ਨਰਿੰਦਰ ਮੋਦੀ: ਘੱਟ ਗਿਣਤੀਆਂ ਨਾਲ ਹੋਏ ਧੋਖੇ ਨੂੰ ਵੀ ਉਜਾਗਰ ਕਰਨਾ ਹੈ ਤੇ ਵਿਸ਼ਵਾਸ਼ ਜਿੱਤਣਾ ਹੈ

ਨਰਿੰਦਰ ਮੋਦੀ Image copyright Getty Images
ਫੋਟੋ ਕੈਪਸ਼ਨ ਐੱਨਡੀਏ ਸੰਸਦੀ ਦਲ ਦੇ ਆਗੂ ਚੁਣੇ ਜਾਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਟੇਜ 'ਤੇ ਆ ਕੇ ਸਭ ਤੋਂ ਪਹਿਲਾਂ ਸੰਵਿਧਾਨ ਨੂੰ ਮੱਥਾ ਟੇਕਿਆ

ਲੋਕ ਸਭਾ ਚੋਣਾਂ ਵਿੱਚ ਭਾਜਪਾ ਦੀ ਭਾਰੀ ਜਿੱਤ ਤੋਂ ਬਾਅਦ ਸ਼ਨੀਵਾਰ ਨੂੰ ਪਾਰਲੀਮੈਂਟ ਦੇ ਸੈਂਟਰਲ ਹਾਲ ਵਿੱਚ ਐੱਨਡੀਏ ਦੀ ਮੀਟਿੰਗ ਹੋਈ ਜਿਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਐੱਨਡੀਏ ਸੰਸਦੀ ਦਲ ਦਾ ਨੇਤਾ ਚੁਣ ਲਿਆ ਗਿਆ ਹੈ।

ਆਗੂ ਚੁਣੇ ਜਾਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਟੇਜ 'ਤੇ ਆ ਕੇ ਸਭ ਤੋਂ ਪਹਿਲਾਂ ਸੰਵਿਧਾਨ ਨੂੰ ਮੱਥਾ ਟੇਕਿਆ ਅਤੇ ਫਿਰ ਐੱਨਡੀਏ ਦੇ ਸੰਸਦ ਮੈਂਬਰਾਂ ਦਾ ਧੰਨਵਾਦ ਕੀਤਾ।

ਉਨ੍ਹਾਂ ਨੇ ਕਿਹਾ ਕਿ ਭਾਰਤੀ ਜਨਤਾ ਦੇ ਵਿਵੇਕ ਨੂੰ ਕਿਸੇ ਪੈਮਾਨੇ ’ਤੇ ਮਾਪਿਆ ਨਹੀਂ ਜਾ ਸਕਦਾ ਅਤੇ ਉਹ ਅੱਜ ਪੱਕਾ ਹੋ ਗਿਆ ਹੈ। ਸੱਤਾ ਦਾ ਰੁਤਬਾ ਉਸ ਨੂੰ ਪ੍ਰਭਾਵਿਤ ਨਹੀਂ ਕਰ ਸਕਦਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਐੱਨਡੀਏ ਦੇ ਸਾਰੇ ਮੈਂਬਰਾਂ ਨੂੰ ਮੋਢੇ ਨਾਲ ਮੋਢਾ ਮਿਲਾ ਕੇ ਕੰਮ ਕਰਨਾ ਹੈ ਅਤੇ ਕਿਸੇ ਮੁਸ਼ਕਲ ਨੂੰ ਝੱਲਣ ਲਈ ਇੱਕ ਸਿਰ ਚਾਹੀਦਾ ਹੁੰਦਾ ਹੈ ਜਿਸ ਲਈ ਤੁਸੀਂ ਮੈਨੂੰ ਚੁਣਿਆ ਹੈ ਤਾਂਕਿ ਸਾਰੇ ਮੋਢੇ ਸੁਰੱਖਿਅਤ ਰਹਿਣ।

ਆਚਾਰਿਆ ਵਿਨੋਭਾ ਭਾਵੇ ਦੇ ਕਥਨ ਨੂੰ ਦੁਹਰਾਉਂਦਿਆਂ ਮੋਦੀ ਨੇ ਕਿਹਾ ਕਿ ਵਿਨੋਭਾ ਭਾਵੇ ਕਹਿੰਦੇ ਸਨ ਕਿ ਚੋਣਾਂ ਵੰਡ ਦਿੰਦੀਆਂ ਹਨ ਪਰ ਇਸ ਵਾਰ ਚੋਣਾਂ ਨੇ ਸਾਰੀਆਂ ਦੂਰੀਆਂ ਅਤੇ ਦੀਵਾਰਾਂ ਤੋੜ ਦਿੱਤੀਆਂ ਹਨ।

ਐੱਨਡੀਏ ਦੇ ਸੰਸਦੀ ਦਲ ਦਾ ਨੇਤਾ ਚੁਣੇ ਜਾਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਮਿਲ ਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ।

ਇਹ ਵੀ ਪੜ੍ਹੋ-

Image copyright ANI
ਫੋਟੋ ਕੈਪਸ਼ਨ 'ਸਭ ਦਾ ਸਾਥ, ਸਭ ਦਾ ਵਿਕਾਸ ਦੇ ਨਾਲ ਹੁਣ ਸਭ ਦਾ ਵਿਸ਼ਵਾਸ਼' ਨਾਅਰਾ ਹੈ- ਮੋਦੀ

ਰਾਸ਼ਟਰਪਤੀ ਭਵਨ 'ਚ ਹੋਈ ਮੁਲਾਕਾਤ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਹੁੰ ਚੁੱਕ ਸਮਾਗਮ ਦੀ ਜਾਣਕਾਰੀ ਕੋਵਿੰਦ ਨਾਥ ਦੇ ਨਾਲ ਸਾਂਝੀ ਕੀਤੀ ਜਾਵੇਗੀ।

ਮੋਦੀ ਦੇ ਨਾਮ ਦਾ ਮਤਾ

ਇਸ ਬੈਠਕ ਵਿੱਚ ਐੱਨਡੀਏ ਦੇ ਸਾਰੇ ਮੈਂਬਰਾਂ ਸਣੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੀ ਮੌਜੂਦ ਸਨ।

ਇਸ ਦੇ ਨਾਲ ਹੀ ਬਿਹਾਰ ਦੇ ਮੁੱਖ ਮੰਤਰੀ ਨੀਤਿਸ਼ ਕੁਮਾਰ, ਲਾਲ ਕ੍ਰਿਸ਼ਣ ਅਡਵਾਨੀ ਤੇ ਮੁਰਲੀ ਮਨੋਹਰ ਜੋਸ਼ੀ ਵਰਗੇ ਆਗੂ ਵੀ ਮੌਜੂਦ ਰਹੇ।

ਵੰਦੇ-ਮਾਤਰਮ ਤੋਂ ਬਾਅਦ ਸਾਰੇ ਮੈਂਬਰਾਂ ਨੇ ਮੇਜ਼ ਥਪਥਪਾ ਕੇ ਮੋਦੀ-ਮੋਦੀ ਦਾ ਨਾਅਰਾ ਲਗਾਇਆ। ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਭਾਜਪਾ ਸੰਸਦ ਦਲ ਦੇ ਨੇਤਾ ਦੇ ਰੂਪ ਵਿੱਚ ਨਰਿੰਦਰ ਮੋਦੀ ਦਾ ਮਤਾ ਦਿੱਤਾ।

ਇਸ ਮਤੇ ਦਾ ਸਾਰੇ ਮੈਂਬਰਾਂ ਨੇ ਮੇਜ਼ ਥਪਥਪਾ ਕੇ ਸਵਾਗਤ ਕੀਤਾ। ਇਸ ਤੋਂ ਬਾਅਦ ਭਾਜਪਾ ਦੇ ਸੀਨੀਅਰ ਆਗੂ ਰਾਜਨਾਥ ਸਿੰਘ ਤੇ ਨਿਤਿਨ ਗਡਕਰੀ ਸਾਹਮਣੇ ਆਏ।

ਉਨ੍ਹਾਂ ਨੇ ਇਸ ਨੂੰ ਲੈ ਕੇ ਹਮਾਇਤ ਮੰਗੀ ਜਿਸ ਤੋਂ ਬਾਅਦ ਭਾਜਪਾ ਦੇ ਸਾਰੇ ਨਵੇਂ ਮੈਂਬਰਾਂ ਨੇ ਹੱਥ ਚੁੱਕ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਮਾਇਤ ਕੀਤੀ ਹੈ।

Image copyright ANI
ਫੋਟੋ ਕੈਪਸ਼ਨ ਐੱਨਡੀਏ ਸੰਸਦੀ ਦਲ ਦੇ ਨੇਤਾ ਦੀ ਚੋਣ ਦਾ ਮਤਾ ਅਕਾਲੀ ਦਲ ਦੇ ਪ੍ਰਕਾਸ਼ ਸਿੰਘ ਬਾਦਲ ਲੈ ਕੇ ਆਏ

ਇਸ ਹਮਾਇਤ ਲਈ ਪਾਰਟੀ ਪ੍ਰਧਾਨ ਅਮਿਤ ਸ਼ਾਹ ਨੇ ਮੰਚ 'ਤੇ ਆ ਕੇ ਸਾਰਿਆਂ ਦਾ ਧੰਨਵਾਦ ਕੀਤਾ।

ਐੱਨਡੀਏ ਸੰਸਦੀ ਦਲ ਦੇ ਨੇਤਾ ਵੀ ਮੋਦੀ

ਭਾਜਪਾ ਸੰਸਦੀ ਦਲ ਤੋਂ ਬਾਅਦ ਐੱਨਡੀਏ ਸੰਸਦੀ ਦਲ ਦੇ ਨੇਤਾ ਦੀ ਚੋਣ ਹੋਈ ਜਿਸ ਦਾ ਮਤਾ ਅਕਾਲੀ ਦਲ ਦੇ ਪ੍ਰਕਾਸ਼ ਸਿੰਘ ਬਾਦਲ ਲੈ ਕੇ ਆਏ। ਉਨ੍ਹਾਂ ਨੇ ਐੱਨਡੀਏ ਸੰਸਦੀ ਦਲ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਾਂ ਰੱਖਿਆ।

ਐੱਨਡੀਏ ਦਲ ਦੇ ਨੇਤਾ ਲਈ ਸਾਰਿਆਂ ਨੇ ਸਰਬ ਸਹਿਮਤੀ ਨਾਲ ਹਾਮੀ ਭਰੀ।

ਇਸ ਤੋਂ ਬਾਅਦ ਸਾਰੇ ਮੈਂਬਰਾਂ ਨੇ ਸੈਂਟਰਲ ਹਾਲ ਵਿੱਚ ਖੜ੍ਹੇ ਹੋ ਕੇ ਅਤੇ ਤਾਲੀਆਂ ਵਜਾਉਂਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਐੈੱਨਡੀਏ ਸੰਸਦੀ ਦਲ ਦਾ ਨੇਤਾ ਚੁਣਨ 'ਤੇ ਮੁਹਰ ਲਗਾਈ।

ਗਰੀਬਾਂ-ਘੱਟ ਗਿਣਤੀਆਂ ਨਾਲ ਧੋਖਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਹੁਣ ਤੱਕ ਸਾਰਕਾਰਾਂ ਆਉਂਦੀਆਂ ਸਨ ਤੇ ਚੱਲੀਆਂ ਜਾਂਦੀਆਂ ਸਨ ਪਰ ਐੱਨਡੀਏ ਨੇ 2014 ਤੋਂ 2019 ਤੱਕ ਸਰਕਾਰ ਚਲਾਈ ਕਿਉਂਕਿ ਇਸ ਵਾਰ ਦੇਸ ਹਿੱਸੇਦਾਰ ਬਣਿਆ ਅਤੇ ਇਹ ਪ੍ਰੋ-ਇਮਕੰਬੈਂਸੀ ਲਹਿਰ ਵਾਂਗ ਹੋਇਆ ਜੋ ਵਿਸ਼ਵਾਸ਼ ਨਾਲ ਬੰਨਿਆ ਹੋਇਆ ਹੈ।

ਮੋਦੀ ਨੇ ਕਿਹਾ, "ਲੋਕਾਂ ਦੀ ਅਗਵਾਈ ਕਰਨ ਵਾਲੇ ਲਈ ਕੋਈ ਸੀਮਾ ਰੇਖਾ ਨਹੀਂ ਹੁੰਦੀ, ਜਿਨ੍ਹਾਂ ਨੇ ਅੱਜ ਸਾਡੇ 'ਤੇ ਵਿਸ਼ਵਾਸ਼ ਕੀਤਾ ਹੈ ਅਸੀਂ ਉਨ੍ਹਾਂ ਲਈ ਵੀ ਹਾਂ ਅਤੇ ਜਿਨ੍ਹਾਂ ਦਾ ਅਸੀਂ ਵਿਸ਼ਵਾਸ਼ ਜਿੱਤਣਾ ਹੈ ਅਸੀਂ ਉਨ੍ਹਾਂ ਲਈ ਵੀ ਹਾਂ। ਪ੍ਰਤੀਨਿਧੀ ਹੋਣ ਦੇ ਨਾਤੇ ਸਾਡੇ ਲਈ ਕੋਈ ਪਰਾਇਆ ਨਹੀਂ ਹੋ ਸਕਦਾ।"

ਇਹ ਵੀ ਪੜ੍ਹੋ:

Image copyright Reuters
ਫੋਟੋ ਕੈਪਸ਼ਨ ਮੋਦੀ ਨੇ ਕਿਹਾ ਕਿ ਲੋਕ ਰੱਬ ਦਾ ਰੂਪ ਹੁੰਦੇ ਹਨ ਅਤੇ ਮੇਰਾ ਤਜ਼ਰਬਾ ਹੈ ਕਿ ਇਸ ਵਾਰ ਦੀ ਮੇਰੀ ਭਾਰਤ ਫੇਰੀ ਅਤੇ ਚੋਣ ਮੁਹਿੰਮ ਇੱਕ ਤੀਰਥਯਾਤਰਾ ਸੀ

ਉਨ੍ਹਾਂ ਨੇ ਕਿਹਾ, "ਲੋਕ ਰੱਬ ਦਾ ਰੂਪ ਹੁੰਦੇ ਹਨ ਅਤੇ ਮੇਰਾ ਤਜ਼ਰਬਾ ਹੈ ਕਿ ਇਸ ਵਾਰ ਦੀ ਮੇਰੀ ਭਾਰਤ ਫੇਰੀ ਅਤੇ ਚੋਣ ਮੁਹਿੰਮ ਇੱਕ ਤੀਰਥਯਾਤਰਾ ਸੀ।"

ਔਰਤਾਂ ਸੰਸਦ ਮੈਂਬਰਾਂ 'ਤੇ ਬੋਲਦਿਆਂ ਹੋਇਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ 2014 'ਚ ਲਗਦਾ ਸੀ ਕਿ ਕਾਫੀ ਔਰਤਾਂ ਸੰਸਦ ਮੈਂਬਰ ਵਜੋਂ ਆਉਣਗੀਆਂ ਪਰ ਇਸ ਵਾਰ ਰਿਕਾਰਡ ਟੁੱਟ ਗਿਆ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, "ਅਸੀ ਗਰੀਬਾਂ ਨਾਲ ਹੋ ਰਹੇ ਧੋਖੇ 'ਚ ਉਜਾਗਰ ਕੀਤਾ ਹੈ। ਜਿਸ ਤਰ੍ਹਾਂ ਗਰੀਬਾਂ ਨਾਲ ਧੋਖਾ ਕੀਤਾ ਗਿਆ ਹੈ ਉਸੇ ਤਰ੍ਹਾਂ ਘੱਟ ਗਿਣਤੀਆਂ ਨਾਲ ਵੀ ਧੋਖਾ ਕੀਤਾ ਗਿਆ ਹੈ। ਵੋਟ ਬੈਂਕ ਦੀ ਰਾਜਨੀਤੀ 'ਚ ਇੱਕ ਭਰਮ ਅਤੇ ਡਰ ਦਾ ਮਾਹੌਲ ਪੈਦਾ ਕਰਕੇ ਸਿਰਫ਼ ਘੱਟ ਗਿਣਤੀਆਂ ਦੀ ਵਰਤੋਂ ਕੀਤੀ ਗਈ।"

ਉਨ੍ਹਾਂ ਨੇ ਕਿਹਾ ਕਿ ਘੱਟ ਗਿਣਤੀਆਂ ਦੇ ਨਾਲ ਕੀਤੇ ਗਏ ਧੋਖੇ ਨੂੰ ਵੀ ਉਜਾਗਰ ਕਰਨਾ ਹੈ, ਸਾਨੂੰ ਵਿਸ਼ਵਾਸ਼ ਜਿੱਤਣਾ ਹੈ, 1857 ਦੇ ਸੁਤੰਤਰਤਾ ਸੰਗਰਾਮ 'ਚਤ ਸਾਰਿਆਂ ਨੇ ਹਿੱਸਾ ਲਿਆ ਸੀ, ਕਿਸੇ ਨਾਲ ਕੋਈ ਵਿਤਕਰਾ ਨਹੀਂ ਕਰਨਾ ਸਾਰਿਆਂ ਨੂੰ ਨਾਲ ਲੈ ਕੇ ਤੁਰਨਾ ਹੈ।

ਉਨ੍ਹਾਂ ਨੇ ਕਿਹਾ, 'ਸਭ ਦਾ ਸਾਥ, ਸਭ ਦਾ ਵਿਕਾਸ ਦੇ ਨਾਲ ਹੁਣ ਸਭ ਦਾ ਵਿਸ਼ਵਾਸ਼' ਨਾਅਰਾ ਹੈ।

Image copyright ANI
ਫੋਟੋ ਕੈਪਸ਼ਨ ਇਸ ਹਮਾਇਤ ਲਈ ਪਾਰਟੀ ਪ੍ਰਧਾਨ ਅਮਿਤ ਸ਼ਾਹ ਨੇ ਮੰਚ 'ਤੇ ਆ ਕੇ ਸਾਰਿਆਂ ਦਾ ਧੰਨਵਾਦ ਕੀਤਾ

ਅਮਿਤ ਸ਼ਾਹ ਨੇ ਕਿਹਾ, ਪਰਿਵਾਰਵਾਦ ਦੀ ਸਿਆਸਤ ਖ਼ਤਮ ਹੋਈ

ਅਮਿਤ ਸ਼ਾਹ ਨੇ ਭਾਸ਼ਣ ਦਿੰਦੇ ਹੋਏ ਕਿਹਾ ਕਿ ਐੱਨਡੀਏ ਦੇ 353 ਮੈਂਬਰਾਂ ਦਾ ਚੁਣਿਆ ਜਾਣਾ ਇਤਿਹਾਸਕ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਸੂਬਿਆਂ ਵਿੱਚ 50 ਫੀਸਦੀ ਵੋਟ ਮਿਲੇ ਹਨ। ਇਹ ਵੋਟ ਜਨਤਾ ਦੀ ਅਸੀਸ ਹਨ।

ਇਹ ਵੀ ਪੜ੍ਹੋ:

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।