Results 2019: ਚੋਣ ਦੰਗਲ 'ਚ ਉਤਰੇ ਫ਼ਿਲਮੀ ਸਿਤਾਰਿਆਂ ਦੀ ਕੀ ਰਹੀ ਸਥਿਤੀ

ਹੇਮਾ ਮਾਲਿਨੀ Image copyright FACEBOOK/@DREAMGIRLHEMAMALINI

2019 ਦੀਆਂ ਲੋਕ ਸਭਾ ਚੋਣਾਂ 'ਚ ਜਿੱਥੇ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਸਿਆਸੀ ਆਗੂਆਂ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਉੱਥੇ ਹੀ ਆਮ ਜਨਤਾ ਜਾਂ ਕਹਿ ਲਈਏ ਕਿ ਵੋਟਰਾਂ ਨੂੰ ਆਪਣੇ ਹੱਕ 'ਚ ਕਰਨ ਲਈ ਪਾਰਟੀਆਂ ਵੱਲੋਂ ਨਾਲ ਦੀ ਨਾਲ ਫ਼ਿਲਮੀ ਸਿਤਾਰਿਆਂ ਨੂੰ ਵੀ ਚੋਣ ਦੰਗਲ ਦਾ ਹਿੱਸਾ ਬਣਾਇਆ ਗਿਆ।

ਕੁਝ ਫ਼ਿਲਮੀ ਸਿਤਾਰੇ ਤਾਂ ਪਹਿਲਾਂ ਹੀ ਕਿਸੇ ਨਾ ਕਿਸੇ ਪਾਰਟੀ ਨਾਲ ਜੁੜੇ ਹੋਏ ਸਨ, ਪਰ ਕਈਆਂ ਨੇ ਚੋਣਾਂ ਦੌਰਾਨ ਹੀ ਸਿਆਸੀ ਪਾਰਟੀਆਂ 'ਚ ਸ਼ਮੂਲੀਅਤ ਕੀਤੀ।

ਦੱਸਣਯੋਗ ਹੈ ਕਿ ਫ਼ਿਲਮੀ ਕਲਾਕਾਰਾਂ ਤੋਂ ਸਿਆਸੀ ਆਗੂ ਬਣਨ ਵਾਲੇ ਇੰਨ੍ਹਾਂ ਸਿਤਾਰਿਆਂ ਵੱਲੋਂ ਦਿੱਤੇ ਗਏ ਬਿਆਨ ਅਤੇ ਚੋਣ ਪ੍ਰਚਾਰ ਦਾ ਢੰਗ ਦੋਵੇਂ ਹੀ ਚਰਚਾ ਦਾ ਵਿਸ਼ਾ ਰਹੇ ਹਨ।

ਭਾਜਪਾ ਨੇ ਉੱਤਰ ਪ੍ਰਦੇਸ਼ ਦੀ ਮਥੁਰਾ ਸੀਟ ਤੋਂ ਹੇਮਾ ਮਾਲਿਨੀ ਨੂੰ ਇੱਕ ਵਾਰ ਫਿਰ ਚੋਣ ਦੰਗਲ 'ਚ ਉਤਾਰਿਆ ਗਿਆ।

ਦੱਸਣਯੋਗ ਹੈ ਕਿ ਉਨ੍ਹਾਂ ਨੇ ਪਿਛਲੀਆਂ ਚੋਣਾਂ 'ਚ ਵੀ ਜਿੱਤ ਦਰਜ ਕੀਤੀ ਸੀ। ਇਸ ਵਾਰ ਵੀ ਉਹ ਜਿੱਤ ਦਰਜ ਕਰ ਰੇਹ ਹਨ।

ਇਹ ਵੀ ਪੜ੍ਹੋ:

Image copyright @RAVIKISHANN
ਫੋਟੋ ਕੈਪਸ਼ਨ ਰਵੀਕਿਸ਼ਨ ਗੋਰਖਪੁਰ ਸੀਟ ਤੋਂ ਭਾਜਪਾ ਉਮੀਦਵਾਰ ਸਨ

ਰਵੀ ਕਿਸ਼ਨ

ਚੋਣਾਂ ਤੋਂ ਕੁਝ ਦਿਨ ਪਹਿਲਾਂ ਹੀ ਭਾਜਪਾ ਨੇ ਭੋਜਪੁਰੀ ਫ਼ਿਲਮਾਂ ਦੇ ਅਦਾਕਾਰ ਰਵੀ ਕਿਸ਼ਨ ਨੂੰ ਗੋਰਖਪੁਰ ਸੀਟ ਤੋਂ ਟਿਕਟ ਦਿੱਤੀ ਸੀ।

ਰਵੀ ਕਿਸ਼ਨ ਦਾ ਮੁਕਾਬਲਾ ਸਮਾਜਵਾਦੀ ਪਾਰਟੀ ਦੇ ਉਮੀਦਵਾਰ ਰਾਮਭੁਆਲ ਨਿਸ਼ਾਦ ਅਤੇ ਕਾਂਗਰਸ ਦੇ ਮਧੂਸੂਦਨ ਤ੍ਰਿਪਾਠੀ ਨਾਲ ਸੀ। ਉਹ ਕਰੀਬ ਤਿੰਨ ਲੱਖ ਵੋਟਾਂ ਨਾਲ ਚੋਣ ਜਿੱਤ ਗਏ ਹਨ।

ਆਜ਼ਮਗੜ੍ਹ 'ਚ ਭਾਜਪਾ ਨੇ ਭੋਜਪੁਰੀ ਸਟਾਰ ਕਲਾਕਾਰ ਦਿਨੇਸ਼ ਯਾਦਵ ਉਰਫ਼ ਨਿਰਹੂਆ ਨੂੰ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਦੇ ਮੁਕਾਬਲੇ ਖੜ੍ਹਾ ਕੀਤਾ ਸੀ।

ਭਾਵੇਂ ਕਿ ਨਿਰਹੂਆ ਦੀ ਭੋਜਪੁਰੀ ਸਿਨੇਮਾ 'ਤੇ ਮਜ਼ਬੂਤ ਪਕੜ ਹੈ ਪਰ ਸਿਆਸਤ 'ਚ ਅਖਿਲੇਸ਼ ਨੇ ਬਾਜ਼ੀ ਮਾਰ ਲਈ ਹੈ।

Image copyright Getty Images

ਬਾਲੀਵੁੱਡ ਅਦਾਕਾਰ ਸੰਨੀ ਦਿਓਲ ਜੋ ਕਿ ਭਾਜਪਾ ਵੱਲੋਂ ਗੁਰਦਾਸਪੁਰ ਸੀਟ ਤੋਂ ਚੋਣ ਮੈਦਾਨ 'ਚ ਉਤਰੇ ਸਨ ਅਤੇ ਜਿੱਤ ਗਏ ਹਨ।

ਸੰਨੀ ਦਿਓਲ ਦੇ ਖਿਲਾਫ ਕਾਂਗਰਸ ਦੇ ਮੌਜੂਦਾ ਐਮਪੀ ਸੁਨੀਲ ਜਾਖੜ ਸਨ।

ਦਿੱਲੀ ਦੀ ਉੱਤਰ ਪੱਛਮੀ ਸੀਟ ਤੋਂ ਗਾਇਕ ਹੰਸ ਰਾਜ ਹੰਸ ਭਾਜਪਾ ਵੱਲੋਂ ਜਿੱਤੇ ਹਨ। ਪਹਿਲਾਂ ਇਸ ਸੀਟ ਤੋਂ ਭਾਜਪਾ ਦੇ ਉਦਿਤ ਰਾਜ ਸੰਸਦ ਮੈਂਬਰ ਸਨ।

ਮਨੋਜ ਤਿਵਾਰੀ ਦੀ ਜਿੱਤ ਦਰਜ

ਭੋਜਪੁਰੀ ਫ਼ਿਲਮਾਂ ਦੇ ਮਸ਼ਹੂਰ ਅਦਾਕਾਰ ਮਨੋਜ ਤਿਵਾਰੀ 2014 'ਚ ਭਾਜਪਾ 'ਚ ਸ਼ਾਮਿਲ ਹੋਏ ਸਨ। ਉਸ ਸਮੇਂ ਉਨ੍ਹਾਂ ਨੇ ਉੱਤਰ ਪੂਰਬੀ ਦਿੱਲੀ ਤੋਂ ਭਾਜਪਾ ਵੱਲੋਂ ਚੋਣ ਲੜੀ ਸੀ ਅਤੇ ਜਿੱਤ ਵੀ ਦਰਜ ਕੀਤੀ ਸੀ। 2019 ਦੀਆਂ ਚੋਣਾਂ 'ਚ ਵੀ ਉਹ ਜਿੱਤ ਦੀ ਰਾਹ 'ਤੇ ਅੱਗੇ ਵੱਧ ਰਹੇ ਹਨ।

Image copyright AFP

ਸਮਾਜਵਾਦੀ ਪਾਰਟੀ ਨੂੰ ਛੱਡ ਭਾਜਪਾ ਦੀ ਬਾਂਹ ਫੜ੍ਹਨ ਵਾਲੀ ਅਦਾਕਾਰਾ ਜਯਾ ਪ੍ਰਦਾ ਰਾਮਪੁਰ 'ਚ ਆਜ਼ਮ ਖ਼ਾਨ ਦੇ ਖ਼ਿਲਾਫ ਚੋਣ ਮੈਦਾਨ 'ਚ ਸਨ।

ਆਜ਼ਮ ਖਾਨ ਉਨ੍ਹਾਂ ਤੋਂ 1 ਲੱਖ 10 ਹਜ਼ਾਰ ਵੋਟਾਂ ਤੋਂ ਅੱਗੇ ਹਨ।

ਗਾਇਕ ਅਤੇ ਅਦਾਕਾਰ ਬਾਬੁਲ ਸੁਪਰਿਓ 2014 'ਚ ਭਾਜਪਾ 'ਚ ਸ਼ਾਮਿਲ ਹੋਏ ਸਨ ਅਤੇ ਪੱਛਮੀ ਬੰਗਾਲ ਦੀ ਆਸਨਸੋਲ ਸੀਟ ਤੋਂ ਲੋਕ ਸਭਾ ਚੋਣਾਂ ਜਿੱਤ ਕੇ ਸੰਸਦ 'ਚ ਪਹੁੰਚੇ ਸਨ।

ਇਸ ਵਾਰ ਵੀ ਉਹ ਜਿੱਤ ਦਰਜ ਕਰਦੇ ਵਿਖਾਈ ਦੇ ਰਹੇ ਹਨ। ਉਨ੍ਹਾਂ ਦਾ ਮੁਕਾਬਲਾ ਟੀ.ਐਮ.ਸੀ. ਦੀ ਮੁਨਮੁਨ ਸੇਨ ਨਾਲ ਹੈ।

ਚੋਣਾਂ ਦੀ ਗਰਮਾ ਗਰਮੀ ਤੋਂ ਕੁੱਝ ਦਿਨ ਪਹਿਲਾਂ ਹੀ ਕਾਂਗਰਸ ਨੇ ਫਿਲਮੀ ਅਭਿਨੇਤਰੀ ਉਰਮਿਲਾ ਮਾਤੋਂਡਕਰ ਨੂੰ ਉੱਤਰੀ ਮੁੰਬਈ ਦੀ ਸੀਟ ਤੋਂ ਚੋਣ ਮੈਦਾਨ 'ਚ ਉਤਾਰਿਆ ਸੀ।

Image copyright INSTAGRAM/URMILAMATONDKAROFFICIAL

ਜ਼ਿਕਰਯੋਗ ਹੈ ਕਿ ਚੋਣ ਪ੍ਰਚਾਰ ਦੌਰਾਨ ਉਹ ਆਪਣੇ ਕੁੱਝ ਬਿਆਨਾਂ ਕਾਰਨ ਵਿਵਾਦਾਂ 'ਚ ਵੀ ਘਿਰੀ ਰਹੀ ਸੀ।

ਭਾਵੇਂ ਕਿ ਬਤੌਰ ਅਦਾਕਾਰਾ ਉਨ੍ਹਾਂ ਦੀ ਆਮ ਲੋਕਾਂ 'ਚ ਵਧੀਆ ਦਿੱਖ ਹੈ ਪਰ ਸਿਆਸਤ 'ਚ ਉਨ੍ਹਾਂ ਨੂੰ ਕਾਮਯਾਬੀ ਨਾ ਮਿਲਦੀ ਨਜ਼ਰ ਆ ਰਹੀ ਹੈ। ਹੁਣ ਤੱਕ ਆਏ ਰੁਝਾਨਾਂ ਤਹਿਤ ਉਹ ਸਾਢੇ ਚਾਰ ਲੱਖ ਵੋਟਾਂ ਨਾਲ ਪਿੱਛੇ ਚੱਲ ਰਹੀ ਹੈ।

ਸ਼ਤਰੂਘਨ ਸਿਨਹਾ ਰਹਿ ਗਏ ਪਿੱਛੇ

ਭਾਜਪਾ ਤੋਂ ਕਾਂਗਰਸ 'ਚ ਆਏ ਫ਼ਿਲਮੀ ਅਦਾਕਾਰ ਸ਼ਤਰੂਘਨ ਸਿਨਹਾ ਇਸ ਵਾਰ ਪਟਨਾ ਸਾਹਿਬ ਸੀਟ ਤੋਂ ਚੋਣ ਮੈਦਾਨ 'ਚ ਹਨ।

ਦੱਸਣਯੋਗ ਹੈ ਕਿ ਪਿਛਲੀਆਂ ਲੋਕ ਸਭਾ ਚੋਣਾਂ 'ਚ ਸਿਨਹਾ ਨੇ ਭਾਜਪਾ ਦੀ ਸੀਟ ਤੋਂ ਇੱਥੋਂ ਜਿੱਤ ਦਰਜ ਕੀਤੀ ਸੀ ਪਰ ਇਸ ਵਾਰ ਟਿਕਟ ਨਾ ਮਿਲਣ ਕਰਕੇ ਉਹ ਕਾਂਗਰਸ 'ਚ ਸ਼ਾਮਿਲ ਹੋ ਗਏ ਸਨ।

ਆਏ ਰੁਝਾਨਾਂ 'ਤੇ ਝਾਤ ਮਾਰੀਏ ਤਾਂ ਸਿਨਹਾ ਹਾਰ ਵੱਲ ਜਾਂਦੇ ਵਿਖਾਈ ਦੇ ਰਹੇ ਹਨ। ਇਸ ਸੀਟ ਤੋਂ ਭਾਜਪਾ ਦੇ ਉਮੀਦਵਾਰ ਰਵੀਸ਼ੰਕਰ ਪ੍ਰਸਾਦ ਅੱਗੇ ਹਨ।

ਧਿਆਨ ਦੇਣ ਯੋਗ ਹੈ ਕਿ ਇਹ ਸਾਰੇ ਅੰਕੜੇ ਹੁਣ ਤੱਕ ਆਏ ਰੁਝਾਨਾਂ ਦੇ ਆਧਾਰ 'ਤੇ ਹਨ ਅਤੇ ਇੰਨ੍ਹਾਂ 'ਚ ਅੰਤਿਮ ਨਤੀਜੇ ਐਲਾਨੇ ਜਾਣ ਤੱਕ ਬਦਲਾਵ ਹੋ ਸਕਦਾ ਹੈ।

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)