'ਨਰਿੰਦਰ ਮੋਦੀ ਮੋਦੀ ਦੀ ਜਿੱਤ ਧਰੁਵੀਕਰਨ, ਵਿਕਾਸ ਤੇ ਰਾਸ਼ਟਰਵਾਦ ਦਾ ਕੌਕਟੇਲ' -ਨਜ਼ਰੀਆ

ਨਰਿੰਦਰ ਮੋਦੀ Image copyright AFP

2019 ਦੀਆਂ ਆਮ ਚੋਣਾਂ ਵਿੱਚ ਜ਼ੋਰਦਾਰ ਜਿੱਤ ਹਾਸਲ ਕਰਕੇ ਨਰਿੰਦਰ ਮੋਦੀ ਨੇ ਪੰਜ ਸਾਲ ਲਈ ਦੂਜਾ ਕਾਰਜਕਾਲ ਹਾਸਲ ਕਰ ਲਿਆ ਹੈ।

ਮੋਦੀ ਦੀ ਇਸ ਕਾਮਯਾਬੀ ਨਾਲ ਜੁੜੀਆਂ ਕੁਝ ਅਹਿਮ ਗੱਲਾਂ:

1. ਸ਼ਾਨਦਾਰ ਜਿੱਤ ਸਿਰਫ਼ ਤੇ ਸਿਰਫ਼ ਮੋਦੀ ਦੀ

ਭਾਰਤ ਦਾ ਧਰੁਵੀਕਰਨ ਕਰਨ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਨ੍ਹਾਂ ਚੋਣਾਂ ਨੂੰ ਆਪਣੇ ਆਲੇ-ਦੁਆਲੇ ਹੀ ਸਮੇਟ ਦਿੱਤਾ ਸੀ। ਹਾਲਾਂਕਿ ਉਨ੍ਹਾਂ ਦੇ ਸਾਹਮਣੇ ਚੁਣੌਤੀਆਂ ਵੀ ਸਨ। ਸੱਤਾ ਵਿਰੋਧੀ ਲਹਿਰ ਦਾ ਫੈਕਟਰ ਵੀ ਸੀ।

ਬੇਰੁਜ਼ਗਾਰੀ ਰਿਕਾਰਡ ਪੱਧਰ ਤੱਕ ਵੱਧ ਚੁਕੀ ਸੀ, ਕਿਸਾਨਾਂ ਦੀ ਆਮਦਨੀ ਨਹੀਂ ਵਧੀ ਸੀ ਅਤੇ ਉਦਯੋਗਿਕ ਉਤਪਾਦਨ ਵਿੱਚ ਗਿਰਾਵਟ ਦਰਜ ਕੀਤੀ ਗਈ ਸੀ।

ਬਹੁਤ ਸਾਰੀ ਜਨਤਾ ਨੂੰ ਨੋਟਬੰਦੀ ਨਾਲ ਕਾਫ਼ੀ ਨੁਕਸਾਨ ਝੱਲਣਾ ਪਿਆ ਸੀ। ਹਾਲਾਂਕਿ ਨੋਟਬੰਦੀ ਬਾਰੇ ਸਰਕਾਰ ਦਾਅਵਾ ਕਰ ਰਹੀ ਸੀ ਕਿ ਇਸ ਨਾਲ ਕਾਲਾ ਧਨ ਬਾਹਰ ਆਵੇਗਾ। ਇਸ ਤੋਂ ਇਲਾਵਾ ਜੀਐੱਸਟੀ ਨੂੰ ਲੈ ਕੇ ਵੀ ਕਈ ਸ਼ਿਕਾਇਤਾਂ ਸਨ।

ਇਹ ਵੀ ਪੜ੍ਹੋ:

ਪਰ ਚੋਣ ਨਤੀਜਿਆਂ ਤੋਂ ਸਾਫ਼ ਹੈ ਕਿ ਆਮ ਲੋਕ ਇਸ ਸਭ ਲਈ ਮੋਦੀ ਨੂੰ ਜ਼ਿੰਮੇਵਾਰ ਨਹੀਂ ਮੰਨਦੇ।

ਨਰਿੰਦਰ ਮੋਦੀ ਆਪਣੇ ਭਾਸ਼ਣਾ ਵਿੱਚ ਲਗਾਤਾਰ ਕਹਿੰਦੇ ਆਏ ਹਨ ਕਿ ਉਨ੍ਹਾਂ ਨੂੰ 60 ਸਾਲ ਦੀ ਅਰਥਵਿਵਸਥਾ ਨੂੰ ਸੁਧਾਰਣ ਲਈ ਪੰਜ ਸਾਲ ਤੋਂ ਵੱਧ ਸਮਾਂ ਚਾਹੀਦਾ ਹੈ।

ਆਮ ਲੋਕਾਂ ਨੇ ਉਨ੍ਹਾਂ ਨੂੰ ਜ਼ਿਆਦਾ ਸਮਾਂ ਦੇਣ ਦਾ ਫ਼ੈਸਲਾ ਲਿਆ ਹੈ।

ਕਈ ਲੋਕ ਮੋਦੀ ਨੂੰ ਆਪਣੀਆਂ ਸਮੱਸਿਆਵਾਂ ਹੱਲ ਕਰਨ ਵਾਲਾ ਮਸੀਹਾ ਵੀ ਮੰਨਦੇ ਹਨ।

ਦਿੱਲੀ ਦੇ ਥਿੰਕ ਟੈਂਕ 'ਸੈਂਟਰ ਫਾਰ ਦਿ ਸਟੱਡੀ ਆਫ਼ ਡਿਵੈਲਪਿੰਗ ਸੋਸਾਇਟੀਜ਼' (ਸੀਐੱਸਡੀਐੱਸ) ਦੇ ਇੱਕ ਸਰਵੇਖਣ ਮੁਤਾਬਕ ਭਾਜਪਾ ਦੇ ਹਰ ਤੀਜੇ ਵੋਟਰ ਦਾ ਕਹਿਣਾ ਹੈ ਕਿ ਜੇਕਰ ਮੋਦੀ ਪ੍ਰਧਾਨ ਮੰਤਰੀ ਦੇ ਉਮੀਦਵਾਰ ਨਹੀਂ ਹੁੰਦੇ ਤਾਂ ਉਹ ਆਪਣਾ ਵੋਟ ਕਿਸੇ ਦੂਜੇ ਪਾਰਟੀ ਨੂੰ ਦਿੰਦੇ।

Image copyright EPA

ਦਰਅਸਲ, ਇੰਦਰਾ ਗਾਂਧੀ ਤੋਂ ਬਾਅਦ ਮੋਦੀ ਭਾਰਤ ਦੇ ਸਭ ਤੋਂ ਪਸੰਦੀਦਾ ਨੇਤਾ ਸਾਬਿਤ ਹੋਏ ਹਨ।

ਵਸ਼ਿੰਗਟਨ ਦੇ ਕਾਰਨੇਜੀ ਇੰਡੋਮੈਂਟ ਫਾਰ ਇੰਟਰਨੈਸ਼ਨਲ ਪੀਸ ਦੇ ਸੀਨੀਅਰ ਫੈਲੋ ਮਿਲਨ ਵੈਸ਼ਨਵ ਕਹਿੰਦੇ ਹਨ, "ਇਸ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਹ ਵੋਟ ਭਾਜਪਾ ਤੋਂ ਵੱਧ ਮੋਦੀ ਦੇ ਹਨ। ਇਹ ਚੋਣਾਂ ਸਭ ਕੁਝ ਛੱਡ ਕੇ ਮੋਦੀ ਦੀ ਅਗਵਾਈ ਦੇ ਬਾਰੇ ਸਨ।"

ਇੱਕ ਤਰ੍ਹਾਂ ਨਾਲ ਲਗਾਤਾਰ ਦੂਜੀ ਵਾਰ ਸ਼ਾਨਦਾਰ ਜਿੱਤ ਹਾਸਲ ਕਰਨ ਵਾਲੇ ਮੋਦੀ ਦੀ ਤੁਲਨਾ 1980 ਦੇ ਪੰਸਦੀਦਾ ਲੀਡਰ ਅਮਰੀਕੀ ਰਾਸ਼ਟਰਪਤੀ ਰੌਨਲਡ ਰੀਗਨ ਨਾਲ ਕੀਤੀ ਜਾ ਸਕਦੀ ਹੈ, ਜਿਨ੍ਹਾਂ ਨੂੰ ਉਸ ਵੇਲੇ ਦੀਆਂ ਆਰਥਿਕ ਮੁਸ਼ਕਲਾਂ ਲਈ ਵੀ ਜਨਤਾ ਨੇ ਜ਼ਿੰਮੇਵਾਰ ਨਹੀਂ ਠਹਿਰਾਇਆ ਸੀ।

ਰੀਗਨ ਨੂੰ ਹਮੇਸ਼ਾ ਗ੍ਰੇਟ ਕਮਿਊਨੀਕੇਟਰ ਮੰਨਿਆ ਜਾਂਦਾ ਸੀ ਅਤੇ ਇਸ ਖਾਸੀਅਤ ਦੇ ਚਲਦੇ ਹੀ ਉਨ੍ਹਾਂ ਦੀ ਗ਼ਲਤੀਆਂ ਕਦੇ ਵੀ ਉਨ੍ਹਾਂ ਦੇ ਨਾਲ ਨਹੀਂ ਚਿਪਕੀਆਂ। ਮੋਦੀ ਵੀ ਉਸੇ ਰਾਹ ਉੱਤੇ ਵਿਖਾਈ ਦਿੰਦੇ ਹਨ।

ਕਈਆਂ ਦਾ ਮੰਨਣਾ ਹੈ ਕਿ ਮੋਦੀ ਨੇ ਭਾਰਤੀ ਚੋਣਾਂ ਨੂੰ ਅਮਰੀਕਾ ਦੇ ਪ੍ਰੈਸੀਡੈਂਸ਼ੀਅਲ ਇਲੈਕਸ਼ਨ ਵਰਗਾ ਬਣਾ ਦਿੱਤਾ ਹੈ। ਪਰ ਮਜ਼ਬੂਤ ਪ੍ਰਧਾਨ ਮੰਤਰੀ ਵੀ ਆਪਣੀਆਂ ਪਾਰਟੀਆਂ ਤੋਂ ਉੱਪਰ ਨਜ਼ਰ ਆਉਂਦੇ ਰਹੇ ਹਨ- ਮਾਰਗਰੈਟ ਥੈਚਰ, ਟੋਨੀ ਬਲੇਅਰ ਅਤੇ ਇੰਦਰਾ ਗਾਂਧੀ ਦਾ ਉਦਾਹਰਣ ਸਾਹਮਣੇ ਹੈ।

ਡਾਕਟਰ ਵੈਸ਼ਨਵ ਕਹਿੰਦੇ ਹਨ, "ਇੰਦਰਾ ਗਾਂਧੀ ਤੋਂ ਬਾਅਦ ਨਰਿੰਦਰ ਮੋਦੀ ਦੇਸ ਦੇ ਸਭ ਤੋਂ ਪਸੰਦੀਦਾ ਨੇਤਾ ਹਨ, ਇਸ 'ਤੇ ਕੋਈ ਸਵਾਲ ਨਹੀਂ ਹੈ। ਮੌਜੂਦਾ ਸਮੇਂ ਵਿੱਚ ਕੌਮਾਂਤਰੀ ਪੱਧਰ 'ਤੇ ਉਨ੍ਹਾਂ ਨੂੰ ਕੋਈ ਚੁਣੌਤੀ ਦੇਣ ਦੀ ਸਥਿਤੀ ਵਿੱਚ ਵੀ ਨਹੀਂ ਹੈ।

2014 ਵਿੱਚ ਉਨ੍ਹਾਂ ਦੀ ਜਿੱਤ ਦਾ ਇੱਕ ਕਾਰਨ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਨਾਲ ਘਿਰੀ ਕਾਂਗਰਸ ਪਾਰਟੀ ਪ੍ਰਤੀ ਲੋਕਾਂ ਦਾ ਗੁੱਸਾ ਵੀ ਸੀ। ਪਰ ਇਨ੍ਹਾਂ ਚੋਣਾਂ ਵਿੱਚ ਜਿਹੜੀ ਜਿੱਤ ਮਿਲੀ ਹੈ ਉਹ ਮੋਦੀ ਨੂੰ ਸਵੀਕਾਰ ਕੀਤੇ ਜਾਣ ਦੀ ਜਿੱਤ ਹੈ।

ਉਹ 1971 ਤੋਂ ਬਾਅਦ ਪਹਿਲੇ ਅਜਿਹੇ ਲੀਡਰ ਬਣ ਗਏ ਹਨ ਜਿਨ੍ਹਾਂ ਨੇ ਲਗਾਤਾਰ ਦੋ ਵਾਰ ਇਕੱਲੀ ਪਾਰਟੀ ਨੂੰ ਬਹੁਮਤ ਦੁਆਇਆ ਹੈ। ਅਸ਼ੋਕਾ ਯੂਨੀਵਰਸਿਟੀ ਵਿੱਚ ਇਤਿਹਾਸ ਦੇ ਪ੍ਰੋਫੈਸਰ ਮਹੇਸ਼ ਰੰਗਰਾਜਨ ਕਹਿੰਦੇ ਹਨ, "ਇਹ ਮੋਦੀ ਅਤੇ ਨਵੇਂ ਭਾਰਤ ਨੂੰ ਲੈ ਕੇ ਉਨ੍ਹਾਂ ਦੇ ਵਿਚਾਰ ਦੀ ਜਿੱਤ ਹੈ।''

2. ਵਿਕਾਸ ਅਤੇ ਰਾਸ਼ਟਰਵਾਦ ਦਾ ਕੌਕਟੇਲ

ਰਾਸ਼ਟਰਵਾਦ, ਧਾਰਮਿਕ ਧਰੁਵੀਕਰਨ ਅਤੇ ਜਨ-ਕਲਿਆਣ ਦੀਆਂ ਕਈ ਯੋਜਨਾਵਾਂ ਦੇ ਆਪਸੀ ਗਠਜੋੜ ਨੇ ਨਰਿੰਦਰ ਮੋਦੀ ਨੂੰ ਲਗਾਤਾਰ ਦੂਜੀ ਵਾਰ ਜਿੱਤ ਦੁਆਈ ਹੈ।

ਇੱਕ ਤਰ੍ਹਾਂ ਨਾਲ ਕੁੜੱਤੜ ਭਰੇ ਅਤੇ ਸਮਾਜ ਨੂੰ ਵੰਡਣ ਵਾਲੇ ਚੋਣ ਪ੍ਰਚਾਰ ਵਿੱਚ ਮੋਦੀ ਨੇ ਰਾਸ਼ਟਰਵਾਦ ਅਤੇ ਵਿਕਾਸ ਦੇ ਕੌਕਟੇਲ ਨੂੰ ਮੁੱਦਾ ਬਣਾਇਆ।

ਉਨ੍ਹਾਂ ਨੇ ਸਮਾਜ ਨੂੰ ਦੋ ਵਰਗਾਂ ਵਿੱਚ ਪੇਸ਼ ਕੀਤਾ, ਇੱਕ ਉਹ ਜਿਹੜੇ ਉਨ੍ਹਾਂ ਦੇ ਸਮਰਥਕ ਹਨ, ਉਹ ਰਾਸ਼ਟਰਵਾਦੀ ਹਨ ਅਤੇ ਜਿਹੜੇ ਉਨ੍ਹਾਂ ਦੇ ਸਿਆਸੀ ਵਿਰੋਧੀ, ਆਲੋਚਨ ਹਨ ਉਨ੍ਹਾਂ ਨੂੰ ਉਨ੍ਹਾਂ ਨੇ ਐਂਟੀ ਨੈਸ਼ਨਲ ਕਿਹਾ।

ਮੋਦੀ ਨੇ ਖ਼ੁਦ ਨੂੰ ਚੌਕੀਦਾਰ ਕਿਹਾ, ਦੇਸ ਦੀ ਜ਼ਮੀਨ, ਹਵਾ ਅਤੇ ਬਾਹਰੀ ਅੰਤਰਿਕਸ਼, ਸਭ ਦੀ ਸੁਰੱਖਿਆ ਕਰਨ ਵਾਲਾ ਦੱਸਿਆ ਜਦਕਿ ਮੁੱਖ ਵਿਰੋਧੀ ਪਾਰਟੀ ਕਾਂਗਰਸ ਨੂੰ ਭ੍ਰਿਸ਼ਟਾਚਾਰੀ ਦੱਸਿਆ।

ਇਸਦੇ ਨਾਲ ਉਨ੍ਹਾਂ ਨੇ ਵਿਕਾਸ ਦਾ ਵਾਅਦਾ ਵੀ ਦੁਹਰਾਇਆ। ਮੋਦੀ ਨੇ ਗ਼ਰੀਬਾਂ ਨੂੰ ਧਿਆਨ ਵਿੱਚ ਰੱਖ ਕੇ ਜਨ-ਕਲਿਆਣ ਯੋਜਨਾਵਾਂ ਸ਼ੁਰੂ ਕੀਤੀਆਂ।

ਇਨ੍ਹਾਂ ਵਿੱਚ ਗ਼ਰੀਬਾਂ ਲਈ ਮਕਾਨ, ਟਾਇਲਟ ਅਤੇ ਚੁੱਲ੍ਹੇ ਵਰਗੀਆਂ ਯੋਜਨਾਵਾਂ ਸਨ। ਹਾਲਾਂਕਿ ਇਨ੍ਹਾਂ ਯੋਜਨਾਵਾਂ ਦੀ ਗੁਣਵੱਤਾ ਅਤੇ ਇਹ ਗਰੀਬੀ ਦੂਰ ਕਰਨ ਵਿੱਚ ਕਿੰਨਾ ਸਫਲ ਰਹੀਆਂ ਇਸ 'ਤੇ ਬਹਿਸ ਸੰਭਵ ਹੈ।

ਇਹ ਵੀ ਪੜ੍ਹੋ:

Image copyright EPA

ਨਰਿੰਦਰ ਮੋਦੀ ਨੇ ਇਨ੍ਹਾਂ ਚੋਣਾਂ ਵਿੱਚ ਰਾਸ਼ਟਰੀ ਸੁਰੱਖਿਆ ਅਤੇ ਵਿਦੇਸ਼ ਨੀਤੀ ਨੂੰ ਵੀ ਜ਼ੋਰ-ਸ਼ੋਰ ਨਾਲ ਚੁੱਕਿਆ। ਹਾਲ ਦੀਆਂ ਚੋਣਾਂ ਵਿੱਚ ਇਸ ਤੋਂ ਪਹਿਲਾਂ ਅਜਿਹਾ ਕਦੇ ਨਜ਼ਰ ਨਹੀਂ ਆਇਆ ਸੀ।

ਭਾਰਤ ਪ੍ਰਸ਼ਾਸਿਤ ਕਸ਼ਮੀਰ ਵਿੱਚ ਆਤਮਘਾਤੀ ਅੱਤਵਾਦੀ ਹਮਲੇ ਵਿੱਚ 40 ਪੈਰਾਮਿਲਟਰੀ ਜਵਾਨਾਂ ਦੀ ਮੌਤ ਹੋਈ, ਜਿਸ ਤੋਂ ਬਾਅਦ ਭਾਰਤ ਨੇ ਪਾਕਿਸਤਾਨੀ ਸਰਹੱਦ 'ਤੇ ਏਅਰ ਸਟਰਾਈਕ ਕੀਤੀ।

ਇਸਦਾ ਵੀ ਚੋਣ ਫਾਇਦਾ ਹੋਇਆ। ਮੋਦੀ ਆਮ ਲੋਕਾਂ ਨੂੰ ਇਹ ਸਮਝਾਉਣ ਵਿੱਚ ਕਾਮਯਾਬ ਰਹੇ ਕਿ ਜੇਕਰ ਉਹ ਸੱਤਾ ਵਿੱਚ ਵਾਪਸੀ ਕਰਦੇ ਹਨ ਤਾਂ ਦੇਸ ਸੁਰੱਖਿਅਤ ਹੱਥਾਂ ਵਿੱਚ ਹੋਵੇਗਾ।

ਆਮ ਲੋਕਾਂ ਦੀ ਵਿਦੇਸ਼ ਨੀਤੀ ਵਿੱਚ ਦਿਲਚਸਪੀ ਨਹੀਂ ਹੁੰਦੀ। ਪਰ ਚੋਣਾਂ ਵਿੱਚ ਰਿਪੋਰਟਿੰਗ ਕਰਨ ਦੌਰਾਨ ਸਾਡੇ ਮੁਹਰੇ ਕਿਸਾਨਾਂ, ਵਪਾਰੀਆਂ ਅਤੇ ਮਜ਼ਦੂਰਾਂ ਨੇ ਇਹ ਮੰਨਿਆ ਕਿ ਮੋਦੀ ਦੀ ਅਗਵਾਈ ਵਿੱਚ ਭਾਰਤ ਦਾ ਸਨਮਾਨ ਵਿਦੇਸ਼ਾਂ ਵਿੱਚ ਵਧਿਆ ਹੈ।

ਕੌਲਕਾਤਾ ਵਿੱਚ ਇੱਕ ਵੋਟਰ ਨੇ ਕਿਹਾ ਸੀ, "ਠੀਕ ਹੈ ਕਿ ਘੱਟ ਵਿਕਾਸ ਹੋਇਆ ਹੈ ਪਰ ਮੋਦੀ ਜੀ ਦੇਸ ਨੂੰ ਸੁਰੱਖਿਅਤ ਰੱਖ ਰਹੇ ਹਨ ਅਤੇ ਭਾਰਤ ਦਾ ਸਿਰ ਉੱਚਾ ਚੁੱਕਿਆ ਹੈ।''

3. ਮੋਦੀ ਦੀ ਜਿੱਤ ਸਿਆਸਤ ਵਿੱਚ ਵੱਡੇ ਬਦਲਾਅ ਦਾ ਸੰਕੇਤ

ਮੋਦੀ ਦਾ ਅਕਸ ਉਨ੍ਹਾਂ ਦੀ ਪਾਰਟੀ ਤੋਂ ਵੱਡਾ ਹੋ ਗਿਆ ਹੈ। ਉਹ ਕਈਆਂ ਲਈ ਉਮੀਦਾਂ ਦੇ ਪ੍ਰਤੀਕ ਬਣ ਗਏ ਹਨ। ਮੋਦੀ ਅਤੇ ਉਨ੍ਹਾਂ ਦੇ ਬੇਹੱਦ ਭਰੋਸੇਯੋਗ ਸਹਿਯੋਗੀ ਅਮਿਤ ਸ਼ਾਹ ਨੇ ਮਿਲ ਕੇ ਪਾਰਟੀ ਨੂੰ ਇੱਕ ਮਸ਼ੀਨ ਦੇ ਰੂਪ ਵਿੱਚ ਤਬਦੀਲ ਕਰ ਦਿੱਤਾ ਹੈ।

ਮਹੇਸ਼ ਰੰਗਰਾਜਨ ਕਹਿੰਦੇ ਹਨ, "ਭਾਜਪਾ ਦਾ ਜੋ ਭੂਗੋਲਿਕ ਵਿਸਤਾਰ ਹੋਇਆ ਹੈ, ਉਹ ਬੇਹੱਦ ਅਹਿਮ ਬਦਲਾਅ ਹੈ।''

ਰਵਾਇਤੀ ਤੌਰ 'ਤੇ ਭਾਜਪਾ ਨੂੰ ਉੱਤਰ ਭਾਰਤ ਦੇ ਹਿੰਦੀ ਬੋਲਣ ਵਾਲੇ ਸੂਬਿਆਂ ਵਿੱਚ ਖਾਸਾ ਸਮਰਥਨ ਮਿਲਦਾ ਰਿਹਾ ਹੈ (2014 ਵਿੱਚ ਪਾਰਟੀ ਨੇ ਜਿਹੜੀਆਂ 282 ਸੀਟਾਂ ਜਿੱਤੀਆਂ ਸਨ, ਉਨ੍ਹਾਂ ਵਿੱਚ 193 ਇਨ੍ਹਾਂ ਸੂਬਿਆਂ ਤੋਂ ਹੀ ਮਿਲੀਆਂ ਸਨ)। ਗੁਜਰਾਤ ਅਤੇ ਮਹਾਰਾਸ਼ਟਰ ਵਿੱਚ ਗੱਲ ਥੋੜ੍ਹੀ ਵੱਖਰੀ ਹੈ।

Image copyright AFP

ਗੁਜਰਾਤ ਮੋਦੀ ਦਾ ਜੱਦੀ ਸੂਬਾ ਹੈ ਅਤੇ ਭਾਜਪਾ ਦਾ ਗੜ ਹੈ। ਉੱਥੇ ਹੀ ਮਹਾਰਾਸ਼ਟਰ ਵਿੱਚ ਭਾਜਪਾ ਨੇ ਸਥਾਨਕ ਪਾਰਟੀ ਸ਼ਿਵਸੈਨਾ ਨਾਲ ਗਠਜੋੜ ਕੀਤਾ ਹੋਇਆ ਹੈ।

ਜਦੋਂ ਤੋਂ ਮੋਦੀ ਪ੍ਰਧਾਨ ਮੰਤਰੀ ਬਣੇ ਹਨ, ਉਦੋਂ ਤੋਂ ਭਾਜਪਾ ਨੇ ਅਸਾਮ ਅਤੇ ਤ੍ਰਿਪੁਰਾ ਵਿੱਚ ਸਰਕਾਰ ਬਣਾਈ ਹੈ ਜਿਹੜੇ ਮੁੱਖ ਤੌਰ 'ਤੇ ਅਸਮੀਆ ਅਤੇ ਬੰਗਾਲੀ ਬੋਲਣ ਵਾਲੇ ਸੂਬੇ ਹਨ।

ਇਨ੍ਹਾਂ ਚੋਣਾਂ ਵਿੱਚ ਭਾਜਪਾ ਨੇ ਕਾਂਗਰਸ ਤੋਂ ਜ਼ਿਆਦਾ ਸੀਟਾਂ 'ਤੇ ਆਪਣੇ ਉਮੀਦਵਾਰ ਖੜ੍ਹੇ ਕੀਤੇ। ਐਨਾ ਹੀ ਨਹੀਂ ਭਾਜਪਾ ਓਡੀਸ਼ਾ ਅਤੇ ਪੱਛਮ ਬੰਗਾਲ ਵਿੱਚ ਵੀ ਪ੍ਰਭਾਵਸ਼ਾਲੀ ਹੋ ਕੇ ਉਭਰੀ ਹੈ।

ਹਾਲਾਂਕਿ ਦੱਖਣ ਭਾਰਤ ਵਿੱਚ ਪਾਰਟੀ ਦੀ ਮੌਜੂਦਗੀ ਘੱਟ ਹੈ, ਲਿਹਾਜ਼ਾ ਅਜੇ ਵੀ ਭਾਜਪਾ ਕਾਂਗਰਸ ਦੀ ਤਰ੍ਹਾਂ ਅਖਿਲ ਭਾਰਤੀ ਪਾਰਟੀ ਨਹੀਂ ਬਣੀ ਹੈ। ਪਰ ਭਾਜਪਾ ਉੇਸੇ ਦਿਸ਼ਾ ਵਿੱਚ ਅੱਗ ਵਧ ਰਹੀ ਹੈ।

ਵੀਹ ਸਾਲ ਪਹਿਲਾਂ ਜਦੋਂ ਭਾਜਪਾ, ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਵਿੱਚ ਸੱਤਾ ਵਿੱਚ ਆਈ ਸੀ ਉਦੋਂ ਗਠਜੋੜ ਦੀ ਸਰਕਾਰ ਸੀ ਅਤੇ ਭਾਜਪਾ ਸਾਹਮਣੇ ਸਭ ਤੋਂ ਵੱਡੀ ਪਾਰਟੀ ਦੇ ਤੌਰ 'ਤੇ ਸਥਿਰ ਸਰਕਾਰ ਚਲਾਉਣ ਦੀ ਚੁਣੌਤੀ ਵੀ ਸੀ।

Image copyright Getty Images

ਜਦਕਿ ਮੋਦੀ ਦੀ ਅਗਵਾਈ ਵਿੱਚ ਭਾਜਪਾ ਖ਼ੁਦ ਹੀ ਬਹੁਮਤ ਵਿੱਚ ਹੈ। ਕੋਈ ਵੀ ਮੋਦੀ ਅਤੇ ਅਮਿਤ ਸ਼ਾਹ ਦੀ ਹੈਸੀਅਤ 'ਚ ਨਹੀਂ ਹੈ ਅਤੇ ਉਹ ਹਮਲਾਵਰ ਅੰਦਾਜ਼ ਵਿੱਚ ਸਿਆਸਤ ਕਰਦੇ ਹਨ।

ਪਾਰਟੀ ਦਾ ਤੰਤਰ ਸਿਰਫ਼ ਚੋਣਾਂ ਦੇ ਮੌਸਮ ਵਿੱਚ ਨਜ਼ਰ ਆਉਂਦਾ ਹੋਵੇ, ਅਜਿਹੀ ਗੱਲ ਨਹੀਂ ਹੈ। ਪਾਰਟੀ ਸਥਾਈ ਤੌਰ 'ਤੇ ਚੋਣ ਮੁਹਿੰਮ ਵਿੱਚ ਜੁਟੀ ਹੋਈ ਨਜ਼ਰ ਆਉਂਦੀ ਹੈ।

ਸਿਆਸੀ ਵਿਗਿਆਨਕ ਸੁਹਾਸ ਪਲਸ਼ੀਕਰ ਦਾ ਮੰਨਣਾ ਹੈ ਕਿ ਇੱਕ ਪਾਰਟੀ ਦੇ ਰਾਜ ਵਾਲੇ ਦੌਰ ਵਿੱਚ ਦੇਸ ਤੇਜ਼ੀ ਨਾਲ ਅੱਗੇ ਵਧੇਗਾ, ਜਿਵੇਂ ਕਾਂਗਰਸ ਦੀ ਅਗਵਾਈ ਵਿੱਚ ਅਤੀਤ ਵਿੱਚ ਹੋ ਚੁੱਕਿਆ ਹੈ।

ਉਹ ਇਸ ਨੂੰ ਪਾਰਟੀ ਪ੍ਰਭੁਤਵ ਵਾਲੇ ਪ੍ਰਬੰਧ ਦਾ ਦੂਜਾ ਦੌਰ ਦੱਸਦੇ ਹਨ, ਜਿਸ ਵਿੱਚ ਭਾਜਪਾ ਦਾ ਦਬਦਬਾ ਹੈ ਜਦਕਿ ਕਾਂਗਰਸ ਕਮਜ਼ੋਰ ਬਣੀ ਹੋਈ ਹੈ ਅਤੇ ਖੇਤਰੀ ਪਾਰਟੀਆਂ ਆਪਣਾ ਆਧਾਰ ਗੁਆਉਂਦੇ ਹੋਏ ਨਜ਼ਰ ਆ ਰਹੀਆਂ ਹਨ।

4. ਰਾਸ਼ਟਰਵਾਦ ਅਤੇ ਮਜ਼ਬੂਤ ਲੀਡਰ ਦੀ ਚਾਹਤ ਦੀ ਅਹਿਮ ਭੂਮਿਕਾ

ਮੋਦੀ ਨੇ ਆਪਣੇ ਚੋਣ ਪ੍ਰਚਾਰ ਵਿੱਚ ਰਾਸ਼ਟਰਵਾਦ ਨੂੰ ਸਭ ਤੋਂ ਅਹਿਮ ਮੁੱਦਾ ਬਣਾ ਕੇ ਰੱਖਿਆ। ਇਸ ਦੇ ਸਾਹਮਣੇ ਵੋਟਰ ਆਪਣੀਆਂ ਆਰਥਿਕ ਮੁਸ਼ਕਲਾਂ ਨੂੰ ਵੀ ਭੁੱਲ ਗਏ।

ਕੁਝ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਮੋਦੀ ਦੀ ਅਗਵਾਈ ਵਿੱਚ ਭਰਤ ਇੱਕ ਸੱਭਿਆਚਾਰ ਵਾਲੇ ਲੋਕਤੰਤਰ ਵੱਲ ਵਧ ਰਿਹਾ ਹੈ, ਇਸਦੀ ਸੁਰੱਖਿਆ ਲਈ ਦੇਸ ਦੀ ਬਹੁਮਤ ਵਾਲੀ ਆਬਾਦੀ ਨੂੰ ਸਰਗਰਮ ਹੋਣ ਦੀ ਲੋੜ ਹੋਵੇਗੀ।

ਸਮਾਜਸ਼ਾਸਤਕੀ ਸੈਮੀ ਸਮਹਾ ਮੁਤਾਬਕ ਇਹ ਕਾਫ਼ੀ ਹੱਦ ਤੱਕ ਇਸਰਾਇਲ ਵਰਗਾ ਹੋਵੇਗਾ, ਜਿਨ੍ਹਾਂ ਨੇ ਆਪਣੇ ਯਹੂਦੀ ਸੱਭਿਆਚਾਰ ਦੀ ਪਛਾਣ ਦੇ ਨਾਲ-ਨਾਲ ਪੱਛਮੀ ਯੂਰਪ ਦੀ ਪ੍ਰੇਰਨਾ ਨਾਲ ਸੰਸਦੀ ਪ੍ਰਬੰਧ ਨੂੰ ਵੀ ਲਾਗੂ ਕੀਤਾ ਹੋਇਆ ਹੈ।

ਇਹ ਵੀ ਪੜ੍ਹੋ:

Image copyright Getty Images

ਤਾਂ ਕੀ ਹਿੰਦੂ ਰਾਸ਼ਟਰਵਾਦ ਭਾਰਤੀ ਸਿਆਸਤ ਅਤੇ ਸਮਾਜ ਦੀ ਪਛਾਣ ਬਣ ਜਾਵੇਗਾ?

ਪਰ ਇਹ ਐਨਾ ਸੌਖਾ ਤਾਂ ਨਹੀਂ ਹੋਵੇਗਾ- ਭਾਰਤ ਵਿੱਚ ਕਾਫ਼ੀ ਵਖਰੇਵੇਂ ਹਨ। ਹਿੰਦੂਤਵ ਵੀ ਵਖਰੇਵਿਆਂ ਵਾਲੀ ਆਸਥਾ ਹੈ। ਸਮਾਜਿਕ ਅਤੇ ਭਾਸ਼ਾਵਾਂ ਦੇ ਪੱਧਰ 'ਤੇ ਵਿਭਿੰਨਤਾਵਾਂ ਨੇ ਵੀ ਦੇਸ ਨੂੰ ਆਪਸ ਵਿੱਚ ਜੋੜ ਕੇ ਰੱਖਿਆ ਹੈ।

ਉਂਝ ਭਾਜਪਾ ਹਿੰਦੁਤਵ ਅਤੇ ਰਾਸ਼ਟਰਵਾਦ ਨੂੰ ਮਿਲਾ ਕੇ ਜਿਸ ਹਿੰਦੂ ਰਾਸ਼ਟਰਵਾਦ ਦੀ ਗੱਲ ਕਰਦੀ ਹੈ, ਉਹ ਸਾਰੇ ਭਾਰਤੀਆਂ ਨੂੰ ਪ੍ਰਭਾਵਿਤ ਕਰੇ ਇਹ ਜ਼ਰੂਰ ਨਹੀਂ ਹੈ।

ਪ੍ਰੋਫ਼ੈਸਰ ਰੰਗਰਾਜਨ ਕਹਿੰਦੇ ਹਨ, "ਦੁਨੀਆਂ ਵਿੱਚ ਕਿਤੇ ਅਜਿਹੀ ਥਾਂ ਨਹੀਂ ਹੈ ਜਿੱਥੇ ਐਨਾ ਜ਼ਿਆਦਾ ਵਖਰੇਵਾਂ ਹੈ ਅਤੇ ਇਕਰੂਪਤਾ ਲਿਆਉਣਾ ਮੁਸ਼ਕਲਾਂ ਭਰਿਆ ਹੈ।''

ਅਜਿਹੇ ਵਿੱਚ ਮੋਦੀ ਦੀ ਅਗਵਾਈ ਵਿੱਚ ਭਾਰਤ ਬਹੁਗਿਣਤੀ ਆਬਾਦੀ ਦਾ ਦੇਸ ਬਣ ਜਾਵੇਗਾ, ਇਹ ਡਰ ਕਿੰਨਾ ਸਹੀ ਹੈ?

ਮੋਦੀ ਅਜਿਹੇ ਪਹਿਲੇ ਲੀਡਰ ਨਹੀਂ ਹਨ ਜਿਨ੍ਹਾਂ ਨੂੰ ਆਲੋਚਕ ਫਾਸੀਵਾਦੀ ਅਤੇ ਸੱਤਾਵਾਦੀ ਕਹਿ ਰਹੇ ਹਨ। ਇਸ ਤੋਂ ਪਹਿਲਾਂ ਇੰਦਰਾ ਗਾਂਧੀ ਨੂੰ ਵੀ ਅਜਿਹਾ ਕਿਹਾ ਗਿਆ ਸੀ।

1975 ਵਿੱਚ ਉਨ੍ਹਾਂ ਨੇ ਦੇਸ ਵਿੱਚ ਐਮਜੈਂਸੀ ਲਾਗੂ ਕੀਤੀ ਸੀ ਜਿਸ ਤੋਂ ਦੋ ਸਾਲ ਬਾਅਦ ਹੀ ਆਮ ਲੋਕਾਂ ਨੇ ਉਨ੍ਹਾਂ ਨੂੰ ਸੱਤਾ ਤੋਂ ਬਾਹਰ ਦਾ ਰਾਹ ਵਿਖਾ ਦਿੱਤਾ ਸੀ।

ਉਂਝ ਮੋਦੀ ਬਹੁਤ ਮਜ਼ਬੂਤ ਲੀਡਰ ਹਨ ਅਤੇ ਲੋਕ ਉਨ੍ਹਾਂ ਨੂੰ ਇਸ ਲਈ ਪਸੰਦ ਕਰਦੇ ਹਨ। 2017 ਵਿੱਚ ਆਈ ਸੀਐੱਸਡੀਐੱਸ ਦੀ ਇੱਕ ਰਿਪੋਰਟ ਦੱਸਦੀ ਹੈ ਕਿ ਭਾਰਤ ਵਿੱਚ 2005 'ਚ 70 ਫ਼ੀਸਦ ਲੋਕਤੰਤਰ ਨੂੰ ਪਸੰਦ ਕਰਦੇ ਹਨ ਜਿਹੜੇ 2017 ਵਿੱਚ 63 ਫ਼ੀਸਦ ਰਹਿ ਗਏ ਸਨ।

ਪਿਊ ਦੀ 2017 ਦੀ ਇੱਕ ਰਿਪੋਰਟ ਵਿੱਚ ਵੀ 55 ਫ਼ੀਸਦ ਹਿੱਸੇਦਾਰਾਂ ਨੇ ਕਿਹਾ ਸੀ ਕਿ ਅਜਿਹਾ ਸ਼ਾਸਨ ਪ੍ਰਬੰਧ ਹੋਣਾ ਚਾਹੀਦਾ ਹੈ ਜਿਸ ਵਿੱਚ ਕੋਈ ਵੀ ਮਜ਼ਬੂਤ ਲੀਡਰ, ਸੰਸਦ ਅਤੇ ਅਦਾਲਤ ਦੇ ਦਖ਼ਲ ਤੋਂ ਬਿਨਾਂ ਫ਼ੈਸਲਾ ਲੈ ਸਕੇ।

ਭਾਰਤ ਦੀ ਸਭ ਤੋਂ ਪੁਰਾਣੀ ਪਾਰਟੀ ਕਾਂਗਰਸ ਦੀ ਹੋਂਦ ਸੰਕਟ ਵਿੱਚ

ਕਾਂਗਰਸ ਨੂੰ ਲਗਾਤਾਰ ਦੂਜੀ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਹਾਲਾਂਕਿ ਕੌਮੀ ਪੱਧਰ 'ਤੇ ਉਹ ਦੂਜੀ ਵੱਡੀ ਪਾਰਟੀ ਬਣੀ ਹੋਈ ਹੈ। ਪਰ ਉਹ ਭਾਜਪਾ ਤੋਂ ਕਾਫ਼ੀ ਪਿੱਛੜ ਚੁਕੀ ਹੈ ਅਤੇ ਸਭ ਤੋਂ ਮਾੜੇ ਦੌਰ ਵਿੱਚੋਂ ਲੰਘ ਰਹੀ ਹੈ।

ਦੇਸ ਦੇ ਸਭ ਤੋਂ ਵੱਧ ਆਬਾਦੀ ਵਾਲੇ ਸੂਬੇ ਬਿਹਾਰ, ਉੱਤਰ ਪ੍ਰਦੇਸ਼ ਅਤੇ ਬੰਗਾਲ ਵਿੱਚ ਕਾਂਗਰਸ ਦੀ ਹੋਂਦ ਲਗਭਗ ਨਾ ਦੇ ਬਰਾਬਰ ਹੈ।

ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਵਰਗੇ ਦੱਖਣ ਭਾਰਤੀ ਸੂਬਿਆਂ ਵਿੱਚ ਪਾਰਟੀ ਨਜ਼ਰ ਨਹੀਂ ਆਉਂਦੀ। ਉਦਯੋਗਿਕ ਤੌਰ 'ਤੇ ਵਿਕਸਿਤ ਗੁਜਰਾਤ ਵਿੱਚ ਕਾਂਗਰਸ ਨੇ ਆਖ਼ਰੀ ਵਾਰ 1990 ਵਿੱਚ ਚੋਣ ਜਿੱਤੀ ਸੀ। ਜਦਕਿ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਦੇ ਸਮੇਂ ਤੋਂ ਹੀ ਪਾਰਟੀ ਮਹਾਰਾਸ਼ਟਰ ਵਿੱਚ ਵੀ ਸੱਤਾ ਤੋਂ ਬਾਹਰ ਹੈ।

Image copyright AFP

ਲਗਾਤਾਰ ਦੂਜੀ ਵਰ ਆਮ ਚੋਣਾਂ ਵਿੱਚ ਹੋਈ ਹਾਰ ਤੋਂ ਬਾਅਦ ਕਈ ਸਵਾਲ ਪੁੱਛੇ ਜਾ ਰਹੇ ਹਨ। ਪਾਰਟੀ ਆਪਣੇ ਸਹਿਯੋਗੀਆਂ ਵਿਚਾਲੇ ਵਧੇਰੇ ਸਵੀਕਾਰਯੋਗ ਕਿਵੇਂ ਹੋਵੇਗੀ? ਪਾਰਟੀ ਕਿਵੇਂ ਚੱਲੇਗੀ? ਪਾਰਟੀ ਗਾਂਧੀ ਪਰਿਵਾਰ 'ਤੇ ਆਪਣੀ ਨਿਰਭਰਤਾ ਨੂੰ ਕਿਵੇਂ ਘੱਟ ਕਰੇਗੀ? ਪਾਰਟੀ ਆਪਣੇ ਨੌਜਵਾਨ ਨੇਤਾਵਾਂ ਨੂੰ ਕਿਵੇਂ ਮੌਕਾ ਦੇਵੇਗੀ? ਭਾਜਪਾ ਦਾ ਸਾਹਮਣਾ ਕਰਨ ਲਈ ਕਾਂਗਰਸ ਜ਼ਮੀਨੀ ਵਰਕਰਾਂ ਦਾ ਨੈੱਟਵਰਕ ਕਿਵੇਂ ਤਿਆਰ ਕਰੇਗੀ?

ਮਿਲਾਨ ਵੈਸ਼ਨਵ ਕਹਿੰਦੇ ਹਨ, "ਕਾਂਗਰਸ ਮੈਨੇਜਮੈਂਟ ਵਜੋਂ ਸਹੀ ਨਹੀਂ ਰਹੇਗੀ, ਜਿਵੇਂ ਬੀਤੀਆਂ ਕਈ ਚੋਣਾਂ ਵਿੱਚ ਦੇਖਣ ਨੂੰ ਮਿਲਿਆ ਹੈ। ਕਾਂਗਰਸ ਦੀ ਪਛਾਣ ਆਤਮ ਵਿਸ਼ਲੇਸ਼ਣ ਕਰਨ ਵਾਲੀ ਪਾਰਟੀ ਨਹੀਂ ਰਹੀ ਹੈ। ਪਰ ਭਾਰਤ ਵਿੱਚ ਦੋ ਪਾਰਟੀ ਵਿਵਸਥਾ ਦੇ ਚਲਦੇ ਮੁਸ਼ਕਲਾਂ ਦੇ ਬਾਜੂਦ ਕਾਂਗਰਸ ਦੀ ਥਾਂ ਬਚੀ ਰਹੇਗੀ।"

ਸਿਆਸੀ ਵਿਗਿਆਨਕ ਅਤੇ ਅੱਜ-ਕੱਲ੍ਹ ਸਿਆਸਤ ਵਿੱਚ ਸਰਗਰਮ ਯੋਗੇਂਦਰ ਯਾਦਵ ਦਾ ਮੰਨਣਾ ਹੈ ਕਿ ਕਾਂਗਰਸ ਦੀ ਉਪਯੋਗਤਾ ਖ਼ਤਮ ਹੋ ਚੁੱਕੀ ਹੈ ਅਤੇ ਇਸ ਨੂੰ ਖ਼ਤਮ ਹੋ ਜਾਣਾ ਚਾਹੀਦਾ ਹੈ।

ਪਰ ਸਿਆਸੀ ਪਾਰਟੀਆਂ ਖ਼ੁਦ 'ਚ ਬਦਲਾਅ ਲਿਆ ਕੇ ਵਾਪਸੀ ਕਰਨ ਵਿੱਚ ਸਮਰੱਥ ਹੁੰਦੀਆਂ ਹਨ। ਅਜਿਹੇ ਵਿੱਚ ਇਸਦਾ ਪਤਾ ਤਾਂ ਭਵਿੱਖ ਵਿੱਚ ਹੀ ਲੱਗੇਗਾ ਕਿ ਕਾਂਗਰਸ ਨਵੇਂ ਸਿਰੇ ਤੋਂ ਵਾਪਸੀ ਕਰ ਸਕੇਗੀ ਜਾਂ ਨਹੀਂ?

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)