ਪੰਜਾਬ ਪੁਲਿਸ ਹਿਰਾਸਤ ’ਚ ਫਰੀਦਕੋਟ 'ਚ ਮਰੇ ਜਸਪਾਲ ਲਈ ਪਹੁੰਚੇ ਆਗੂ ਬੇਅਦਬੀ ਦੀਆਂ ਗੱਲਾਂ ਕਰਦੇ ਰਹੇ

ਪੁਲਿਸ ਹਿਰਾਸਤ ’ਚ ਮਰੇ ਜਸਪਾਲ ਸਿੰਘ Image copyright SURINDER MAAN/BBC
ਫੋਟੋ ਕੈਪਸ਼ਨ ਪੁਲਿਸ ਹਿਰਾਸਤ ’ਚ ਮਰੇ ਗਏ ਜਸਪਾਲ ਸਿੰਘ ਦੀ ਉਮਰ 22 ਸਾਲ ਸੀ।

ਪੰਜਾਬ ਪੁਲਿਸ ਦੀ ਹਿਰਾਸਤ ਵਿੱਚ ਫਰੀਦਕੋਟ ਦੇ ਨੌਜਵਾਨ ਜਸਪਾਲ ਸਿੰਘ ਦੀ ਮੌਤ ਅਤੇ ਉਸ ਤੋਂ ਬਾਅਦ ਸੀਆਈਏ ਦੇ ਇੰਸਪੈਕਟਰ ਨਰਿੰਦਰ ਸਿੰਘ ਗਿੱਲ ਦੀ ਖ਼ੁਦਕੁਸ਼ੀ ਤੋਂ ਬਾਅਦ, ਜ਼ਿਲ੍ਹਾ ਪੁਲਿਸ ਸਵਾਲਾਂ ਦੇ ਘੇਰੇ ਵਿੱਚ ਹੈ।

ਪੁਲਿਸ ਅਨੁਸਾਰ ਮ੍ਰਿਤਕ ਜਸਪਾਲ ਸਿੰਘ ਨੂੰ ਸੀਆਈਏ ਸਟਾਫ਼ ਨੇ 18 ਮਈ ਵਾਲੇ ਦਿਨ ਪਿੰਡ ਰੱਤੀ ਰੋੜੀ ਤੋਂ ਗ਼ੈਰ-ਕਾਨੂੰਨੀ ਅਸੱਲ੍ਹਾ ਰੱਖਣ ਦੇ ਸ਼ੱਕ 'ਚ ਹਿਰਾਸਤ 'ਚ ਲਿਆ ਸੀ।

ਪੁਲਿਸ ਦਾ ਕਹਿਣਾ ਹੈ ਕਿ ਜਸਪਾਲ ਸਿੰਘ ਨੇ ਸੀਆਈਏ ਸਟਾਫ਼ ਦੇ ਹਵਾਲਾਤ ਅੰਦਰ ਹੀ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।

ਇਹ ਵੀ ਪੜ੍ਹੋ:

ਫਰੀਦਕੋਟ ਦੇ ਐੱਸਐੱਸਪੀ ਮੁਖੀ ਰਾਜ ਬਚਨ ਸਿੰਘ ਨੇ ਦੱਸਿਆ, “ਇੰਸਪੈਕਟਰ ਨਰਿੰਦਰ ਸਿੰਘ ਗਿੱਲ ਨੇ ਜਸਪਾਲ ਸਿੰਘ ਦੀ ਲਾਸ਼ ਨੂੰ ਖੁਰਦ ਬੁਰਦ ਕਰ ਦਿੱਤਾ ਸੀ। ਇਸ ਤੋਂ ਬਾਅਦ ਹੀ ਇੰਸਪੈਕਟਰ ਨੇ ਸਰਕਾਰੀ ਏ ਕੇ 47 ਰਾਈਫ਼ਲ ਨਾਲ ਖੁਦਕੁਸ਼ੀ ਕਰ ਲਈ।”

ਐੱਸਐੱਸਪੀ ਦਫ਼ਤਰ ਮੂਹਰੇ ਧਰਨਾ

ਜਸਪਾਲ ਸਿੰਘ ਦੀ ਲਾਸ਼ ਨਾ ਮਿਲਣ ਦੇ ਮੁੱਦੇ ਨੂੰ ਲੈ ਕੇ ਵੱਖ-ਵੱਖ ਸੰਗਠਨਾਂ ਨਾਲ ਜੁੜੇ ਕਾਰਕੁੰਨਾਂ ਤੇ ਸਿਆਸੀ ਆਗੂਆਂ ਨੇ ਐੱਸਐੱਸਪੀ ਰਾਜ ਬਚਨ ਸਿੰਘ ਦੇ ਦਫ਼ਤਰ ਮੂਹਰੇ ਧਰਨਾ ਦਿੱਤਾ।

Image copyright Surinder Maan/BBC

ਪ੍ਰਦਰਸ਼ਨਕਾਰੀ ਨੇ ਜਸਪਾਲ ਸਿੰਘ ਦੀ ਲਾਸ਼ ਲੱਭਣ ਲਈ 24 ਘੰਟੇ ਦਾ ਅਲਟੀਮੇਟਮ ਦਿੱਤਾ ਹੈ।

ਪੁਲਿਸ ਵੱਲੋਂ 19 ਮਈ ਤੋਂ ਕੀਤੇ ਜਾ ਰਹੇ ਯਤਨਾਂ ਦੇ ਬਾਵਜੂਦ ਹਾਲੇ ਤੱਕ ਜਸਪਾਲ ਸਿੰਘ ਦੀ ਲਾਸ਼ ਬਰਾਮਦ ਨਹੀਂ ਹੋ ਸਕੀ ਹੈ। ਜਸਪਾਲ ਸਿੰਘ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਅਧੀਨ ਪੈਂਦੇ ਪਿੰਡ ਪੰਜਾਵਾ ਦਾ ਰਹਿਣ ਵਾਲਾ ਸੀ।

ਐੱਸਐੱਸਪੀ ਨੇ ਦੱਸਿਆ ਕਿ ਇੰਸਪੈਕਟਰ ਨਰਿੰਦਰ ਸਿੰਘ ਵੱਲੋਂ ਲਾਸ਼ ਨੂੰ ਖੁਰਦ ਬੁਰਦ ਕਰਨ ਨੂੰ ਲੈ ਕੇ ਉਸ ਵਿਰੁੱਧ ਪਹਿਲਾ ਮਾਮਲਾ ਦਰਜ ਕੀਤਾ ਗਿਆ ਸੀ ਤੇ ਹੁਣ ਇਸ ਵਿੱਚ ਅਗਵਾ ਕਰਨ ਦੀ ਧਾਰਾ ਵੀ ਜੋੜ ਦਿੱਤੀ ਗਈ ਹੈ।

Image copyright Surinder Maan/BBC
ਫੋਟੋ ਕੈਪਸ਼ਨ ਸਿਆਸੀ ਆਗੂਆਂ ਨੇ ਜਸਪਾਲ ਸਿੰਘ ਦੀ ਗੱਲ ਕਰਨ ਦੇ ਨਾਲ-ਨਾਲ ਪਿਛਲੇ ਸਮੇਂ ਦੌਰਾਨ ਹੋਈਆਂ ਬੇਅਦਬੀ ਦੀਆਂ ਘਟਨਵਾਂ ਬਾਰੇ ਵੀ ਗੱਲਾਂ ਕੀਤੀਆਂ, ਜਿਨ੍ਹਾਂ ਬਾਰੇ ਮਰਹੂਮ ਦੇ ਰਿਸ਼ਤੇਦਾਰਾਂ ਵਿੱਚ ਘੁਸਰ-ਮੁਸਰ ਦੇਖੀ ਗਈ। (ਸੁਖਪਾਲ ਖਹਿਰਾ ਬੋਲਦੇ ਹੋਏ।)

ਪੁਲਿਸ ਅਧਿਕਾਰੀ ਦਾ ਕਹਿਣਾ ਹੈ, ''ਇਸ ਸੰਦਰਭ ਵਿੱਚ ਇੰਸਪੈਕਟਰ ਨਰਿੰਦਰ ਸਿੰਘ ਗਿੱਲ ਦੇ ਦੋ ਗੰਨਮੈਨਾਂ ਦਰਸ਼ਨ ਸਿੰਘ ਤੇ ਸੁਖਮੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।”

“ਪੁੱਛਗਿੱਛ ਦੌਰਾਨ ਇਨ੍ਹਾਂ ਪੁਲਿਸ ਮੁਲਾਜ਼ਮਾਂ ਨੇ ਮੰਨਿਆ ਹੈ ਕਿ ਜਸਪਾਲ ਸਿੰਘ ਦੀ ਖੁਦਕੁਸ਼ੀ ਮਗਰੋਂ ਆਪਣੇ ਬਚਾਅ ਲਈ ਉਨਾਂ ਨੇ ਇੰਸਪੈਕਟਰ ਨਰਿੰਦਰ ਸਿੰਘ ਗਿੱਲ ਦੀ ਲਾਸ਼ ਨੂੰ ਖੁਰਦ ਬੁਰਦ ਕਰਨ 'ਚ ਮਦਦ ਕੀਤੀ ਸੀ।''

ਪਹਿਲਾਂ ਤਾਂ ਜਸਪਲ ਸਿੰਘ ਦੇ ਵਾਰਸਾਂ ਨੇ ਫਰੀਦਕੋਟ ਦੀ ਮੁੱਖ ਸੜਕ 'ਤੇ ਧਰਨਾ ਤੇ ਪ੍ਰਦਰਸ਼ਨ ਕੀਤਾ। ਇਸ ਮਗਰੋਂ ਰੋਹ ਵਿੱਚ ਲੋਕਾਂ ਨੇ ਐੱਸਐੱਸਪੀ ਦਫ਼ਤਰ ਨੂੰ ਘੇਰ ਲਿਆ ਤੇ ਧਰਨੇ 'ਤੇ ਬੈਠ ਗਏ।

Image copyright SURINDER MAAN/BBC
ਫੋਟੋ ਕੈਪਸ਼ਨ ਮਰਹੂਮ ਇੰਸਪੈਕਟਰ ਨਰਿੰਦਰ ਸਿੰਘ ਗਿੱਲ

ਬਾਅਦ ਵਿੱਚ ਸਿਆਸੀ ਆਗੂਆਂ ਦੀ ਆਮਦ ਕਾਰਨ ਇਹ ਧਰਨਾ ਸਿਆਸੀ ਰੂਪ ਅਖ਼ਤਿਆਰ ਕਰ ਗਿਆ।

ਐੱਸਐੱਸਪੀ ਰਾਜ ਬਚਨ ਸਿੰਘ ਨੇ ਦੱਸਿਆ ਕਿ 18 ਮਈ ਨੂੰ ਰਾਤ ਨੂੰ ਸਾਢੇ 9 ਵਜੇ ਦੇ ਕਰੀਬ ਪਿੰਡ ਰੱਤੀ ਰੋੜੀ ਦੇ ਰਹਿਣ ਵਾਲੇ ਪਰਮਜੀਤ ਸਿੰਘ ਨੇ ਪੁਲਿਸ ਕੰਟਰੋਲ ਰੂਮ 'ਤੇ ਸੂਚਨਾ ਦਿੱਤੀ ਸੀ ਕਿ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਜਸਪਾਲ ਸਿੰਘ, ਰੇਸ਼ਮ ਸਿੰਘ ਤੇ ਇਕ ਹੋਰ ਵਿਅਕਤੀ ਨਜਾਇਜ਼ ਅਸਲਾ ਲੈ ਕੇ ਬੈਠੇ ਹੋਏ ਹਨ।

Image copyright Surinder Maan/BBC
ਫੋਟੋ ਕੈਪਸ਼ਨ ਐਫਆਈਆਰ ਵਿੱਚ ਕਿਹਾ ਗਿਆ ਹੈ ਕਿ ਪੁਲਿਸ ਨੇ ਪਰਿਵਾਰ ਵਾਲਿਆਂ ਨੂੰ ਦੱਸਿਆ ਕਿ ਜਸਪਾਲ ਸਿੰਘ ਨੂੰ ਕੋਈ ਵਿਅਕਤੀ ਥਾਣੇ ਤੋਂ ਲੈ ਗਿਆ ਸੀ ਪਰ ਰਿਸ਼ਤੇਦਾਰਾਂ ਨੇ ਕਿਹਾ ਕਿ ਉਹ ਆਪਣੇ ਘਰ ਨੂੰ ਪਹੁੰਚਿਆ।

''ਇਸ ਸੂਚਨਾ ਦੇ ਅਧਾਰ 'ਤੇ ਸੀਆਈਏ ਸਟਾਫ਼ ਦੇ ਇੰਚਾਰਜ ਨਰਿੰਦਰ ਸਿੰਘ ਗਿੱਲ ਨੇ ਇਨਾਂ ਤਿੰਨਾਂ ਜਣਿਆਂ ਨੂੰ ਹਿਰਾਸਤ ਵਿੱਚ ਲਿਆ ਸੀ। ਇਸ ਮਗਰੋਂ ਨਰਿੰਦਰ ਸਿੰਘ ਗਿੱਲ ਇਨ੍ਹਾਂ ਤਿੰਨਾਂ ਨੂੰ ਸੀਆਈਏ ਸਟਾਫ਼ ਕੇਂਦਰ ਛੱਡ ਕੇ ਆਪਣੀ ਡਿਊਟੀ 'ਤੇ ਚਲਾ ਗਿਆ।”

“ਇਸੇ ਰਾਤ ਹੀ ਜਸਪਾਲ ਸਿੰਘ ਨੇ ਚਾਦਰ ਗਲੇ ਨਾਲ ਬੰਨ੍ਹ ਕੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ,''

ਪੁਲਿਸ ਅਧਿਕਾਰੀ ਨੇ ਦੱਸਿਆ, ''ਇਸ ਮਾਮਲੇ 'ਤੇ ਪਰਦਾ ਪਾਉਣ ਦੀ ਮਨਸ਼ਾ ਨਾਲ ਇੰਸਪੈਕਟਰ ਨਰਿੰਦਰ ਸਿੰਘ ਗਿੱਲ ਲਾਸ਼ ਨੂੰ ਖੁਰਦ ਬੁਰਦ ਕਰਨ ਲਈ ਕਿਧਰੇ ਲੈ ਗਿਆ।“

”ਇਸੇ ਦੌਰਾਨ ਜਸਪਾਲ ਸਿੰਘ ਦੇ ਵਾਰਸਾਂ ਨੇ ਇੰਸਪੈਕਟਰ ਨਾਲ ਕਈ ਵਾਰ ਸੰਪਰਕ ਕੀਤਾ ਪਰ ਉਹ ਉਨਾਂ ਦਾ ਸਾਹਮਣਾ ਕਰਨ ਤੋਂ ਟਲਦਾ ਰਿਹਾ। ਬਾਅਦ ਵਿੱਚ ਉਸ ਨੇ ਸਰਕਾਰੀ ਰਾਈਫ਼ਲ ਨਾਲ ਖੁਦਕੁਸ਼ੀ ਕਰ ਲਈ।''

Image copyright Faridkot Police/FB
ਫੋਟੋ ਕੈਪਸ਼ਨ ਐਸਐਸਪੀ ਫਰਦੀਕੋਟ ਰਾਜ ਬਚਨ ਸਿੰਘ

ਐੱਸਐੱਸਪੀ ਨੇ ਦਾਅਵਾ ਕੀਤਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਗੰਨਮੈਨ ਦਰਸ਼ਨ ਸਿੰਘ ਤੇ ਸੁਖਮੰਦਰ ਸਿੰਘ ਦੀ ਨਿਸ਼ਾਨਦੇਹੀ 'ਤੇ ਲਾਸ਼ ਦੀ ਭਾਲ ਕੀਤੀ ਜਾ ਰਹੀ ਹੈ ਤੇ ਛੇਤੀ ਹੀ ਪੁਲਿਸ ਲਾਸ਼ ਨੂੰ ਲੱਭ ਕੇ ਵਾਰਸਾਂ ਦੇ ਹਵਾਲੇ ਕਰ ਦੇਵੇਗੀ।

ਸਿਆਸੀ ਬਿਆਨਬਾਜ਼ੀਆਂ

ਧਰਨੇ 'ਚ ਬੈਠੇ ਜਸਪਾਲ ਸਿੰਘ ਦੇ ਵਾਰਸ ਅਜਿਹੀਆਂ ਤਕਰੀਰਾਂ ਨੂੰ ਲੈ ਕੇ ਘੁਸਰ-ਮੁਸਰ ਕਰਦੇ ਰਹੇ। ਨੇਤਾਵਾਂ ਦੇ ਭਾਸ਼ਨ ਦੌਰਾਨ ਪੀੜਤ ਪਰਿਵਾਰ ਦੀਆਂ ਔਰਤਾਂ ਭੁੱਬਾਂ ਮਾਰ ਕੇ ਰੋ ਰਹੀਆਂ ਸਨ ਪਰ ਨੇਤਾਵਾਂ ਦਾ ਸਿਆਸੀ ਭਾਸ਼ਨ ਜਾਰੀ ਸੀ।

ਇਸ ਮੌਕੇ ਲੋਕ ਸਭਾ ਹਲਕਾ ਬਠਿੰਡਾ ਤੋਂ ਸਾਂਝੇ ਫਰੰਟ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਨੇ ਕਿਹਾ, ''ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਬੇਹੱਦ ਖ਼ਰਾਬ ਹੈ। ਜੇਕਰ ਸਰਕਾਰ ਨੇ 24 ਘੰਟਿਆਂ ਦੇ ਅੰਦਰ ਜਸਪਾਲ ਸਿੰਘ ਦੇ ਵਾਰਸਾਂ ਨੂੰ ਨਿਆਂ ਦਿਵਾਉਣ ਲਈ ਨਿਆਂਇਕ ਜਾਂਚ ਦਾ ਹੁਕਮ ਨਾ ਦਿੱਤਾ ਤਾਂ ਉਹ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਰੁਖ਼ ਕਰਨਗੇ।''

Image copyright Surinder Maan/BBC
ਫੋਟੋ ਕੈਪਸ਼ਨ ਜਸਪਾਲ ਸਿੰਘ ਦੇ ਪਰਿਵਾਰ ਵਾਲਿਆਂ ਵੱਲੋਂ ਲਾਏ ਗਏ ਧਰਨੇ ਵਿੱਚ ਸਿਆਸੀ ਆਗੂਆਂ ਦੇ ਪਹੁੰਚਣ ਕਾਰਨ ਮਾਮਲਾ ਸਿਆਸੀ ਰੰਗ ਫੜ ਗਿਆ। ਬੀਬੀ ਬੀਬੀ ਪਰਮਜੀਤ ਕੌਰ ਖਾਲੜਾ ਇਕੱਠ ਨੂੰ ਸੰਬੋਧਨ ਕਰਦੇ ਹੋਏ।

ਸੁਖਪਾਲ ਸਿੰਘ ਖਹਿਰਾ ਸਮੇਤ ਕਈ ਆਗੂਆਂ ਨੇ ਇਸ ਧਰਨੇ ਵਿੱਚ ਜਸਪਾਲ ਸਿੰਘ ਦੀ ਮੌਤ ਦਾ ਜ਼ਿਕਰ ਕਰਨ ਦੇ ਨਾਲ ਹੀ ਬਹੁਤਾ ਸਮਾਂ ਪੰਜਾਬ 'ਚ ਪਿਛਲੇ ਸਮੇਂ ਦੌਰਾਨ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਬਾਦਲ ਪਰਿਵਾਰ ਨੂੰ ਭੰਡਣ 'ਤੇ ਵੀ ਲਾਇਆ।

ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਸਾਂਝੇ ਫਰੰਟ ਦੀ ਉਮੀਦਵਾਰ ਬੀਬੀ ਪਰਮਜੀਤ ਕੌਰ ਖਾਲੜਾ ਨੇ 1984 ਤੋਂ ਬਾਅਦ ਪੁਲਿਸ ਵੱਲੋਂ 'ਗੁੰਮ' ਕੀਤੇ ਗਏ ਸਿੱਖ ਨੌਜਵਾਨਾਂ ਦਾ ਮੁੱਦਾ ਜ਼ੋਰ ਸ਼ੋਰ ਨਾਲ ਚੁੱਕਿਆ।

ਇਹ ਵੀ ਪੜ੍ਹੋ:

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।