Result 2019: ਮੋਦੀ-ਭਾਜਪਾ ਜਿੱਤ: 'ਪ੍ਰੱਗਿਆ ਦੀ ਜਿੱਤ ਦਾ ਜਸ਼ਨ ਅਜਿਹਾ ਜ਼ਹਿਰ ਜੋ ਮੁੜ ਬੋਤਲ 'ਚ ਨਹੀਂ ਪੈਣਾ' : ਨਜ਼ਰੀਆ

ਨਰਿੰਦਰ ਮੋਦੀ
ਫੋਟੋ ਕੈਪਸ਼ਨ ਲੋਕਾਂ ਦੇ ਫਤਵੇ ਦੀ ਵਿਆਖਿਆ ਨਰਿੰਦਰ ਮੋਦੀ

ਲੋਕਾਂ ਦੇ ਇਸ ਫਤਵੇ ਦੀ ਇੱਕੋ ਹੀ ਵਿਆਖਿਆ ਹੈ ਅਤੇ ਉਹ ਦੋ ਸ਼ਬਦ ਹਨ - ਨਰਿੰਦਰ ਮੋਦੀ। ਇਹ ਜਿੱਤ ਨਰਿੰਦਰ ਮੋਦੀ ਦੀ ਹੈ।

ਲੋਕਾਂ ਦੀ ਜਿਸ ਤਰ੍ਹਾਂ ਦੀ ਆਸਥਾ ਉਨ੍ਹਾਂ ਵਿੱਚ ਉੱਭਰੀ ਹੈ, ਉਹ ਅਣਚਿਤਵੀ ਹੈ। ਭਾਰਤ ਦੀ ਆਜ਼ਾਦੀ ਤੋਂ ਬਾਅਦ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਵਿਅਕਤੀ ਦਾ ਹਿੰਦੂ ਸਮਾਜ 'ਤੇ ਇੰਨਾ ਜ਼ੋਰਦਾਰ ਰੋਹਬ ਅਤੇ ਪਕੜ ਸਿਆਸੀ ਦ੍ਰਿਸ਼ਟੀ ਤੋਂ ਬਣ ਗਈ ਹੈ।

ਅਜਿਹਾ ਨਾ ਜਵਾਹਰ ਲਾਲ ਨਹਿਰੂ ਦੇ ਜ਼ਮਾਨੇ 'ਚ ਸੀ ਅਤੇ ਨਾ ਹੀ ਇੰਦਰਾ ਗਾਂਧੀ ਜੇ ਜ਼ਮਾਨੇ 'ਚ।

ਜੇਕਰ ਇਸ ਨੂੰ ਵੱਡੇ ਸਮੀਕਰਨ 'ਚ ਦੇਖੀਏ ਤਾਂ ਲਗਭਗ 50 ਫੀਸਦ ਵੋਟ ਸ਼ੇਅਰ, ਸਾਰੀਆਂ ਸੰਸਥਾਵਾਂ ਭਾਜਪਾ ਦੇ ਹੱਥ ਵਿੱਚ ਹੋ ਜਾਣਗੀਆਂ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
'ਲੋਕਾਂ ਦੇ ਇਸ ਫਤਵੇ ਦੀ ਇੱਕੋ ਹੀ ਵਿਆਖਿਆ ਹੈ ਅਤੇ ਉਹ ਦੋ ਸ਼ਬਦ ਹਨ - ਨਰਿੰਦਰ ਮੋਦੀ'

ਜੇਕਰ ਕਰਨਾਟਕ ਅਤੇ ਮੱਧ ਪ੍ਰਦੇਸ਼ ਦੀ ਸਰਕਾਰ ਡਿੱਗ ਗਈ ਤਾਂ ਰਾਜ ਸਭਾ ਦੀ ਗਿਣਤੀ 'ਚ ਬਦਲਾਅ ਹੋਵੇਗਾ।

ਇਨ੍ਹਾਂ ਦੇ ਕੋਲ ਸਿਵਿਲ ਸੁਸਾਇਟੀ ਦਾ ਜੋ ਸੰਗਠਨ ਹੈ, ਆਰਐੱਸਐੱਸ ਅਤੇ ਜੋ ਸਾਰੀਆਂ ਦੂਜੀਆਂ ਸੰਸਥਾਵਾਂ ਹਨ, ਉਹ ਆਪਣੀ ਤਰ੍ਹਾਂ ਦੀ ਸੱਭਿਆਚਾਰਕ ਚੇਤਨਾ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ।

ਭਾਰਤ ਦੀ ਰਾਜਨੀਤੀ 'ਚ ਇਹ ਮੌਕਾ ਬਿਲਕੁਲ ਅਣਚਿਤਵਿਆ ਹੈ। ਹੁਣ ਜੇਕਰ ਇਹ ਪੁੱਛੀਏ ਕਿ ਅਜਿਹਾ ਕਿਉਂ ਹੋਇਆ ਤਾਂ ਇਸ ਦੇ ਕਈ ਕਾਰਨ ਦੱਸੇ ਜਾ ਸਕਦੇ ਹਨ। ਜਦੋਂ ਹਾਰ ਹੁੰਦੀ ਹੈ ਤਾਂ ਕਈ ਤਰ੍ਹਾਂ ਦੀਆਂ ਕਿਆਸਰਾਈਆਂ ਲਗਾਈਆਂ ਜਾ ਸਕਦੀਆਂ ਹਨ।

ਇਹ ਜ਼ਰੂਰ ਹੈ ਵਿਰੋਧੀ ਧਿਰ ਕਮਜ਼ੋਰ ਸੀ, ਹਰ ਪਾਸਿਓਂ ਕਮਜ਼ੋਰ ਸੀ। ਰਣਨੀਤੀ 'ਚ ਕਮਜ਼ੋਰ ਸੀ।

ਇਹ ਵੀ ਪੜ੍ਹੋ-

Image copyright EPA
ਫੋਟੋ ਕੈਪਸ਼ਨ ਪੁਰਾਣੀ ਵਿਵਸਥਾ ਨਹਿਰੂ-ਗਾਂਧੀ ਪਰਿਵਾਰ ਨਾਲ ਜੁੜੀ ਹੋਈ ਸੀ, ਉਹ ਵਿਵਸਥਾ ਭ੍ਰਿਸ਼ਟ ਹੋ ਗਈ ਹੈ

ਵਿਰੋਧੀ ਧਿਰ ਕੌਮੀ ਪੱਧਰ 'ਤੇ ਗਠਜੋੜ ਨਹੀਂ ਕਰ ਸਕੀ, ਉਨ੍ਹਾਂ ਨੇ ਲੋਕਾਂ ਨੂੰ ਕੁਝ ਇਸ ਤਰ੍ਹਾਂ ਦਾ ਸੰਦੇਸ਼ ਦਿੱਤਾ ਕਿ ਇਨ੍ਹਾਂ ਵਿੱਚ ਕੋਈ ਸਿਆਸੀ ਦਲ ਅਜਿਹਾ ਨਹੀਂ ਹੈ ਜੋ ਆਪਣੇ ਹਿੱਤਾਂ ਤੋਂ ਉੱਠ ਕੇ ਸੋਚ ਸਕਦਾ ਹੋਵੇ, ਕੋਈ ਘੱਟੋ-ਘੱਟ ਸਾਂਝਾ ਪ੍ਰੋਗਰਾਮ ਵੀ ਨਹੀਂ ਬਣਾ ਸਕੇ।

ਜੇਕਰ ਤੁਸੀਂ ਦੇਖੋਂ ਤਾਂ ਪਿਛਲੇ 5-10 ਸਾਲ 'ਚ ਨਰਿੰਦਰ ਮੋਦੀ ਦੇ ਚੋਣ ਪ੍ਰਚਾਰ ਦਾ ਥੀਮ ਇਹ ਰਿਹਾ ਹੈ ਕਿ ਭਾਰਤ ਇੱਕ ਪੁਰਾਣੀ ਵਿਵਸਥਾ ਸੀ। ਉਹ ਪੁਰਾਣੀ ਵਿਵਸਥਾ ਨਹਿਰੂ-ਗਾਂਧੀ ਪਰਿਵਾਰ ਨਾਲ ਜੁੜੀ ਹੋਈ ਸੀ, ਉਹ ਵਿਵਸਥਾ ਭ੍ਰਿਸ਼ਟ ਹੋ ਗਈ ਹੈ।

ਇਸ ਵਿਵਸਥਾ ਨੇ ਭਾਰਤ ਨੂੰ ਗਰੀਬ ਰੱਖਿਆ। 2014 'ਚ ਇਹ ਵਿਆਖਿਆ ਨਰਿੰਦਰ ਮੋਦੀ ਦੇ ਬੜੇ ਕੰਮ ਆਈ। ਉਸ ਵੇਲੇ ਸੱਤਾ ਵਿਰੋਧੀ (ਐਂਟੀ ਇਨਕੰਬੈਸੀ) ਵੋਟ ਸਨ।

ਮੋਦੀ ਨੇ ਮਾਰੀ ਪੁਰਾਣੀ ਵਿਵਸਥਾ 'ਤੇ ਸੱਟ

ਫਿਰ ਵੀ ਕੀ ਪਿਛਲੇ 5 ਸਾਲ 'ਚ ਜੇਕਰ ਕਾਂਗਰਸ ਦਾ ਵਿਸ਼ਲੇਸ਼ਣ ਕਰੀਏ ਤਾਂ ਪ੍ਰਿਅੰਕਾ ਗਾਂਧੀ ਨੂੰ ਰਾਜਨੀਤੀ 'ਚ ਲਿਆਉਣ ਤੋਂ ਇਲਾਵਾ ਕਿਸੇ ਵੀ ਸੂਬੇ 'ਚ ਕਿਸੇ ਵੀ ਪੱਧਰ 'ਤੇ ਕਾਂਗਰਸ ਦੇ ਸੰਗਠਨ 'ਚ ਕੋਈ ਪਰਿਵਰਤਨ ਆਇਆ?

ਇੱਥੇ ਮੋਦੀ ਗੱਲ ਕਰ ਰਹੇ ਹਨ ਸਾਮੰਤਵਾਦੀ ਰਾਜਨੀਤੀ ਅਤੇ ਵੰਸ਼ਵਾਦੀ ਰਾਜਨੀਤੀ ਦੀ।

ਕਾਂਗਰਸ ਰਾਜਸਥਾਨ 'ਚ ਚੋਣਾਂ ਜਿੱਤਦੀ ਹੈ। (ਰਾਜਸਥਾਨ ਦੇ ਮੁੱਖ ਮੰਤਰੀ) ਅਸ਼ੋਕ ਗਹਿਲੋਤ ਪਹਿਲਾ ਕੰਮ ਕਰਦੇ ਹਨ ਜੋਧਪੁਰ 'ਚ ਟਿਕਟ ਦਿੰਦੇ ਹਨ (ਆਪਣੇ ਪੁੱਤਰ) ਵੈਭਵ ਗਹਿਲੋਤ ਨੂੰ।

ਮੱਧ ਦੇ ਪ੍ਰਦੇਸ਼ ਮੁੱਖ ਮੰਤਰੀ ਕਮਲ ਨਾਥ ਪਹਿਲਾ ਕੰਮ ਕਰਦੇ ਹਨ ਕਿ ਆਪਣੇ ਪੁੱਤਰ ਨੂੰ ਛਿੰਦਵਾੜਾ ਤੋਂ ਟਿਕਟ ਦਿੰਦੇ ਹਨ।

ਮੋਦੀ ਨੇ ਜੋ ਵਿਆਖਿਆ ਬਣਾ ਕੇ ਰੱਖੀ ਹੈ, ਉਸ ਮੁਤਾਬਕ ਇਹ ਇੱਕ ਪੁਰਾਣੀ ਵਿਵਸਥਾ ਹੈ ,ਜੋ ਇੰਨੀ ਕਮਜ਼ੋਰ ਅਤੇ ਪਰਿਵਾਰ 'ਤੇ ਨਿਰਭਰ ਹੋ ਗਈ ਹੈ ਕਿ ਉਸ ਵਿੱਚ ਤਾਂ ਕੋਈ ਦਮ ਨਹੀਂ ਬਚਿਆ।

ਜੇਕਰ ਇਹ ਸਵਾਲ ਕਰੀਏ ਕਿ ਇਹ ਜਿੱਤ ਕਿਸ ਵਿਚਾਰਧਾਰਾ ਦੀ ਜਿੱਤ ਹੈ ਤਾਂ ਇਹ ਬਹੁਗਿਣਤੀਵਾਦ ਦੀ ਜਿੱਤ ਹੈ। ਸੁਤੰਤਰਤਾ ਤੋਂ ਬਾਅਦ ਅੱਜ ਪਹਿਲੀ ਵਾਰ ਅਜਿਹਾ ਹੋ ਰਿਹਾ ਹੈ।

ਲੋਕ ਮੰਨਦੇ ਸਨ ਕਿ ਭਾਰਤੀ ਰਾਜਨੀਤੀ ਦਾ ਕੇਂਦਰ ਹਮੇਸ਼ਾ ਸੈਂਟ੍ਰਿਸਟ (ਮੱਧ ਮਾਰਗੀ) ਰਹੇਗਾ।

ਲੋਕ ਮਜ਼ਾਕ ਕਰਦੇ ਸਨ ਕਿ ਭਾਜਪਾ ਨੇ ਜੇਕਰ ਜਿੱਤਣਾ ਹੋਵੇਗਾ ਤਾਂ ਉਨ੍ਹਾਂ ਨੂੰ ਵੀ ਕਾਂਗਰਸ ਵਾਂਗ ਬਣਨਾ ਪਵੇਗਾ ਪਰ ਉਹ ਮੱਧ-ਮਾਰਗ ਅੱਜ ਖ਼ਤਮ ਹੋ ਗਿਆ ਹੈ।

ਪੁਰਾਣੇ ਸਮੀਕਰਨ ਹੋਏ ਅਸਫ਼ਲ

ਇਸ ਚੋਣਾਂ 'ਚ ਨਕਾਰਾਤਮਕ ਪ੍ਰਚਾਰ ਹੋਇਆ। ਅਲੀ-ਬਜਰੰਗ ਬਲੀ ਦੀ ਜੋ ਫਰੇਮਿੰਗ ਸੀ। ਪ੍ਰੱਗਿਆ ਠਾਕੁਰ ਵਰਗੇ ਉਮੀਦਵਾਰ ਨੂੰ ਲਿਆਂਦਾ ਗਿਆ। ਇਹ ਕਹਿ ਸਕਦੇ ਹਨ ਕਿ 2014 'ਚ ਨਵੀਂ ਗੱਲ ਸੀ।

Image copyright Reuters

ਆਰਥਿਕ ਵਿਕਾਸ ਦੀ ਗੱਲ ਸੀ। ਜਦਕਿ ਇਸ ਵਾਰ ਚੋਣ ਪ੍ਰਚਾਰ 'ਚ ਜੇਕਰ ਤੁਸੀਂ ਨਰਿੰਦਰ ਮੋਦੀ ਦੇ ਭਾਸ਼ਣਾਂ ਨੂੰ ਦੇਖੋ ਤਾਂ ਉਨ੍ਹਾਂ ਦੀ ਕਾਫੀ ਗੱਲਾਂ ਇਸੇ ਦਿਸ਼ਾ 'ਚ ਲੈ ਜਾਂਦੀਆਂ ਹਨ, ਜਾਂ ਤਾਂ ਪਰਿਵਾਰਵਾਦ ਦੇ ਖ਼ਿਲਾਫ਼ ਜਾਂ ਫਿਰ ਮਾਣ ਨਾਲ ਕਹੋ ਅਸੀਂ ਹਿੰਦੂ ਹਾਂ। ਤਾਂ ਸਾਨੂੰ ਇਸ ਨਤੀਜੇ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ ਹੈ ਕਿ ਇਹ ਬਹੁ-ਗਿਣਤੀਵਾਦ ਦੀ ਜਿੱਤ ਹੈ।

ਮੁੱਦਾ ਸਿਰਫ਼ ਭ੍ਰਿਸ਼ਟਾਚਾਰ ਦਾ ਨਹੀਂ ਹੈ, 3-4 ਚਾਰ ਵਿਸ਼ੇ ਹਨ। ਭਾਰਤ ਦੀ ਨਵੀਂ ਪੀੜ੍ਹੀ ਨੇ ਰਾਸ਼ਟਰ ਨਿਰਮਾਣ 'ਚ ਕਾਂਗਰਸ ਦਾ ਕੀ ਬਲੀਦਾਨ ਸੀ, ਇਹ ਨਹੀਂ ਦੇਖਿਆ ਹੈ।

ਉੱਤਰ ਭਾਰਤ 'ਚ ਰਾਜੀਵ ਗਾਂਧੀ ਤੋਂ ਬਾਅਦ ਕਾਂਗਰਸ ਦੀ ਜ਼ਬਰਦਸਤ ਖੋਰਾ ਲੱਗਣਾ ਸ਼ੁਰੂ ਹੋਇਆ। ਇਨ੍ਹਾਂ ਕੋਲ ਉੱਤਰ ਭਾਰਤ 'ਚ ਚੰਗੀ ਹਿੰਦੀ ਬੋਲਣ ਵਾਲਾ ਢੰਗ ਦਾ ਇੱਕ ਵੀ ਬੁਲਾਰਾ ਤੱਕ ਨਹੀਂ ਹੈ।

ਕਾਂਗਰਸ ਸਾਰੇ ਗੁਟਾਂ ਦਾ ਵਿਸ਼ਵਾਸ਼ ਗੁਆ ਬੈਠੀ ਹੈ। ਉੱਤਰ ਪ੍ਰਦੇਸ਼ 'ਚ ਦਲਿਤਾਂ ਅਤੇ ਮੁਸਲਮਾਨਾਂ ਦਾ ਵਿਸ਼ਵਾਸ ਗੁਆ ਬੈਠੀ ਹੈ।

ਸਵਾਲ ਇਹ ਹੈ ਕਿ ਕਾਂਗਰਸ ਨੇ ਅਜਿਹਾ ਕੀ ਕਰੇ ਕਿ ਉਨ੍ਹਾਂ ਵਰਗਾਂ ਨੂੰ ਇਹ ਵਿਸ਼ਵਾਸ ਦਿਵਾਇਆ ਸਕੇ ਕਿ ਤੁਸੀਂ ਸਾਡੇ ਨਾਲ ਜੁੜੋ। ਅਸੀਂ ਤੁਹਾਡੇ ਵਿਕਾਸ ਦੀ ਗੱਲ ਕਰਾਂਗੇ।

ਉਨ੍ਹਾਂ ਵਿੱਚ ਵੀ ਇੱਕ ਧਾਰਨਾ ਬਣ ਗਈ ਕਾਂਗਰਸ ਨੂੰ ਮੁਸਲਮਾਨਾਂ ਦਾ ਵੋਟ ਚਾਹੀਦਾ ਪਰ ਉਸ ਨੂੰ ਮੁਸਲਮਾਨਾਂ 'ਚ ਕੋਈ ਦਿਲਚਸਪੀ ਨਹੀਂ ਹੈ।

20-30 ਸਾਲ ਤੱਕ ਇਸ ਦਾ ਅੰਦਾਜ਼ਾ ਨਹੀਂ ਹੋਇਆ। ਕਾਰਨ ਇਹ ਹੈ ਕਿ ਉੱਤਰ ਭਾਰਤ 'ਚ ਮੰਡਲ ਕਮਿਸ਼ਨ ਤੋਂ ਬਾਅਦ ਹੀ ਮੰਡਲ ਤੇ ਕੰਮਡਲ ਦੀ ਰਾਜਨੀਤੀ ਸੀ।

ਇੱਕ ਪਾਸੇ ਹਿੰਦੁਤਵ ਦਾ ਧਰੁਵੀਕਰਨ ਅਤੇ ਉਸ ਨੂੰ ਤੋੜਣਗੀਆਂ ਜਾਤੀਆਂ ਵਾਲੀਆਂ ਪਾਰਟੀਆਂ।

ਨਰਿੰਦਰ ਮੋਦੀ ਨੇ ਅੱਜ ਇਹ ਸਿੱਧ ਕਰ ਦਿੱਤਾ ਹੈ ਕਿ ਹੁਣ ਇਹ ਜਾਤੀ ਅਤੇ ਸਮਾਜਿਕ ਸਮੀਕਰਨਾਂ ਨੂੰ ਭਾਰਤ 'ਚ ਸਫ਼ਲ ਬਣਾਉਣਾ ਮੁਸ਼ਕਿਲ ਹੈ।

ਦਲਿਤ ਵੋਟ ਵੀ ਅੱਜ ਵੰਡੀ ਗਈ ਹੈ। ਮਾਇਆਵਤੀ ਕੋਲ ਜ਼ਿਆਦਤਰ ਦਲਿਤ ਵੋਟ ਨਹੀਂ ਹਨ। ਕਾਂਗਰਸ ਅਤੇ ਬਾਕੀ ਦਲ ਹੁਣ ਵੀ ਪੁਰਾਣੇ ਸਮੀਕਰਨ 'ਚ ਫਸੇ ਹੋਏ ਹਨ।

ਇਸ ਸਮੀਕਰਨ ਨੂੰ ਮੋਦੀ 2014 'ਚ ਹੀ ਪਛਾੜ ਚੁੱਕੇ ਹਨ।

ਇੱਕ ਤਰ੍ਹਾਂ ਦਾ ਇਹ ਭਾਜਪਾ ਉਪਰੋਂ ਹਮਲਾਵਰ ਰਾਸ਼ਟਰਵਾਦ ਹੈ। ਮਰਦਵਾਦੀ ਰਾਸ਼ਟਰਵਾਦ ਹੈ ਪਰ ਇਹ ਵੀ ਸੱਚ ਹੈ ਕਿ ਮੋਦੀ ਨੇ ਕਿਹਾ ਹੈ ਕਿ ਉਹ ਔਰਤਾਂ ਦੇ ਮੁੱਦੇ ਨੂੰ ਚੁੱਕ ਰਹੇ ਹਨ। ਗੈਸ ਸਿੰਲਡਰ ਦੇ ਰਹੇ ਹਨ ਸਵੱਛ ਭਾਰਤ ਕਰ ਰਹੇ ਹਨ।

Image copyright AFP/Getty Images
ਫੋਟੋ ਕੈਪਸ਼ਨ ਮੋਦੀ ਗੈਸ ਸਿੰਲਡਰ ਦੇ ਰਹੇ ਹਨ ਸਵੱਛ ਭਾਰਤ ਕਰ ਰਹੇ ਹਨ

ਕੀ ਤੁਸੀਂ ਕਾਂਗਰਸ ਦਾ ਕੋਈ ਅਜਿਹਾ ਉਦਾਹਰਣ ਦੇ ਸਕਦੇ ਹੋ ਜਿੱਥੇ ਉਹ ਕਹਿ ਸਕਣ ਕਿ ਇਹ ਮੁੱਦਾ ਕੱਲ ਦਾ ਹੈ, ਅਸੀਂ ਇਸ ਨੂੰ ਲੈਕੇ ਚੱਲਾਂਗੇ?

ਕਾਂਗਰਸ ਦਾ ਚੋਣ ਮਨੋਰਥ ਪੱਤਰ ਬਹੁਤ ਚੰਗਾ ਸੀ ਪਰ ਚੋਣ ਮਨੋਰਥ ਪੱਤਰ ਤੁਸੀਂ ਚੋਣਾਂ ਤੋਂ ਦੋ ਮਹੀਨੇ ਪਹਿਲਾਂ ਜਾਰੀ ਕਰਦੇ ਹੋ।

ਭਾਰਤੀ ਵੋਟਰ ਮਜ਼ਬੂਤ ਸੁਪਰੀਮ ਕੋਰਟ ਅਤੇ ਮਜ਼ਬੂਤ ਚੋਣ ਕਮਿਸ਼ਨ ਦੇ ਮਹੱਤਵ ਨੂੰ ਸਮਝਦਾ ਹੈ ਪਰ ਜੇਕਰ ਅਜਿਹੀਆਂ ਸੰਸਥਾਵਾਂ ਮਜ਼ਬੂਤ ਨਹੀਂ ਹਨ ਤਾਂ ਇਨ੍ਹਾਂ ਦਾ ਦੋਸ਼ੀ ਕਿਸ ਨੂੰ ਠਹਿਰਾਇਆ ਜਾਵੇ?

ਲੋਕ ਇਸ ਲਈ ਨਰਿੰਦਰ ਮੋਦੀ ਨੂੰ ਦੋਸ਼ੀ ਨਹੀਂ ਠਹਿਰਾ ਰਹੇ ਹਨ। ਉਹ ਇਸ ਲਈ ਭਾਰਤ ਦੇ ਬੁੱਧੀਜੀਵੀ ਵਰਗ ਨੂੰ ਦੋਸ਼ੀ ਠਹਿਰਾ ਰਹੇ ਹਨ। ਉਹ ਮੰਨਦੇ ਹਨ ਕਿ ਉਹ ਵਰਗ ਇੰਨਾ ਵਿਕਾਊ ਹੋ ਗਿਆ ਹੈ ਕਿ ਉਸ ਨੂੰ ਖ਼ਤਮ ਕਰ ਸਕਦੇ ਹਨ।

ਦੋਸ਼ ਕਿਸਦਾ ਹੈ?

ਤੁਸੀਂ ਕਹਿ ਸਕਦੇ ਹੋ ਕਿ ਸਰਕਾਰ ਦਾ ਸੁਪਰੀਮ ਕੋਰਟ 'ਤੇ ਦਬਾਅ ਹੈ ਪਰ ਇਹ ਪ੍ਰਸ਼ਨ ਤਾਂ ਉਠਦਾ ਹੀ ਹੈ ਕਿ ਜਿਸ ਸੰਸਥਾ ਕੋਲ ਇੰਨੀਆਂ ਸ਼ਕਤੀਆਂ ਸਨ ਉਹ ਸੰਸਥਾ ਜੇਕਰ ਅੰਦਰੋਂ ਖ਼ਤਮ ਹੋ ਰਹੀ ਹੈ ਅਤੇ ਖੁਦਮੁਖਤਿਆਰੀ ਰੱਖਣ ਵਾਲੀਆਂ ਵਿਦਿਅਕ ਸੰਸਥਾਵਾਂ ਖ਼ਤਮ ਹੋ ਰਹੀਆਂ ਹਨ ਤਾਂ ਉਸ ਦਾ ਪਹਿਲਾ ਦੋਸ਼ ਕਿਸ ਨੂੰ ਜਾਵੇਗਾ? ਉਸ ਦਾ ਦੋਸ਼ ਸੰਸਥਾ ਦੇ ਪੁਰਾਣੇ ਉੱਚ ਵਰਗ 'ਤੇ ਹੋਵੇਗਾ।

ਇਹ ਵੀ ਪੜ੍ਹੋ-

Image copyright Reuters

ਜੇਕਰ ਤੁਸੀਂ ਲੋਕਾਂ ਨੂੰ ਜਾ ਕੇ ਕਹੋ ਕਿ ਸੁਪਰੀਮ ਕੋਰਟ ਸਰਕਾਰ ਦੀ ਤਰਫ਼ਦਾਰੀ ਕਰ ਰਿਹਾ ਹੈ ਤਾਂ ਉਹ ਪਹਿਲਾ ਸਵਾਲ ਇਹ ਪੁੱਛੇਗਾ ਕਿ ਇੰਨਾ ਸਮਰਥ ਜੱਜ ਜੇਕਰ ਸਰਕਾਰ ਦੀ ਚਾਪਲੂਸੀ ਕਰ ਰਿਹਾ ਹੈ ਤਾਂ ਇਸ ਵਿੱਚ ਸਰਕਾਰ ਨੂੰ ਦੋਸ਼ੀ ਕਿਉਂ ਠਹਿਰਾ ਰਹੇ ਹੋ?

ਭਾਰਤੀ ਸਮਾਜ ਦਾ ਅੱਜ ਸੰਕਟ ਇਹ ਹੈ ਕਿ ਪੁਰਾਣੇ ਦੌਰ ਦੇ ਉੱਚ ਵਰਗ ਦੀ ਭਰੋਸੇਯੋਗਤਾ ਬਿਲਕੁਲ ਖ਼ਤਮ ਹੋ ਗਈ ਹੈ। ਮੋਦੀ ਬੜੀ ਹੁਸ਼ਿਆਰੀ ਨਾਲ ਇਹ ਸੰਕੇਤ ਦਿੰਦੇ ਹਨ, ਲੁਟਿਅਨਸ ਦਿੱਲੀ, ਖ਼ਾਨ ਮਾਰਕੀਟ ਗੈਂਗ ਵਰਗੇ ਸ਼ਬਦਾਂ ਦਾ ਇਸਤੇਮਾਲ ਕਰਕੇ।

ਤੁਸੀਂ ਮਜ਼ਾਕ ਕਰ ਸਕਦੇ ਹੋ ਕਿ ਅਜਿਹਾ ਕੋਈ ਗੈਂਗ ਨਹੀਂ ਹੈ ਪਰ ਉਹ ਇਸ ਗੱਲ ਦਾ ਸੂਚਕ ਬਣ ਗਿਆ ਹੈ ਅਤੇ ਲੋਕਾਂ ਦੇ ਮਨ 'ਚ ਇਹ ਘਰ ਕਰ ਗਿਆ ਹੈ ਕਿ ਭਾਰਤ ਦਾ ਉੱਚ-ਮੱਧ ਵਰਗ ਹੈ, ਉਹ ਇੰਨਾ ਵਿਕਾਊ ਹੈ ਕਿ ਜੇਕਰ ਇਹ ਸੰਸਥਾਵਾਂ ਖ਼ਤਮ ਹੋ ਰਹੀਆਂ ਹਨ ਤਾਂ ਇਸ ਦਾ ਦੋਸ਼ ਮੋਦੀ ਨੂੰ ਨਹੀਂ ਇਨ੍ਹਾਂ ਸੰਸਥਾਵਾਂ ਨੂੰ ਜਾਣਾ ਚਾਹੀਦਾ ਹੈ।

ਜ਼ਬਰਦਸਤ ਬਹੁਮਤ ਤੋਂ ਖ਼ਤਰਾ

ਮੀਡੀਆ ਲਈ ਦੋਸ਼ ਕਿਸ ਨੂੰ ਦੇਈਏ? ਮੋਦੀ ਨੂੰ ਦੇਈਏ ਜਾਂ ਉਨ੍ਹਾਂ ਸੰਸਥਵਾਂ ਦੇ ਮਾਲਕਾਂ ਨੂੰ ਦੇਈਏ?

ਜਦੋਂ ਇਹ ਕਿਹਾ ਜਾਂਦਾ ਹੈ ਕਿ ਪੱਤਰਕਾਰੀ ਨਿਰਪੱਖ ਸੀ, ਨਿਡਰ ਸੀ ਉਦੋਂ ਸਵਾਲ ਉਠਦਾ ਹੈ ਕਿ ਕਿੱਥੇ ਨਿਰਪੱਖ ਤੇ ਨਿਡਰ ਸੀ।

ਉਹ ਨਿਰਪੱਖਤਾ ਦੇ ਨਾਮ 'ਤੇ ਪੁਰਾਣੀ ਵਿਵਸਥਾ ਨੂੰ ਕਾਇਮ ਰੱਖਣਾ ਚਾਹੁੰਦੀ ਸੀ। ਮੈਂ ਨਹੀਂ ਕਹਿੰਦਾ ਕਿ ਇਹ ਗੱਲ ਸਹੀ ਹੈ ਪਰ ਲੋਕ ਇਹੀ ਗੱਲ ਕਹਿ ਰਹੇ ਹਨ।

ਸਾਨੂੰ ਇਸ ਗੱਲ ਦਾ ਜਵਾਬ ਦੇਣਾ ਪਵੇਗਾ ਕਿ ਸਾਡੇ ਸਮਾਜ 'ਚ ਕਿਹੜੇ ਅਜਿਹੇ ਹਾਲਾਤ ਬਣ ਗਏ ਹਨ ਕਿ ਲੋਕਾਂ 'ਤੇ ਉਨ੍ਹਾਂ ਦੇ ਝੂਠ ਦਾ ਪ੍ਰਭਾਵ ਘਟ ਪੈਂਦਾ ਹੈ ਅਤੇ ਜੋ ਵੀ ਉਸ ਝੂਠ ਨੂੰ ਉਜਾਗਰ ਕਰਦਾ ਹੈ, ਉਸ ਲਈ ਮੰਨਿਆ ਜਾਂਦਾ ਹੈ ਇਸ ਦਾ ਕੋਈ ਸਵਾਰਥ ਹੈ।

ਇਹ ਸਹੀ ਹੈ ਕਿ ਜਿੱਥੇ ਵੀ ਸੱਤਾ ਇੱਕ ਵਿਅਕਤੀ ਦੇ ਹੱਥ 'ਚ ਆਉਂਦੀ ਹੈ, ਉੱਥੇ ਖ਼ਤਰੇ ਹੁੰਦੇ ਹਨ। ਲੋਕਤੰਤਰ 'ਚ ਉਹ ਚੰਗਾ ਨਹੀਂ ਹੁੰਦਾ।

Image copyright Reuters
ਫੋਟੋ ਕੈਪਸ਼ਨ ਭਾਰਤੀ ਸਮਾਜ ਦਾ ਅੱਜ ਸੰਕਟ ਇਹ ਹੈ ਕਿ ਪੁਰਾਣੇ ਦੌਰ ਦੇ ਉੱਚ ਵਰਗ ਦੀ ਭਰੋਸੇਯੋਗਤਾ ਬਿਲਕੁਲ ਖ਼ਤਮ ਹੋ ਗਈ ਹੈ

ਭਾਰਤੀ ਜਨਤਾ ਪਾਰਟੀ ਸਿਰਫ਼ ਇੱਕ ਰਾਜਨੀਤਕ ਪਾਰਟੀ ਨਹੀਂ ਹੈ। ਇਹ ਇੱਕ ਸਮਾਜਿਕ ਸਮੀਕਰਨ ਵੀ ਹੈ।

ਇਨ੍ਹਾਂ ਦਾ ਇੱਕ ਸੱਭਿਆਚਾਰਕ ਏਜੰਡਾ ਹੈ। ਇਹ ਕਿਹਾ ਕਰਦੇ ਸਨ ਕਿ ਘੱਟ ਗਿਣਤੀਆਂ ਦਾ ਹਿੰਦੁਸਤਾਨ ਦੀ ਰਾਜਨੀਤੀ 'ਚ ਇੱਕ ਵੀਟੋ ਸੀ, ਜਿਸ 'ਚ ਘੱਟ ਗਿਣਤੀਆਂ ਨੂੰ ਉਹ ਬਿਲਕੁਲ ਗ਼ੈਰ-ਪ੍ਰਸੰਗਕ ਕਰ ਦੇਣਗੇ।

ਇਹ ਇਨ੍ਹਾਂ ਦੀ ਵਿਚਾਰਧਾਰਾ 'ਚ ਸ਼ਾਮਿਲ ਹੈ, ਅੱਜ ਮੁਸਲਮਾਨਾਂ ਦੀ ਨੁਮਾਇੰਦਗੀ ਬਿਲਕੁਲ ਨਾ ਦੇ ਬਰਾਬਰ ਹੋ ਗਈ ਹੈ।

ਕੱਟਪੰਥੀਆਂ ਨੂੰ ਨਹੀਂ ਰੋਕਣਗੇ ਮੋਦੀ?

ਰਾਮ ਜਨਮ-ਭੂਮੀ ਅੰਦੋਲਨ ਵੇਲੇ ਜੋ ਪਾਰਟੀਆਂ ਦਾ ਹਾਰਡਕੋਰ ਧੜਾ ਹੈ, ਉਹ ਸਵਾਲ ਕਰੇਗਾ ਕਿ ਜੇਕਰ ਹੁਣ ਆਪਣੇ ਹਿੰਦੁਤਵ ਵਿਚਾਰਾਧਾਰਾ ਨੂੰ ਸੰਸਥਾਵਾਂ 'ਚ ਸਥਾਪਿਤ ਨਹੀਂ ਕੀਤਾ ਤਾਂ ਕਦੋਂ ਕਰੋਗੇ? ਇਸ ਤੋਂ ਵੱਡੀ ਜਿੱਤ ਕੀ ਹੋ ਸਕਦੀ ਹੈ?

ਇਹ ਦਬਾਅ ਪਵੇਗਾ ਤਾਂ ਮੈਨੂੰ ਨਹੀਂ ਲਗਦਾ ਕਿ ਮੋਦੀ ਇਸ ਨੂੰ ਰੋਕਣਗੇ ਜਾਂ ਪਿੱਛੇ ਹਟਣਗੇ। ਇਸੇ ਚੋਣਾਂ 'ਚ ਦੇਖਿਆ ਗਿਆ ਹੈ ਕਿ ਪੈਮਾਨੇ ਬਿਲਕੁਲ ਡਿਗਦੇ ਜਾ ਰਹੇ ਹਨ।

ਦਸ ਸਾਲ ਪਹਿਲਾਂ ਕੀ ਕੋਈ ਕਲਪਨਾ ਕਰਦਾ ਸੀ ਕਿ ਪ੍ਰਗਿਆ ਠਾਕੁਰ ਭਾਜਪਾ ਦੀ ਸਟਾਰ ਉਮੀਦਵਾਰ ਹੋਵੇਗੀ। ਉਨ੍ਹਾਂ ਦੀ ਜਿੱਤ 'ਤੇ ਅੱਜ ਜਸ਼ਨ ਮਨਾਇਆ ਜਾ ਰਿਹਾ ਹੈ। ਇਹ ਇੱਕ ਤਰ੍ਹਾਂ ਦਾ ਜ਼ਹਿਰ ਹੈ ਜਿਸ ਨੂੰ ਮੁੜ ਬੋਤਲ 'ਚ ਨਹੀਂ ਪਾਇਆ ਜਾ ਸਕਦਾ।

ਵੱਧ ਗਿਣਤੀਵਾਦ ਦੇ ਖ਼ਤਰੇ ਇਨ੍ਹਾਂ ਚੋਣਾਂ ਵਿੱਚ ਸਪੱਸ਼ਟ ਤੌਰ 'ਤੇ ਉਭਰ ਕੇ ਸਾਹਮਣੇ ਆਏ ਹਨ।

ਇਹ ਚੋਣਾਂ ਉਨ੍ਹਾਂ ਹਾਲਤਾਂ ਵਿੱਚ ਹੋਈਆਂ ਹਨ ਜਿੱਥੇ ਭਾਰਤ ਦਾ ਅਰਥਚਾਰਾ ਉਨ੍ਹਾਂ ਮਜ਼ਬੂਤ ਨਹੀਂ ਜਿੰਨਾ ਪ੍ਰਧਾਨ ਮੰਤਰੀ ਮੋਦੀ ਕਹਿੰਦੇ ਹਨ। ਅਸਲ ਵਿਕਾਸ ਦਰ ਚਾਰ ਜਾਂ ਸਾਢੇ ਚਾਰ ਫੀਸਦ ਹੈ। ਬੇਰੁਜ਼ਗਾਰੀ ਦੀ ਸਮੱਸਿਆ ਹੈ।

ਖੇਤੀ ਖੇਤਰ 'ਚ ਸੰਕਟ ਹੈ। ਇਸ ਦੇ ਬਾਵਜੂਦ ਵੀ ਜੇਕਰ ਲੋਕਾਂ ਨੇ ਇਨ੍ਹਾਂ ਨੂੰ ਵੋਟ ਦਿੱਤੇ ਹਨ ਤਾਂ ਇਹੀ ਫ਼ੈਸਲਾ ਨਿਕਲਦਾ ਹੈ ਉਹ ਮਜ਼ਬੂਤ ਨੇਤਾ ਚਾਹੁੰਦੇ ਸਨ।

Image copyright Getty Images
ਫੋਟੋ ਕੈਪਸ਼ਨ ਵੱਧ ਗਿਣਤੀਵਾਦ ਦੇ ਖ਼ਤਰੇ ਇਨ੍ਹਾਂ ਚੋਣਾਂ ਵਿੱਚ ਸਪੱਸ਼ਟ ਤੌਰ 'ਤੇ ਉਭਰ ਕੇ ਸਾਹਮਣੇ ਆਏ ਹਨ

ਦੂਜਾ, ਅੱਜ ਅਸੀਂ ਉਨ੍ਹਾਂ ਹਲਾਤਾਂ 'ਚ ਪਹੁੰਚ ਗਏ ਹਾਂ ਕਿ ਜਿੱਥੇ ਬਹੁ-ਗਿਣਤੀਵਾਦ ਦਾ ਬਹੁਗਿਣਤੀਆਂ ’ਤੇ ਜ਼ਿਆਦਾ ਅਸਰ ਨਹੀਂ ਪੈਂਦਾ ਹੈ।

ਉਹ ਸਮਝਦੇ ਹਨ ਕਿ ਸਾਨੂੰ ਕੋਈ ਕੀ ਕਰ ਲਵੇਗਾ। ਇਹ ਭਾਰਤੀ ਲੋਕਤੰਤਰ ਦਾ ਬੜਾ ਨਾਜ਼ੁਕ ਮੋੜ ਹੈ।

ਲੋਕਾਂ ਨੇ ਆਪਣਾ ਫ਼ੈਸਲਾ ਦੇ ਦਿੱਤਾ ਹੈ ਤਾਂ ਕਿਹਾ ਜਾ ਸਕਦਾ ਹੈ ਕਿ ਇਹ ਲੋਕਤੰਤਰ ਦੀ ਜਿੱਤ ਹੈ ਪਰ ਉਹ ਉਦਾਰਤਾ ਦੀ ਜਿੱਤ ਨਹੀਂ ਹੈ। ਇਹ ਸੰਵਿਧਾਨਿਕ ਮੁੱਲਾਂ ਦੀ ਜਿੱਤ ਨਹੀਂ ਹੈ।

ਅਸੀਂ ਅਜਿਹਾ ਭਾਰਤ ਬਣਾਵਾਂਗੇ ਜਿੱਥੇ ਹਰੇਕ ਵਿਅਕਤੀ ਚਾਹੇ ਕਿ ਕਿਸੇ ਵੀ ਜਾਤ ਜਾਂ ਭਾਈਚਾਰੇ ਦਾ ਹੋਵੇ, ਉਸ ਨੂੰ ਇਹ ਖ਼ਤਰਾ ਨਾ ਰਹੇ ਕਿ ਮੈਂ ਜਿਸ ਭਾਈਚਾਰੇ ਨਾਲ ਜੁੜਿਆ ਹਾਂ, ਉਸ ਕਾਰਨ ਮੈਨੂੰ ਕੋਈ ਖ਼ਤਰਾ ਹੈ।

ਭਾਜਪਾ ਤੋਂ ਲਓ ਸਬਕ

ਭਾਰਤੀ ਰਾਜਨੀਤੀ 'ਚ ਭਾਰਤੀ ਜਨਤਾ ਪਾਰਟੀ ਕੋਲੋਂ ਇੱਕ ਸਬਕ ਲਿਆ ਜਾਣਾ ਚਾਹੀਦਾ ਹੈ ਕਿ ਉਹ ਲੰਬੇ ਸਮੇਂ ਦੇ ਸਬਰ ਨਾਲ ਰਣਨੀਤੀ ਬਣਾਉਂਦੇ ਹਨ। ਉਹ ਰਾਮ ਜਨਮ ਭੂਮੀ ਅੰਦੋਲਨ ਦੇ ਵੇਲੇ ਤੋਂ ਲੰਬੀ ਖੇਡ ਖੇਡ ਰਹੀ ਹੈ।

ਜੇਕਰ ਚੋਣਾਂ 'ਚ ਹਾਰ ਹੁੰਦੀ ਹੈ ਤਾਂ ਸੱਭਿਆਚਰਕ ਸੰਸਥਾਵਾਂ 'ਤੇ ਧਿਆਨ ਦਿੰਦੇ ਹਨ। ਸਿਆਸਤ 'ਚ ਪਿੱਛੇ ਰਹਿ ਜਾਂਦੇ ਹਨ ਤਾਂ ਸਮਾਜਿਕ ਕੰਮ ਕਰਦੇ ਹਨ।

ਉਨ੍ਹਾਂ ਦੀ ਰਣਨੀਤੀ ਦਾ ਠੋਸ ਆਧਾਰ ਇਹ ਹੈ ਕਿ ਇੱਕ ਹੀ ਗੱਲ ਨੂੰ ਵਾਰ-ਵਾਰ ਬੋਲੀ ਜਾਈਏ ਤਾਂ ਕਿ ਕੋਈ ਇਹ ਨਾ ਕਹੇ ਤੁਸੀਂ ਆਪਣੇ ਟੀਚੇ ਤੋਂ ਪਿੱਛੇ ਹਟ ਗਏ ਹੋ। ਰਣਨੀਤੀ ਚੋਣਾਂ ਵਿਚਾਲੇ ਸ਼ੁਰੂ ਨਹੀਂ ਕੀਤੀ ਦਾ ਸਕਦੀ।

Image copyright Reuters
ਫੋਟੋ ਕੈਪਸ਼ਨ ਭਾਜਪਾ ਰਾਮ ਜਨਮ ਭੂਮੀ ਅੰਦੋਲਨ ਦੇ ਵੇਲੇ ਤੋਂ ਲੰਬਾ ਖੇਡ ਖੇਡ ਰਹੀ ਹੈ

ਕਾਂਗਰਸ ਵੱਲੋਂ ਦੇਖੀਏ ਤਾਂ ਉਨ੍ਹਾਂ ਦੀ ਚੋਣ ਮਸ਼ੀਨ ਪਿਛਲੇ ਸਾਲ ਜਾਂ ਡੇਢ ਸਾਲ 'ਚ ਸਰਗਰਮ ਹੋਈ ਹੈ।

ਕਾਂਗਰਸ ਦੇ ਕੋਲ ਪੈਸੇ ਘਾਟ ਸੀ, ਹਾਲਾਂਕਿ ਕਾਂਗਰਸ ਵਾਲੇ ਖ਼ੁਦ ਹੀ ਮਜ਼ਾਕ ਕਰਦੇ ਸਨ ਕਿ ਕਾਂਗਰਸੀ ਅਮੀਰ ਹਨ, ਕਾਂਗਰਸ ਪਾਰਟੀ ਗਰੀਬ ਹੈ।

ਉੱਥੇ ਭਾਰਤੀ ਜਨਤਾ ਪਾਰਟੀ ਦਾ ਹਰ ਨੇਤਾ ਅਤੇ ਵਰਕਰ 24 ਘੰਟੇ ਪਾਰਟੀ ਲਈ ਕੰਮ ਕਰਦਾ ਹੈ। ਰਣਨੀਤੀ 'ਚ ਤੁਹਾਨੂੰ ਸੰਗਠਨ ਅਤੇ ਵਿਚਾਰਧਾਰਾ ਚਾਹੀਦੀ ਹੈ।

2014 'ਚ ਜਦੋਂ ਭਾਜਪਾ ਦੀ ਜਿੱਤ ਹੋਈ ਸੀ, ਉਸ ਤੋਂ ਦੋ ਸਾਲ ਪਹਿਲਾਂ ਦਾ ਮਾਹੌਲ ਬਣਾਇਆ ਜਾ ਰਿਹਾ ਸੀ ਕਿ ਸਾਡੇ ਸਿਸਟਮ 'ਚ ਇਹ ਖਾਮੀਆਂ ਹਨ। ਇਸ ਦਾ ਲਾਭ ਭਾਜਪਾ ਨੇ ਚੁੱਕਿਆ ਹੈ।

ਬੁਲਾਰਿਆਂ ਦੀ ਗੱਲ ਕਰੀਏ ਤਾਂ ਕਾਂਗਰਸ 'ਚ ਅਜਿਹੇ ਦੋ ਜਾਂ ਤਿੰਨ ਨੇਤਾ ਲੱਭਣੇ ਮੁਸ਼ਕਿਲ ਹਨ ਜੋ ਹਿੰਦੀ 'ਚ ਚੰਗੇ ਬੁਲਾਰੇ ਹੋਣ।

ਮਜ਼ਬੂਤ ਸਰਕਾਰ ਦੇ ਰਹਿੰਦਿਆਂ ਸੰਵਿਧਾਨਿਕ ਸੰਸਥਾਵਾਂ ਦੀ ਮਜ਼ਬੂਤੀ ਦੀ ਗੱਲ ਕਰੀਏ ਤਾਂ ਸੈਨਾ ਵਰਗੀਆਂ ਸੰਸਥਾਵਾਂ ਜੋ ਪੂਜਣਯੋਗ ਮੰਨੀਆਂ ਜਾਂਦੀਆਂ ਸਨ, ਜਿਸ 'ਤੇ ਕੋਈ ਸਿਆਸੀ ਇਲਜ਼ਾਮ ਕਦੇ ਨਹੀਂ ਲਗਦਾ ਸੀ।

ਪਿਛਲੇ 6 ਤੋਂ 8 ਮਹੀਨਿਆਂ 'ਚ ਉਨ੍ਹਾਂ ਦੀ ਰਾਜਨੀਤਕ ਵਰਤੋਂ ਤੇ ਦੁਰਵਰਤੋਂ ਹੋਈ ਹੈ।

ਆਰਥਿਕ ਤੌਰ 'ਤੇ ਵੀ ਨਾਜ਼ੁਕ ਦੌਰ ਹੈ। ਕੇਵਲ ਮਜ਼ਬੂਤ ਸਰਕਾਰ ਹਾਲਾਤ ਠੀਕ ਰੱਖਣ ਦੀ ਗਾਰੰਟੀ ਨਹੀਂ ਦਿੰਦੀ।

ਫਿਰ ਵੀ ਨਰਿੰਦਰ ਮੋਦੀ ਦੇ ਕੋਲ ਮੌਕਾ ਹੈ ਕਿ ਉਹ ਲੋਕਾਂ ਦੇ ਫਤਵੇ ਦਾ ਇਸ ਤਰ੍ਹਾਂ ਇਸਤੇਮਾਲ ਕਰਨ ਕਿ ਭਾਰਤ ਦੇ ਸੰਵਿਧਾਨਿਕ ਮੁੱਲ ਸੁਰੱਖਿਅਤ ਰਹਿਣ ਤੇ ਆਰਥਿਕ ਵਿਵਸਥਾ ਠੀਕ ਰਹੇ।

ਪਰ ਜਿਸ ਤਰ੍ਹਾਂ ਦੀ ਚੋਣ ਮੁਹਿੰਮ ਸੀ ਅਤੇ ਜਿਸ ਤਰ੍ਹਾਂ ਦੇ ਤੱਤ ਹੁਣ ਰਾਜਨੀਤੀ 'ਚ ਹਨ, ਲਗਦਾ ਹੈ ਕਿ ਉਹ ਉਨ੍ਹਾਂ ਨੂੰ ਅਜਿਹਾ ਕਰਨ ਨਹੀਂ ਦੇਣਗੇ।

(ਪ੍ਰਤਾਪ ਭਾਨੂ ਮਹਿਤਾ ਅਸ਼ੋਕਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਹਨ। ਇਹ ਲੇਖ ਉਨ੍ਹਾਂ ਦੀ ਬੀਬੀਸੀ ਪੱਤਰਾਰ ਰਜਨੀਸ਼ ਕੁਮਾਰ ਨਾਲ ਹੋਈ ਗੱਲਬਾਤ 'ਤੇ ਆਧਾਰਿਤ ਹੈ।)

ਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)