ਕ੍ਰਿਕਟ ਵਿਸ਼ਵ ਕੱਪ: ‘1983 ’ਚ ਭਾਰਤ ਨੇ ਵੈਸਟ ਇੰਡੀਜ਼ ਨੂੰ ਵਿਸ਼ਵ ਕੱਪ 'ਚ ਵੀ ਹਰਾਇਆ, ਉਨ੍ਹਾਂ ਦੀ ਸ਼ੈਂਪੇਨ ਵੀ ਪੀ ਲਈ’

1983, विश्व कप क्रिकेट Image copyright Dave Cannon/Allsport

ਜਦੋਂ 25 ਜੂਨ, 1983 ਨੂੰ ਲੌਰਡਜ਼ ਦੇ ਮੈਦਾਨ ਵਿਚਾਲੇ ਕਪਿਲ ਦੇਵ, ਨਿਖੰਜ ਅਤੇ ਮਦਨਲਾਲ ਵਿਚਾਲੇ ਗੱਲਬਾਤ ਹੋਈ, ਤਾਂ ਉਸ ਦਾ ਅਸਰ ਨਾ ਕੇਵਲ ਵਿਸ਼ਵ ਕੱਪ ਦੇ ਫਾਈਨਲ ਦੇ ਨਤੀਜੇ 'ਤੇ ਪਿਆ, ਬਲਕਿ ਉਸ ਨੇ ਹਮੇਸ਼ਾ ਲਈ ਭਾਰਤੀ ਕ੍ਰਿਕਟ ਦੀ ਸੂਰਤ ਬਦਲ ਦਿੱਤੀ।

ਵਿਵ ਰਿਚਰਡਜ਼ ਧਮਾਕੇਦਾਰ ਬੱਲੇਬਾਜ਼ੀ ਕਰਦੇ ਹੋਏ 33 ਦੌੜਾਂ 'ਤੇ ਪਹੁੰਚ ਗਏ। ਉਹ ਮਦਨ ਲਾਲ ਦੀਆਂ ਤਿੰਨ ਗੇਂਦਾਂ 'ਤੇ ਤਿੰਨ ਚੌਕੇ ਲਗਾ ਚੁੱਕੇ ਸਨ ਇਸ ਲਈ ਕਪਿਲ ਦੇਵ ਕਿਸੀ ਹੋਰ ਨੂੰ ਓਵਰ ਦੇਣ ਬਾਰੇ ਸੋਚ ਰਹੇ ਸਨ।

ਉਸੇ ਵੇਲੇ ਮਦਨ ਲਾਲ ਨੇ ਉਨ੍ਹਾਂ ਨੂੰ ਇੱਕ ਹੋਰ ਓਵਰ ਕਰਵਾਉਣ ਲਈ ਕਿਹਾ। ਮਦਨਲਾਲ ਯਾਦ ਕਰਦੇ ਹਨ, "ਇਹ ਗੱਲ ਸਹੀ ਹੈ ਕਿ ਮੈਂ ਕਪਿਲ ਦੇਵ ਤੋਂ ਗੇਂਦ ਲਈ ਸੀ। ਜੋ ਲੋਕ ਕਹਿੰਦੇ ਹਨ ਕਿ ਮੈਂ ਗੇਂਦ ਖੋਹੀ ਸੀ, ਗ਼ਲਤ ਹੈ।"

"ਮੈਨੂੰ ਤਿੰਨ ਓਵਰ ਵਿੱਚ 20-21 ਰਨ ਦੇਣੇ ਪਏ ਸਨ। ਮੈਂ ਕਪਿਲ ਨੂੰ ਕਿਹਾ ਕਿ ਮੈਨੂੰ ਇੱਕ ਓਵਰ ਹੋਰ ਕਰਨ ਦਿਓ। ਮੈਂ ਸੋਚਿਆ ਕਿ ਮੈਂ ਰਿਚਰਡਜ਼ ਨੂੰ ਇੱਕ ਸ਼ਾਰਟ ਗੇਂਦ ਕਰਾਂਗਾ।"

ਇਹ ਵੀ ਪੜ੍ਹੋ:

"ਮੈਂ ਪਹਿਲੀ ਗੇਂਦਾਂ ਤੋਂ ਤੇਜ਼ ਗੇਂਦ ਕੀਤੀ ਜਿਸ ਨੇ ਪਿੱਚ ਨੂੰ ਤੇਜ਼ੀ ਨਾਲ ਹਿੱਟ ਕੀਤਾ। ਉਨ੍ਹਾਂ ਨੇ ਉਸ ਗੇਂਦ ਨੂੰ ਹੁੱਕ ਕਰਦੇ ਹੋਏ ਮਿਸਟਾਈਮ ਕਰ ਦਿੱਤਾ। ਕਪਿਲ ਦੇਵ ਨੇ 20-25 ਗਜ਼ ਪਿੱਛੇ ਭੱਜ ਕੇ ਬਿਲਕੁੱਲ ਆਪਣੀਆਂ ਉਂਗਲਾਂ ਦੇ ਟਿਪ 'ਤੇ ਉਸ ਗੇਂਦ ਨੂੰ ਕੈਚ ਕੀਤਾ।"

ਆਕਸਫਰਡ ਸਟ੍ਰੀਟ ਵਿੱਚ ਸ਼ੌਪਿੰਗ ਦੀ ਮਨਸ਼ਾ

25 ਜੂਨ 1983 ਨੂੰ ਸ਼ਨੀਵਾਰ ਦਾ ਦਿਨ ਸੀ। ਲੌਰਡਜ਼ ਦੇ ਮੈਦਾਨ 'ਤੇ ਬੱਦਲ ਛਾਏ ਹੋਏ ਸਨ। ਜਿਵੇਂ ਹੀ ਕਲਾਈਵ ਲੌਇਡ ਅਤੇ ਕਪਿਲ ਦੇਵ ਮੈਦਾਨ 'ਤੇ ਟਾਸ ਕਰਨ ਆਏ, ਸੂਰਜ ਨੇ ਬੱਦਲ ਨੂੰ ਪਿੱਛੇ ਕਰ ਦਿੱਤਾ ਅਤੇ ਦਰਸ਼ਕਾਂ ਨੇ ਖੁਸ਼ੀ ਨਾਲ ਤਾਲੀਆਂ ਵਜਾਈਆਂ।

ਭਾਰਤੀ ਕ੍ਰਿਕਟ ਦੇ ਇਤਿਹਾਸ ਬਾਰੇ ਹਾਲ ਵਿੱਚ ਹੀ ਛਪੀ ਕਿਤਾਬ 'ਦਿ ਨਾਈਨ ਵੇਵਸ- ਦਿ ਐਕਸਟਰਾਔਰਡਿਨੇਰੀ ਸਟੋਰੀ ਆਫ ਇੰਡੀਅਨ ਕ੍ਰਿਕਟ' ਲਿਖਣ ਵਾਲੇ ਮਿਹਿਰ ਬੋਸ ਯਾਦ ਕਰਦੇ ਹਨ, "ਜਦੋਂ ਅਸੀਂ ਲੌਰਡਜ਼ ਦੇ ਅੰਦਰ ਜਾ ਰਹੇ ਸੀ ਤਾਂ 'ਬੁਕੀਜ਼' ਭਾਰਤ ਨੂੰ 50 ਟੂ 1 ਅਤੇ 100 ਟੂ 1 ਦਾ ਔਡ ਦੇ ਰਹੇ ਸਨ।"

"ਦੋ ਭਾਰਤੀ ਵੀ ਹੱਥ ਵਿੱਚ ਇੱਕ ਬੈਨਰ ਲਏ ਹੋਏ ਸਨ ਜਿਸ ਵਿੱਚ ਭਾਰਤ ਨੂੰ 'ਫੇਵਰੇਟ' ਦੱਸਿਆ ਜਾ ਰਿਹਾ ਸੀ। ਲੌਰਡਜ਼ ਅੰਦਰ ਵੈਸਟ ਇੰਡੀਜ਼ ਦੇ ਬਹੁਤ ਹਮਾਇਤੀ ਸਨ। ਭਾਰਤ ਦੇ ਸਮਰਥਕ ਇੰਨੇ ਨਹੀਂ ਸਨ। ਉਹ ਪਹਿਲਾਂ ਤੋਂ ਹੀ ਚੀਕ ਰਹੇ ਸਨ ਕਿ ਅਸੀਂ ਤੀਜੀ ਵਾਰ ਵਿਸ਼ਵ ਕੱਪ ਜਿੱਤਾਂਗੇ।"

Image copyright Adrian Murrell/Allsport/Getty Images
ਫੋਟੋ ਕੈਪਸ਼ਨ ਵਿਸ਼ਵ ਕੱਪ ਜਿੱਤਣ ਤੋਂ ਬਾਅਦ ਯਸ਼ਪਾਲ ਸ਼ਰਮਾ ਤੇ ਰੋਜਰ ਬਿੰਨੀ ਯਾਦਗਾਰ ਲਈ ਵਿਕਟ ਉਖਾੜ ਕੇ ਲੈ ਜਾਂਦੇ ਹੋਏ, ਦੂਜੇ ਪਾਸੇ ਜਿੱਤ ਦਾ ਜਸ਼ਨ ਮਨਾਉਂਦੇ ਹੋਏ ਮੋਹਿੰਦਰ ਅਮਰਨਾਥ ਦੌੜਦੇ ਹੋਏ

"ਪ੍ਰੈੱਸ ਬਾਕਸ ਵਿੱਚ ਵੀ ਇੱਕਾ-ਦੁੱਕਾ ਭਾਰਤੀ ਪੱਤਰਕਾਰ ਸਨ। ਮੈਂ ਤਾਂ 'ਸੰਡੇ ਟਾਈਮਜ਼' ਲਈ ਕੰਮ ਕਰ ਰਿਹਾ ਸੀ। ਅੰਗਰੇਜ਼ ਤੇ ਆਸਟਰੇਲੀਆਈ ਪੱਤਰਕਾਰ ਕਹਿ ਰਹੇ ਸਨ ਕਿ ਇਹ ਖਰਾਬ ਫਾਇਨਲ ਹੋਣ ਜਾ ਰਿਹਾ ਹੈ।"

"ਇੰਗਲੈਂਡ ਜਾਂ ਆਸਟਰੇਲੀਆ ਫਾਇਨਲ ਵਿੱਚ ਹੁੰਦੇ ਤਾਂ ਕੁਝ ਮੁਕਾਬਲਾ ਵੀ ਹੁੰਦਾ। ਜਦੋਂ ਭਾਰਤੀ ਖੇਡਣ ਉੱਤਰੇ ਤਾਂ ਉਨ੍ਹਾਂ ਨੇ ਚੰਗੀ ਬੈਟਿੰਗ ਨਹੀਂ ਕੀਤੀ।”

“ਜਦੋਂ ਵੈਸਟ ਇੰਡੀਜ਼ ਨੇ ਬੈਟਿੰਗ ਸ਼ੁਰੂ ਕੀਤੀ ਤਾਂ ਸੰਦੀਪ ਪਾਟਿਲ ਨੇ ਗਵਾਸਕਰ ਨੂੰ ਮਰਾਠੀ ਵਿੱਚ ਕਿਹਾ, "ਚੰਗਾ ਹੈ ਕਿ ਮੈਚ ਜਲਦੀ ਖ਼ਤਮ ਹੋ ਜਾਵੇਗਾ, ਸਾਨੂੰ 'ਆਕਸਫੌਰਡ ਸਟ੍ਰੀਟ' ਵਿੱਚ ਸ਼ੌਪਿੰਗ ਕਰਨ ਦਾ ਵਕਤ ਮਿਲ ਜਾਵੇਗਾ।"

"ਜਦੋਂ ਵੈਸਟ ਇੰਡੀਜ਼ ਦੀ ਬੈਟਿੰਗ ਸ਼ੁਰੂ ਹੋਈ ਤਾਂ ਮੈਨੂੰ ਅੰਗਰੇਜ਼ ਅਤੇ ਆਸਟਰੇਲੀਆਈ ਪੱਤਰਕਾਰਾਂ ਦੀਆਂ ਗੱਲਾਂ ਸੁਣ ਕੇ ਇੰਨਾ ਬੁਰਾ ਲਗਿਆ ਕਿ ਮੈਂ ਪ੍ਰੈੱਸ ਬਾਕਸ ਛੱਡ ਦਿੱਤਾ ਅਤੇ ਲੌਰਡਜ਼ ਦੇ ਮੈਦਾਨ ਵਿੱਚ ਮੂਡ ਸਹੀ ਕਰਨ ਲਈ ਘੁੰਮਦਾ ਰਿਹਾ।"

ਸ਼੍ਰੀਕਾਂਤ ਦੀ ਧੁਨਾਈ

ਉਸ ਦਿਨ ਕਪਿਲ ਟੌਸ ਜਿੱਤੇ ਤੇ ਉਨ੍ਹਾਂ ਨੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। 'ਬਿੱਗ ਬਰਡ' ਜੌਇਲ ਗਾਰਨਰ ਨਾਲ ਗੇਂਦਬਾਜ਼ੀ ਦੀ ਸ਼ੁਰੂਆਤ ਕੀਤੀ। ਰੌਬਰਟਜ਼ ਨੇ ਭਾਰਤ ਨੂੰ ਪਹਿਲਾ ਝਟਕਾ ਦਿੱਤਾ ਜਦੋਂ 2 ਦੇ ਸਕੋਰ 'ਤੇ ਦੂਜੋ ਨੇ ਗਵਾਸਕਰ ਨੂੰ ਕੈਚ ਕਰ ਲਿਆ।

ਗਵਾਸਕਰ ਦੀ ਥਾਂ ਆਏ ਮੋਹਿੰਦਰ ਅਮਰਨਾਥ ਨੇ ਇੱਕ ਛੋਰ ਸਾਂਭਿਆ। ਦੂਜੇ ਛੋਰ 'ਤੇ ਸ਼੍ਰੀਕਾਂਤ ਤੂਫਾਨੀ ਮੂਡ ਵਿੱਚ ਸਨ। ਉਨ੍ਹਾਂ ਨੇ ਪਹਿਲਾਂ ਗਾਰਨਰ ਨੂੰ ਸਲੈਸ਼ ਕਰਕੇ ਚੌਕਾ ਜੜਿਆ, ਫਿਰ ਰੌਬਰਟਜ਼ ਦੀ ਗੇਂਦ ਨੂੰ ਮਿਡ ਵਿਕੇਟ ਉੱਤੇ ਬਾਊਂਡਰੀ ਤੋਂ ਬਾਹਰ ਮਾਰਿਆ।

Image copyright Adrian Murrell/Allsport//Getty Images
ਫੋਟੋ ਕੈਪਸ਼ਨ ਮੋਹਿੰਦਰ ਅਮਰਨਾਥ 1983 ਦੇ ਵਿਸ਼ਵ ਕੱਪ ਫਾਇਨਲ ਮੈਚ ਦੇ ਮੈਨ ਆਫ ਦਿ ਮੈਚ ਰਹੇ ਸੀ

ਥੋੜ੍ਹੀ ਦੇਰ ਬਾਅਦ 6 ਰਨ ਲਈ ਹੁੱਕ ਕਰ ਦਿੱਤਾ। ਮੈਂ ਸ਼੍ਰੀਕਾਂਤ ਤੋਂ ਪੁੱਛਿਆ ਕਿ ਜਦੋਂ ਤੁਸੀਂ ਬੈਟਿੰਗ ਕਰਨ ਆਏ ਸੀ ਤਾਂ ਤੁਸੀਂ ਕੀ ਸੋਚ ਰਹੇ ਸੀ?

ਸ਼੍ਰੀਕਾਂਤ ਦਾ ਜਵਾਬ ਸੀ, "ਮੇਰੀ ਸੋਚ ਇਹ ਰਹੀ ਸੀ ਕਿ ਉੱਥੇ ਜਾ ਕੇ ਆਪਣਾ ਸੁਭਾਵਿਕ ਖੇਡ ਖੇਡੋ। ਜੇ ਮਾਰ ਸਕਦੇ ਹੋ ਤਾਂ ਮਾਰੋ ਵਰਨਾ ਬਾਹਰ ਜਾਓ।"

ਵੈਸਟ ਇੰਡੀਜ਼ ਦੇ ਤੇਜ਼ ਗੇਂਦਬਾਜ਼ਾਂ ਦੀ ਖ਼ਤਰਨਾਕ ਗੇਂਦਬਾਜ਼ੀ

ਸ਼੍ਰੀਕਾਂਤ ਬੈਟਿੰਗ ਕਰਦੇ ਹੋਏ ਕਾਫੀ ਰਿਸਕ ਲੈ ਰਹੇ ਸਨ ਅਤੇ ਉੱਧਰ ਲੌਰਡਜ਼ ਦੀ ਮਸ਼ਹੂਰ ਬਾਲਕਨੀ 'ਚ ਬੈਠੇ ਹੋਏ ਸਨ ਭਾਰਤੀ ਖਿਡਾਰੀਆਂ ਦਾ ਦਿਲ ਮੂੰਹ 'ਤੇ ਆ ਰਿਹਾ ਸੀ।

ਲੌਇਡ ਨੇ ਮਾਰਸ਼ਲ ਨੂੰ ਲਗਾਇਆ ਅਤੇ ਆਉਂਦੇ ਹੀ ਉਨ੍ਹਾਂ ਨੇ ਸ਼੍ਰੀਕਾਂਤ ਨੂੰ ਪਵੇਲੀਅਨ ਭੇਜਿਆ ਪਰ ਉਨ੍ਹਾਂ ਦੇ ਬਣਾਈਆਂ ਗਈਆਂ 38 ਦੌੜਾਂ ਦੋਵਾਂ ਟੀਮਾਂ ਦਾ ਸਭ ਤੋਂ ਵੱਧ ਸਕੋਰ ਸੀ।

Image copyright Getty Images
ਫੋਟੋ ਕੈਪਸ਼ਨ 1983 ਦੇ ਵਿਸ਼ਵ ਕੱਪ ਵਿੱਚ ਹਿੱਸਾ ਲੈਣ ਵਾਲੀਆਂ ਸਾਰੀਆਂ ਟੀਮਾਂ ਲੌਰਡਜ਼ ਦੇ ਮੈਦਾਨ ਵਿੱਚ

ਮੋਹਿੰਦਰ ਅਮਰਨਾਥ ਅਤੇ ਯਸ਼ਪਾਲ ਸ਼ਰਮਾ ਨੇ ਹੌਲੀ-ਹੌਲੀ ਖੇਡਦੇ ਹੋਏ 31 ਦੌੜਾਂ ਜੋੜੀਆਂ ਪਰ ਵੈਸਟ ਇੰਡੀਜ਼ ਦੇ ਗੇਂਦਬਾਜ਼ ਇੱਕ 'ਕੰਪਿਊਟਰਾਈਜ਼ਡ ਰਾਕੇਟ' ਵਾਂਗ ਵਾਰ-ਵਾਰ ਹਮਲਾ ਕਰਦੇ ਰਹੇ।

ਰੌਬਰਟ ਜਾਂਦੇ ਤਾਂ ਮਾਰਸ਼ਲ ਆ ਜਾਂਦੇ। ਮਾਰਸ਼ਲ ਜਾਂਦੇ ਤਾਂ ਹੌਲਡਿੰਗ ਗੇਂਦਬਾਜ਼ੀ ਸਾਂਭ ਲੈਂਦੇ। ਮੋਹਿੰਦਰ ਤੇ ਯਸ਼ਪਾਲ ਦੋਵੇਂ ਜਲਦੀ-ਜਲਦੀ ਆਊਟ ਹੋ ਗਏ।

ਮਾਰਸਲ ਦਾ ਬਲਵਿੰਦਰ ਨੂੰ ਬਾਊਂਸਰ

ਭਾਰਤ ਦੇ 6 ਵਿਕਟ ਕੇਵਲ 11 ਦੌੜਾਂ 'ਤੇ ਡਿੱਗ ਗਏ। ਲੌਰਡਜ਼ ਵਿੱਚ ਮੈਚ ਦੇਖ ਰਹੇ ਭਾਰਤੀ ਮੂਲ ਦੇ ਦਰਸ਼ਕਾਂ ਵਿਚਾਲੇ ਖਾਮੋਸ਼ੀ ਛਾਈ ਹੋਈ ਸੀ।

ਉੱਧਰ ਭਾਰਤ ਵਿੱਚ ਕ੍ਰਿਕਟ ਪ੍ਰੇਮੀ ਗੁੱਸੇ ਵਿੱਚ ਆਪਣੇ ਟੀਵੀ ਤੇ ਰੇਡੀਓ ਸੈਟ ਬੰਦ ਕਰ ਰਹੇ ਸਨ। ਪਰ ਭਾਰਤ ਦੇ ਆਖਰੀ ਚਾਰ ਵਿਕਟਾਂ ਨੇ ਕਰੋ ਜਾਂ ਮਰੋ ਦੀ ਭਾਵਨਾ ਦਿਖਾਉਂਦੇ ਹੋਏ 72 ਦੌੜਾਂ ਜੋੜੀਆਂ ਸਨ।

11ਵੇਂ ਨੰਬਰ 'ਤੇ ਖੇਡਦੇ ਹੋਏ ਬਲਵਿੰਦਰ ਸੰਧੂ ਨੇ ਬਹੁਤ ਬਹਾਦੁਰੀ ਦਾ ਨਮੂਨਾ ਪੇਸ਼ ਕੀਤਾ। ਮਾਰਸ਼ਲ ਨੇ ਉਨ੍ਹਾਂ ਨੂੰ ਪ੍ਰੇਸ਼ਾਨ ਕਰਨ ਲਈ ਇੱਕ ਬਾਊਂਸਰ ਸੁੱਟਿਆ ਜੋ ਉਨ੍ਹਾਂ ਦੇ ਹੈਲਮੇਟ ਨਾਲ ਟਕਰਾਇਆ।

Image copyright Adrian Murrell/Getty Allsport
ਫੋਟੋ ਕੈਪਸ਼ਨ ਵਿਸ਼ਵ ਕੱਪ ਫਾਇਨਲ ਵਿੱਚ ਉਸ ਸਾਲ ਵੈਸਟ ਇੰਡੀਜ਼ ਸੈਮੀਫਾਈਨਲ ਵਿੱਚ ਪਾਕਿਸਤਾਨ ਨੂੰ ਹਰਾ ਕੇ ਪਹੁੰਚੀ ਸੀ, ਇਹ ਤਸਵੀਰ ਓਵਲ ਦੇ ਮੈਦਾਨ ਵਿੱਚ ਖੇਡੇ ਗਏ ਉਸੇ ਸੈਮੀਫਾਇਨਲ ਦੀ ਹੈ

ਸਈਦ ਕਿਰਮਾਨੀ ਯਾਦ ਕਰਦੇ ਹੋਏ ਦੱਸਦੇ ਹਨ, "ਜਦੋਂ ਬਲਵਿੰਦਰ ਤੇ ਮੇਰੀ ਸਾਝੇਦਾਰੀ ਸ਼ੁਰੂ ਹੋਈ ਤਾਂ ਮਾਰਸ਼ਲ ਨੇ ਜੋ ਪਹਿਲੀ ਗੇਂਦ ਕੀਤੀ, ਉਹ ਬਾਊਂਸਰ ਸੀ।"

"ਉਹ ਸਿੱਧੀ ਸੰਧੂ ਦੇ ਹੈਲਮੇਟ 'ਤੇ ਲੱਗੀ ਸੀ। ਉਸ ਜ਼ਮਾਨੇ ਵਿੱਚ ਮਾਰਸ਼ਲ ਦੁਨੀਆਂ ਦੇ ਸਭ ਤੋਂ ਤੇਜ਼ ਗੇਂਦਬਾਜ਼ ਸਨ। ਉਹ ਗੇਂਦ ਜਿਵੇਂ ਹੀ ਬੱਲੂ ਦੇ ਹੈਲਮੇਟ 'ਤੇ ਲੱਗੀ ਉਨ੍ਹਾਂ ਨੂੰ ਦਿਨ ਵਿੱਚ ਤਾਰੇ ਨਜ਼ਰ ਆ ਗਏ।"

"ਮੈਂ ਉਨ੍ਹਾਂ ਵੱਲ ਭੱਜਿਆ ਇਹ ਪੁੱਛਣ ਲਈ ਕਿ ਤੁਸੀਂ ਠੀਕ ਤਾਂ ਹੋ। ਮੈਂ ਵੇਖਿਆ ਕਿ ਬੱਲੂ ਹੈਲਮੇਟ ਨੂੰ ਆਪਣੇ ਹੱਥਾਂ ਨਾਲ ਰਗੜ ਰਹੇ ਸੀ। ਮੈਂ ਪੁੱਛਿਆ ਤੁਸੀਂ ਹੈਲਮੇਟ ਕਿਉਂ ਰਗੜ ਰਹੇ ਹੋ, ਕੀ ਸੱਟ ਵੱਜੀ ਹੈ।"

"ਉਸੇ ਵੇਲੇ ਅੰਪਾਇਰ ਡਿਕੀ ਬਰਡ ਨੇ ਮਾਰਸ਼ਲ ਨੂੰ 11ਵੇਂ ਨੰਬਰ ਦੇ ਬੱਲੇਬਾਜ਼ ਨੂੰ ਬਾਊਂਸਰ ਸੁੱਟਣ ਲਈ ਬਹੁਤ ਜ਼ੋਰ ਨਾਲ ਝਾੜਿਆ। ਉਨ੍ਹਾਂ ਨੇ ਮਾਰਸ਼ਲ ਨੂੰ ਇਹ ਵੀ ਕਿਹਾ ਕਿ ਤੁਸੀਂ ਬੱਲੂ ਤੋਂ ਮੁਆਫੀ ਮੰਗੋ।"

ਇਹ ਵੀ ਪੜ੍ਹੋ:

ਮਾਰਸ਼ਲ ਉਨ੍ਹਾਂ ਕੋਲ ਆ ਕੇ ਬੋਲੇ, "ਆਈ ਡਿਡ ਨੌਟ ਮੀਨ ਟੂ ਹਰਟ ਯੂ, ਆਈ ਐੱਮ ਸੌਰੀ (ਮੇਰਾ ਮਕਸਦ ਤੁਹਾਨੂੰ ਜ਼ਖ਼ਮੀ ਕਰਨ ਦਾ ਨਹੀਂ ਸੀ, ਮੈਨੂੰ ਮਾਫ ਕਰ ਦਿਓ)।"

ਬੱਲੂ ਬੋਲੇ, "ਮਾਲਕਮ ਡੂ ਯੂ ਥਿੰਕ ਡੈਟ ਮਾਈ ਬ੍ਰੇਨ ਇਜ਼ ਇਨ ਮਾਈ ਹੈੱਡ, ਨੋ ਇਟ ਇਜ਼ ਇਨ ਮਾਈ ਨੀ (ਮਾਲਕਮ ਕੀ ਤੁਸੀਂ ਸਮਝਦੇ ਹੋ ਕਿ ਮੇਰਾ ਦਿਮਾਗ ਮੇਰੇ ਸਿਰ ਵਿੱਚ ਹੈ? ਨਹੀਂ ਇਹ ਮੇਰੇ ਗੋਡਿਆਂ ਵਿੱਚ ਹੈ)।" ਮਾਲਕਮ ਇਹ ਸੁਣ ਕੇ ਹੱਸ ਪਏ।

183 ਦੌੜਾਂ ਉੱਤੇ ਖ਼ਤਮ ਹੋਈ ਭਾਰਤ ਦੀ ਪਾਰੀ

ਭਾਰਤੀ ਟੀਮ 183 ਦੌੜਾਂ ਬਣਾ ਕੇ ਆਊਟ ਹੋ ਗਈ ਤੇ ਵੈਸਟ ਇੰਡੀਜ਼ ਦੀ ਟੀਮ ਇਸ ਤਰੀਕੇ ਨਾਲ ਪਵੇਲੀਅਨ ਵੱਲ ਦੌੜੀ ਜਿਵੇਂ ਵਿਸ਼ਵ ਕੱਪ ਉਨ੍ਹਾਂ ਦੀ ਝੋਲੀ ਵਿੱਚ ਹੋਵੇ।

ਮੈਂ ਸਈਦ ਕਿਰਮਾਨੀ ਨੂੰ ਪੁੱਛਿਆ ਕਿ ਜਦੋਂ ਤੁਸੀਂ ਫੀਲਡਿੰਗ ਕਰਨ ਉੱਤਰੇ ਤਾਂ ਤੁਸੀਂ ਕੀ ਸੋਚ ਰਹੇ ਸੀ ਕਿ ਮੈਚ ਕਿਸ ਪਾਸੇ ਜਾਵੇਗਾ?

Image copyright Trevor Jones/Getty Images

ਕਿਰਮਾਨੀ ਨੇ ਕਿਹਾ, "ਅਸੀਂ ਤਾਂ ਇਹੀ ਸਮਝੇ ਕਿ ਇਹ ਤਾਂ ਸਾਨੂੰ ਓਪਨਿੰਗ ਸਟੈਂਡ ਵਿੱਚ ਹੀ ਖਾ ਜਾਣਗੇ ਅਤੇ ਵਿਵੀਅਨ ਰਿਚਰਡਜ਼ ਦੀ ਤਾਂ ਵਾਰੀ ਵੀ ਨਹੀਂ ਆਵੇਗੀ ਪਰ ਅਸੀਂ ਇਹ ਸੋਚਿਆ ਕਿ ਅਸੀਂ ਆਪਣਾ ਹੌਂਸਲਾ ਨਹੀਂ ਹਾਰਾਂਗੇ ਤੇ ਸਾਰੇ ਦੇ ਸਾਰੇ ਪੌਜ਼ੀਟਿਵ ਮਾਈਂਡ ਨਾਲ ਖੇਡਾਂਗੇ।"

ਗ੍ਰੀਨੀਜ਼ ਦਾ ਆਫ ਸਟੰਪ ਉੱਡਿਆ

ਵੈਸਟ ਇੰਡੀਜ਼ ਵੱਲੋਂ ਹੈਂਸ ਤੇ ਗ੍ਰੀਨੀਜ਼ ਬੈਟਿੰਗ ਕਰਨ ਉਤਰੇ ਸੀ। ਚੌਥੇ ਓਵਰ ਵਿੱਚ ਬਲਵਿੰਦਰ ਸੰਧੂ ਦੀ ਇੱਕ ਗੇਂਦ ਉੱਤੇ ਗ੍ਰੀਨੀਜ਼ ਨੇ ਇਹ ਸੋਚ ਕੇ ਆਪਣਾ ਬੱਲਾ ਉੱਪਰ ਚੁੱਕਿਆ ਕਿ ਗੇਂਦ ਬਾਹਰ ਜਾ ਰਹੀ ਹੈ।

ਗੇਂਦ ਇੱਕਦਮ ਅੰਦਰ ਆ ਗਈ ਅਤੇ ਗ੍ਰੀਨੀਜ ਦਾ ਆਫ ਸਟੰਪ ਉਡਾ ਕੇ ਲੈ ਗਈ। ਰਿਚਰਡ ਦੇ ਆਊਟ ਹੋਣ ਦੀ ਕਹਾਣੀ ਤੁਸੀਂ ਪੜ੍ਹ ਚੁੱਕੇ ਹੋ।

ਹੁਣ ਭਾਰਤੀ ਖਿਡਾਰੀਆਂ ਦੇ ਕਦਮਾਂ ਵਿੱਚ ਤੇਜ਼ੀ ਆ ਗਈ ਸੀ। ਲੌਇਡ ਨੇ ਬਿਨੀ ਨੂੰ ਡਰਾਈਵ ਕੀਤਾ ਅਤੇ ਸ਼ੌਰਟ ਮਿਡ ਵਿਕਟ 'ਤੇ ਖੜ੍ਹੇ ਕਪਿਲ ਦੇਵ ਨੇ ਹੱਥਾਂ ਵਿੱਚ ਕਰਾਰਾ ਸ਼ੌਟ ਆ ਕੇ ਚਿਪਕ ਗਿਆ।

ਮੋਹਿੰਦਰ ਨੇ ਲਿਆ ਆਖਰੀ ਵਿਕਟ

ਗੌਮਜ਼ ਅਤੇ ਬੈਕਸ ਦੇ ਆਊਟ ਹੋਣ ਦੇ ਬਾਅਦ ਦੂਜੋ ਅਤੇ ਮਾਰਸ਼ਲ ਜਮ ਗਏ। ਉਨ੍ਹਾਂ ਨੇ ਸੱਤਵੇ ਵਿਕਟ ਲਈ 43 ਦੌੜਾਂ ਜੋੜੀਆਂ। ਮੋਹਿੰਦਰ ਨੇ ਦੂਜੋ ਨੂੰ ਆਊਟ ਕੀਤਾ।

ਵੈਸਟ ਇੰਡੀਜ਼ ਦੀ ਅੰਤਿਮ ਜੋੜੀ ਗਾਰਨਰ ਤੇ ਹੋਲਡਿੰਗ ਸਕੋਰ ਨੂੰ 140 ਤੱਕ ਲੈ ਗਈ ਪਰ ਮੋਹਿੰਦਰ ਨੇ ਤੈਅ ਕੀਤਾ ਕਿ ਹੁਣ ਬਹੁਤ ਹੋ ਚੁੱਕਿਆ।

ਲੌਰਡਜ਼ ਦੇ ਇਤਿਹਾਸਕ ਮੈਦਾਨ 'ਤੇ ਚਾਰੇ ਪਾਸੇ ਦਰਸ਼ਕ ਹੀ ਦਰਸ਼ਕ ਸਨ। ਮੈਂ ਕੀਰਤੀ ਆਜ਼ਾਦ ਨੂੰ ਕਿਹਾ ਕਿ ਉਹ ਨਜ਼ਾਰਾ ਯਾਦ ਕਰੋ ਜਦੋਂ ਮੋਹਿੰਦਰ ਨੇ ਹੋਲਡਿੰਗ ਨੂੰ ਆਊਟ ਕੀਤਾ ਸੀ।

Image copyright David James Bartho/Fairfax Media via Getty Images
ਫੋਟੋ ਕੈਪਸ਼ਨ ਮੋਹਿੰਦਰ ਅਮਰਨਾਥ , ਤਸਵੀਰ 30 ਦਸੰਬਰ 1985 ਦੀ ਹੈ

ਕੀਰਤੀ ਨੇ ਕਿਹਾ, "ਤੁਸੀਂ ਮੈਨੂੰ ਵਿਸ਼ਵ ਕੱਪ ਦੀ ਗੱਲ ਪੁੱਛ ਰਹੇ ਹੋ ਤੇ ਉਹ ਨਜ਼ਾਰਾ ਮੇਰੇ ਬਿਲਕੁੱਲ ਸਾਹਮਣੇ ਆ ਗਿਆ ਹੈ। ਮੇਰੇ ਰੋਂਗਟੇ ਖੜ੍ਹੇ ਹੋ ਰਹੇ ਹਨ।"

"ਤੁਸੀਂ ਕੋਈ ਵੀ ਖੇਡ ਖੇਡਦੇ ਹੋ, ਉਸ ਦੇ ਸ਼ਿਖਰ 'ਤੇ ਪਹੁੰਚਣਾ ਚਾਹੁੰਦੇ ਹੋ। ਉਹ ਇੱਕ ਅਜਿਹਾ ਤਜਰਬਾ ਸੀ ਜਿਸ ਨੂੰ ਸ਼ਾਇਦ ਮੈਂ ਕਦੇ ਭੁਲਾ ਨਾ ਸਕਾਂ।"

ਸ਼ਸ਼ੀ ਕਪੂਰ ਲਾਰਡਜ਼ ਪਹੁੰਚੇ

ਜਦੋਂ ਇਹ ਜਸ਼ਨ ਮਨਾਇਆ ਜਾ ਰਿਹਾ ਸੀ, ਤਾਂ ਮਸ਼ਹੂਰ ਅਦਾਕਾਰ ਸ਼ਸ਼ੀ ਕਪੂਰ ਉੱਥੇ ਪਹੁੰਚ ਗਏ। ਕਪਿਲ ਦੇਵ ਆਪਣੀ ਆਤਮ ਕਥਾ, 'ਸਟ੍ਰੇਟ ਫਰੋਮ ਦਿ ਹਾਰਟ' ਵਿੱਚ ਲਿਖਦੇ ਹਨ, "ਜਦੋਂ ਡ੍ਰੈਸਿੰਗ ਰੂਮ ਤੋਂ ਬਾਹਰ ਨਿਕਲੇ ਤਾਂ ਉੱਥੇ ਸਾਊਥ ਹਾਲ ਤੋਂ ਆਏ ਕੁਝ ਪੰਜਾਬੀ ਨੱਚਣ ਲੱਗੇ ਸੀ।"

"ਫਿਰ ਕਿਸੇ ਨੇ ਆ ਕੇ ਮੈਨੂੰ ਦੱਸਿਆ ਕਿ ਬਾਹਰ ਸ਼ਸ਼ੀ ਕਪੂਰ ਖੜ੍ਹੇ ਹਨ ਅਤੇ ਅੰਦਰ ਆਉਣਾ ਚਾਹੁੰਦੇ ਹਨ। ਮੈਂ ਟੀਮ ਦੇ ਦੋ ਮੈਂਬਰਾਂ ਦੇ ਨਾਲ ਉਨ੍ਹਾਂ ਨੂੰ ਲੈਣ ਗਿਆ। ਉਸ ਦਿਨ ਅਸੀਂ ਲੌਰਡਜ਼ ਦੇ ਸਾਰੇ ਕਾਇਦੇ-ਕਾਨੂੰਨ ਤੋੜ ਦਿੱਤੇ ਸਨ।"

"ਲੌਰਡਜ਼ ਦੇ ਮੁੱਖ ਸਵਾਗਤ ਦੇ ਕਮਰੇ ਵਿੱਚ ਕੋਈ ਵੀ ਬਿਨਾਂ ਕੋਰਟ ਟਾਈ ਪਾਏ ਨਹੀਂ ਵੜ੍ਹ ਸਕਦਾ ਸੀ। ਅਸੀਂ ਸ਼ਸ਼ੀ ਕਪੂਰ ਲਈ ਟਾਈ ਦਾ ਇੰਤਜ਼ਾਮ ਤਾਂ ਕਰ ਦਿੱਤਾ ਪਰ ਉਹ ਇੰਨੇ ਮੋਟੇ ਹੋ ਗਏ ਸਨ ਕਿ ਸਾਡੇ ਵਿੱਚੋਂ ਕਿਸੇ ਦਾ ਕੋਟ ਉਨ੍ਹਾਂ ਨੂੰ ਫਿਟ ਨਹੀਂ ਆਇਆ।"

"ਪਰ ਸ਼ਸ਼ੀ ਕਪੂਰ ਸਮਾਰਟ ਸ਼ਖਸ ਸਨ। ਉਨ੍ਹਾਂ ਨੇ ਇੱਕ ਸਟਾਰ ਵਾਂਗ ਕੋਟ ਆਪਣੇ ਮੋਢਿਆਂ ਉੱਤੇ ਪਾਇਆ ਅਤੇ ਟਾਈ ਬੰਨੇ ਹੋਏ ਅੰਦਰ ਵੜ ਆਏ। ਫਿਰ ਉਨ੍ਹਾਂ ਨੇ ਸਾਡੇ ਨਾਲ ਜਸ਼ਨ ਮਨਾਇਆ।"

ਕਪਿਲ ਦੇਵ ਤੇ ਮਦਨ ਲਾਲ ਦੀਆਂ ਪਤਨੀਆਂ ਲੌਰਡਜ਼ ਮੈਦਾਨ 'ਤੇ ਨਹੀਂ ਸਨ

ਦਿਲਚਸਪ ਗੱਲ ਇਹ ਹੈ ਕਿ ਜਦੋਂ ਭਾਰਤ ਨੂੰ ਜਿੱਤ ਮਿਲੀ ਤਾਂ ਕਪਿਲ ਦੇਵ ਤੇ ਮਦਨਲਾਲ ਦੀਆਂ ਪਤਨੀਆਂ ਲੌਰਡਜ਼ ਦੇ ਮੈਦਾਨ 'ਤੇ ਮੌਜੂਦ ਨਹੀਂ ਸਨ।

ਕਪਿਲ ਦੇਵ ਲਿਖਦੇ ਹਨ, "ਜਿਵੇਂ ਹੀ ਭਾਰਤੀ ਖਿਡਾਰੀ ਆਊਟ ਹੋਣ ਲੱਗੇ, ਦਰਸ਼ਕਾਂ ਵਿੱਚ ਬੈਠੀ ਮੇਰੀ ਪਤਨੀ ਰੋਮੀ ਨੇ ਮਦਨ ਲਾਲ ਦੀ ਪਤਨੀ ਅਨੁ ਨੂੰ ਕਿਹਾ, "ਮੇਰੇ ਤੋਂ ਇੱਥੇ ਬੈਠਿਆ ਨਹੀਂ ਜਾ ਰਿਹਾ ਹੈ। ਮੈਂ ਵਾਪਸ ਹੋਟਲ ਜਾ ਰਹੀ ਹਾਂ।"

"ਥੋੜ੍ਹੀ ਦੇਰ ਵਿੱਚ ਅਨੁ ਵੀ ਹੋਟਲ ਪਹੁੰਚ ਗਈ। ਜਦੋਂ ਉਨ੍ਹਾਂ ਨੇ ਨੇੜੇ ਹੀ ਸਟੇਡੀਅਮ ਤੋਂ ਸ਼ੋਰ ਸੁਣਿਆ ਤਾਂ ਉਨ੍ਹਾਂ ਨੇ ਟੀਵੀ ਖੋਲ੍ਹਿਆ। ਟੀਵੀ ਖੋਲ੍ਹਦੇ ਹੀ ਉਨ੍ਹਾਂ ਨੇ ਮੈਨੂੰ ਰਿਚਰਡਜ਼ ਦਾ ਕੈਚ ਲੈਂਦਿਆਂ ਵੇਖਿਆ।"

Image copyright The Nine Waves/Mihir Bose
ਫੋਟੋ ਕੈਪਸ਼ਨ ਮਿਹਿਰ ਬੋਸ ਦੀ ਕਿਤਾਬ ‘ਦਿ ਨਾਈਨ ਵੇਵਸ’

"ਦੋਵੇਂ ਔਰਤਾਂ ਖੁਸ਼ੀ ਨਾਲ ਪਲੰਘ 'ਤੇ ਹੀ ਕੁੱਦਣ ਲਗੀਆਂ। ਇੰਨਾ ਸ਼ੋਰ ਹੋਇਆ ਕਿ ਥੱਲੇ ਤੋਂ ਹੋਟਲ ਦੇ ਮੁਲਾਜ਼ਮ ਉੱਤੇ ਆ ਗਏ। ਇਨ੍ਹਾਂ ਦੋਵਾਂ ਨੇ ਕਿਸੇ ਤਰ੍ਹਾਂ ਉਨ੍ਹਾਂ ਨੂੰ ਟੋਰਿਆ।"

"ਉੱਧਰ ਜਿੱਤ ਤੋਂ ਬਾਅਦ ਮੈਂ ਅੰਦਾਜ਼ੇ ਨਾਲ ਉਸ ਪਾਸੇ ਸ਼ੈਂਪੇਨ ਸਪ੍ਰੇ ਕਰਨੀ ਸ਼ੁਰੂ ਕਰ ਦਿੱਤੀ ਜਿੱਥੇ ਮੈਂ ਉਨ੍ਹਾਂ ਦੋਵਾਂ ਦੇ ਹੋਣ ਦੀ ਉਮੀਦ ਕਰ ਰਿਹਾ ਸੀ।"

"ਉਸੇ ਵੇਲੇ ਮਦਨ ਨੇ ਮੈਨੂੰ ਕਿਹਾ ਕਿ ਦੋਵੇਂ ਔਰਤਾਂ ਨਜ਼ਰ ਨਹੀਂ ਆ ਰਹੀਆਂ ਹਨ।"

ਇਹ ਦੋਵੇਂ ਫਿਰ ਚਾਹ ਕਰ ਵੀ ਮੁੜ ਸਟੇਡੀਅਮ ਨਹੀਂ ਆ ਸਕੀਆਂ। ਬਾਅਦ ਵਿੱਚ ਜਦੋਂ ਅਸੀਂ ਮਿਲੇ ਤਾਂ ਉਨ੍ਹਾਂ ਨੂੰ ਮੈਨੂੰ ਇਹ ਦੱਸਣ ਦੀ ਹਿੰਮਤ ਨਹੀਂ ਪਈ ਕਿ ਜਦੋਂ ਭਾਰਤ ਜਿੱਤਿਆ ਤਾਂ ਉਹ ਲੌਰਡਜ਼ ਦੇ ਮੈਦਾਨ 'ਤੇ ਮੌਜੂਦ ਨਹੀਂ ਸਨ।"

ਵੈਸਟ ਇੰਡੀਜ਼ ਦੇ ਡ੍ਰੈਸਿੰਗ ਰੂਮ ਤੋਂ ਆਈ ਸੀ ਸ਼ੈਂਪੇਨ

ਲੌਰਡਜ਼ ਦੀ ਬਾਲਕਨੀ ਉੱਥੇ ਕਪਿਲ ਨੇ ਸ਼ੈਂਪੇਨ ਦੀ ਬੋਤਲ ਖੋਲ੍ਹੀ ਤੇ ਥੱਲ੍ਹੇ ਨੱਚ ਰਹੇ ਦਰਸ਼ਕਾਂ ਨੂੰ ਉਸ ਵਿੱਚ ਸਰਾਬੋਰ ਕਰ ਦਿੱਤਾ।

ਮਜ਼ੇ ਦੀ ਗੱਲ ਇਹ ਹੈ ਕਿ ਕਪਿਲ ਇਹ ਸ਼ੈਂਪੇਨ ਦੀਆਂ ਬੋਤਲਾਂ ਵੈਸਟ ਇੰਡੀਜ਼ ਦੇ ਡ੍ਰੈਸਿੰਗ ਰੂਮ ਤੋਂ ਲਿਆਏ ਸਨ। ਕਿਉਂਕਿ ਭਾਰਤੀ ਟੀਮ ਨੂੰ ਤਾਂ ਜਿੱਤ ਦੀ ਉਮੀਦ ਨਹੀਂ ਸੀ ਇਸ ਲਈ ਉਨ੍ਹਾਂ ਦੇ ਡ੍ਰੈਸਿੰਗ ਰੂਮ ਵਿੱਚ ਸ਼ੈਂਪੇਨ ਦਾ ਇੰਤਜ਼ਾਮ ਨਹੀਂ ਸੀ।

Image copyright Getty Images
ਫੋਟੋ ਕੈਪਸ਼ਨ ਇਸ ਵਾਰ ਵਿਰਾਟ ਕੋਹਲੀ ਭਾਰਤੀ ਟੀਮ ਦੀ ਵਿਸ਼ਵ ਕੱਪ ਵਿੱਚ ਅਗਵਾਈ ਕਰ ਰਹੇ ਹਨ

ਮਿਹਿਰ ਬੋਸ ਦੱਸਦੇ ਹਨ, "ਕਪਿਲ ਦੇਵ ਵੈਸਟ ਇੰਡੀਅਨ ਕੈਪਟਨ ਤੋਂ ਗੱਲ ਕਰਨ ਲਈ ਉਨ੍ਹਾਂ ਦੇ ਡ੍ਰੈਸਿੰਗ ਰੂਮ ਗਏ। ਉੱਥੇ ਉਨ੍ਹਾਂ ਨੇ ਵੇਖਿਆ ਕਿ ਵੈਸਟ ਇੰਡੀਅਨ ਖਿਡਾਰੀ ਬਹੁਤ ਦੁਖੀ ਸਨ। ਉਨ੍ਹਾਂ ਨੇ ਉੱਥੇ ਕੁਝ ਸ਼ੈਂਪੇਨ ਦੀਆਂ ਬੋਤਲਾਂ ਵੇਖੀਆਂ।"

"ਉਨ੍ਹਾਂ ਨੇ ਲੌਇਡ ਨੂੰ ਪੁੱਛਿਆ ਕਿ ਮੈਂ ਇਨ੍ਹਾਂ ਨੂੰ ਲੈ ਸਕਦਾ ਹਾਂ? ਲੌਇਡ ਨੇ ਕਿਹਾ ਤੁਸੀਂ ਇਨ੍ਹਾਂ ਨੂੰ ਲੈ ਜਾਓ। ਇਸ ਤਰ੍ਹਾਂ ਭਾਰਤੀ ਖਿਡਾਰੀਆਂ ਨੇ ਨਾ ਸਿਰਫ ਵੈਸਟ ਇੰਡੀਜ਼ ਨੂੰ ਹਰਾਇਆ ਸਗੋਂ ਉਨ੍ਹਾਂ ਦੀ ਸ਼ੈਂਪੇਨ ਵੀ ਪੀਤੀ।"

ਭਾਰਤੀ ਡ੍ਰੈਸਿੰਗ ਰੂਮ ਦੇ 11 ਲਾੜੇ

ਮੈਂ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਸਾਬਕਾ ਪ੍ਰਧਾਨ ਰਾਜ ਸਿੰਘ ਡੂੰਗਰਪੁਰ ਨੂੰ ਪੁੱਛਿਆ ਸੀ ਕਿ ਉਸ ਵਕਤ ਭਾਰਤੀ ਡ੍ਰੈਸਿੰਗ ਰੂਮ ਵਿੱਚ ਕਿਹੋ ਜਿਹਾ ਮਾਹੌਲ ਸੀ?

ਉੁਨ੍ਹਾਂ ਕਿਹਾ, "ਅਜਿਹਾ ਲਗ ਰਿਹਾ ਸੀ ਕਿ ਜਿਵੇਂ ਕੋਈ ਵਿਆਹ ਹੋ ਰਿਹਾ ਹੋਵੇ। ਪਰ ਵਿਆਹ ਵਿੱਚ ਇੱਕ ਲਾੜਾ ਹੁੰਦਾ ਹੈ ਪਰ ਉਸ ਦਿਨ ਭਾਰਤੀ ਡ੍ਰੈਸਿੰਗ ਰੂਮ ਵਿੱਚ 11 ਲਾੜੇ ਸਨ।

"ਮੈਂ ਇਹ ਵੀ ਨਹੀਂ ਭੁੱਲ ਸਕਦਾ ਕਿ ਭਾਰਤੀ ਟੀਮ ਨੂੰ ਵਧਾਈ ਦੇਣ ਲਈ ਉਨ੍ਹਾਂ ਦੇ ਡ੍ਰੈਸਿੰਗ ਰੂਮ ਵਿੱਚ ਪੂਰੀ ਵੈਸਟ ਇੰਡੀਅਨ ਟੀਮ ਆਈ ਕੇਵਲ ਉਨ੍ਹਾਂ ਦੇ ਚਾਰ ਗੇਂਦਬਾਜ਼ ਨਹੀਂ ਆਏ।"

"ਉਨ੍ਹਾਂ ਨੂੰ ਦੁਖ ਇਸ ਗੱਲ ਦਾ ਸੀ ਕਿ ਉਨ੍ਹਾਂ ਨੇ ਤਾਂ ਆਪਣਾ ਕੰਮ ਕਰ ਦਿੱਤਾ ਸੀ ਪਰ ਸ਼ਾਨਦਾਰ ਬੱਲੇਬਾਜ਼ਾਂ ਦੇ ਹੁੰਦੇ ਹੋਏ ਵੀ ਵੈਸਟ ਇੰਡੀਜ਼ ਦੀ ਟੀਮ ਕੇਵਲ 184 ਦੌੜਾਂ ਬਣਾਉਣ ਵਿੱਚ ਨਾਕਾਮ ਰਹੀ।"

ਇੰਦਰਾ ਗਾਂਧੀ ਦੀ ਟੀਮ ਨਾਲ ਮੁਲਾਕਾਤ

ਜਦੋਂ ਭਾਰਤੀ ਟੀਮ ਮੁੰਬਈ ਪਹੁੰਚੀ ਤਾਂ ਤੇਜ਼ ਮੀਂਹ ਵਿਚਾਲੇ ਪੰਜਾਹ ਹਜ਼ਾਰ ਲੋਕਾਂ ਨੇ ਵਾਨਖੇੜੇ ਸਟੇਡੀਅਮ ਵਿੱਚ ਉਨ੍ਹਾਂ ਦਾ ਸਵਾਗਤ ਕੀਤਾ।

ਦਿੱਲੀ ਵਿੱਚ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ 'ਹੈਦਰਾਬਾਦ ਹਾਊਜ਼' ਵਿੱਚ ਟੀਮ ਦਾ ਸਵਾਗਤ ਕੀਤਾ।

ਕਪਿਲ ਦੇਵ ਆਪਣੀ ਆਤਮ ਕਥਾ, 'ਸਟ੍ਰੇਟ ਫਰਾਮ ਦਿ ਹਾਰਟ' ਵਿੱਚ ਲਿਖਦੇ ਹਨ, "ਇੰਦਰਾ ਗਾਂਧੀ ਨੂੰ ਮਿਲਣ ਤੋਂ ਪਹਿਲਾਂ ਗਵਾਸਕਰ ਨੇ ਸ਼੍ਰੀਕਾਂਤ ਨੂੰ ਕਿਹਾ, "ਤੁਹਾਨੂੰ ਅੱਖਾਂ ਮਾਰਨ ਤੇ ਨੱਕ ਹਿਲਾਉਣ ਦੀ ਬੁਰੀ ਆਦਤ ਹੈ। ਇੰਦਰਾ ਜੀ ਦੇ ਸਾਹਮਣੇ ਆਪਣੇ ਆਪ 'ਤੇ ਕਾਬੂ ਰੱਖਣਾ ਤੇ ਸਹੀ ਤਰੀਕੇ ਨਾਲ ਪੇਸ਼ ਆਉਣਾ।"

Image copyright Getty Images
ਫੋਟੋ ਕੈਪਸ਼ਨ ਵਿਸ਼ਵ ਕੱਪ ਟਰਾਫੀ ਹੱਥਾਂ ਵਿੱਚ ਲਏ ਭਾਰਤੀ ਟੀਮ

"ਸ਼੍ਰੀਕਾਂਤ ਨੇ ਕਿਹਾ, 'ਠੀਕ ਹੈ'। ਜਦੋਂ ਇੰਦਰਾ ਗਵਾਸਕਰ ਨਾਲ ਗੱਲ ਕਰ ਰਹੀ ਸੀ ਤਾਂ ਸ਼੍ਰੀਕਾਂਤ ਇਸ ਬਾਰੇ ਪੂਰੀ ਕੋਸ਼ਿਸ਼ ਕਰ ਰਹੇ ਸਨ ਕਿ ਉਨ੍ਹਾਂ ਦੀਆਂ ਅੱਖਾਂ ਤੇ ਨੱਕ ਕੋਈ ਹਰਕਤ ਨਾ ਕਰੇ।"

"ਉਸੇ ਵੇਲੇ ਮੈਂ ਵੇਖਿਆ ਕਿ ਇੰਦਰਾ ਗਾਂਧੀ ਨੂੰ ਵੀ ਸ਼੍ਰੀਕਾਂਤ ਵਾਂਗ ਅੱਖਾਂ ਝਪਕਣ ਦੀ ਆਦਤ ਹੈ। ਜਦੋਂ ਉਹ ਸ਼੍ਰੀਕਾਂਤ ਦੇ ਸਾਹਮਣੇ ਪਹੁੰਚੇ ਤਾਂ ਉਨ੍ਹਾਂ ਨੇ ਆਪਣੀਆਂ ਅੱਖਾਂ ਝਪਕਾਈਆਂ। ਉਸ ਵੇਲੇ ਤੱਕ ਸ਼੍ਰੀਕਾਂਤ ਆਪਣਾ ਸਾਰਾ ਕੰਟਰੋਲ ਖੋਹ ਚੁੱਕੇ ਸਨ।"

"ਉਨ੍ਹਾਂ ਨੇ ਵੀ ਆਪਣੀ ਅੱਖ ਝਪਕੀ ਅਤੇ ਉਨ੍ਹਾਂ ਨੇ ਆਪਣੀ ਨੱਕ ਵੀ ਚੜ੍ਹਾਈ। ਅਸੀਂ ਸਾਰੇ ਇਹ ਸੋਚ ਕੇ ਪ੍ਰੇਸ਼ਾਨ ਹੋ ਗਏ ਕਿ ਕਿਤੇ ਇੰਦਰਾ ਗਾਂਧੀ ਇਹ ਨਾ ਸਮਝ ਲੈਣ ਕਿ ਉਹ ਉਨ੍ਹਾਂ ਦੀ ਨਕਲ ਕਰ ਰਹੇ ਹਨ।"

ਇਹ ਵੀ ਪੜ੍ਹੋ:

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ