ਮੋਦੀ ਸੁਨਾਮੀ ਨੇ ਖਿਸਕਾਈ ਹਰਿਆਣਵੀਂ 'ਲਾਲਾਂ' ਦੀ ਜ਼ਮੀਨ

ਅਰਜੁਨ ਚੌਟਾਲਾ, ਕਰਨ ਚੌਟਾਲਾ Image copyright Sat Singh/BBC
ਫੋਟੋ ਕੈਪਸ਼ਨ ਆਈਐਨਐਲਡੀ ਦੇ ਕੁਰੂਕਸ਼ੇਤਰ ਤੋਂ ਉਮੀਦਵਾਰ ਅਰਜੁਨ ਚੌਟਾਲਾ ਹਾਰ ਗਏ

ਸਾਲ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਹਰਿਆਣਾ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਸੂਬੇ ਦੀਆਂ ਸਾਰੀਆਂ ਲੋਕ ਸਭਾ ਸੀਟਾਂ 'ਤੇ ਭਾਜਪਾ ਨੇ ਜਿੱਤ ਦਰਜ ਕੀਤੀ ਹੋਵੇ।

ਹਰਿਆਣਾ ਦੇ ਤਿੰਨ ਲਾਲਾਂ (ਭਜਨ ਲਾਲ, ਦੇਵੀ ਲਾਲ, ਬੰਸੀ ਲਾਲ) ਦੇ ਵੰਸ਼ਜਾਂ ਨੂੰ ਹਾਰ ਦੀ ਨਮੋਸ਼ੀ ਝੱਲਣੀ ਪਈ ਹੈ।

ਭਾਰਤ ਦੇ ਸਾਬਕਾ ਉਪ-ਪ੍ਰਧਾਨ ਮੰਤਰੀ ਦੇਵੀ ਲਾਲ ਦੇ ਪੋਤੇ ਹਿਸਾਰ, ਸੋਨੀਪਤ ਤੇ ਕੁਰਕਸ਼ੇਤਰ ਤੋਂ ਹਾਰ ਗਏ ਹਨ।

ਦੁਸ਼ਯੰਤ ਚੌਟਾਲਾ ਹਿਸਾਰ ਤੋਂ ਆਪਣੀ ਸੀਟ 'ਤੇ ਲੜ ਰਹੇ ਸਨ। ਉਨ੍ਹਾਂ ਨੂੰ ਛੱਡ ਕੇ ਦਿਗਵਿਜੇ ਅਤੇ ਅਰਜੁਨ ਚੌਟਾਲਾ ਦੀਆਂ ਜ਼ਮਾਨਤਾਂ ਵੀ ਜ਼ਬਤ ਹੋ ਗਈਆਂ।

ਇਹ ਵੀ ਪੜ੍ਹੋ:

ਦੁਸ਼ਯੰਤ ਅਤੇ ਦਿਗਵਿਜੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦੇ ਵੱਡੇ ਬੇਟੇ ਅਜੇ ਚੌਟਾਲਾ ਦੇ ਪੁੱਤਰ ਹਨ।

ਅਰਜੁਨ, ਓਮ ਪ੍ਰਕਾਸ਼ ਦੇ ਛੋਟੇ ਬੇਟੇ ਅਭੇ ਚੌਟਾਲਾ ਦੇ ਪੁੱਤਰ ਹਨ।

ਭਜਨ ਲਾਲ ਦੇ ਪੋਤੇ ਦੀ ਹਾਰ

ਇਸੇ ਤਰ੍ਹਾਂ ਮਰਹੂਮ ਭਜਨ ਲਾਲ ਜਿਨ੍ਹਾਂ ਨੂੰ ਹਰਿਆਣਾ ਦੀ ਸਿਆਸਤ ਵਿੱਚ ਪੀਐੱਚਡੀ ਕਿਹਾ ਜਾਂਦਾ ਸੀ ਦੇ ਪੋਤੇ ਭਵਯ ਬਿਸ਼ਨੋਈ ਵੀ ਆਪਣੀ ਪਹਿਲੀ ਚੋਣ ਹਿਸਾਰ ਲੋਕ ਸਭਾ ਹਲਕੇ ਤੋਂ ਹਾਰ ਗਏ। ਉਨ੍ਹਾਂ ਨੂੰ ਭਾਜਪਾ ਦੇ ਪਹਿਲੀ ਵਾਰ ਚੋਣ ਲੜ ਰਹੇ ਉਮੀਦਵਾਰ ਬ੍ਰਿਜੇਂਦਰ ਸਿੰਘ ਨੇ ਹਰਾਇਆ।

ਭਵਯ ਬਿਸ਼ਨੋਈ ਕੁਲਦੀਪ ਬਿਸ਼ਨੋਈ ਦੇ ਪੁੱਤਰ ਹਨ ਜਿਨ੍ਹਾਂ ਕਦੇ ਚੌਧਰੀ ਭਜਨ ਲਾਲ ਵੱਲੋਂ ਸ਼ੁਰੂ ਕੀਤੀ ਹਰਿਆਣਾ ਜਨਹਿੱਤ ਕਾਂਗਰਸ ਦੀ ਅਗਵਾਈ ਕੀਤੀ ਸੀ।

ਕੁਲਦੀਪ ਬਿਸ਼ਨੋਈ ਨੇ ਕਾਂਗਰਸ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਭਾਜਪਾ ਨਾਲ ਵੀ ਹੱਥ ਮਿਲਾਇਆ ਸੀ।

Image copyright Sat Singh/BBC
ਫੋਟੋ ਕੈਪਸ਼ਨ ਮਰਹੂਮ ਬੰਸੀ ਲਾਲ ਦੀ ਪੋਤਰੀ ਸ਼ਰੁਤੀ ਚੌਧਰੀ ਆਪਣੀ ਜੱਦੀ ਤੇ ਘਰੇਲੂ ਸੀਟ ਭਿਵਾਨੀ- ਮਹਿੰਦਰਗੜ੍ਹ ਤੋਂ ਹਾਰ ਗਏ ਹਨ

ਸ਼ਰੁਤੀ ਚੌਧਰੀ, ਮਰਹੂਮ ਬੰਸੀ ਲਾਲ ਦੀ ਪੋਤਰੀ ਹੈ ਜੋ ਕਦੇ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਸੱਜੇ ਹੱਥ ਵਜੋਂ ਵਿਚਰਦੇ ਸਨ।

ਸ਼ਰੁਤੀ ਵੀ ਆਪਣੀ ਜੱਦੀ ਤੇ ਘਰੇਲੂ ਸੀਟ ਭਿਵਾਨੀ-ਮਹਿੰਦਰਗੜ੍ਹ ਤੋਂ ਹਾਰ ਗਈ।

ਕਹਾਣੀ ਇੱਥੇ ਹੀ ਖ਼ਤਮ ਨਹੀਂ ਹੁੰਦੀ। ਰਣਵੀਰ ਸਿੰਘ ਹੁੱਡਾ, ਜੋ 1947 ਦੀ ਸੰਵਿਧਾਨ ਸਭਾ ਦੇ ਮੈਂਬਰ ਸਨ, ਦੇ ਪੋਤਰੇ ਦੀਪਿੰਦਰ ਹੁੱਡਾ ਵੀ ਆਪਣੀਆਂ ਚੌਥੀਆਂ ਚੋਣਾਂ ਭਾਜਪਾ ਦੇ ਅਰਵਿੰਦ ਸ਼ਰਮਾ ਤੋਂ ਹਾਰ ਗਏ ਹਨ।

ਰਣਵੀਰ ਹੁੱਡਾ ਸਾਂਝੇ ਪੰਜਾਬ ਵਿੱਚ ਮੰਤਰੀ ਵੀ ਰਹੇ ਤੇ ਰੋਹਤਕ ਤੋਂ ਦੋ ਵਾਰ ਸੰਸਦ ਮੈਂਬਰ ਵੀ ਚੁਣੇ ਗਏ।

ਵੋਟ ਸ਼ੇਅਰ

ਸ਼ਰੁਤੀ ਚੌਧਰੀ, ਹਰਿਆਣਾ ਕਾਂਗਰਸ ਸੀਐੱਲਪੀ ਆਗੂ ਕਿਰਨ ਚੌਧਰੀ ਦੀ ਬੇਟੀ ਹੈ। ਉਨ੍ਹਾਂ ਨੂੰ ਭਾਜਪਾ ਉਮੀਦਵਾਰ ਧਰਮਵੀਰ ਸਿੰਘ ਦੇ ਮੁਕਾਬਲੇ ਮਹਿਜ਼ 25.17% ਵੋਟਾਂ ਮਿਲੀਆਂ ਜਦੋਂਕਿ ਜੇਤੂ ਉਮੀਦਵਾਰ ਨੂੰ 63.45% ਵੋਟਾਂ ਪਈਆਂ।

ਸ਼ਰੁਤੀ ਇਸ ਤੋਂ ਪਹਿਲਾਂ 2014 ਵਿੱਚ ਵੀ ਧਰਮਿੰਦਰ ਸਿੰਘ ਤੋਂ ਹਾਰ ਚੁੱਕੇ ਹਨ। ਉਸ ਸਮੇਂ ਉਹ ਭਿਵਾਨੀ- ਮਹਿੰਦਰਗੜ੍ਹ ਲੋਕ ਸਭਾ ਸੀਟ ਤੋਂ ਤੀਜੇ ਨੰਬਰ 'ਤੇ ਰਹੇ ਸਨ।

Image copyright Sat Singh/BBC
ਫੋਟੋ ਕੈਪਸ਼ਨ ਸ਼ਰੁਤੀ ਚੌਧਰੀ ਨੂੰ ਭਾਜਪਾ ਉਮੀਦਵਾਰ ਧਰਮਵੀਰ ਸਿੰਘ ਦੇ ਮੁਕਾਬਲੇ ਮਹਿਜ਼ 25.17% ਵੋਟਾਂ ਮਿਲੀਆਂ

ਭਜਨ ਲਾਲ ਦੇ ਪੋਤੇ, ਭਵਯ ਬਿਸ਼ਨੋਈ, ਪਹਿਲੀ ਵਾਰੀ ਚੋਣ ਲੜ ਰਹੇ ਭਾਜਪਾ ਦੇ ਉਮੀਦਵਾਰ ਬ੍ਰਿਜੇਂਦਰ ਸਿੰਘ ਤੋਂ ਹਾਰੇ ਹਨ।

ਬ੍ਰਿਜੇਂਦਰ ਸਿੰਘ ਕੇਂਦਰੀ ਸਟੀਲ ਮੰਤਰੀ ਬਿਰੇਂਦਰ ਸਿੰਘ ਦੇ ਬੇਟੇ ਹਨ। ਭਵਯ ਨੂੰ ਮਹਿਜ਼ 15.63% ਵੋਟਾਂ ਮਿਲੀਆਂ ਜਦਕਿ ਜੇਤੂ ਬਰਜਿੰਦਰ ਸਿੰਘ ਨੇ 51. 13% ਵੋਟਾਂ ਹਾਸਲ ਕੀਤੀਆਂ।

ਭਵਯ ਆਪਣੇ ਪਰਿਵਾਰਿਕ ਹਲਕੇ ਆਦਮਪੁਰ ਸਮੇਤ ਲੋਕ ਸਭਾ ਹਲਕੇ ਅੰਦਰ ਪੈਂਦੇ ਸਾਰੇ ਨੌਂ ਵਿਧਾਨ ਸਭਾ ਹਲਕਿਆਂ ਤੋਂ ਵੀ ਹਾਰ ਗਏ।

ਇਹ ਵੀ ਪੜ੍ਹੋ:

ਦੁਸ਼ਯੰਤ ਚੌਟਾਲਾ, ਜਿਨ੍ਹਾਂ ਨੂੰ ਭਾਜਪਾ ਦੇ ਉਮੀਦਵਾਰ ਬ੍ਰਿਜੇਂਦਰ ਸਿੰਘ ਨੇ ਹਰਾ ਕੇ ਬਾਹਰ ਕੀਤਾ ਸੀ, ਨੂੰ ਜੇਤੂ ਉਮੀਦਵਾਰ ਦੇ ਮੁਕਾਬਲੇ ਅੱਧੀਆਂ ਭਾਵ ਸਿਰਫ਼ 24.51% ਵੋਟਾਂ ਹੀ ਹਾਸਲ ਹੋਈਆਂ।

ਦੁਸ਼ਯੰਤ ਚੌਟਾਲਾ ਨੇ ਆਪਣੇ ਪਰਿਵਾਰ ਦੀ ਪਾਰਟੀ ਇੰਡੀਅਨ ਨੈਸ਼ਨਲ ਲੋਕ ਦਲ ਤੋਂ ਵੱਖ ਹੋ ਕੇ ਆਪਣੀ ਵੱਖਰੀ ਪਾਰਟੀ ਜਨ ਨਾਇਕ ਜਨਤਾ ਪਾਰਟੀ ਵੀ ਬਣਾਈ ਸੀ।

Image copyright Sat Singh/BBC
ਫੋਟੋ ਕੈਪਸ਼ਨ ਦੁਸ਼ਯੰਤ ਚੌਟਾਲਾ ਨੇ ਆਪਣੇ ਪਰਿਵਾਰ ਦੀ ਪਾਰਟੀ ਆਈਐਨਐਲਡੀ ਤੋਂ ਵੱਖ ਹੋ ਕੇ ਵੱਖਰੀ ਪਾਰਟੀ ਜੇਜੇਪੀ ਬਣਾ ਲਈ ਸੀ

ਉਹ ਆਪਣੀ ਜੱਦੀ ਪਾਰਟੀ ਵੱਲੋਂ ਹਿਸਾਰ ਤੋਂ 2014 ਵਿੱਚ ਸੰਸਦ ਮੈਂਬਰ ਚੁਣੇ ਗਏ ਪਰ ਉਨ੍ਹਾਂ ਨੂੰ ਪਾਰਟੀ ਦੀ ਵੰਡ ਦਾ ਖਾਮਿਆਜ਼ਾ ਭੁਗਤਣਾ ਪਿਆ। ਉਹ ਲੋਕ ਸਭਾ ਸੀਟ ਅੰਦਰ ਪੈਂਦੇ ਨੌਂ ਵਿੱਚੋਂ ਅੱਠ ਵਿਧਾਨ ਸਭਾ ਹਲਕਿਆਂ ਵਿੱਚ ਆਪਣੇ ਵਿਰੋਧੀ ਤੇ ਜੇਤੂ ਉਮੀਦਵਾਰ ਤੋਂ ਪਿੱਛੇ ਰਹੇ।

ਅਰਜੁਨ ਚੌਟਾਲਾ ਵੀ ਦੇਵੀ ਲਾਲ ਦੇ ਪੋਤੇ ਹਨ। ਉਨ੍ਹਾਂ ਨੂੰ ਵੀ ਕੁਰਕਸ਼ੇਤਰ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਨਾਯਾਬ ਸੈਣੀ ਤੋਂ ਹਾਰ ਦਾ ਮੂੰਹ ਦੇਖਣਾ ਪਿਆ।

ਉਨ੍ਹਾਂ ਦੀ ਜ਼ਮਾਨਤ ਜ਼ਬਤ ਹੋ ਗਈ ਅਤੇ ਉਨ੍ਹਾਂ ਨੂੰ ਮਹਿਜ਼ 4.93% ਵੋਟਾਂ ਹਾਸਲ ਹੋਈਆਂ ਜਦੋਂਕਿ ਉਨ੍ਹਾਂ ਦੇ ਮੁਕਾਬਲੇ ਭਾਜਪਾ ਉਮੀਦਵਾਰ ਨੂੰ 55.98% ਵੋਟ ਸ਼ੇਅਰ ਹਾਸਲ ਹੋਇਆ।

ਦਿਲਚਸਪ ਗੱਲ ਇਹ ਹੈ ਕਿ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਨੇ ਉਨ੍ਹਾਂ ਲਈ ਪ੍ਰਚਾਰ ਕੀਤਾ ਸੀ।

Image copyright Sat Singh/BBC
ਫੋਟੋ ਕੈਪਸ਼ਨ ਤਿੰਨ ਵਾਰ ਐੱਮਪੀ ਰਹੇ ਦੀਪਿੰਦਰ ਸਿੰਘ ਹੁੱਡਾ ਨੇ ਵਿਰੋਧੀ ਨੂੰ ਫਸਵੀਂ ਟੱਕਰ ਦਿੱਤੀ

ਆਪਣੇ ਭਰਾਵਾਂ ਵਰਗਾ ਹੀ ਪ੍ਰਦਰਸ਼ਨ ਕਰਦਿਆਂ, ਦਿਗਵਿਜੇ ਚੌਟਾਲਾ ਜੋ ਕਿ ਸੋਨੀਪਤ ਲੋਕ ਸਭਾ ਸੀਟ ਤੋਂ ਮੈਦਾਨ ਵਿੱਚ ਸਨ, ਉਨ੍ਹਾਂ ਦੀ ਵੀ ਜ਼ਮਾਨਤ ਜ਼ਬਤ ਹੋ ਗਈ। ਉਨ੍ਹਾਂ ਨੂੰ ਭਾਜਪਾ ਦੇ ਜੇਤੂ ਉਮੀਦਵਾਰ ਰਮੇਸ਼ ਕੌਸ਼ਿਕ (52.03%) ਦੇ ਮੁਕਾਬਲੇ ਮਹਿਜ਼ 4.53% ਵੋਟਾਂ ਮਿਲੀਆਂ।

ਤਿੰਨ ਵਾਰ ਐੱਮਪੀ ਰਹੇ ਦੀਪਿੰਦਰ ਸਿੰਘ ਹੁੱਡਾ ਹੀ ਹਨ ਜਿਨ੍ਹਾਂ ਨੇ ਵਿਰੋਧੀ ਨੂੰ ਫਸਵੀਂ ਟੱਕਰ ਦਿੱਤੀ। ਉਨ੍ਹਾਂ ਨੂੰ 46.4% ਵੋਟਾਂ ਮਿਲੀਆਂ ਜਦਕਿ ਜੇਤੂ ਉਮੀਦਵਾਰ ਅਰਵਿੰਦ ਸ਼ਰਮਾ ਨੂੰ 47.01% ਵੋਟਾਂ ਮਿਲੀਆਂ।

ਇਤਿਹਾਸਕਾਰ ਦਾ ਕੀ ਕਹਿਣਾ ਹੈ

ਉੱਘੇ ਇਤਿਹਾਸਕਾਰ ਕੇਸੀ ਯਾਦਵ ਲਾਲਾਂ ਦੇ ਪੋਤਿਆਂ ਦੀ ਹਾਰ ਨੂੰ ਪਰਿਵਾਰਵਾਦੀ ਸਿਆਸਤ ਦੀ ਹਾਰ ਵਜੋਂ ਨਹੀਂ ਦੇਖਦੇ। ਯਾਦਵ ਨੇ ਦੱਸਿਆ ਕਿ ਬਾਲਾਕੋਟ ਹਮਲੇ ਤੋਂ ਬਾਅਦ ਇਹ ਇੱਕ ਪਾਸੜ ਚੋਣਾਂ ਹੋਈਆਂ ਹਨ ਤੇ ਪ੍ਰਧਾਨ ਮੰਤਰੀ ਮੋਦੀ ਨੇ ਬਾਲਾਕੋਟ ਹਮਲੇ ਨੂੰ ਆਪਣੀ ਉਪਲਭਦੀ ਬਣਾ ਕੇ ਪੇਸ਼ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ।

Image copyright Sat Singh/BBC
ਫੋਟੋ ਕੈਪਸ਼ਨ ਸੋਨੀਪਤ ਲੋਕ ਸਭਾ ਸੀਟ ਤੋਂ ਮੈਦਾਨ ਵਿੱਚ ਦਿਗਵਿਜੇ ਚੌਟਾਲਾ ਦੀ ਵੀ ਜ਼ਮਾਨਤ ਜ਼ਬਤ ਹੋ ਗਈ

ਉਨ੍ਹਾਂ ਕਿਹਾ ਕਿ ਪਰਿਵਾਰਵਾਦੀ ਸਿਆਸਤ ਹਰਿਆਣਾ ਵਿੱਚ ਪਹਿਲਾਂ ਵਾਂਗ ਹੀ ਜਾਰੀ ਰਹੇਗੀ। ਕੋਈ ਇੱਕ ਚੋਣ ਜਾਤੀਵਾਦੀ ਜਾਂ ਪਰਿਵਾਰਵਾਦੀ ਸਿਆਸਤ ਦਾ ਭਵਿੱਖ ਤੈਅ ਨਹੀਂ ਕਰ ਸਕਦੀ।

ਅਸਰ ਕੀ ਹੈ?

ਭਵਯ ਬਿਸ਼ਨੋਈ (27) ਦੀ ਜ਼ਮਾਨਤ ਜ਼ਬਤ ਹੋਣ ਤੋਂ ਬਾਅਦ ਉਨ੍ਹਾਂ ਦੇ ਪਿਤਾ ਅਤੇ ਆਦਮਪੁਰ ਤੋਂ ਵਿਧਾਇਕ ਕੁਲਦੀਪ ਬਿਸ਼ਨੋਈ ਨੇ ਇੱਕ ਜਜ਼ਬਾਤੀ ਭਾਸ਼ਣ ਵਿੱਚ ਸਿਆਸਤ ਛੱਡਣ ਦੀ ਗੱਲ ਵੀ ਕਹਿ ਦਿੱਤੀ।

ਉਨ੍ਹਾਂ ਕਿਹਾ, "ਜੇ ਤੁਸੀਂ ਭਜਨ ਲਾਲ ਪਰਿਵਾਰ ਨੂੰ ਸਿਆਸਤ ਵਿੱਚ ਨਹੀਂ ਰੱਖਣਾ ਚਾਹੁੰਦੇ ਤਾਂ ਅਸੀਂ ਸਿਆਸਤ ਛੱਡ ਦੇਵਾਂਗੇ ਪਰ ਸਮਾਜਿਕ ਮੰਚਾਂ 'ਤੇ ਤੁਹਾਡੀ ਸੇਵਾ ਕਰਦੇ ਰਹਾਂਗੇ।"

ਇਹ ਵੀ ਪੜ੍ਹੋ:

24 ਮਈ ਨੂੰ ਜਦੋਂ ਉਹ ਇਹ ਸਭ ਕੁਝ ਕਹਿ ਰਹੇ ਸਨ ਤਾਂ ਕੁਲਦੀਪ ਬਿਸ਼ਨੋਈ ਦੇ ਨਾਲ ਉਨ੍ਹਾਂ ਦੀ ਪਤਨੀ ਰੇਣੁਕਾ ਵੀ ਮੌਜੂਦ ਸੀ।

ਆਪਣੇ ਪੁੱਤਰ ਨੂੰ ਲੋਕਾਂ ਵੱਲੋਂ ਨਾ ਚੁਣੇ ਜਾਣ 'ਤੇ ਕੁੜਤਨ ਜ਼ਾਹਿਰ ਕਰਦਿਆਂ ਬਿਸ਼ਨੋਈ ਨੇ ਕਿਹਾ ਕਿ ਉਨ੍ਹਾਂ ਨੂੰ ਲਗਦਾ ਸੀ ਕਿ ਹਿਸਾਰ ਲੋਕ ਸਭਾ ਹਲਕੇ ਵਿੱਚ ਉਨ੍ਹਾਂ ਦੀ ਪਕੜ ਹੈ ਪਰ ਲੋਕਾਂ ਨੇ ਉਨ੍ਹਾਂ ਨੂੰ ਨਾਕਾਮ ਕਰ ਦਿੱਤਾ ਹੈ।

ਹਾਲਾਂਕਿ ਭਜਨ ਲਾਲ ਨੇ ਮੁੱਖ ਮੰਤਰੀ ਹੁੰਦਿਆਂ ਇੱਥੇ ਬਹੁਤ ਸਾਰੇ ਕੰਮ ਕੀਤੇ ਹਨ। ਯਾਦ ਰੱਖਣ ਵਾਲੀ ਗੱਲ ਹੈ ਕਿ ਭਜਨ ਲਾਲ ਹਰਿਆਣਾ ਦੇ ਗ਼ੈਰ-ਜਾਟ ਮੁੱਖ ਮੰਤਰੀਆਂ ਵਜੋਂ ਸਭ ਤੋਂ ਉੱਘੇ ਮੰਨੇ ਜਾਂਦੇ ਹਨ।

ਇਹ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)