸ ਕੋਲ ਵਿਕ ਕੇ ਧਰਨਾ ਚੁੱਕਿਆ ਸੀ: ਸੁਖਪਾਲ ਖਹਿਰਾ ਦਾ ਦਾਅਵਾ

ਸੁਖਪਾਲ ਖਹਿਰਾ Image copyright Sukhpal khaira/FB
ਫੋਟੋ ਕੈਪਸ਼ਨ ਸੁਖਪਾਲ ਖਹਿਰਾ ਨੇ ਦਾਅਵਾ ਕੀਤਾ ਕਿ ਬਾਦਲ ਪਿੰਡ ਵੱਲ ਜਾਣ ਵਾਲੇ ਮਾਰਚ ਦੀਆਂ ਸਾਰੀਆਂ ਗੱਡੀਆਂ ਤੇ ਹਰ ਖ਼ਰਚਾ ਕਾਂਗਰਸ ਨੇ ਕੀਤਾ ਤਾਂ ਕਿ ਬਾਦਲ ਦਾ ਜਲੂਸ ਕੱਢਿਆ ਜਾ ਸਕੇ।

ਪੰਜਾਬ ਏਕਤਾ ਪਾਰਟੀ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਇਲਜ਼ਾਮ ਲਾਇਆ ਹੈ ਕਿ ਬਰਗਾੜੀ ਇਨਸਾਫ਼ ਮੋਰਚਾ ਲਾਉਣ ਵਾਲੇ ਆਗੂਆਂ ਨੇ ਠੱਗੀ ਮਾਰੀ ਹੈ। ਖਹਿਰਾ ਨੇ ਲੋਕ ਸਭਾ ਚੋਣਾਂ ਦੌਰਾਨ ਕੱਢੇ ਰੋਸ ਮਾਰਚ ਨੂੰ ਕਾਂਗਰਸ ਦੇ ਪੈਸਾ ਨਾਲ ਕੱਢਿਆ ਮਾਰਚ ਕਰਾਰ ਦਿੱਤਾ।

ਫਰੀਦਕੋਟ ਵਿਚ ਇੱਕ ਨੌਜਵਾਨ ਨੂੰ ਪੁਲਿਸ ਵਲੋਂ ਕਥਿਤ ਤੌਰ ਉੱਤੇ ਹਿਰਾਸਤ ਵਿਚ ਮਾਰ ਕੇ ਖਪਾਉਣ ਦੇ ਮਾਮਲੇ ਵਿਚ ਲੱਗੇ ਧਰਨੇ ਨੂੰ ਸੰਬੋਧਨ ਕਰਦਿਆਂ ਖਹਿਰਾ ਨੇ ਇਹ ਦਾਅਵਾ ਕੀਤਾ।

ਭਾਵੇਂ ਕਿ ਸੁਖਪਾਲ ਖਹਿਰਾ ਦੇ ਬਿਆਨ ਬਾਰੇ ਪੰਥਕ ਆਗੂਆਂ ਦਾ ਪ੍ਰਤੀਕਰਮ ਨਹੀਂ ਆਇਆ ਹੈ ਪਰ ਅਜਿਹੇ ਦੋਸ਼ਾਂ ਨੂੰ ਬਰਗਾੜੀ ਮੋਰਚੇ ਦੇ ਆਗੂ ਕਈ ਵਾਰ ਰੱਦ ਕਰ ਚੁੱਕੇ ਹਨ। ਅਕਾਲੀ ਦਲ ਦੀ ਲੀਡਰਸ਼ਿਪ ਵੀ ਬਰਗਾੜੀ ਮੋਰਚੇ ਉੱਤੇ ਅਜਿਹੇ ਦੋਸ਼ ਲਾਉਂਦੀ ਰਹੀ ਹੈ, ਜਿਸ ਨੂੰ ਪੰਥਕ ਆਗੂ ਲਗਾਤਾਰ ਰੱਦ ਕਰਦੇ ਰਹੇ ਹਨ।

ਇਹ ਵੀ ਪੜ੍ਹੋ :

'ਆਗੂਆਂ ਨੇ ਕੌਮ ਨਾਲ ਮਾਰੀ ਠੱਗੀ'

ਖਹਿਰਾ ਨੇ ਕਿਹਾ, “ਮੈਂ ਪਹਿਲੀ ਵਾਰ ਖੁਲਾਸਾ ਕਰ ਰਿਹਾ ਹਾਂ ਕਿ ਬਰਗਾੜੀ ਮੋਰਚੇ ਦੀ ਲੀਡਰਸ਼ਿਪ ਨੇ ਆਪਣੀ ਕੌਮ ਨਾਲ ਠੱਗੀ ਮਾਰੀ ਹੈ।”

“ਅਸੀਂ ਸਾਰੇ ਉੱਥੇ ਜਾ ਕੇ ਬੈਠ ਗਏ, ਤੁਸੀਂ 7 ਅਕਤੂਬਰ ਨੂੰ 14 ਅਕਤੂਬਰ ਨੂੰ ਲੱਖਾਂ ਦੀ ਤਾਦਾਦ ਵਿਚ ਲੋਕ ਪਹੁੰਚੇ, ਲੋਕ ਆਪਣਾ ਲੰਗਰ ਬਣਾ ਕੇ ਲਿਆਏ, ਲੋਕ ਆਪਣੇ ਘਰਾਂ ਵਿਚੋਂ ਲੱਖਾਂ ਦੀ ਤਾਦਾਦ ਵਿੱਚ ਆਏ ਪਰ ਇਨ੍ਹਾਂ ਨੇ ਉੱਠਣ ਲੱਗਿਆ ਪੁੱਛਿਆ ਵੀ ਨਹੀਂ ਅਸੀਂ ਕਿੱਥੇ ਚੱਲੇ ਹਾਂ।”

Image copyright Getty Images
ਫੋਟੋ ਕੈਪਸ਼ਨ ਮੁਤਵਾਜ਼ੀ ਜਥੇਦਾਰ ਪਹਿਲਾ ਹੀ ਅਜਿਹੇ ਦੋਸ਼ਾਂ ਨੂੰ ਬਰਗਾੜੀ ਮੋਰਚੇ ਦੇ ਆਗੂ ਕਈ ਵਾਰ ਰੱਦ ਕਰ ਚੁੱਕੇ ਹਨ।

ਕਿਸੇ ਦੀ ਰਾ ਨਹੀਂ ਲਈ

“ਖਹਿਰਾ ਨੇ ਕਿਹਾ ਜੇ ਸਾਡੇ ਕੌਮੀ ਲੀਡਰ ਐਦਾਂ ਵਿਕਣਗੇ ਮੇਰੇ ਵੀਰੋ, ਸਾਡਾ ਕੁਝ ਨਹੀਂ ਹੋਵੇਗਾ ਜ਼ਿੰਦਗੀ ਵਿਚ। ਕਿਸੇ ਬੰਦੇ ਨੂੰ ਪੁੱਛਿਆ ਨਹੀਂ, ਕਿੰਨੀਆਂ ਕਿਸਾਨ ਯੂਨੀਅਨਾਂ ਗਈਆਂ, ਕਿੰਨੀਆਂ ਮਨੁੱਖੀ ਅਧਿਕਾਰਾਂ ਦੀਆਂ ਜਥੇਬੰਦੀਆਂ ਗਈਆਂ, ਕਿੰਨੀਆਂ ਸਿਆਸੀ ਪਾਰਟੀਆਂ ਗਈਆਂ, ਕਿਸੇ ਬੰਦੇ ਨੂੰ ਪੱਛਿਆ ਨਹੀਂ ਉਠਣ ਲੱਗੇ, ਚੋਰੀ ਜਿਹੇ ਚੁੱਪ-ਚਪੀਤੇ ਉੱਠ ਗਏ, ਕਾਂਗਰਸ ਦੇ ਕਹਿਣ ਉੱਤੇ, ਰੱਬ ਜਾਣਦਾ ਇਨ੍ਹਾਂ ਪੈਸੇ ਲਏ, ਰੱਬ ਜਾਣਦਾ ਇਨ੍ਹਾਂ ਕੀ ਲਿਆ।”

ਖਹਿਰਾ ਨੇ ਕਿਹਾ ਕਿ ਜੇਕਰ ਅੱਜ ਜੇ ਧਰਨਾ ਜਾਰੀ ਰਹਿੰਦਾ ਤਾਂ ਪੰਜਾਬ ਵਿਚ ਲੋਕ ਸਭਾ ਚੋਣਾਂ ਦੇ ਨਤੀਜੇ ਕੁਝ ਹੋਰ ਹੋਣੇ ਸੀ।

ਇਹ ਵੀ ਪੜ੍ਹੋ:

“ਸਮੁੱਚੀ ਲੜਾਈ ਪੰਜਾਬ ਵਿਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੁਆਲੇ ਖੜੀ ਹੋ ਗਈ ਸੀ ਪਰ ਕਾਂਗਰਸ ਨੂੰ ਪਤਾ ਸੀ ਇਸ ਦਾ ਕੀ ਖ਼ਮਿਆਜਾ ਹੋ ਸਕਦਾ ਹੈ। ਕੀ ਖ਼ਮਿਆਜ਼ਾ ਭੁਗਤਣਾ ਪੈ ਸਕਦਾ ਹੈ, ਹੋ ਸਕਦਾ ਉਨ੍ਹਾਂ ਨੇ ਧਰਨਾ ਚੁਕਵਾ ਦਿੱਤਾ।”

ਕਾਂਗਰਸ ਨੇ ਕੀਤਾ ਰੋਸ ਮਾਰਚ ਦਾ ਖ਼ਰਚਾ

“ਹੁਣ ਫੇਰ ਮਾਰਚ ਕੱਢਿਆ ਗਿਆ, ਲੱਖਾ ਸਧਾਣਾ ਇੱਥੇ ਬੈਠਾ ਹੈ, ਉਸ ਨੇ ਤਸਦੀਕ ਕੀਤਾ। ਉੱਥੇ ਬੰਦੇ ਗਏ....ਪਰ ਹੁਣ ਰਾਜਾ ਵੜਿੰਗ ਦੀ ਆਡੀਓ ਆਈ ਕਿ ਜਥੇਬੰਦੀਆਂ ਦਾ ਬਕਾਇਆ ਰਹਿੰਦਾ ਹੈ, ਇਸ ਦਾ ਅਰਥ ਹੈ ਕਿ ਸਾਡੀਆਂ ਸਿੱਖ ਜਥੇਬੰਦੀਆਂ ਕਾਂਗਰਸ ਦੇ ਕਹਿਣ ਉੱਤੇ ਮਾਰਚ ਕੱਢ ਰਹੀਆਂ ਹਨ ਬਾਦਲ ਪਿੰਡ ਵੱਲ।”

“ਸੁਖਪਾਲ ਖਹਿਰਾ ਨੇ ਇਹ ਵੀ ਦਾਅਵਾ ਕੀਤਾ ਕਿ ਬਾਦਲ ਪਿੰਡ ਵੱਲ ਜਾਣ ਵਾਲੇ ਮਾਰਚ ਦੀਆਂ ਸਾਰੀਆਂ ਗੱਡੀਆਂ ਤੇ ਹਰ ਖ਼ਰਚਾ ਕਾਂਗਰਸ ਨੇ ਕੀਤਾ ਕਿ ਬਾਦਲ ਦਾ ਜਲੂਸ ਕੱਢੋ, ਤਾਂ ਕਿ ਕਾਂਗਰਸ ਨੂੰ ਵੋਟਾਂ ਪੈ ਸਕਣ।”

Image copyright Sukhpal khaira/FB
ਫੋਟੋ ਕੈਪਸ਼ਨ ਸੁਖਪਾਲ ਖਹਿਰਾ ਨੇ ਦਾਅਵਾ ਕੀਤਾ ਕਿ ਬਾਦਲ ਪਿੰਡ ਵੱਲ ਜਾਣ ਵਾਲੇ ਮਾਰਚ ਦੀਆਂ ਸਾਰੀਆਂ ਗੱਡੀਆਂ ਤੇ ਹਰ ਖ਼ਰਚਾ ਕਾਂਗਰਸ ਨੇ ਕੀਤਾ ਤਾਂ ਕਿ ਬਾਦਲ ਦਾ ਜਲੂਸ ਕੱਢਿਆ ਜਾ ਸਕੇ।

ਖਹਿਰਾ ਨੇ ਇਹ ਵੀ ਕਿਹਾ,“ ਜੇਕਰ ਇਨ੍ਹਾਂ ਲੀਡਰਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਵਿਚ ਸਾਡੇ ਨਾਲ ਧੋਖਾ ਕੀਤਾ ਹੈ ਤਾਂ ਰੱਬ ਇਨ੍ਹਾਂ ਨੂੰ ਵੱਡੀ ਸਜ਼ਾ ਦੇਵੇਗਾ। ਇਨ੍ਹਾਂ ਨੂੰ ਕੌਮ ਦੇ ਜਜ਼ਬਾਤਾਂ ਨਾਲ ਖੇਡਣ ਦੀ ਕਾਤਲਾਂ ਤੋਂ ਵੀ ਵੱਡੀ ਸਜ਼ਾ ਮਿਲੇਗੀ।”

ਦਾਦੂਵਾਲ ਦੇ ਚੁੱਕੇ ਨੇ ਚੁਣੌਤੀ

ਮੁਤਵਾਜ਼ੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ 19 ਮਈ ਨੂੰ ਇੱਕ ਵੀਡੀਓ ਪਾ ਕੇ ਕਾਂਗਰਸ ਨਾਲ ਕਿਸੇ ਤਰ੍ਹਾਂ ਦੀ ਗੱਢਤੁੱਪ ਹੋਣ ਤੋਂ ਇਨਕਾਰ ਕੀਤਾ ਸੀ। ਕਾਂਗਰਸ ਵਲੋਂ ਸਿੱਖ ਜਥੇਬੰਦੀਆਂ ਦੇ ਰੋਸ ਮਾਰਚ ਨੂੰ ਫਡਿੰਗ ਕਰਨ ਦੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੇ ਇਲਜ਼ਾਮਾਂ ਨੂੰ ਦਾਦੂਵਾਲ ਨੇ ਚੂਣੌਤੀ ਦਿੱਤੀ ਸੀ।

ਦਾਦੂਵਾਲ ਨੇ ਕਿਹਾ ਸੀ, ਬਿਕਰਮ ਮਜੀਠੀਆ ਆਪਣੇ ਬੱਚਿਆ ਸਣੇ ਅਕਾਲ ਤਖ਼ਤ ਸਾਹਿਬ ਉੱਤੇ ਆ ਜਾਵੇ।ਉੱਥੇ ਇੱਕ ਅਰਦਾਸ ਕੀਤੀ ਜਾਵੇ ਅਕਾਲ ਤਖ਼ਤ ਦੇ ਹੈੱਡ ਗ੍ਰੰਥੀ ਵਲੋਂ ਕਿ ਜੇਕਰ ਬਲਜੀਤ ਸਿੰਘ ਦਾਦੂਵਾਲ ਨੇ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਪਾਰਟੀ ਤੋਂ ਇੱਕ ਰੁਪਈਆ ਵੀ ਲਿਆ ਹੋਵੇ ਤਾਂ ਉਸਦਾ ਕੱਖ਼ ਨਾ ਰਹੇ।ਜਿਸ ਤਰ੍ਹਾਂ ਦੀ ਬਿਆਨਬਾਜ਼ੀ ਮਜੀਠੀਆ ਕਰ ਰਿਹਾ ਤਾਂ ਉਸ ਦਾ ਕੱਖ ਨਾ ਰਹੇ।

ਦਾਦੂਵਾਲ ਨੇ ਕਿਹਾ ਕਿ ਪਹਿਲਾਂ ਵੀ ਉਨ੍ਹਾਂ ਦਾ ਨਾਂ ਆਈਐੱਸਆਈ ਨਾਲ ਜੋੜਿਆ ਗਿਆ ਅਤੇ ਧਰਨੇ ਦੌਰਾਨ 16 ਲੱਖ ਰੁਪਏ ਲੈਣ ਦਾ ਦੋਸ਼ ਲਾਇਆ ਸੀ ਜੋ ਰੱਦ ਹੋਇਆ ਸੀ।

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)