Result 2019: ਪੰਜਾਬ 'ਚ ਕਾਂਗਰਸ ਨੇ ਮੋਦੀ ਨੂੰ ਕਿਵੇਂ ਰੋਕਿਆ

ਪ੍ਰਿਅੰਕਾ ਗਾਂਧੀ Image copyright Getty Images

ਲੋਕ ਸਭਾ ਚੋਣਾਂ 2019 ਦੇ ਨਤੀਜਿਆਂ ਵਿੱਚ ਭਾਜਪਾ ਬਹੁਮਤ ਨਾਲ ਜਿੱਤੀ ਹੈ। ਜਿੱਤ ਤੋਂ ਬਾਅਦ ਮੋਦੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਭਾਰਤ ਦੀ ਜਨਤਾ ਨੇ ਭਾਰਤ ਲਈ ਵੋਟ ਕੀਤਾ ਹੈ।

ਇਸ ਜਿੱਤ ਦੇ ਅਸਲ ਕਾਰਨ ਤੇ ਖਾਸ ਕਰ ਕੇ ਪੰਜਾਬ ਦੀ ਸਿਆਸਤ ਬਾਰੇ ਬੀਬੀਸੀ ਨੇ ਸੀਨੀਅਰ ਪੱਤਰਕਾਰਾਂ ਸਰਬਜੀਤ ਪੰਧੇਰ, ਜਤਿੰਦਰ ਤੂਰ ਅਤੇ ਜਗਤਾਰ ਸਿੰਘ ਨਾਲ ਗੱਲਬਾਤ ਕੀਤੀ।

ਸਰਬਜੀਤ ਨੇ ਨਤੀਜਿਆਂ ਸਬੰਧੀ ਗੱਲ ਕਰਦਿਆਂ ਕਿਹਾ ਕਿ ਕਾਂਗਰਸ ਦੀਆਂ ਸੀਟਾਂ ਬਾਰੇ ਪਹਿਲਾਂ ਹੀ ਅੰਦਾਜ਼ਾ ਲੱਗ ਰਿਹਾ ਸੀ ਪਰ ਅਕਾਲੀ ਦਲ ਅਤੇ ਭਾਜਪਾ ਦਾ ਬਹੁਮਤ ਹੈਰਾਨ ਕਰਨ ਵਾਲਾ ਹੈ।

ਅਕਾਲੀ ਦਲ ਨੂੰ ਭਾਜਪਾ ਦਾ ਸਹਾਰਾ

ਜਗਤਾਰ ਸਿੰਘ ਨੇ ਅਕਾਲੀ ਦਲ ਨੂੰ 'ਹਾਊਸ ਆਫ਼ ਬਾਦਲ' ਦੇ ਨਾਂਅ ਨਾਲ ਪੁਕਾਰਦਿਆਂ ਕਿਹਾ ਕਿ ਇਸ ਵਾਰ ਦੀ ਅਸਲ ਚੋਣ ਜੰਗ ਕਾਂਗਰਸ ਅਤੇ ਬਾਦਲ ਪਾਰਟੀ ਦਰਮਿਆਨ ਸੀ।

ਉਨ੍ਹਾਂ ਅੱਗੇ ਕਿਹਾ ਕਿ ਪੰਜਾਬ 'ਚ ਮੁੱਖ ਪਾਰਟੀ ਅਕਾਲੀ ਦਲ ਨੂੰ ਭਾਜਪਾ ਨੇ ਇੱਕ ਸਹਿਯੋਗੀ/ ਜੂਨੀਅਰ ਪਾਰਟੀ ਵੱਜੋਂ ਪੇਸ਼ ਕੀਤਾ। ਜਦਕਿ ਅਕਾਲੀ ਦਲ ਦੀ ਪੰਜਾਬ ਦੇ ਇਤਿਹਾਸ 'ਚ ਬਹੁਤ ਅਹਿਮ ਭੁਮਿਕਾ ਹੈ।

ਇਹ ਵੀ ਪੜ੍ਹੋ:

ਉਨ੍ਹਾਂ ਕਿਹਾ, ''ਪੰਜਾਬ 'ਚ ਨੰ. 1 ਪਾਰਟੀ ਤਾਂ ਅਕਾਲੀ ਦਲ ਸੀ, ਭਾਜਪਾ ਦੀ ਤਾਂ ਇੱਥੇ ਕੋਈ ਹੋਂਦ ਵੀ ਨਹੀਂ ਸੀ। ਪੰਜਾਬ 'ਚ ਤਾਂ ਭਾਜਪਾ ਕੋਲ ਕੋਈ ਮਜ਼ਬੂਤ ਉਮੀਦਵਾਰ ਵੀ ਨਹੀਂ ਸੀ।''

ਮੋਦੀ ਸਹਾਰੇ ਅਕਾਲੀ ਦਲ ਨੇ ਵੋਟ ਮੰਗੀ

''ਇੰਨ੍ਹਾਂ ਨੇ ਤਾਂ ਪੰਜਾਬ 'ਚ ਮੋਦੀ ਦੇ ਨਾਂਅ 'ਤੇ ਚੋਣ ਲੜ੍ਹੀ ਹੈ। 2017 ਤੋਂ ਬਾਅਦ ਅਕਾਲੀ ਦਲ ਦਾ ਵਕਾਰ ਹੇਠਾਂ ਹੀ ਗਿਆ ਹੈ।''

ਇਸੇ ਮੁੱਦੇ 'ਤੇ ਸਰਬਜੀਤ ਪੰਧੇਰ ਨੇ ਕਿਹਾ ਕਿ ਅਕਾਲੀ ਦਲ ਦੇਸ ਦੀ ਦੂਜੀ ਸਭ ਤੋਂ ਪੁਰਾਣੀ ਸਿਆਸੀ ਪਾਰਟੀ ਹੈ ਪਰ ਫਿਰ ਵੀ ਇੰਨ੍ਹਾਂ ਨੇ ਕਿਸੇ ਦੂਜੀ ਪਾਰਟੀ ਦੇ ਮੋਢੇ ਦਾ ਸਹਾਰਾ ਲੈ ਕੇ ਚੋਣ ਲੜ੍ਹੀ ਹੈ।

ਉਨ੍ਹਾਂ ਅੱਗੇ ਕਿਹਾ ਕਿ ਮੋਦੀ ਨੂੰ ਘੱਟ ਗਿਣਤੀ ਦੇ ਵਿਰੋਧੀ ਮੰਨਿਆ ਜਾਂਦਾ ਹੈ ਪਰ ਪੰਜਾਬ 'ਚ ਮੋਦੀ ਨੂੰ ਅੱਗੇ ਰੱਖ ਕੇ ਵੋਟਾਂ ਦੀ ਮੰਗ ਕੀਤੀ ਗਈ ਹੈ।

''ਪੰਜਾਬ ਘੱਟ ਗਿਣਤੀ ਤਬਕੇ ਦੀ ਰਹਿਨੁਮਾਈ ਕਰਦਾ ਸੂਬਾ ਹੈ। ਇਸ ਲਈ ਅਜਿਹੀ ਸਥਿਤੀ ਦਾ ਪੈਦਾ ਹੋਣਾ ਜ਼ਰੂਰੀ ਹੀ ਸੀ।''

Image copyright NARINDER NANU/AFP/Getty Images

“ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਮੇਂ-ਸਮੇਂ 'ਤੇ ਕਈ ਮੁੱਦਿਆਂ 'ਤੇ ਮੋਦੀ ਨੂੰ ਟੱਕਰ ਦਿੱਤੀ ਗਈ। ਇਸ ਰੱਵਈਏ ਦਾ ਫਾਇਦਾ ਉਸ ਨੂੰ ਇੰਨ੍ਹਾਂ ਲੋਕ ਸਭਾ ਚੋਣਾਂ 'ਚ ਹੋਇਆ ਹੈ।”

ਨੌਜਵਾਨਾਂ ਨੂੰ ਆਪਣੇ ਹੱਕ 'ਚ ਕਰਨ ਦੇ ਮੋਦੀ ਦੇ ਏਜੰਡੇ ਦੀ ਲੀਹ 'ਤੇ ਕੀ ਕੈਪਟਨ ਨੇ ਪੰਜਾਬ 'ਚ ਖੇਡ ਖੇਡੀ?

ਇਸ ਸਵਾਲ ਦੇ ਜਵਾਬ 'ਚ ਜਤਿੰਦਰ ਤੂਰ ਨੇ ਕਿਹਾ ਕਿ ਮੋਦੀ ਨੇ ਪਿਛਲੇ ਪੰਜ ਸਾਲਾਂ 'ਚ ਜਿੰਨ੍ਹਾਂ ਮੁੱਦਿਆਂ 'ਤੇ ਵੋਟਾਂ ਦੀ ਮੰਗ ਕੀਤੀ ਸੀ ਉਨ੍ਹਾਂ ਸਾਰੇ ਮੁੱਦਿਆਂ ਨੇ ਪੰਜਾਬ ਦੇ ਉਦਯੋਗਿਕ ਖਿੱਤੇ ਨੂੰ ਬਹੁਤ ਨੁਕਸਾਨ ਪਹੁੰਚਾਇਆ ਜਿਵੇਂ ਕਿ ਨੋਟਬੰਦੀ।

ਪੰਜਾਬ 'ਚ ਇਸੇ ਵਿਰੋਧ ਕਾਰਨ ਹੀ ਕਾਂਗਰਸ ਦੇ ਹੱਕ 'ਚ ਵੋਟਾਂ ਪਈਆਂ ਹਨ।

ਪੰਜਾਬ ਦੀ ਜਨਤਾ ਨੇ ਬੇਅਦਬੀ ਦੇ ਮੁੱਦੇ ਨੂੰ ਧਿਆਨ 'ਚ ਰੱਖਦਿਆਂ ਵੋਟ ਕੀਤੀ?

ਇਸ ਸਵਾਲ ਦੇ ਜਵਾਬ 'ਚ ਜਗਤਾਰ ਸਿੰਘ ਨੇ ਕਿਹਾ ਕਿ ਸਿੱਖਾਂ ਲਈ ਇਸ ਤੋਂ ਵੱਡਾ ਮੁੱਦਾ ਹੋਰ ਕੋਈ ਹੋ ਨਹੀਂ ਸਕਦਾ।

ਅਕਾਲੀ ਦਲ ਸਰਕਾਰ ਦੇ ਸੱਤਾ 'ਚ ਹੁੰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਨੂੰ ਨਿਆਂ ਦੇ ਘੇਰੇ 'ਚ ਨਾ ਲੈਣਾ ਵੱਡੇ ਰੋਸ ਦਾ ਮੁੱਦਾ ਬਣਿਆ ਰਿਹਾ।

ਇਸ ਦੇ ਨਾਲ ਹੀ ਸ਼ਾਂਤੀਪੂਰਨ ਢੰਗ ਨਾਲ ਰੋਸ ਪ੍ਰਦਰਸ਼ਨ ਕਰ ਰਹੇ ਸਿੱਖਾਂ 'ਤੇ ਗੋਲੀ ਚਲਾਉਣੀ ਵੀ ਆਮ ਜਨਤਾ 'ਚ ਅਕਾਲੀ ਦਲ ਦੇ ਖ਼ਿਲਾਫ ਗੁੱਸੇ ਦਾ ਮੁੱਦਾ ਰਿਹਾ।

ਇਹ ਵੀ ਪੜ੍ਹੋ:

ਧਰਮ ਦੇ ਨਾਂਅ 'ਤੇ ਹੋ ਰਹੀ ਪੰਜਾਬ ਦੀ ਰਾਜਨੀਤੀ 'ਤੇ ਪੰਧੇਰ ਨੇ ਕਿਹਾ ਕਿ ਧਰਮ ਦੀ ਸਿਆਸਤ ਸਿਰਫ ਬਿਆਨਬਾਜ਼ੀ ਤੱਕ ਹੀ ਸੀਮਤ ਹੁੰਦੀ ਹੈ। ਅਸਲ ਸਿਆਸਤ 'ਚ ਪੰਜਾਬ ਦੇ ਕਿਸਾਨ ਦੇ ਮੁੱਦੇ ਸਾਹਮਣੇ ਆਉਂਦੇ ਹਨ।

''ਹਰੀ ਕ੍ਰਾਂਤੀ ਦੇ ਸਮੇਂ ਤੋਂ ਹੀ ਪੰਜਾਬ ਦੇ ਕਿਸਾਨ ਨੇ ਆਪਣੇ ਮੁੱਦਿਆਂ ਦੇ ਆਧਾਰ 'ਤੇ ਵੋਟਾਂ ਪਾਈਆਂ ਹਨ। ਧਰਮ ਦੀ ਸਿਆਸਤ ਤਾਂ ਸਿਰਫ ਇੱਕ ਛੋਟੀ ਜਿਹੀ ਗੱਲ ਹੈ।''

''ਸੱਤਾ 'ਚ ਆਈਆਂ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਕਾਰਜਕਾਲ ਦੌਰਾਨ ਆਮ ਜਨਤਾ ਦੇ ਹੱਕ 'ਚ ਕੰਮ ਕਰਨ ਪਰ ਹੁੰਦਾ ਇਸ ਤੋਂ ਉਲਟ ਹੈ।''

ਜਗਤਾਰ ਨੇ ਕਿਹਾ ਕਿ ਪੰਜਾਬ ਦੀ ਸਿਆਸਤ ਕੁੱਝ ਵੱਖਰੀ ਹੈ। ਇੱਥੇ ਧਰਮ ਦੀ ਸਿਆਸਤ ਅਤੇ ਦੂਜੀ ਵੋਟਰਾਂ ਦੇ ਅਹਿਮ ਮੁੱਦਿਆਂ ਨੂੰ ਲੈ ਕੇ ਕੀਤੀ ਜਾਂਦੀ ਸਿਆਸਤ ਹੈ।

ਧਰਮ ਦੇ ਨਾਂਅ 'ਤੇ ਕਦੇ ਵਧੇਰੇ ਵੋਟਾਂ ਨਹੀਂ ਪੈਂਦੀਆਂ ਹਨ, ਜੇਕਰ ਅਜਿਹਾ ਹੁੰਦਾ ਤਾਂ ਅਕਾਲੀ ਦਲ ਨੂੰ ਬਿਲਕੁਲ ਵੀ ਵੋਟ ਨਹੀਂ ਸੀ ਪੈਣੀ।

ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਖ਼ਤਮ ਹੁੰਦੀ ਹੋਂਦ ਦੇ ਮੁੱਦੇ 'ਤੇ ਪੰਧੇਰ ਨੇ ਕਿਹਾ ਕਿ ਉਨ੍ਹਾਂ ਨੇ ਮਜ਼ਬੂਤ ਵਿਚਾਰਧਾਰਾ ਨੂੰ ਜਾਰੀ ਨਹੀਂ ਰੱਖਿਆ।

ਕੇਜਰੀਵਾਲ ਨੇ ਆਪਣੇ ਪੈਰਾਂ 'ਤੇ ਆਪ ਕੁਲਹਾੜੀ ਮਾਰੀ ਹੈ, ਜਿਸ ਕਰਕੇ ਝਾੜੂ ਦਾ ਤਿੱਲਾ ਤਿੱਲਾ ਹੋ ਗਿਆ।

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)