Election 2019: ਕਾਂਗਰਸ ਦੀ ਹਾਰ ਕਿਸ ਗੜਬੜ ਕਾਰਨ ਹੋਈ

ਰਾਹੁਲ ਗਾਂਧੀ Image copyright Getty Images

ਵੀਰਵਾਰ ਨੂੰ ਜਦੋਂ ਭਾਰਤੀ ਆਮ ਚੋਣਾਂ ਦੇ ਨਤੀਜੇ ਆਏ ਤਾਂ ਨਰਿੰਦਰ ਮੋਦੀ ਇੱਕਪਾਸੜ ਜਿੱਤ ਨਾਲ ਜੇਤੂ ਦੇ ਤੌਰ 'ਤੇ ਉਭਰੇ।

ਦੂਜੇ ਪਾਸੇ ਨਹਿਰੂ-ਗਾਂਧੀ ਪਰਿਵਾਰ ਦੇ ਵਾਰਿਸ ਅਤੇ ਭਾਰਤੀ ਰਾਸ਼ਟਰੀ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਇੱਕ ਹਾਰੇ ਹੋਏ ਅਤੇ ਨਿਰਾਸ਼ ਲੀਡਰ ਦੇ ਰੂਪ ਵਿੱਚ ਸਾਹਮਣੇ ਆਏ।

ਉਹ ਇੱਕ ਮੁੱਖ ਸਿਆਸੀ ਵੰਸ਼ ਦੇ ਮੁੱਖ ਵਾਰਿਸ ਹਨ। ਉਨ੍ਹਾਂ ਦੇ ਪੜਨਾਨਾ ਜਵਾਹਰ ਲਾਲ ਨਹਿਰੂ ਭਾਰਤ ਦੇ ਪਹਿਲੇ ਅਤੇ ਸਭ ਤੋਂ ਵੱਧ ਸਮੇਂ ਤੱਕ ਰਹੇ ਪ੍ਰਧਾਨ ਮੰਤਰੀ ਸਨ।

ਉਨ੍ਹਾਂ ਦੀ ਦਾਦੀ ਇੰਦਰਾ ਗਾਂਧੀ ਭਾਰਤ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਸੀ ਅਤੇ ਉਨ੍ਹਾਂ ਦੇ ਪਿਤਾ ਰਾਜੀਵ ਗਾਂਧੀ ਭਾਰਤ ਦੇ ਸਭ ਤੋਂ ਨੌਜਵਾਨ ਪ੍ਰਧਾਨ ਮੰਤਰੀ ਸਨ।

ਸਾਲ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਨੇ ਆਪਣੀ ਸਭ ਤੋਂ ਮਾੜੀ ਹਾਰ ਵੇਖੀ ਸੀ। ਇਹ ਨਤੀਜੇ ਰਾਹੁਲ ਗਾਂਧੀ ਲਈ ਦੋਹਰਾ ਝਟਕਾ ਲੈ ਕੇ ਆਏ।

ਕਾਂਗਰਸ ਸਿਰਫ਼ 52 ਸੀਟਾਂ ਹੀ ਜਿੱਤ ਸਕੀ। ਉਨ੍ਹਾਂ ਦੇ ਮੁਕਾਬਲੇ ਮੋਦੀ ਦੀ ਅਗਵਾਈ ਵਾਲੀ ਭਾਜਪਾ ਨੇ 300 ਤੋਂ ਵੱਧ ਸੀਟਾਂ ਜਿੱਤੀਆਂ। ਇਸ ਤੋਂ ਵੀ ਮਾੜਾ ਇਹ ਹੋਇਆ ਕਿ ਰਾਹੁਲ ਗਾਂਧੀ ਆਪਣੀ ਖਾਨਦਾਨੀ ਸੀਟ ਵੀ ਗੁਆ ਬੈਠੇ।

ਹਾਲਾਂਕਿ ਰਾਹੁਲ ਗਾਂਧੀ ਇਸ ਵਾਰ ਸੰਸਦ ਵਿੱਚ ਬੈਠਣਗੇ ਕਿਉਂਕਿ ਉਹ ਕੇਰਲ ਦੀ ਵਾਇਨਾਡ ਸੀਟ ਤੋਂ ਖੜ੍ਹੇ ਹੋਏ ਸਨ ਅਤੇ ਜਿੱਤ ਗਏ।

ਇਹ ਵੀ ਪੜ੍ਹੋ:

ਪਰ ਅਮੇਠੀ ਸਨਮਾਨ ਦੀ ਲੜਾਈ ਵੀ ਸੀ। ਇਸ ਸੀਟ ਤੋਂ ਉਨ੍ਹਾਂ ਦੇ ਮਾਤਾ ਸੋਨੀਆ ਗਾਂਧੀ ਅਤੇ ਪਿਤਾ ਰਾਜੀਵ ਗਾਂਧੀ ਨੇ ਚੋਣ ਲੜੀ ਅਤੇ ਜਿੱਤ ਗਏ। ਉਹ ਖ਼ੁਦ ਵੀ ਇੱਥੋਂ ਪਿਛਲੇ 15 ਸਾਲਾਂ ਤੋਂ ਸੰਸਦ ਮੈਂਬਰ ਹਨ।

ਰਾਹੁਲ ਨੇ ਅਮੇਠੀ ਦੇ ਹਰੇਕ ਘਰ ਵਿੱਚ ਇੱਕ ਚਿੱਠੀ ਵੀ ਭੇਜੀ ਸੀ ਜਿਸ 'ਤੇ ਲਿਖਿਆ ਸੀ ਮੇਰਾ ਅਮੇਠੀ ਪਰਿਵਾਰ। ਬਾਵਜੂਦ ਇਸਦੇ ਸ਼ਰਮਨਾਕ ਨਤੀਜੇ ਦਾ ਸਾਹਮਣਾ ਕਰਨਾ ਪਿਆ। ਅਦਾਕਾਰਾ ਤੋਂ ਸਿਆਸਤਦਾਨ ਬਣੀ ਭਾਜਪਾ ਦੀ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਉਨ੍ਹਾਂ ਨੂੰ ਮਾਤ ਦਿੱਤੀ।

Image copyright EPA

ਅਮੇਠੀ ਉੱਤਰ ਪ੍ਰਦੇਸ਼ ਦੇ ਦਿਲ ਵਾਂਗ ਹੈ। ਉੱਤਰ ਪ੍ਰਦੇਸ਼ ਭਾਰਤ ਦਾ ਸਭ ਤੋਂ ਵੱਧ ਆਬਾਦੀ ਵਾਲਾ ਸੂਬਾ ਹੈ ਅਤੇ ਦਿੱਲੀ ਦੀ ਸਿਆਸਤ ਦਾ ਰਸਤਾ ਇੱਥੋਂ ਹੀ ਹੋ ਕੇ ਜਾਂਦਾ ਹੈ।

ਇਹ ਭਾਰਤੀ ਸਿਆਸਤ ਦਾ ਗ੍ਰਾਊਂਡ ਜ਼ੀਰੋ ਵੀ ਹੈ ਜਿੱਥੇ ਕੀਤੀਆਂ ਗਈਆਂ ਕੋਸ਼ਿਸ਼ਾਂ ਦਾ ਅਸਰ ਪੂਰੇ ਦੇਸ ਵਿੱਚ ਦਿਖਾਈ ਵੀ ਦਿੰਦਾ ਹੈ। ਆਮ ਤੌਰ 'ਤੇ ਇਹ ਮੰਨਿਆ ਜਾਂਦਾ ਹੈ ਕਿ ਜੋ ਯੂਪੀ ਜਿੱਤਦਾ ਹੈ ਉਹੀ ਦੇਸ 'ਤੇ ਰਾਜ ਕਰਦਾ ਹੈ।

ਭਾਰਤ ਦੇ ਹੁਣ ਤੱਕ ਦੇ 14 ਪ੍ਰਧਾਨ ਮੰਤਰੀਆਂ ਵਿੱਚੋਂ ਅੱਠ ਇੱਥੋਂ ਹੀ ਆਏ ਜਿਨ੍ਹਾਂ ਵਿੱਚ ਰਾਹੁਲ ਗਾਂਧੀ ਦੇ ਪੜਨਾਨਾ, ਦਾਦੀ ਅਤੇ ਪਿਤਾ ਵੀ ਇੱਥੋਂ ਹੀ ਜਿੱਤੇ ਅਤੇ ਪ੍ਰਧਾਨ ਮੰਤਰੀ ਬਣੇ। 543 ਸੰਸਦ ਮੈਂਬਰਾਂ ਦੀ ਭਾਰਤੀ ਸੰਸਦ ਵਿੱਚੋਂ 80 ਸਾਂਸਦ ਇੱਥੋਂ ਹੀ ਚੁਣੇ ਜਾਂਦੇ ਹਨ।

ਮੂਲ ਰੂਪ ਤੋਂ ਗੁਜਰਾਤ ਦੇ ਨਰਿੰਦਰ ਮੋਦੀ ਨੇ ਵੀ ਸਾਲ 2014 ਵਿੱਚ ਯੂਪੀ ਦੀ ਹੀ ਵਾਰਾਣਸੀ ਸੀਟ ਦੀ ਅਗਵਾਈ ਕੀਤੀ ਅਤੇ ਇਸ ਵਾਰ ਉਹ ਇੱਥੋਂ ਹੀ ਸੰਸਦ ਮੈਂਬਰ ਚੁਣੇ ਗਏ।

Image copyright Inc/fb

ਕਿਸੇ ਨੂੰ ਇਹ ਉਮੀਦ ਤਾਂ ਨਹੀਂ ਸੀ ਕਿ ਕਾਂਗਰਸ ਲੋਕ ਸਭਾ ਚੋਣਾਂ ਵਿੱਚ ਸਿੱਧੀ ਜਿੱਤ ਹਾਸਲ ਕਰ ਲਵੇਗੀ ਪਰ ਇਹ ਮੰਨਿਆ ਜਾ ਰਿਹਾ ਸੀ ਕਿ ਕਾਂਗਰਸ ਪਹਿਲਾਂ ਤੋਂ ਚੰਗਾ ਪ੍ਰਦਰਸ਼ਨ ਤਾਂ ਕਰੇਗੀ ਹੀ।

ਇਹੀ ਕਾਰਨ ਹੈ ਕਿ ਨਤੀਜਿਆਂ ਨੇ ਪਾਰਟੀ ਦੇ ਲੋਕਾਂ ਤੋਂ ਇਲਾਵਾ ਆਮ ਲੋਕਾਂ ਨੂੰ ਵੀ ਹੈਰਾਨ ਕਰ ਦਿੱਤਾ।

ਰਾਹੁਲ ਗਾਂਧੀ ਭਾਵੇਂ ਹੀ ਸੰਸਦ ਵਿੱਚ ਰਹੇ ਪਰ ਇਹ ਸਵਾਲ ਪੁੱਛਿਆ ਜਾਣ ਲੱਗਿਆ ਹੈ ਕਿ ਕੀ ਇਹ ਕਾਂਗਰਸ ਵਿੱਚ ਗਾਂਧੀ ਯੁੱਗ ਦਾ ਅੰਤ ਹੈ? ਕੀ ਪਾਰਟੀ ਨੂੰ ਪੁਨਰ-ਜੀਵਤ ਕਰਨ ਲਈ ਗਾਂਧੀ ਪਰਿਵਾਰ ਦੀ ਸਿਆਸਤ ਨੂੰ ਖ਼ਤਮ ਹੀ ਕਰ ਦਿੱਤਾ ਜਾਵੇ।

ਕਾਂਗਰਸ ਕੀ ਚਾਹੁੰਦੀ ਹੈ?

ਹਾਰ ਤੋਂ ਬਾਅਦ ਰਾਹੁਲ ਗਾਂਧੀ ਨੇ ਪੱਤਰਕਾਰਾਂ ਨੂੰ ਸੰਬੋਧਿਤ ਕੀਤਾ ਅਤੇ ਹਾਰ ਦੀ ਪੂਰੀ ਜ਼ਿੰਮੇਵਾਰੀ ਆਪਣੇ ਉੱਪਰ ਲਈ। ਉਨ੍ਹਾਂ ਨੇ ਹਾਰ ਨੂੰ ਸਵੀਕਾਰ ਕਰਦੇ ਹੋਏ ਭਾਜਪਾ ਨੂੰ ਮਿਲੀ ਜਿੱਤ ਦਾ ਸਨਮਾਨ ਕੀਤਾ।

ਅਮੇਠੀ ਵਿੱਚ ਵੋਟਾਂ ਦੀ ਗਿਣਤੀ ਪੂਰੀ ਵੀ ਨਹੀਂ ਹੋਈ ਸੀ। ਤਿੰਨ ਲੱਖ ਵੋਟ ਹੋਰ ਗਿਣੇ ਜਾਣੇ ਬਾਕੀ ਸਨ ਪਰ ਉਨ੍ਹਾਂ ਨੇ ਹਾਰ ਮੰਨਦੇ ਹੋਏ ਸਮ੍ਰਿਤੀ ਨੂੰ ਕਿਹਾ - ਅਮੇਠੀ ਦਾ ਖਿਆਲ ਰੱਖਣਾ।

"ਮੈਂ ਉਨ੍ਹਾਂ ਨੂੰ ਵਧਾਈ ਦਿੰਦਾ ਹਾਂ। ਉਹ ਜਿੱਤ ਗਈ ਹੈ। ਇਹ ਲੋਕਤੰਤਰ ਹੈ ਅਤੇ ਮੈਂ ਲੋਕਾਂ ਦੇ ਫ਼ੈਸਲੇ ਦਾ ਸਵਾਗਤ ਕਰਦਾ ਹਾਂ।''

ਕਾਂਗਰਸ ਦੀ ਹਾਰ 'ਤੇ ਉਨ੍ਹਾਂ ਨੇ ਜ਼ਿਆਦਾ ਗੱਲ ਨਹੀਂ ਕੀਤੀ। ਉਨ੍ਹਾਂ ਨੇ ਕਿਹਾ ਕਿ ਕਿੱਥੇ ਗ਼ਲਤੀ ਹੋਈ ਇਸ ਗੱਲ 'ਤੇ ਚਰਚਾ ਕਾਂਗਰਸ ਦੀ ਵਰਕਿੰਗ ਕਮੇਟੀ ਦੀ ਬੈਠਕ ਵਿੱਚ ਕੀਤੀ ਜਾਵੇਗੀ।

Image copyright Getty Images

ਉਨ੍ਹਾਂ ਨੇ ਕਾਂਗਰਸ ਵਰਕਰਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਉਮੀਦ ਨਾ ਹਾਰੋ। ਉਨ੍ਹਾਂ ਨੇ ਕਿਹਾ, "ਡਰਨ ਦੀ ਲੋੜ ਨਹੀਂ ਹੈ, ਅਸੀਂ ਮਿਹਨਤ ਕਰਦੇ ਰਹਾਂਗੇ ਅਤੇ ਆਖ਼ਰ ਜਿੱਤ ਸਾਡੀ ਹੀ ਹੋਵੇਗੀ।"

ਲਖਨਊ ਵਿੱਚ ਕਾਂਗਰਸ ਪਾਰਟੀ ਦੇ ਇੱਕ ਨੇਤਾ ਨੇ ਕਿਹਾ, "ਸਾਡੀ ਭਰੋਸੇਯੋਗਤਾ ਬਹੁਤ ਘੱਟ ਗਈ ਹੈ। ਲੋਕਾਂ ਨੂੰ ਸਾਡੇ ਵਾਅਦਿਆਂ 'ਤੇ ਭਰੋਸਾ ਨਹੀਂ ਰਿਹਾ। ਅਸੀਂ ਜੋ ਕਹਿ ਰਹੇ ਹਾਂ ਉਸ 'ਤੇ ਉਹ ਵਿਸ਼ਵਾਸ ਨਹੀਂ ਕਰ ਰਹੇ।''

"ਮੋਦੀ ਨੇ ਲੋਕਾਂ ਨਾਲ ਜੋ ਵਾਅਦੇ ਕੀਤੇ ਉਹ ਪੂਰੇ ਨਹੀਂ ਕੀਤੇ ਪਰ ਫਿਰ ਵੀ ਲੋਕ ਮੋਦੀ ਦਾ ਭਰੋਸਾ ਕਰਦੇ ਹਨ।''

ਮੈਂ ਉਨ੍ਹਾਂ ਨੂੰ ਪੁੱਛਿਆ ਕਿ ਅਜਿਹਾ ਕਿਉਂ ਹੈ?

ਉਨ੍ਹਾਂ ਨੇ ਕਿਹਾ, "ਸਾਨੂੰ ਵੀ ਨਹੀਂ ਪਤਾ ਕਿ ਅਜਿਹਾ ਕਿਉਂ ਹੈ!"

ਚੋਣਾਂ ਵਿੱਚ ਕਾਂਗਰਸ ਦੇ ਇਸ ਬੇਹੱਦ ਖ਼ਰਾਬ ਪ੍ਰਦਰਸ਼ਨ ਨਾਲ ਰਾਹੁਲ ਗਾਂਧੀ ਦੀ ਨੁਮਾਇੰਦਗੀ 'ਤੇ ਸਵਾਲ ਉੱਠਣੇ ਤੈਅ ਹਨ ਅਤੇ ਬਹੁਤ ਸਾਰੇ ਮਾਹਿਰ ਬਦਲਾਅ ਦੀ ਗੱਲ ਵੀ ਕਰਨ ਲੱਗੇ ਹਨ।

ਰਾਹੁਲ ਗਾਂਧੀ ਨੇ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਵਿੱਚ ਅਸਤੀਫ਼ੇ ਦੀ ਪੇਸ਼ਕਸ਼ ਵੀ ਕੀਤੀ ਪਰ ਪਰ ਪਾਰਟੀ ਹਾਈਕਮਾਨ ਨੇ ਇਸ ਨੂੰ ਖਾਰਿਜ ਕਰ ਦਿੱਤਾ।

ਕਾਂਗਰਸ ਦੇ ਸੀਨੀਅਰ ਨੇਤਾ ਮਣੀਸ਼ੰਕਰ ਅਈਅਰ ਨੇ ਬੀਬੀਸੀ ਨੂੰ ਕਿਹਾ, "ਕਾਂਗਰਸ ਆਪਣੀ ਲੀਡਰਸ਼ਿਪ 'ਤੇ ਸਵਾਲ ਨਹੀਂ ਕਰੇਗੀ ਅਤੇ ਜੇਕਰ ਰਾਹੁਲ ਗਾਂਧੀ ਨੇ ਅਸਤੀਫ਼ਾ ਦਿੱਤਾ ਵੀ ਤਾਂ ਉਸ ਨੂੰ ਮਨਜ਼ੂਰ ਨਹੀਂ ਕੀਤਾ ਜਾਵੇਗਾ।"

Image copyright AFP

ਇਹ ਵੀ ਪੜ੍ਹੋ:

ਅਈਅਰ ਨੇ ਕਿਹਾ ਕਿ ਪਾਰਟੀ ਦੀ ਹਾਰ ਲਈ ਲੀਡਰਸ਼ਿਪ ਜ਼ਿੰਮੇਵਾਰ ਨਹੀਂ ਹੈ। ਉਨ੍ਹਾਂ ਨੇ ਕਿਹਾ, "ਹਾਰ ਦੇ ਕਾਰਨ ਹੋਰ ਹਨ ਜਿਨ੍ਹਾਂ 'ਤੇ ਸਾਨੂੰ ਕੰਮ ਕਰਨਾ ਪਵੇਗਾ।"

ਲਖਨਊ ਵਿੱਚ ਪਾਰਟੀ ਦੇ ਬੁਲਾਰੇ ਬ੍ਰਿਜੇਂਦਰ ਸਿੰਘ ਸਮਝਾਉਂਦੇ ਹੋਏ ਕਹਿੰਦੇ ਹਨ ਕਿ ਸਮੱਸਿਆ ਪਾਰਟੀ ਦੀ ਲੀਡਰਸ਼ਿਪ ਨਹੀਂ ਹੈ ਸਗੋਂ ਅੰਦਰੂਨੀ ਲੜਾਈ ਅਤੇ ਗ਼ਲਤ ਚੋਣ ਮੁੱਦੇ ਚੁਣਨਾ ਹੈ।

"ਪਾਰਟੀ ਦੇ ਢਾਂਚੇ ਵਿੱਚ ਕੁਝ ਕਮਜ਼ੋਰੀਆਂ ਹਨ। ਲੀਡਰਾਂ ਵਿੱਚ ਅੰਦਰੂਨੀ ਲੜਾਈ ਵੀ ਹੈ। ਜ਼ਮੀਨ 'ਤੇ ਸਾਡਾ ਚੋਣ ਪ੍ਰਚਾਰ ਵੀ ਦੇਰੀ ਨਾਲ ਸ਼ੁਰੂ ਹੋਇਆ। ਸਾਡੀਆਂ ਕੋਸ਼ਿਸ਼ਾਂ ਭਾਵੇਂ ਹੀ ਨਾਕਾਮ ਰਹੀਆਂ, ਪਰ ਯੂਪੀ ਅਤੇ ਬਿਹਾਰ ਵਿੱਚ ਖੇਤਰੀ ਪਾਰਟੀਆਂ ਨਾਲ ਮਿਲਣਾ ਇੱਕ ਖ਼ਰਾਬ ਵਿਚਾਰ ਸੀ।''

ਕਾਂਗਰਸ ਦੇ ਨੇਤਾਵਾਂ ਨੇ ਅਜੇ ਤੱਕ ਇਸ ਹਾਰ ਲਈ ਰਾਹੁਲ ਗਾਂਧੀ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਹੈ ਸਗੋਂ ਉਹ ਇਸਦੇ ਲਈ ਪਾਰਟੀ ਦੇ ਢਾਂਚੇ ਅਤੇ ਚੋਣ ਪ੍ਰਚਾਰ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਨ।

ਵਿਅਕਤੀਗਤ ਲੜਾਈ?

ਨਿੱਜੀ ਗੱਲਬਾਤ ਵਿੱਚ ਕਾਂਗਰਸ ਦੇ ਕਈ ਵਿਸ਼ਲੇਸ਼ਕ ਇਹ ਵੀ ਮੰਨ ਲੈਂਦੇ ਹਨ ਕਿ ਮੋਦੀ ਦੇ ਸਾਹਮਣੇ ਵਿਅਕਤੀਗਤ ਮੁਕਾਬਲੇ ਵਿੱਚ ਹਾਰ ਰਹੇ ਸਨ। ਬ੍ਰਾਂਡ ਮੋਦੀ ਉਨ੍ਹਾਂ ਦੇ ਰਸਤੇ ਦੀ ਸਭ ਤੋਂ ਵੱਡੀ ਰੁਕਾਵਟ ਸੀ।

ਸਿੰਘ ਕਹਿੰਦੇ ਹਨ, "ਪ੍ਰਧਾਨ ਮੰਤਰੀ ਮੋਦੀ ਨੇ ਪਿਛਲੀਆਂ ਚੋਣਾਂ ਵਿੱਚ ਜਿਹੜੇ ਵਾਅਦੇ ਕੀਤੇ ਸਨ ਭਾਵੇਂ ਹੀ ਉਹ ਉਨ੍ਹਾਂ ਨੂੰ ਪੂਰਾ ਕਰਨ ਵਿੱਚ ਨਾਕਾਮ ਰਹੇ ਹਨ ਇਸਦੇ ਬਾਵਜੂਦ ਉਹ ਆਪਣੀ ਸਰਕਾਰ ਦੀਆਂ ਨੀਤੀਆਂ ਬਾਰੇ ਲੋਕਾਂ ਦਾ ਭਰੋਸਾ ਜਿੱਤਣ ਵਿੱਚ ਕਾਮਯਾਬ ਰਹੇ।"

Image copyright AFP
ਫੋਟੋ ਕੈਪਸ਼ਨ ਕੋਈ ਵੀ ਹਾਰ ਦਾ ਠੀਕਰਾ ਰਾਹੁਲ ਗਾਂਧੀ ਦੇ ਸਿਰ ਮੜਨ ਨੂੰ ਤਿਆਰ ਨਹੀ ਹੈ

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਮੋਦੀ ਦੇ ਹੱਥੋਂ ਰਾਹੁਲ ਗਾਂਧੀ ਨੂੰ ਐਨੀ ਬੁਰੀ ਹਾਰ ਮਿਲੀ ਹੋਵੇ। 2014 ਦੀਆਂ ਚੋਣਾਂ ਵਿੱਚ ਪਾਰਟੀ ਨੂੰ ਸਿਰਫ਼ 44 ਸੀਟਾਂ ਹੀ ਮਿਲੀਆਂ ਸਨ। ਪਰ ਉਸ ਸਮੇਂ ਵੀ ਰਾਹੁਲ ਨੂੰ ਪੂਰੀ ਤਰ੍ਹਾਂ ਜ਼ਿੰਮੇਦਾਰ ਨਹੀਂ ਠਹਿਰਾਇਆ ਗਿਆ ਸੀ।

ਇਸ ਤੋਂ ਬਾਅਦ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਕਈ ਸੂਬਿਆਂ 'ਚ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਕਾਂਗਰਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।

ਰਾਹੁਲ ਦੀ ਇਹ ਕਹਿ ਕੇ ਆਲੋਚਨਾ ਕੀਤੀ ਗਈ ਕਿ ਉਹ ਜ਼ਮੀਨੀ ਹਕੀਕਤ ਤੋਂ ਦੂਰ ਹਨ ਅਤੇ ਉਨ੍ਹਾਂ ਨੂੰ ਕੁਝ ਵੀ ਨਹੀਂ ਪਤਾ। ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਪੱਪੂ ਤੱਕ ਕਿਹਾ ਗਿਆ ਉਨ੍ਹਾਂ ਦੇ ਮੀਮਜ਼ ਬਣਾਏ ਗਏ ਅਤੇ ਉਹ ਹਾਸੇ ਦਾ ਚਰਿੱਤਰ ਬਣ ਕੇ ਰਹਿ ਗਏ।

ਇੱਕ ਆਮ ਪਰਿਵਾਰ ਤੋਂ ਆਉਣ ਵਾਲੇ ਨਰਿੰਦਰ ਮੋਦੀ ਰਾਹੁਲ ਗਾਂਧੀ ਦੇ ਵੰਸ਼ ਨੂੰ ਲੈ ਕੇ ਉਨ੍ਹਾਂ 'ਤੇ ਲਗਾਤਾਰ ਆਪਣਾ ਨਿਸ਼ਾਨਾ ਸਾਧਦੇ ਰਹੇ ਹਨ।

ਉਹ ਉਨ੍ਹਾਂ ਨੂੰ ਆਪਣੀਆਂ ਰੈਲੀਆਂ ਵਿੱਚ ਨਾਮਦਰ ਕਹਿ ਕੇ ਸੰਬੋਧਿਤ ਕਰਦੇ ਰਹੇ। ਮੋਦੀ ਜਨਤਾ ਨੂੰ ਸਮਝਾਉਂਦੇ ਕਿ ਰਾਹੁਲ ਗਾਂਧੀ ਆਪਣੀ ਯੋਗਤਾ ਦੇ ਬਲ 'ਤੇ ਸਿਖ਼ਰ 'ਤੇ ਨਹੀਂ ਪੁੱਜੇ ਸਗੋਂ ਆਪਣੇ ਪਰਿਵਾਰਕ ਸਬੰਧਾਂ ਕਾਰਨ ਪਹੁੰਚੇ ਹਨ।

Image copyright Inc/fb

ਨਿੱਜੀ ਗੱਲਬਾਤ ਵਿੱਚ ਕਾਂਗਰਸ ਦੇ ਕਈ ਵਰਕਰ ਰਾਹੁਲ ਗਾਂਧੀ ਨੂੰ ਇੱਕ ਅਜਿਹਾ ਵਿਅਕਤੀ ਦੱਸਦੇ ਹਨ ਜਿਸਦੇ ਕੋਲ ਆਪਣੇ ਚਾਲਾਕ ਵਿਰੋਧੀ ਨਾਲ ਨਿਪਟਣ ਦੀ ਨਾ ਇੱਛਾ ਹੈ ਅਤੇ ਨਾ ਹੀ ਚਾਲਾਕੀ। ਤਾਂ ਕੀ ਇਸ ਨੂੰ ਸਿਰਫ਼ ਰਾਹੁਲ ਗਾਂਧੀ ਦੀ ਨਾਕਾਮੀ ਮੰਨਿਆ ਜਾਵੇ ਜਾਂ ਗਾਂਧੀ ਬ੍ਰਾਂਡ ਦੀ ਨਾਕਾਮੀ?

ਭਾਰਤੀ ਸਿਆਸਤ ਵਿੱਚ ਚਮਕਦੇ ਰਹੇ ਨਹਿਰੂ-ਗਾਂਧੀ ਨਾਮ ਦੀ ਚਮਕ ਹਾਲ ਹੀ ਦੇ ਕੁਝ ਸਾਲਾਂ ਵਿੱਚ ਫਿੱਕੀ ਪਈ ਹੈ। ਖਾਸ ਕਰਕੇ ਸ਼ਹਿਰੀ ਵੋਟਰਾਂ ਅਤੇ ਨੌਜਵਾਨਾਂ ਨੇ ਇਸ ਨਾਮ ਨੂੰ ਖਾਰਿਜ ਕਰ ਦਿੱਤਾ ਹੈ। ਨਹਿਰੂ ਅਤੇ ਇੰਦਰਾ ਗਾਂਧੀ ਦੇ ਕਾਰਜਕਾਲ ਦੀਆਂ ਉਪਲਬਧੀਆਂ ਉਨ੍ਹਾਂ ਦੇ ਲਈ ਹੁਣ ਕੋਈ ਮਾਅਨੇ ਨਹੀਂ ਰੱਖਦੀਆਂ ਹਨ।

ਉਹ ਕਾਂਗਰਸ ਨੂੰ ਸਾਲ 2004-2014 ਦੇ ਸ਼ਾਸਨਕਾਲ ਨਾਲ ਮਾਪਦੇ ਹਨ। ਇਸ ਦੌਰਾਨ ਕਾਂਗਰਸ ਦੀ ਅਗਵਾਈ ਵਾਲੀ ਗਠਜੋੜ ਸਰਕਾਰ 'ਤੇ ਭ੍ਰਿਸ਼ਟਾਚਾਰ ਦੇ ਕਈ ਗੰਭੀਰ ਇਲਜ਼ਾਮ ਲੱਗੇ।

ਵੀਰਵਾਰ ਦੇ ਨਤੀਜਿਆਂ ਤੋਂ ਲਗਦਾ ਹੈ ਕਿ ਕਾਂਗਰਸ 'ਤੇ ਲੱਗੇ ਇਹ ਇਲਜ਼ਾਮ ਅਜੇ ਵੀ ਲੋਕਾਂ ਦੇ ਦਿਮਾਗ ਵਿੱਚ ਤਾਜ਼ਾ ਹਨ ਅਤੇ ਉਹ ਇਸ ਨੂੰ ਉਸੇ ਨਜ਼ਰੀਏ ਨਾਲ ਹੀ ਦੇਖਦੇ ਹਨ। ਰਾਹੁਲ ਗਾਂਧੀ ਆਪਣੇ ਨਜ਼ਰੀਏ ਨਾਲ ਵੀ ਆਮ ਵੋਟਰਾਂ ਨੂੰ ਨਹੀਂ ਜੋੜ ਸਕੇ।

ਗਾਂਧੀਆਂ ਦਾ ਪੁਨਰ-ਜਨਮ

ਪਾਰਟੀ ਦੇ ਲੋਕ ਰਾਹੁਲ ਗਾਂਧੀ ਜਾਂ ਉਨ੍ਹਾਂ ਦੇ ਨਾਮ ਨੂੰ ਹਾਰ ਲਈ ਜ਼ਿੰਮੇਵਾਰ ਨਹੀਂ ਮੰਨਦੇ ਹਨ। ਪਾਰਟੀ ਦੇ ਇੱਕ ਵਰਕਰ ਸਲਾਹ ਦਿੰਦੇ ਹਨ ਕਿ ਰਾਹੁਲ ਗਾਂਧੀ ਨੂੰ ਕਿਸੇ ਅਮਿਤ ਸ਼ਾਹ ਵਰਗੇ ਸਾਥੀ ਦੀ ਲੋੜ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਰੀਬੀ ਸਾਥੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੂੰ ਗੁਜਰਾਤ ਅਤੇ ਦੇਸ ਵਿੱਚ ਭਾਜਪਾ ਦੀ ਜਿੱਤ ਦੀ ਰਣਨੀਤੀ ਬਣਾਉਣ ਦਾ ਸਿਹਰਾ ਦਿੱਤਾ ਜਾਂਦਾ ਰਿਹਾ ਹੈ।

ਅਜਿਹਾ ਲਗਦਾ ਨਹੀਂ ਹੈ ਕਿ ਕਾਂਗਰਸ ਦੇ ਵਰਕਰ ਜਨਤਕ ਤੌਰ 'ਤੇ ਇਸ ਹਾਰ ਲਈ ਰਾਹੁਲ ਗਾਂਧੀ ਨੂੰ ਜ਼ਿੰਮੇਵਾਰ ਕਹਿਣਗੇ। ਜੇਕਰ ਪਿਛਲੇ ਸਮੇਂ ਨੂੰ ਸੰਕੇਤ ਮੰਨਿਆ ਜਾਵੇ ਤਾਂ ਉਹ ਰਾਹੁਲ ਗਾਂਧੀ ਦੇ ਪਿੱਛੇ ਖੜ੍ਹੇ ਹੀ ਨਜ਼ਰ ਆਉਣਗੇ।

ਬੀਤੇ ਦੋ ਸਾਲਾਂ ਵਿੱਚ ਰਾਹੁਲ ਦੇ ਕਰੀਅਰ ਗਰਾਫ਼ ਵਿੱਚ ਕੁਝ ਸੁਧਾਰ ਵੀ ਹੋਇਆ ਹੈ। ਉਨ੍ਹਾਂ ਦੇ ਸਿਆਸੀ ਵਿਹਾਰ ਵਿੱਚ ਖੁੱਲ੍ਹਾਪਣ ਆਇਆ ਹੈ।

ਸੋਸ਼ਲ ਮੀਡੀਆ 'ਤੇ ਉਨ੍ਹਾਂ ਦਾ ਪ੍ਰਚਾਰ ਪਹਿਲਾਂ ਨਾਲੋਂ ਬਿਹਤਰ ਹੋਇਆ ਅਤੇ ਸਰਕਾਰ ਦੇ ਨੋਟਬੰਦੀ ਦੇ ਵਿਵਾਦਤ ਫ਼ੈਸਲੇ, ਰੁਜ਼ਗਾਰ ਦੀ ਕਮੀ, ਦੇਸ ਵਿੱਚ ਵਧਦੀ ਅਸਹਿਣਸ਼ੀਲਤਾ ਅਤੇ ਕਮਜ਼ੋਰ ਹੁੰਦੀ ਅਰਥਵਿਵਸਥਾ 'ਤੇ ਮਜ਼ਬੂਤੀ ਨਾਲ ਆਪਣੇ ਤਰਕ ਰੱਖੇ।

Image copyright Reuters

ਇਹ ਦੇਖਿਆ ਗਿਆ ਕਿ ਆਪਣੇ ਹਮਲਾਵਰ ਪ੍ਰਚਾਰ ਨਾਲ ਉਹ ਏਜੰਡਾ ਤੈਅ ਕਰ ਰਹੇ ਹਨ ਕਿ ਬੀਤੇ ਸਾਲ ਦਿਸੰਬਰ ਵਿੱਚ ਜਦੋਂ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ ਵਿੱਚ ਉਹ ਆਪਣੀ ਪਾਰਟੀ ਨੂੰ ਸਰਕਾਰ ਬਣਾਉਣ ਦੀ ਸਥਿਤੀ ਵਿੱਚ ਲੈ ਕੇ ਆਏ ਤਾਂ ਲੱਗਿਆ ਕਿ ਉਹ ਆਪਣੀ ਪਾਰਟੀ ਨੂੰ ਮੁੜ ਗਿਣਤੀ ਵਿੱਚ ਲੈ ਆਏ ਹਨ।

ਇਸੇ ਸਾਲ ਫਰਵਰੀ ਵਿੱਚ ਜਦੋਂ ਉਨ੍ਹਾਂ ਦੀ ਭੈਣ ਪ੍ਰਿਅੰਕਾ ਗਾਂਧੀ ਨੇ ਅਧਿਕਾਰਤ ਤੌਰ 'ਤੇ ਸਿਆਸਤ ਵਿੱਚ ਪੈਰ ਰੱਖਿਆ ਤਾਂ ਲੱਗਿਆ ਕਿ ਗਾਂਧੀ ਕੁਝ ਕਰਨ ਜਾ ਰਹੇ ਹਨ।

ਕੁਝ ਕਾਂਗਰਸੀ ਸਮਰਥਕ ਅਜਿਹੇ ਵੀ ਹਨ ਜਿਨ੍ਹਾਂ ਨੂੰ ਭਰੋਸਾ ਹੈ ਕਿ ਪ੍ਰਿਅੰਕਾ ਉਹ ਗਾਂਧੀ ਹੈ ਜੋ ਇਸ ਸਿਆਸੀ ਪਰਿਵਾਰ ਨੂੰ ਬਚਾ ਸਕਦੀ ਹੈ।

ਕਾਰਨ ਭਾਵੇਂ ਜੋ ਵੀ ਹੋਵੇ ਪਰ ਪ੍ਰਿਅੰਕਾ ਸਿਆਸੀ ਮਸ਼ਾਲ ਨੂੰ ਫੜਨ ਵਿੱਚ ਡਰਦੀ ਰਹੀ ਸੀ।

ਪ੍ਰਿਅੰਕਾ ਅਤੇ ਰਾਹੁਲ ਇੱਕ-ਦੂਜੇ ਦੇ ਕਾਫ਼ੀ ਕਰੀਬੀ ਹਨ ਅਤੇ ਰਾਹੁਲ ਨੂੰ ਬਾਹਰ ਕਰਨ ਦੀ ਕਿਸੀ ਯੋਜਨਾ ਵਿੱਚ ਪ੍ਰਿਅੰਕਾ ਦਾ ਸ਼ਾਮਲ ਹੋਣਾ ਬਹੁਤ ਸੰਭਵ ਨਹੀਂ ਹੈ।

ਪਰ ਅਜਿਹਾ ਹੋ ਸਕਦਾ ਹੈ ਕਿ ਉਹ ਰਾਹੁਲ ਦੇ ਨਾਲ ਕੰਮ ਕਰਨ ਅਤੇ ਉਨ੍ਹਾਂ ਦਾ ਸਮਰਥਨ ਕਰਨ ਵਿੱਚ ਪਹਿਲਾਂ ਤੋਂ ਵੱਡੀ ਭੂਮਿਕਾ ਨਿਭਾਉਣ।

Image copyright Inc/fb

ਇਹ ਵੀ ਪੜ੍ਹੋ:

ਅਖ਼ੀਰ: ਕਾਂਗਰਸ ਇਸ ਨੂੰ ਪਾਰਟੀ ਦੀ ਵਿਆਪਕ ਵਿਚਾਰਧਾਰਾ ਦੀ ਨਾਕਾਮੀ ਹੀ ਮੰਨ ਰਹੀ ਹੈ। ਜਿਸ ਨਵੇਂ ਭਾਰਤ ਨੂੰ ਮੋਦੀ ਨੇ ਪਰਿਭਾਸ਼ਤ ਕੀਤਾ ਹੈ ਅਤੇ ਜਿਸਦੀ ਨਬਜ਼ ਨੂੰ ਉਨ੍ਹਾਂ ਨੇ ਫੜਿਆ ਹੈ ਉਸ ਨੂੰ ਸਮਝਣ ਵਿੱਚ ਅਤੇ ਉਸ ਨਾਲ ਜੁੜਨ ਵਿੱਚ ਕਾਂਗਰਸ ਨਾਕਾਮਯਾਬ ਰਹੀ ਹੈ।

ਪਾਰਟੀ ਅਧਿਕਾਰੀ ਵੀਰੇਂਦਰ ਮਦਾਨ ਕਹਿੰਦੇ ਹਨ, "ਜੇਕਰ ਤੁਸੀਂ ਸਾਡਾ ਚੋਣ ਮਨੋਰਥ ਪੱਤਰ ਦੇਖੋ ਤਾਂ ਇਹ ਸਭ ਤੋਂ ਚੰਗਾ ਮਨੋਰਥ ਪੱਤਰ ਹੈ। ਜਿਹੜੀਆਂ ਨੀਤੀਆਂ ਅਸੀਂ ਐਲਾਨੀਆਂ, ਜਿਹੜੇ ਵਾਅਦੇ ਅਸੀਂ ਕੀਤੇ ਉਹ ਬਿਹਤਰੀਨ ਸਨ। ਪਰ ਅਸੀਂ ਵੋਟਰਾਂ ਤੋਂ ਜਿਸ ਸਹਿਯੋਗ ਅਤੇ ਸਮਰਥਨ ਦੀ ਉਮੀਦ ਕੀਤੀ ਉਹ ਸਾਨੂੰ ਨਹੀਂ ਮਿਲਿਆ।"

ਉਹ ਕਹਿੰਦੇ ਹਨ ਕਿ ਨਤੀਜੇ ਭਾਵੇਂ ਹੀ ਕਿੰਨੇ ਖ਼ਰਾਬ ਕਿਉਂ ਨਾ ਰਹੇ ਹੋਣ, ਪਾਰਟੀ ਦੀ ਲੀਡਰਸ਼ਿਪ ਦੇ ਨਾਲ ਨਾ ਖੜ੍ਹੇ ਰਹਿਣ ਦਾ ਸਵਾਲ ਹੀ ਨਹੀਂ ਉੱਠਦਾ।

ਮਦਾਨ ਕਹਿੰਦੇ ਹਨ, "ਸਿਰਫ਼ ਰਾਹੁਲ ਗਾਂਧੀ ਹੀ ਨਹੀਂ ਹਾਰੇ। ਕਈ ਹੋਰ ਵੱਡੀ ਲੀਡਰ ਵੀ ਜਿੱਤ ਨਹੀਂ ਸਕੇ। ਚੋਣਾਂ ਆਉਂਦੀਆਂ-ਜਾਂਦੀਆਂ ਰਹਿਦੀਆਂ ਹਨ। ਤੁਸੀਂ ਕੁਝ ਜਿੱਤਦੇ ਹੋ, ਕੁਝ ਹਾਰਦੇ ਹੋ। 1984 ਨੂੰ ਯਾਦ ਕਰੋ, ਭਾਜਪਾ ਦੀਆਂ ਸਿਰਫ਼ ਦੋ ਸੀਟਾਂ ਆਈਆਂ ਸਨ। ਕੀ ਉਨ੍ਹਾਂ ਨੇ ਵਾਪਸੀ ਨਹੀਂ ਕੀਤੀ ਹੈ? ਅਸੀਂ ਵੀ ਵਾਪਸੀ ਕਰਾਂਗੇ?"

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)