ਸੂਰਤ ਅੱਗ ਹਾਦਸਾ: ‘ਫਾਇਰ ਬ੍ਰਿਗੇਡ ਕੋਲ ਨਾ ਲੰਬੀਆਂ ਪੌੜੀਆਂ ਸਨ ਨਾ ਬੁਛਾੜਾਂ ਦੀ ਅੱਗ ਤੱਕ ਪਹੁੰਚ’

ਸੂਰਤ ਅੱਗ ਹਾਦਸਾ

ਸ਼ੁੱਕਰਵਾਰ ਨੂੰ 20 ਵਿਦਿਆਰਥੀਆਂ ਦੀ ਮੌਤ ਤੋਂ ਬਾਅਦ ਪੂਰੇ ਸੂਰਤ ਸ਼ਹਿਰ ਵਿੱਚ ਸੋਗ ਦੀ ਲਹਿਰ ਹੈ।

ਸੂਰਤ ਦੇ ਮੁੱਖ ਸ਼ਮਸ਼ਾਨ ਘਾਟ ਵਿੱਚ ਸ਼ਨਿੱਚਰਵਾਰ ਸਵੇਰੇ ਸੰਸਕਾਰ ਲਈ ਪਹੁਚੀਆਂ ਲਾਸ਼ਾਂ ਦੀ ਲਾਈਨ ਲੱਗੀ ਹੋਈ ਸੀ। ਆਪਣੇ ਬੱਚੇ ਗੁਆ ਬੈਠੇ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਸੀ।

ਹਰ ਚਿਹਰਾ ਗ਼ਮਗੀਨ ਸੀ, ਮੌਕੇ 6ਤੇ ਮੌਜੂਦ ਪੁਲਿਸ ਵਾਲਿਆਂ ਦੀਆਂ ਅੱਖਾਂ ਵੀ ਹੰਝੂਆਂ ਨਾਲ ਤਰ ਸਨ।

ਸੂਰਤ ਦੇ ਸਰਥਾਨਾ ਇਲਾਕੇ ਦੀ ਇੱਕ ਕਮਰਸ਼ੀਅਲ ਇਮਾਰਤ ਵਿੱਚ ਅੱਗ ਲੱਗ ਗਈ ਸੀ ਜਿਸ ਦੀ ਛੱਤ ’ਤੇ ਟੀਨ ਦਾ ਸ਼ੈਡ ਪਾਕੇ ਕੋਚਿੰਗ ਸੈਂਟਰ ਚਲਾਇਆ ਜਾ ਰਿਹਾ ਸੀ।

ਇਹ ਵੀ ਪੜ੍ਹੋ:

ਆਲੋਹਾ ਕੰਪਲੈਕਸ ਆਰਕਿਟਿਕ ਅਤੇ ਡਿਜ਼ਾਈਨਿੰਗ ਦੇ ਗ੍ਰੈਜੂਏਟ ਪ੍ਰੋਗਰਾਮਾਂ ਲਈ ਦਾਖਲਾ ਪ੍ਰੀਖਿਆਵਾਂ ਦੀ ਤਿਆਰੀ ਕਰਵਾਈ ਜਾਂਦੀ ਹੈ।

ਛੁੱਟੀਆਂ ਦੌਰਾਨ ਗਰਮੀਆਂ ਦੀਆਂ ਵਿਸ਼ੇਸ਼ ਕਲਾਸਾਂ ਵਿੱਚ ਬੱਚੇ ਇਨ੍ਹਾਂ ਪ੍ਰੀਖਿਆਵਾਂ ਦੀ ਤਿਆਰੀ ਕਰਨ ਆਏ ਸਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਔਰਤਾਂ ਸਨ।

ਇਲਾਕੇ ਵਿੱਚ ਪਾਟੀਦਾਰ ਭਾਈਚਾਰੇ ਦੀ ਸੰਘਣੀ ਆਬਾਦੀ ਹੈ।

20 ਬੱਚਿਆਂ ਦੀ ਮੌਤ

ਤਕਸ਼ਿਲਾ ਨਾਮ ਦੀ ਇਸ ਇਮਾਰਤ ਦੇ ਨਜ਼ਦੀਕ ਹੀ ਗੁਜਰਾਤ ਬਿਜਲੀ ਬੋਰਡ ਦਾ ਟਰਾਂਸਫਰਾਮਰ ਸੀ ਜਿਸ ਤੋਂ ਨਿਕਲੇ ਚੰਘਿਆੜਿਆਂ ਕਾਰਨ ਅੱਗ ਲੱਗੀ।

ਹਾਦਸੇ ਦੇ ਚਸ਼ਮਦੀਦ ਪ੍ਰਫੁੱਲ ਮਨਕਾਨਾ ਮੁਤਾਬਕ, ਇਸ ਚੰਘਿਆੜੇ ਕਾਰਨ ਹੇਠਲੇ ਤੋਂ ਤੀਸਰੀ ਮੰਜ਼ਿਲ ਤੱਕ ਅੱਗ ਫੈਲ ਗਈ ਅਤੇ ਫਿਰ ਛੱਤ ’ਤੇ ਲੱਗੀ ਥਰਮੋਕੋਲ ਕਾਰਣ ਅੱਗ ਪਲਾਂ ਵਿੱਚ ਹੀ ਭੜਕ ਪਈ।

ਸੂਰਤ ਦੇ ਪੁਲਿਸ ਕਮਿਸ਼ਨਰ ਸਤੀਸ਼ ਕੁਮਾਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਹਾਦਸੇ ਦੌਰਾਨ ਛੱਤ ਉੱਪਰ ਚਾਲੀ ਬੱਚੇ ਸਨ। ਇਨ੍ਹਾਂ ਵਿੱਚੋਂ ਅੱਗ ਵਿੱਚ ਝੁਲਸਣ ਤੇ ਛੱਤ ਤੋਂ ਛਾਲਾਂ ਮਾਰਨ ਕਰਕੇ 20 ਬੱਚਿਆਂ ਦੀਆਂ ਜਾਨਾਂ ਚਲੀਆਂ ਗਈਆਂ।

ਫਾਇਰ ਬ੍ਰਿਗੇਡ ਉੱਪਰ ਲੋਕਾਂ ਦਾ ਗੁੱਸਾ

ਜਦੋਂ ਦਮਕਲ ਵਿਭਾਗ ਦੇ ਕਰਮਚਾਰੀ ਇੱਥੇ ਪਹੁੰਚੇ ਤਾਂ ਉਨ੍ਹਾਂ ਕੋਲ ਲੋੜੀਂਦੀ ਉੱਚਾਈ ਦੀਆਂ ਪੌੜੀਆਂ ਨਹੀਂ ਸਨ ਕਿ ਉਹ ਤੀਸਰੀ ਮੰਜ਼ਿਲ ਤੱਕ ਪਹੁੰਚ ਸਕਦੇ।

ਇਸ ਦੌਰਾਨ ਕੁਝ ਬੱਚਿਆਂ ਦੇ ਪਰਿਵਾਰਕ ਮੈਂਬਰ ਵੀ ਉੱਥੇ ਪਹੁੰਚ ਗਏ।

ਇੱਕ ਬੱਚੇ ਮੀਤ ਸੰਘਾਣੀ ਦੇ ਇੱਕ ਰਿਸ਼ਤੇਦਾਰ ਨੇ ਦੱਸਿਆ ਕਿ ਉਹ ਦਮਕਲ ਵਾਲਿਆਂ ਨਾਲ ਦੂਸਰੀ ਮੰਜ਼ਿਲ ਤੱਕ ਗਏ ਪਰ ਪਾਣੀ ਦਾ ਪ੍ਰੈਸ਼ਰ ਇਨਾਂ ਨਹੀਂ ਸੀ ਕਿ ਪਾਣੀ ਤੀਜੀ ਮੰਜ਼ਿਲ ਤੱਕ ਪਹੁੰਚ ਸਕਦਾ।

ਲੋਕਾਂ ਵਿੱਚ ਇਸ ਹਾਦਸੇ ਤੋਂ ਬਾਅਦ ਬਹੁਤ ਜ਼ਿਆਦਾ ਗੁੱਸਾ ਹੈ। ਉਸੇ ਦਿਨ ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੁਪਾਣੀ ਨੇ ਪੀੜਤ ਪਰਿਵਾਰ ਨੂੰ ਚਾਰ-ਚਾਰ ਲੱਖ ਦੇ ਮੁਆਵਜ਼ੇ ਦਾ ਐਲਾਨ ਕਰ ਦਿੱਤਾ ਸੀ।

ਪਾਟੀਦਾਰ ਭਾਈਚਾਰੇ ਦੇ ਇੱਕ ਸੰਗਠਨ ਵੱਲੋਂ ਬੰਦ ਦਾ ਸੱਦਾ ਦਿੱਤਾ ਗਿਆ ਹੈ। ਪਾਟੀਦਾਰ ਅਨਾਮਤ ਅੰਦੋਲਨ ਸਮਿਤੀ ਦੇ ਬੁਲਾਰੇ ਨੇ ਬੀਬੀਸੀ ਨੂੰ ਦੱਸਿਆ ਕਿ ਜਦੋਂ ਤੱਕ ਦੋਸ਼ੀਆਂ ਨੂੰ ਫੜਿਆ ਨਹੀਂ ਜਾਂਦਾ, ਵਿਰੋਧ ਜਾਰੀ ਰਹੇਗਾ।

ਸ਼ਨਿੱਚਰਵਾਰ ਨੂੰ ਇਲਾਕੇ ਦੀਆਂ ਜ਼ਿਆਦਾਤਰ ਦੁਕਾਨਾਂ ਬੰਦ ਰਹੀਆਂ।

Image copyright Ani
ਫੋਟੋ ਕੈਪਸ਼ਨ ਕੇਤਨ

13 ਸਾਲਾ ਦੀ ਬਾਲੜੀ ਮਸਾਂ ਹੀ ਬਚੀ

ਸੂਰਤ ਪੁਲਿਸ ਨੇ ਏਲੋਹਾ ਕਲਾਸੇਜ ਦੇ ਸੰਚਾਲਕ ਭਾਰਗਵ ਬੁਟਾਨੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਭਾਰਗਵ ਇਮਾਰਤ ਦੀ ਛੱਤ ਤੇ ਟੀਨ ਦੀ ਛੱਤ ਹੇਠ ਆਪਣਾ ਕੋਚਿੰਗ ਸੈਂਟਰ ਚਲਾਉਂਦੇ ਸਨ। ਦੂਸਰੇ ਤੇ ਤੀਸਰੀ ਮੰਜ਼ਿਲ ਦੇ ਮਾਲਕ ਹਰਸੁਲ ਭਾਈ ਵੇਕੜੀਆ ਅਤੇ ਜਿਗਨੇਸ਼ ਬਾਘੜਾਲ ਹਨ।

ਪ੍ਰੇਸ਼ ਪਟੇਲ ਦੀ ਬੇਟੀ ਸ਼ਰੁਤੀ ਪਟੇਲ (13) ਉਸੇ ਕੋਚਿੰਗ ਸੈਂਟਰ ਵਿੱਚ ਸੀ। ਉਹ ਹਾਦਸੇ ਸਮੇਂ ਕਿਸੇ ਤਰ੍ਹਾਂ ਬਚ ਗਈ। ਪਟੇਲ ਨੇ ਬੀਬੀਸੀ ਨੂੰ ਦੱਸਿਆ ਕਿ ਦਮਕਲ ਦੀਆਂ ਗੱਡੀਆਂ ਦੇਰੀ ਨਾਲ ਪਹੁੰਚੀਆਂ।

ਉਨ੍ਹਾਂ ਅੱਗੇ ਦੱਸਿਆ ਕਿ ਜਦੋਂ ਦਮਕਲ ਵਾਲੇ ਪਹੁੰਚੇ ਤਾਂ ਉਨ੍ਹਾਂ ਕੋਲ ਉਪਕਰਣ ਨਹੀਂ ਸਨ।

ਇੱਕ ਹੋਰ ਵਿਦਿਆਰਥੀ, ਨੀਟ ਸੰਘਾਨੀ (17) ਨੂੰ ਬਚਾਇਆ ਨਹੀਂ ਜਾ ਸਕਿਆ। ਉਨ੍ਹਾਂ ਦੇ ਮਾਮੇ ਮਿਲਿੰਦ ਵਾਲਾ ਨੇ ਦੱਸਿਆ, ਨੀਟ ਪੜ੍ਹਾਈ ਵਿੱਤ ਬਹੁਤ ਵਧੀਆ ਸੀ ਅਤੇ ਦਸਵੀਂ ਵਿੱਚ 89 ਫੀਸਦੀ ਨੰਬਰ ਮਿਲੇ ਸਨ ਅਤੇ ਉਹ ਆਰਕੀਟੈਕਟ ਬਣਨਾ ਚਾਹੁੰਦਾ ਸੀ।"

ਇੱਕ ਹੋਰ ਵਿਦਿਆਰਥੀ ਦਰਸ਼ਨ ਢੋਲਾ (17) ਭਾਵੇਂ ਬੱਚ ਗਿਆ ਪਰ ਉਸ ਦੇ ਜਬਾੜੇ ’ਤੇ ਸੱਟਾਂ ਲੱਗੀਆਂ ਹਨ।

ਦਰਸ਼ਨ ਦੇ ਭਰਾ ਨੇ ਦੱਸਿਆ, "ਉਹ ਕਾਫ਼ੀ ਚੰਗਾ ਵਿਦਿਆਰਥੀ ਸੀ ਜਿਸ ਦਾ ਆਲ ਇੰਡੀਆ ਜੇਈਈ ਵਿੱਚ ਟੌਪ 100 ਰੈਂਕਾਂ ਵਿੱਚ ਨਾਮ ਆਇਆ ਸੀ।"

ਛੱਤਾਂ ਤੇ ਕਾਰੋਬਾਰੀ ਗਤੀਵਿਧੀਆਂ ਨਾਲ ਹਾਦਸਾ

ਇਸ ਪੂਰੇ ਮਾਮਲੇ ਵਿੱਚ ਫਾਇਰ ਚੀਫ਼ ਬਸੰਤ ਪਾਰਿਖ ਨੇ ਕੋਈ ਟਿੱਪਣੀ ਕਰਨ ਤੋਂ ਮਨ੍ਹਾਂ ਕਰ ਦਿੱਤਾ।

ਗੁਜਰਾਤ ਅਰਬਨ ਡਿਵੈਲਪਮੈਂਟ ਐਂਡ ਅਰਬਨ ਹਾਊਸਿੰਗ ਡਿਪਾਰਟਮੈਂਟ ਦੇ ਪ੍ਰਿੰਸੀਪਲ ਸੱਕਤਰ ਮੁਕੇਸ਼ ਪੁਰੀ ਨੇ ਬੀਬੀਸੀ ਨੂੰ ਦੱਸਿਆ, “ਫਾਇਰ ਬ੍ਰਿਗੇਡ ਬਾਰੇ ਜੋ ਵੀ ਸ਼ਿਕਾਇਤਾਂ ਹਨ ਉਨ੍ਹਾਂ ਬਾਰੇ ਸਰਕਾਰ ਨੇ ਜਾਂਚ ਦੇ ਹੁਕਮ ਦੇ ਦਿੱਤੇ ਹਨ ਅਤੇ ਉਹ ਆਪ ਇਸ ਦੀ ਜਾਂਚ ਕਰ ਰਹੇ ਹਨ। ਕੱਲ੍ਹ ਤੱਕ ਇਸ ਜਾਂਚ ਦੀ ਰਿਪੋਰਟ ਸਰਕਾਰ ਨੂੰ ਸੌਂਪ ਦੇਣਗੇ।”

ਉਨ੍ਹਾਂ ਕਿਹਾ ਕਿ ਫਾਇਰ ਡਿਪਾਰਟਮੈਂਟ ਦੇ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ ਕਾਰਵਾਈ ਕੀਤੀ ਜਾਵੇਗੀ। ਅਜਿਹੇ ਹਾਦਸੇ ਗੁਜਰਾਤ ਵਿੱਚ ਦੁਬਾਰਾ ਨਾ ਹੋਣ ਇਸ ਲਈ ਨੀਤੀ ਤਿਆਰ ਕੀਤੀ ਜਾਵੇਗੀ।

ਬਹੁਤ ਸਾਰੇ ਲੋਕਾਂ ਨੇ ਬੀਬੀਸੀ ਨੂੰ ਦੱਸਿਆ ਕਿ ਕਈ ਅਜਿਹੀਆਂ ਕਮਰਸ਼ੀਅਲ ਇਮਾਰਤਾਂ ਹਨ ਜਿਨ੍ਹਾਂ ਦੀਆਂ ਛੱਤਾਂ ਕਿਰਾਏ ਤੇ ਚੜ੍ਹੀਆਂ ਹੋਈਆਂ ਹਨ।

ਸੰਭਵ ਗੱਲ ਹੈ ਕਿ ਜੇ ਛੱਤ ਤੇ ਸ਼ੈੱਡ ਬਣਾ ਕੇ ਕਾਰੋਬਾਰੀ ਕੰਮਕਾਜ ਚੱਲ ਰਿਹਾ ਹੈ ਤਾਂ ਉੱਥੇ ਸੁਰੱਖਿਆ ਦੇ ਬੰਦੋਬਸਤਾਂ ਦੀ ਕੋਈ ਗਰੰਟੀ ਨਹੀਂ ਹੈ। ਬਾਹਰ ਨਿਕਲਣ ਦਾ ਰਾਹ ਵੀ ਇੱਕ ਹੀ ਹੁੰਦਾ ਹੈ।

ਇਹ ਵੀ ਪੜ੍ਹੋ:

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।