ਪਾਕਿਸਤਾਨ 'ਚ ਤੋੜਿਆ ਗਿਆ ਪੁਰਾਣਾ 'ਨਾਨਕ ਮਹਿਲ' ਤੇ ਖਿੜਕੀਆਂ-ਦਰਵਾਜ਼ੇ ਵੇਚੇ

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਪਾਕਿਸਤਾਨ 'ਚ ਤੋੜਿਆ ਗਿਆ ਸਦੀਆਂ ਪੁਰਾਣੇ 'ਨਾਨਕ ਮਹਿਲ' ਤੇ ਖਿੜਕੀਆਂ-ਦਰਵਾਜ਼ੇ ਵੇਚੇ

ਰਿਪੋਰਟਾਂ ਮੁਤਾਬਕ ਪਾਕਿਸਤਾਨ ਦੇ ਨੈਰੋਵਾਲ ਵਿੱਚ ਇੱਕ ਪਰਾਤਨ ਇਤਿਹਾਸਕ ਇਮਾਰਤ 'ਨਾਨਕ ਮਹਿਲ' ਦਾ ਇੱਕ ਹਿੱਸਾ ਢਾਹੇ ਜਾਣ ਦੀ ਖ਼ਬਰ ਹੈ।

ਖ਼ਬਰ ਏਜੰਸੀ ਪੀਟੀਆਈ ਨੇ ਮੀਡੀਆ ਰਿਪੋਰਟਾਂ ਦੇ ਹਵਾਲੇ ਨਾਲ ਦੱਸਿਆ ਹੈ ਕਿ ਸਦੀਆਂ ਪੁਰਾਣੇ 'ਨਾਨਕ ਮਹਿਲ' ਦੀ ਇਮਾਰਤ ਦੇ ਇੱਕ ਹਿੱਸੇ ਨੂੰ ਕੁਝ ਲੋਕਾਂ ਨੇ ਨਾ ਕੇਵਲ ਓਕਾਫ ਵਿਭਾਗ ਦੇ ਅਧਿਕਾਰੀਆਂ ਨਾਲ ਮਿਲ ਕੇ ਤੋੜਿਆ ਬਲਕਿ ਇਸ ਦੇ ਮਹਿੰਗੇ ਖਿੜਕੀਆਂ-ਦਰਵਾਜ਼ੇ ਵੀ ਵੇਚ ਦਿੱਤੇ ਹਨ।

ਏਜੰਸੀ ਨੇ ਪਾਕਿਸਤਾਨੀ ਅਖ਼ਬਾਰ ਡਾਨ ਦੇ ਹਵਾਲੇ ਨਾਲ ਦੱਸਿਆ ਹੈ ਕਿ ਲਾਹੌਰ ਤੋਂ 100 ਕਿਲੋਮੀਟਰ ਦੂਰ ਪਿੰਡ ਨੈਰੋਵਾਲ ਵਿੱਚ ਸਥਿਤ ਇਸ ਚਾਰ ਮੰਜ਼ਿਲਾਂ ਇਮਾਰਤ ਵਿੱਚ 16 ਕਮਰੇ ਸਨ ਅਤੇ ਹਰੇਕ ਕਮਰੇ 'ਚ 3 ਦਰਵਾਜ਼ੇ ਤੇ 4 ਰੌਸ਼ਨਦਾਨ ਸਨ।

ਇਸ ਇਮਾਰਤ 'ਚ ਗੁਰੂ ਨਾਨਕ ਦੇਵ ਦੀਆਂ ਤਸਵੀਰਾਂ ਦੇ ਨਾਲ-ਨਾਲ ਕਈ ਹਿੰਦੂ ਸ਼ਾਸਕਾਂ ਤੇ ਰਾਜਕੁਮਾਰਾਂ ਦੀਆਂ ਤਸਵੀਰਾਂ ਸਨ।

ਗੁਰੂ ਨਾਨਕ ਨਹੀਂ ਨਾਨਕ ਮਹਿਲ

ਲਾਹੌਰ ਵਿਚ ਬੀਬੀਸੀ ਉਰਦੂ ਦੇ ਸਹਿਯੋਗੀ ਉਮਰ ਨਾਗਿਆਨਾ ਨੇ ਦੱਸਿਆ ਕਿ ਇਸ ਇਮਾਰਤ ਦੇ ਗੁਰੂ ਨਾਨਕ ਦੇਵ ਨਾਲ ਸਬੰਧਤ ਹੋਣ ਦਾ ਕੋਈ ਰਿਕਾਰਡ ਪ੍ਰਸਾਸ਼ਨ ਕੋਲ ਨਹੀਂ ਹੈ। ਪ੍ਰਸਾਸ਼ਨ ਇਸਦੀ ਜਾਂਚ ਕਰ ਰਿਹਾ ਹੈ ਕਿ ਇਸ ਇਮਾਰਤ ਦਾ ਇਤਿਹਾਸ ਕੀ ਹੈ।

ਇਹ ਜਰੂਰ ਹੈ ਕਿ 'ਨਾਨਕ ਪੈਲੇਸ' ਨਾਂ ਦੀ ਇਹ ਪੁਰਾਤਨ ਇਮਾਰਤ ਬਹੁਤ ਪੁਰਾਣੀ ਅਤੇ ਬੇਸ਼ਕੀਮਤੀ ਹੈ। ਕੁਝ ਲੋਕ ਇਸ ਦਾ ਸਬੰਧ ਮਹਾਰਾਜਾ ਰਣਜੀਤ ਸਿੰਘ ਕਾਲ ਨਾਲ ਵੀ ਜੋੜ ਰਹੇ ਹਨ।

ਇਸੇ ਦੌਰਾਨ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਬੀਬੀਸੀ ਪੰਜਾਬੀ ਦੇ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਨੂੰ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪਾਕਿਸਤਾਨ ਤੋਂ ਸਿੱਖ ਸੰਗਠਨਾਂ ਤੋਂ ਪੁਖਤਾ ਜਾਣਕਾਰੀ ਆਉਣ ਤੋਂ ਬਾਅਦ ਹੀ ਅਗਲਾ ਕਦਮ ਚੁੱਕਿਆ ਜਾਵੇਗਾ।

ਇਹ ਵੀ ਪੜ੍ਹੋ-

Image copyright dawn newspaer

ਸਥਾਨਕਵਾਸੀ ਮੁਹੰਮਦ ਅਸਲਮ ਮੁਤਾਬਕ, "ਇਸ ਪੁਰਾਣੀ ਇਮਾਰਤ ਨੂੰ 'ਨਾਨਕ ਦਾ ਮਹਿਲ' ਕਿਹਾ ਜਾਂਦਾ ਹੈ ਅਤੇ ਇਸ ਨੂੰ ਦੇਖਣ ਲਈ ਭਾਰਤ ਸਣੇ ਦੁਨੀਆਂ ਭਰ 'ਚ ਰਹਿੰਦੇ ਸਿੱਖ ਆਉਂਦੇ ਸਨ।"

ਕੋਈ ਕਾਰਵਾਈ ਨਹੀਂ ਹੋਈ

ਉਨ੍ਹਾਂ ਨੇ ਦੱਸਿਆ ਕਿ ਇੱਕ ਵਾਰ ਕੈਨੇਡਾ ਤੋਂ ਇੱਕ ਔਰਤ ਸਣੇ ਇਮਾਰਤ ਬਾਰੇ ਜਾਣਕਾਰੀ ਦੇਣ ਵਾਲੀ ਇੱਕ ਕਿਤਾਬ ਦੇ ਨਾਲ 6 ਮੈਂਬਰੀ ਵਫ਼ਦ ਆਇਆ ਸੀ। ਉਹ ਇਸ ਸਥਾਨ 'ਤੇ ਜਾ ਕੇ ਇੰਨੇ ਉਤਸ਼ਾਹਿਤ ਹੋਏ ਜਿਵੇਂ ਉਨ੍ਹਾਂ ਨੂੰ ਕੋਈ ਖਜ਼ਾਨਾ ਮਿਲ ਗਿਆ ਹੋਵੇ।

ਉਨ੍ਹਾਂ ਨੇ ਦੱਸਿਆ, "ਓਕਾਫ ਬੋਰਡ ਨੂੰ ਭੰਨ-ਤੋੜ ਬਾਰੇ ਦੱਸਿਆ ਗਿਆ ਪਰ ਕੋਈ ਨਾ ਕੋਈ ਅਧਿਕਾਰੀ ਆਇਆ ਤੇ ਨਾ ਹੀ ਕੋਈ ਕਾਰਵਾਈ ਹੋਈ।"

ਏਜੰਸੀ ਨੇ ਰਿਪੋਰਟ 'ਚ ਦੱਸਿਆ ਹੈ ਕਿ ਇਸ ਦੀ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਕਿਸ ਬੋਰਡ ਦੀ ਹੈ, ਇਹ ਪਤਾ ਲਗਾਉਣ ਲਈ ਡਾਨ ਅਖ਼ਬਾਰ ਡਿਪਟੀ ਕਮਿਸ਼ਨਰ, ਓਰਾਫ਼ ਟਰੱਸਟ ਪ੍ਰਾਪਰਟੀ ਬੋਰਡ, ਇਸ ਇਮਾਰਤ 'ਚ ਰਹਿਣ ਵਾਲੇ ਪਰਿਵਾਰ ਕੋਲ ਗਿਆ ਪਰ ਕੋਈ ਫਾਇਦਾ ਨਹੀਂ ਹੋਇਆ। ਉਨ੍ਹਾਂ ਕੋਲ ਇਸ ਇਮਾਰਤ ਦੇ ਮਾਲਕ ਬਾਰੇ ਕੋਈ ਸੰਕੇਤ ਨਹੀਂ ਸੀ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
'ਸਾਡਾ ਮਕਸਦ ਹੈ ਕਿ ਪਾਕਿਤਸਾਨ ਵਿੱਚ ਸਿੱਖ ਇਬਾਦਤਗਾਹਾਂ ਨੂੰ ਬਣਦਾ ਮਾਣ ਮਿਲੇ'

ਰੈਵੇਨਿਊ ਰਿਕਰਾਡ 'ਚ ਜਾਣਕਾਰੀ ਨਹੀਂ

ਨੈਰੋਵਾਲ ਦੇ ਡਿਪਟੀ ਕਮਿਸ਼ਨਰ ਵਾਹਿਦ ਅਸਗਰ (ਇਲਾਕੇ ਦੀਆਂ ਸਾਰੀਆਂ ਜਾਇਦਾਦਾਂ ਦੇ ਰਿਕਾਰਡ ਦੇ ਇੰਚਾਰਜ਼) ਨੇ ਦੱਸਿਆ, "ਰੈਵੇਨਿਊ ਰਿਕਾਰਡ 'ਚ ਇਸ ਇਮਾਰਤ ਬਾਰੇ ਕੋਈ ਜਾਣਕਾਰੀ ਨਹੀਂ ਹੈ। ਜਿਵੇਂ ਕਿ ਇਹ ਇਤਿਹਾਸਕ ਲੱਗ ਰਹੀ ਹੈ, ਇਸ ਲਈ ਅਸੀਂ ਨਗਰ ਨਿਗਮ ਕਮੇਟੀ ਦੇ ਰਿਕਾਰਡ ਵੀ ਦੇਖ ਰਹੇ ਹਾਂ।"

ਇੱਕ ਸਥਾਨਕਵਾਸੀ ਮੁਹੰਮਦ ਅਸ਼ਰਫ਼ ਨੇ ਕਿਹਾ, "ਇਮਾਰਤ ਦੀਆਂ ਤਿੰਨ ਮੰਜ਼ਿਲਾਂ ਦਾ ਪਹਿਲਾਂ ਹੀ ਢਹਿ-ਢੇਰੀ ਹੋਈਆਂ ਪਈਆਂ ਹਨ ਅਤੇ ਨਵੇਂ ਘਰਾਂ ਦਾ ਨਿਰਮਾਣ ਹੋ ਰਿਹਾ ਹੈ। ਰਸੂਖ਼ਦਾਰ ਲੋਕਾਂ ਨੇ ਇਮਾਰਤ ਨੂੰ ਓਕਾਫ ਬੋਰਡ ਦੀ ਮਿਲੀਭੁਗਤ ਨਾਲ ਤੋੜਿਆ ਹੈ ਤੇ ਕੀਮਤੀ ਦਰਵਾਜ਼ੇ-ਖਿੜਕੀਆਂ, ਰੌਸ਼ਨਦਾਰ ਅਤੇ ਲੱਕੜ ਵੇਚ ਦਿੱਤੀ ਹੈ।"

ਭਾਰਤ ਤਿੱਖ਼ਾ ਪ੍ਰਤੀਕਰਮ

ਦਿੱਲੀ ਗੁਰਦਵਾਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਇਸ ਨੂੰ ਦੁੱਖਦਾਇਕ ਘਟਨਾ ਕਰਾਰ ਦਿੱਤਾ ਹੈ। ਸਿਰਸਾ ਨੇ ਕਿਹਾ ਕਿ ਪਾਕਿਸਤਾਨ ਵਿਚ ਗੁਰਦੁਆਰਿਆਂ ਨਾਲ ਸਬੰਧਤ ਜ਼ਮੀਨ ਜਾਇਦਾਦਾਂ ਉੱਤੇ ਲਾਗਤਾਰ ਕਬਜ਼ੇ ਹੋ ਰਹੇ ਹਨ।

ਉਨ੍ਹਾਂ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਇਸ ਮਾਮਲੇ ਵਿਚ ਸਿੱਧਾ ਦਖ਼ਲ ਦਿੱਤਾ ਜਾਵੇ ਅਤੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਧਿਆਨ ਵਿਚ ਮਾਮਲਾ ਲਿਆ ਕੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰਵਾਈ ਜਾਵੇ।

ਇਸੇ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਆਰਪੀ ਸਿੰਘ ਨੇ ਵੀ ਇਸ ਬਾਰੇ ਪਾਕਿਸਤਾਨੀ ਪ੍ਰਧਾਨ ਮੰਤਰੀ ਨੂੰ ਸਖ਼ਤ ਕਦਮ ਲੈਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਇਮਰਾਨ ਖ਼ਾਨ ਨੂੰ ਸਿੱਖ ਧਾਰਮਿਕ ਸਥਾਨਾਂ ਨਾਲ ਜੁੜੇ ਵਿਰਸੇ ਦੀ ਰਾਖ਼ੀ ਲਈ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ।

ਇਹ ਵੀ ਪੜ੍ਹੋ-

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)