'ਭਾਰਤ' ਫਿਲਮ ਛੱਡਣ ਲਈ ਸਲਮਾਨ ਖਾਨ ਕਰ ਰਹੇ ਪ੍ਰਿਅੰਕਾ ਚੋਪੜਾ ਦਾ ਧੰਨਵਾਦ

ਸਲਮਾਨ ਅਤੇ ਕੈਟਰੀਨਾ Image copyright @BeingSalmanKhan/Twitter

ਭਾਰਤੀ ਸਿਨੇਮਾ ਵਿੱਚ ਸਲਮਾਨ ਖ਼ਾਨ ਦੀ ਫ਼ਿਲਮ 'ਭਾਰਤ' ਕਾਫ਼ੀ ਚਰਚਾ ਵਿੱਚ ਹੈ। ਫ਼ਿਲਮ ਵਿੱਚ ਸਾਲ 1964 ਤੋਂ ਲੈ ਕੇ 2010 ਤੱਕ ਦਾ ਸਫ਼ਰ ਦਿਖਾਇਆ ਗਿਆ ਹੈ।

ਫ਼ਿਲਮ ਵਿੱਚ ਸਲਮਾਨ ਦਾ ਨਾਮ ਭਾਰਤ ਹੈ ਜਿਨ੍ਹਾਂ ਦੇ ਨਾਮ 'ਤੇ ਹੀ ਫ਼ਿਲਮ ਦਾ ਨਾਮ ਆਧਾਰਿਤ ਹੈ। ਫ਼ਿਲਮ ਵਿੱਚ ਸਲਮਾਨ ਖ਼ਾਨ ਯਾਨਿ ਭਾਰਤ ਦੇ 46 ਸਾਲ ਦਾ ਸਫ਼ਰ ਦਿਖਾਇਆ ਗਿਆ ਹੈ।

ਉਨ੍ਹਾਂ ਦੇ ਬਚਪਨ ਤੋਂ ਲੈ ਕੇ ਬੁਢਾਪੇ ਤੱਕ ਦੇ ਸਫ਼ਰ ਵਿੱਚ ਦੇਸ ਦੇ ਮਰਹੂਮ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੀ ਮੌਤ ਵੀ ਦਿਖਾਈ ਗਈ ਹੈ।

ਉਨ੍ਹਾਂ ਦੇ ਇਸ ਸਫ਼ਰ ਵਿੱਚ ਦੇਸ ਅਤੇ ਉਨ੍ਹਾਂ ਦੀ ਜ਼ਿੰਦਗੀ ਵਿੱਚ ਕੀ-ਕੀ ਬਦਲਾਅ ਆਏ, ਫ਼ਿਲਮ ਦੀ ਕਹਾਣੀ ਵਿੱਚ ਚੰਗੀ ਤਰ੍ਹਾਂ ਦਿਖਾਇਆ ਗਿਆ ਹੈ।

Image copyright @BeingSalmanKhan/twitter

ਸਿਆਸਤ ਵਿੱਚ ਦਿਲਚਸਪੀ ਨਹੀਂ

ਸਲਮਾਨ ਖ਼ਾਨ ਕਹਿੰਦੇ ਹਨ ਕਿ ਉਹ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਪਸੰਦ ਕਰਦੇ ਹਨ। ਉਨ੍ਹਾਂ ਨੂੰ ਉਹ ਪਿਆਰ ਨਾਲ ਬਾਪਜੀ ਬੁਲਾਉਂਦੇ ਸਨ।

ਉਹ ਕਹਿੰਦੇ ਹਨ, ''ਉਹ ਸੋਹਣੇ ਸਨ, ਉਨ੍ਹਾਂ ਦਾ ਸੁਭਾਅ ਬਹੁਤ ਚੰਗਾ ਸੀ ਅਤੇ ਉਹ ਬਹੁਤ ਹੀ ਚੰਗੇ ਸ਼ਖ਼ਸ ਸਨ। ਫ਼ਿਲਮ 'ਦਬੰਗ' ਦੇ ਸਮੇਂ ਮੇਰੀ ਉਨ੍ਹਾਂ ਨਾਲ ਆਖ਼ਰੀ ਗੱਲ ਹੋਈ ਸੀ। ਉਨ੍ਹਾਂ ਨੇ ਉਸ ਸਮੇਂ ਮੇਰੀ ਫ਼ਿਲਮ ਵੀ ਵੇਖੀ ਸੀ। ਮੈਂ ਹਮੇਸ਼ਾ ਉਨ੍ਹਾਂ ਤੋਂ ਬਹੁਤ ਹੀ ਪ੍ਰਭਾਵਿਤ ਹੋਇਆ ਹਾਂ।

ਇਹ ਵੀ ਪੜ੍ਹੋ:

ਇਸ ਗੱਲਬਾਤ ਵਿੱਚ ਉਹ ਅੱਗੇ ਕਹਿੰਦੇ ਹਨ ਜੋ ਦੇਸ ਲਈ ਚੰਗਾ ਕੰਮ ਕਰੇ ਅਤੇ ਦੇਸ ਲਈ ਚੰਗਾ ਹੈ ਉਹ ਹੀ ਚੰਗਾ ਪ੍ਰਧਾਨ ਮੰਤਰੀ ਹੁੰਦਾ ਹੈ।

ਕਈ ਫ਼ਿਲਮੀ ਕਲਾਕਾਰ ਅਜਿਹੇ ਹਨ ਜਿਨ੍ਹਾਂ ਦਾ ਫ਼ਿਲਮੀ ਕਰੀਅਰ ਖ਼ਤਮ ਹੋਣ ਤੋਂ ਬਾਅਦ ਉਹ ਸਿਆਸਤ ਵਿੱਚ ਆ ਗਏ।

ਇਨ੍ਹਾਂ ਵਿੱਚ ਜੈਲਲਿਤਾ, ਹੇਮਾ ਮਾਲਿਨੀ, ਸ਼ਤਰੂਘਨ ਸਿਨਹਾ, ਜਯਾ ਪ੍ਰਦਾ, ਜਯਾ ਬੱਚਨ, ਕਿਰਨ ਖੇਰ, ਪਰੇਸ਼ ਰਾਵਲ, ਰਾਜ ਬੱਬਰ, ਆਦਿ ਨਾਮ ਸ਼ਾਮਲ ਹਨ।

ਸਲਮਾਨ ਨੇ ਦੱਸਿਆ ਕਿ ਉਨ੍ਹਾਂ ਦੀ ਦਿਲਚਸਪੀ ਸਿਆਸਤ ਵਿੱਚ ਨਹੀਂ ਹੈ।

Image copyright @BeingSalmanKhan/Twitter

'ਚੋਰੀ ਜਾਂ ਸਕੈਮ ਕਰਨ ਵਾਲੇ ਦੇਸ ਭਗਤ ਨਹੀਂ'

ਸਲਮਾਨ ਖ਼ਾਨ ਕਹਿੰਦੇ ਹਨ, "ਅਜੇ ਤੱਕ ਮੈਨੂੰ ਕਿਸੇ ਸਿਆਸੀ ਪਾਰਟੀ ਤੋਂ ਕੋਈ ਆਫ਼ਰ ਨਹੀਂ ਆਇਆ। ਜੇਕਰ ਆਵੇਗਾ ਤਾਂ ਵੀ ਸਿਆਸਤ ਵਿੱਚ ਆਉਣ ਦਾ ਮੇਰਾ ਕੋਈ ਇਰਾਦਾ ਨਹੀਂ ਹੈ।"

ਦੇਸ ਭਗਤ ਕਿਸ ਨੂੰ ਕਿਹਾ ਜਾ ਸਕਦਾ ਹੈ ਇਸ ਸਵਾਲ ਦੇ ਜਵਾਬ ਵਿੱਚ ਸਲਮਾਨ ਕਹਿੰਦੇ ਹਨ ਕਿ ਉਹ ਆਪਣੇ ਆਪ ਨੂੰ ਦੇਸ ਭਗਤ ਮੰਨਦੇ ਹਨ।

ਉਨ੍ਹਾਂ ਦੀ ਨਜ਼ਰ ਵਿੱਚ ਉਹ ਸਾਰੇ ਦੇਸ ਭਗਤ ਹਨ ਜੋ ਇਸ ਦੇਸ ਦੀ ਮਿੱਟੀ ਵਿੱਚ ਪੈਦਾ ਹੋਏ ਹਨ, ਜਿਨ੍ਹਾਂ ਦਾ ਪਰਿਵਾਰ ਇੱਥੋਂ ਦਾ ਹੈ ਅਤੇ ਉਨ੍ਹਾਂ ਦੀ ਪਛਾਣ ਇੱਥੋਂ ਦੀ ਹੈ।

ਉਨ੍ਹਾਂ ਕਿਹਾ, "ਸੱਚਾਈ ਦੇ ਨਾਲ ਚੱਲਣ ਵਾਲਾ ਹਰ ਸ਼ਖ਼ਸ ਦੇਸ ਭਗਤ ਹੈ। ਚੋਰੀ-ਚਕਾਰੀ, ਮੱਕਾਰੀ ਜਾਂ ਕਿਸੇ ਤਰ੍ਹਾਂ ਦਾ ਸਕੈਮ ਕਰਨ ਵਾਲੇ ਦੇਸ ਭਗਤ ਨਹੀਂ ਹੋ ਸਕਦੇ। ਜਿਹੜੇ ਆਪਣੇ ਹੀ ਦੇਸ ਵਿੱਚ ਲੁੱਟਮਾਰ ਕਰੇ, ਕਿਸੇ ਨੂੰ ਬੇਵਕੂਫ਼ ਬਣਾ ਰਿਹਾ ਹੋਵੇ, ਤਰ੍ਹਾਂ-ਤਰ੍ਹਾਂ ਦੇ ਸਕੈਮ ਕਰਦੇ ਹੋਣ ਉਹ ਦੇਸ ਭਗਤ ਨਹੀਂ ਕਹਿ ਸਕਦੇ।"

Image copyright @BeingSalmanKhan/Twitter

'ਅਵਾਰਡ ਨਹੀਂ ਰਿਵਾਰਡ ਚਾਹੀਦਾ'

ਸਲਮਾਨ ਖ਼ਾਨ ਨੂੰ ਲੈ ਕੇ ਉਨ੍ਹਾਂ ਦੇ ਫੈਂਸ ਦੀ ਦੀਵਾਨਗੀ ਕਿਸੇ ਤੋਂ ਲੁਕੀ ਨਹੀਂ ਹੈ। ਉਨ੍ਹਾਂ ਦੇ ਚਾਹੁਣ ਵਾਲੇ ਉਨ੍ਹਾਂ ਨੂੰ ਪਿਆਰ ਨਾਲ ਭਾਈ ਕਹਿੰਦੇ ਹਨ। ਉਨ੍ਹਾਂ ਦੀ ਆਉਣ ਵਾਲੀ ਫ਼ਿਲਮ ਦਾ ਜ਼ਿਕਰ ਸ਼ੁਰੂ ਹੋਣ 'ਤੇ ਹੀ ਉਨ੍ਹਾਂ ਦੀ ਫ਼ਿਲਮ ਦੀ ਉਡੀਕ ਲੋਕ ਬੇਸਬਰੀ ਨਾਲ ਕਰਦੇ ਹਨ।

ਉਨ੍ਹਾਂ ਨੇ ਹੁਣ ਤੱਕ ਸੈਂਕੜੇ ਫ਼ਿਲਮਾਂ ਕਰ ਲਈਆਂ ਹਨ। ਉਨ੍ਹਾਂ ਵਿੱਚੋਂ ਕਈ ਫ਼ਿਲਮਾਂ ਨੇ ਰਿਕਾਰਡ ਤੋੜ ਕਮਾਈ ਵੀ ਕੀਤੀ ਹੈ। ਪਰ ਅੱਜ ਤੱਕ ਉਨ੍ਹਾਂ ਨੂੰ ਇੱਕ ਵੀ ਨੈਸ਼ਨਲ ਐਵਾਰਡ ਨਹੀਂ ਮਿਲਿਆ ਹੈ।

ਉਹ ਦੱਸਦੇ ਹਨ, ''ਮੈਨੂੰ ਨੈਸ਼ਨਲ ਜਾਂ ਹੋਰ ਕਿਸੇ ਵੀ ਤਰ੍ਹਾਂ ਦਾ ਐਵਾਰਡ ਨਹੀਂ ਚਾਹੀਦਾ। ਮੈਨੂੰ ਤਾਂ ਸਿਰਫ਼ ਰਿਵਾਰਡ ਚਾਹੀਦਾ ਕਿ ਮੇਰੀ ਫ਼ਿਲਮ ਲੋਕ ਥੀਏਟਰ ਵਿੱਚ ਜਾ ਕੇ ਵੇਖ ਲੈਣ। ਪੂਰਾ ਦੇਸ ਮੇਰੀ ਫ਼ਿਲਮ ਦੇਖ ਲਵੇ ਤਾਂ ਇਸ ਤੋਂ ਵੱਡਾ ਰਿਵਾਰਡ ਕੀ ਹੋਵੇਗਾ।''

ਇਹ ਵੀ ਪੜ੍ਹੋ:

Image copyright @BeingSalmanKhan/twitter

ਕੈਟਰੀਨਾ ਨਹੀਂ ਸੀ ਪਹਿਲੀ ਪਸੰਦ

ਫ਼ਿਲਮ 'ਭਾਰਤ' ਵਿੱਚ ਸਲਮਾਨ ਦੇ ਨਾਲ ਕੈਟਰੀਨਾ ਕੈਫ਼ ਵੀ ਹੈ ਪਰ ਕੈਟਰੀਨਾ ਫ਼ਿਲਮ ਦੀ ਪਹਿਲੀ ਪਸੰਦ ਨਹੀਂ ਸੀ।

ਇਸ ਤੋਂ ਪਹਿਲਾਂ ਫ਼ਿਲਮ ਵਿੱਚ ਕੈਟਰੀਨਾ ਦੀ ਥਾਂ ਪ੍ਰਿਅੰਕਾ ਚੋਪੜਾ ਸੀ। ਪਰ ਉਨ੍ਹਾਂ ਨੇ ਫ਼ਿਲਮ ਵਿੱਚ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ। ਹਾਲਾਂਕਿ ਉਨ੍ਹਾਂ ਨੇ ਵਿਆਹ ਦੀ ਤਰੀਕ ਤੈਅ ਹੋਣ ਕਾਰਨ ਮਨਾ ਕੀਤਾ ਸੀ।

ਸਲਮਾਨ ਦੱਸਦੇ ਹਨ ਕਿ ਫ਼ਿਲਮ ਦੇ ਲਈ ਪ੍ਰਿਅੰਕਾ ਨੂੰ ਸਾਈਨ ਕੀਤਾ ਗਿਆ ਸੀ ਪਰ ਉਨ੍ਹਾਂ ਨੇ ਅਚਾਨਕ ਮਨਾ ਕਰ ਦਿੱਤਾ। ਪਹਿਲਾਂ ਥੋੜ੍ਹਾ ਬੁਰਾ ਲੱਗਿਆ। ਪਰ ਭੈਣ ਅਰਪਿਤਾ ਨੇ ਦੱਸਿਆ ਕਿ ਪ੍ਰਿਅੰਕਾ ਦੇ ਵਿਆਹ ਦੀ ਤਰੀਕ ਤੈਅ ਹੋ ਗਈ ਹੈ। ਜਿਵੇਂ ਹੀ ਪਤਾ ਲੱਗਿਆ ਤਾਂ ਉਨ੍ਹਾਂ ਦਾ ਇਹ ਫ਼ੈਸਲਾ ਸਹੀ ਲੱਗਿਆ।

ਸਲਮਾਨ ਫ਼ਿਲਮ ਦੇ ਪ੍ਰਮੋਸ਼ਨ ਦੌਰਾਨ ਪ੍ਰਿਅੰਕਾ ਦਾ ਕਈ ਵਾਰ ਧੰਨਵਾਦ ਕਰਦੇ ਨਜ਼ਰ ਆਏ। ਪ੍ਰਿਅੰਕਾ ਦੇ ਨਾ ਹੁੰਦੇ ਹੋਏ ਵੀ ਉਨ੍ਹਾਂ ਦਾ ਇਸ ਤਰ੍ਹਾਂ ਧੰਨਵਾਦ ਕਹਿਣ 'ਤੇ ਸਲਮਾਨ ਹੱਸਦੇ ਹੋਏ ਜਵਾਬ ਦਿੰਦੇ ਹਨ।

Image copyright @BeingSalmanKhan/twitter

ਇਹ ਵੀ ਪੜ੍ਹੋ:

ਉਹ ਕਹਿੰਦੇ ਹਨ ਕਿ ਪ੍ਰਿਅੰਕਾ ਦਾ ਧੰਨਵਾਦ ਕਰਨਾ ਸਹੀ ਲੱਗਿਆ ਕਿਉਂਕਿ ਉਨ੍ਹਾਂ ਨੇ ਸ਼ੂਟਿੰਗ ਸ਼ੁਰੂ ਹੋਣ ਤੋਂ ਪੰਜ ਦਿਨ ਪਹਿਲਾਂ ਫ਼ਿਲਮ ਲਈ ਇਨਕਾਰ ਕਰ ਦਿੱਤਾ ਕਿ ਮੈਂ ਫ਼ਿਲਮ ਛੱਡ ਰਹੀ ਹਾਂ। ਜੇਕਰ ਪ੍ਰਿਅੰਕਾ ਮਨਾ ਨਹੀਂ ਕਰਦੀ ਤਾਂ ਕੈਟਰੀਨਾ ਕੈਫ਼ ਨੂੰ ਇਸ ਫ਼ਿਲਮ ਵਿੱਚ ਕੰਮ ਕਰਨ ਦਾ ਮੌਕਾ ਕਿਵੇਂ ਮਿਲਦਾ।

ਆਪਣੀ ਗੱਲ ਨੂੰ ਅੱਗੇ ਵਧਾਉਂਦੇ ਹੋਏ ਸਲਮਾਨ ਖ਼ਾਨ ਕਹਿੰਦੇ ਹਨ, ''ਇਸ ਫ਼ਿਲਮ ਵਿੱਚ ਕੈਟਰੀਨਾ ਦਾ ਰੋਲ ਬਹੁਤ ਚੰਗਾ ਹੈ। ਪਰ ਹੁਣ ਪ੍ਰਿਅੰਕਾ ਜੋ ਕਿਰਦਾਰ ਨਿਭਾ ਰਹੀ ਹੈ ਉਹ ਉਸ ਤੋਂ ਵੀ ਚੰਗਾ ਹੈ ਯਾਨਿ ਕਿ ਪਤਨੀ ਦਾ।''

ਉਹ ਦੱਸਦੇ ਹਨ ਕਿ ਉਨ੍ਹਾਂ ਦੀ ਮਜਬੂਰੀ ਸੀ ਉਨ੍ਹਾਂ ਨੇ ਮੈਨੂੰ ਮਨਾ ਕੀਤਾ। ਮੈਂ ਕਿਹਾ ਸ਼ੂਟਿੰਗ ਦੀ ਤਰੀਕ ਅੱਗੇ ਵਧਾ ਦਵਾਂਗੇ ਪਰ ਉਹ ਨਹੀਂ ਮੰਨੀ।

ਉਹ ਕਹਿੰਦੇ ਹਨ, ''ਉਨ੍ਹਾਂ ਨੇ ਬਾਲੀਵੁੱਡ ਅਤੇ ਹਾਲੀਵੁੱਡ ਵਿੱਚ ਐਨੀ ਮਿਹਨਤ ਕੀਤੀ ਹੈ ਅਤੇ ਆਪਣੀ ਇੱਕ ਪਛਾਣ ਬਣਾਈ ਹੈ। ਉਨ੍ਹਾਂ ਦੇ ਕਰੀਅਰ ਦੀ ਵੱਡੀ ਫ਼ਿਲਮ ਸੀ ਅਜਿਹੇ ਵਿੱਚ ਐਨਾ ਵੱਡਾ ਫ਼ੈਸਲਾ ਲੈਣਾ ਕਾਬਿਲੇ ਤਾਰੀਫ਼ ਹੈ।''

''ਹਾਲਾਂਕਿ ਉਨ੍ਹਾਂ ਦੇ ਜ਼ਹਿਨ ਵਿੱਚ ਇਹ ਵੀ ਚੱਲ ਰਿਹਾ ਹੋਵੇਗਾ ਕਿ ਇਹ ਫ਼ਿਲਮ ਛੱਡੀ ਤਾਂ ਅੱਗੇ ਸਲਮਾਨ ਦੇ ਨਾਲ ਕੰਮ ਮਿਲੇਗਾ ਵੀ ਜਾਂ ਨਹੀਂ। ਪਰ ਉਨ੍ਹਾਂ ਨੇ ਆਪਣਾ ਫ਼ੈਸਲਾ ਲਿਆ ਅਤੇ ਵਿਆਹ ਨੂੰ ਤਵੱਜੋ ਦਿੱਤੀ ਨਹੀਂ ਤਾਂ ਵੱਡੇ ਰੋਲ ਲਈ ਲੋਕ ਆਪਣਾ ਪਤੀ ਤੱਕ ਛੱਡ ਦਿੰਦੇ ਹਨ।''

ਫ਼ਿਲਮ ਦੇ ਡਾਇਰੈਕਟਰ ਅਲੀ ਅੱਬਾਸ ਜ਼ਫ਼ਰ ਹਨ। ਫ਼ਿਲਮ 5 ਜੂਨ ਨੂੰ ਦੇਸ ਭਰ ਦੇ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ।

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)