ਮਾਹਵਾਰੀ ਦੌਰਾਨ ਪੈਡ ਤੋਂ ਇਲਾਵਾ ਇਨ੍ਹਾਂ ਤਰੀਕਿਆਂ ਨਾਲ ਘਟਦੀਆਂ ਨੇ ਸਮੱਸਿਆਵਾਂ

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਮਾਹਵਾਰੀ ਦੌਰਾਨ ਪੈਡ, ਕੱਪੜਾ, ਟੈਂਪੂਨ ਜਾਂ ਮਾਹਵਾਰੀ ਕੱਪ ਕੀ ਹੈ ਬਿਹਤਰ

"ਪੀਰੀਅਡਜ਼ ਦੌਰਾਨ ਪੁਰਾਣੇ ਵੇਲਿਆਂ ਵਿੱਚ ਕੱਪੜੇ ਦੇ ਇਸਤੇਮਾਲ ਤੋਂ ਲੈ ਕੇ ਹੁਣ ਅਸੀਂ ਟੈਂਪੂਨਜ਼ ਅਤੇ ਮਾਹਵਾਰੀ ਕੱਪ ਦੇ ਅਜੋਕੇ ਦੌਰ ਵਿੱਚ ਆ ਗਏ ਹਾਂ, ਪਰ ਹਾਲੇ ਵੀ 'ਪੀਰੀਅਡਜ਼ ਦੌਰਾਨ ਸਾਫ਼-ਸਫ਼ਾਈ' ਬਾਰੇ ਗੱਲ ਕਰਨ ਤੋਂ ਝਿਜਕ ਹੈ। ਇਸ ਬਾਰੇ ਝਿਜਕ ਦੂਰ ਹੋਣੀ ਚਾਹੀਦੀ ਹੈ ਤਾਂ ਜੋ ਸਹੀ ਢੰਗ ਨਾਲ ਸਾਫ਼ ਸਫ਼ਾਈ ਰੱਖੀ ਜਾ ਸਕੀ ਅਤੇ ਸਿਹਤ ਖ਼ਰਾਬ ਨਾ ਹੋਵੇ"

ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਸ਼ਵ ਮੈਨਸੁਰਲ ਹਾਈਜੀਨ ਦਿਵਸ (ਪੀਰੀਡਜ਼ ਦੇ ਦੌਰਾਨ ਸਫ਼ਾਈ ਸਫ਼ਾਈ ਦਿਵਸ) ਮੌਕੇ ਅਸੀਂ ਚੰਡੀਗੜ੍ਹ ਦੇ ਸਿਵਲ ਹਸਪਤਾਲ ਦੇ ਇਸਤਰੀ ਰੋਗਾਂ ਬਾਰੇ ਮਾਹਿਰ ਵਿਭਾਗ ਦੀ ਮੁਖੀ ਡਾਕਟਰ ਅਲਕਾ ਸਹਿਗਲ ਨਾਲ ਗੱਲਬਾਤ ਕੀਤੀ।

ਡਾ.ਅਲਕਾ ਨੇ ਸੈਨੇਟਰੀ ਪੈਡ, ਟੈਂਪੂਨ ਅਤੇ ਮੈਨਸੁਰਲ ਕੱਪ ਦੇ ਇਸਤੇਮਾਲ ਨਾਲ ਜੁੜੀਆਂ ਧਿਆਨਯੋਗ ਗੱਲਾਂ ਬੀਬੀਸੀ ਪੰਜਾਬੀ ਦੇ ਪਾਠਕਾਂ ਦੇ ਨਾਲ ਸਾਂਝੀਆਂ ਕੀਤੀਆਂ।

ਇਹ ਗੱਲਾਂ ਆਮ ਤੌਰ ਔਰਤਾਂ ਸਾਂਝੀਆਂ ਕਰਨ ਤੋਂ ਝਿਜਕਦੀਆਂ ਹਨ।

ਟੈਂਪੂਨ

ਡਾ. ਅਲਕਾ ਸਹਿਗਲ ਨੇ ਦੱਸਿਆ, ਟੈਂਪੂਨ ਬਹੁਤ ਛੋਟੇ, ਆਮ ਤੌਰ 'ਤੇ ਕਾਟਨ ਤੇ ਜੈੱਲ ਦੇ ਬਣੇ ਹੁੰਦੇ ਹਨ ਅਤੇ ਪੀਰੀਅਡ ਦੌਰਾਨ ਇਹਨਾਂ ਨੂੰ ਵਿਜਾਇਨਾ ਦੇ ਅੰਦਰ ਲਗਾਇਆ ਜਾਂਦਾ ਹੈ।

ਇਹ ਵੀ ਪੜ੍ਹੋ-

Image copyright Getty Images
ਫੋਟੋ ਕੈਪਸ਼ਨ ਟੈਂਪੂਨ ਨਾ ਇਨਫੈਕਸ਼ਨ ਦਾ ਖ਼ਤਰਾ ਵੀ ਰਹਿੰਦਾ ਹੈ

ਇਹ ਅੰਦਰ ਜਾ ਕੇ ਇਹ ਫੁੱਲਦੇ ਹਨ ਅਤੇ ਮਾਹਵਾਰੀ ਦਾ ਖ਼ੂਨ ਸੋਖਦੇ ਹਨ। ਇਨ੍ਹਾਂ ਦੀ ਖ਼ੂਨ ਸੋਖਣ ਦੀ ਸਮਰੱਥਾ ਕਾਫ਼ੀ ਜ਼ਿਆਦਾ ਹੁੰਦੀ ਹੈ।

ਟੈਂਪੂਨ ਨੂੰ ਖੇਡਣ-ਕੁੱਦਣ ਅਤੇ ਇੱਥੋਂ ਤੱਕ ਕਿ ਤੈਰਾਕੀ ਵੇਲੇ ਜਾਂ ਪਾਣੀ ਵਿੱਚ ਜਾਣ ਵੇਲੇ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ।

ਉਨ੍ਹਾਂ ਦੱਸਿਆ, "ਟੈਂਪੂਨ ਇਸਤੇਮਾਲ ਕਰਨਾ ਬਹੁਤ ਵਾਰ ਖ਼ਤਰਾ ਵੀ ਬਣ ਸਕਦਾ ਹੈ ਕਿਉਂਕਿ ਇਹ ਮਾਹਵਾਰੀ ਦੇ ਖ਼ੂਨ ਨੂੰ ਵਿਜਾਇਨਾ ਅੰਦਰ ਹੀ ਸੋਖਦਾ ਹੈ, ਇਸ ਲਈ ਕਈ ਵਾਰ ਇਨਫੈਕਸ਼ਨ ਵੀ ਹੋ ਸਕਦਾ ਹੈ ਜੋ ਕਿ ਸਿਹਤ ਲਈ ਗੰਭੀਰ ਹੋ ਸਕਦਾ ਹੈ।"

ਡਾ. ਅਲਕਾ ਨੇ ਕਿਹਾ ਕਿ ਇਸ ਲਈ ਹਰ ਚਾਰ-ਪੰਜ ਘੰਟੇ ਬਾਅਦ ਟੈਂਪੂਨ ਨੂੰ ਵਿਜਾਇਨਾ ਵਿੱਚੋਂ ਕੱਢ ਦੇਣਾ ਚਾਹੀਦਾ ਹੈ ਅਤੇ ਨਵਾਂ ਲਗਾਉਣਾ ਚਾਹੀਦਾ ਹੈ।

ਡਾ. ਅਲਕਾ ਨੇ ਜਾਣਕਾਰੀ ਦਿੰਦਿਆਂ ਕਿਹਾ, "ਜੇਕਰ ਤੁਹਾਨੂੰ ਪੀਰੀਅਡ ਤੋਂ ਪਹਿਲਾਂ ਕਿਸੇ ਤਰ੍ਹਾਂ ਦਾ ਇਨਫੈਕਸ਼ਨ ਹੈ ਜਿਵੇਂ ਕਿ ਖ਼ਾਰਸ਼ ਹੋਣਾ, ਬਦਬੂਦਾਰ ਡਿਸਚਾਰਜ, ਜਾਂ ਤੁਹਾਨੂੰ ਡਾਇਬਟੀਜ਼ ਹੈ ਤਾਂ ਟੈਂਪੂਨ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਬੈਕਟੀਰੀਆ ਖ਼ੂਨ ਦੇ ਸੰਪਰਕ ਵਿੱਚ ਆ ਕੇ ਇਨਫੈਕਸ਼ਨ ਵਧਾ ਸਕਦੇ ਹਨ।"

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਇਸ਼ਤਿਹਾਰ ਮਾਹਵਾਰੀ ਦੌਰਾਨ ਆਮ ਕੱਪੜੇ ਦੀ ਥਾਂ ਸੈਨਿਟਰੀ ਨੈਪਕਿਨ ਵਰਤਣ ਦੀ ਸਲਾਹ ਦਿੰਦੇ ਹਨ

"ਜੇਕਰ ਤੁਹਾਨੂੰ ਆਪਣੇ ਅੰਦਰ ਇਨਫੈਕਸ਼ਨ ਦੇ ਲੱਛਣਾਂ ਬਾਰੇ ਪਤਾ ਨਹੀਂ ਲੱਗਿਆ ਅਤੇ ਤੁਸੀਂ ਪੀਰੀਅਡ ਦੌਰਾਨ ਟੈਂਪੂਨ ਦਾ ਇਸਤੇਮਾਲ ਕੀਤਾ ਤਾਂ ਤੁਹਾਨੂੰ ਵਿਜਾਇਨਾ ਅੰਦਰ ਗਰਮੀ ਮਹਿਸੂਸ ਹੋਏਗੀ, ਖ਼ਾਰਸ਼ ਅਤੇ ਘਬਰਾਹਟ ਹੋਏਗੀ, ਜ਼ਿਆਦਾ ਵਧ ਜਾਣ 'ਤੇ ਬੁਖ਼ਾਰ ਵੀ ਹੋ ਸਕਦਾ ਹੈ।"

ਅਜਿਹੇ ਵਿੱਚ ਤੁਰੰਤ ਟੈਂਪੂਨ ਬਾਹਰ ਕੱਢ ਲੈਣਾ ਚਾਹੀਦਾ ਹੈ ਅਤੇ ਡਾਕਟਰ ਕੋਲ ਜਾਣਾ ਚਾਹੀਦਾ ਹੈ। ਧਿਆਨ ਨਾ ਰੱਖਣ 'ਤੇ ਇਨਫੈਕਸ਼ਨ ਸਰੀਰ ਦੇ ਹੋਰ ਹਿੱਸਿਆਂ ਵਿੱਚ ਜਾ ਸਕਦੀ ਹੈ।"

ਮਾਹਵਾਰੀ ਕੱਪ

ਡਾ.ਅਲਕਾ ਦਾ ਕਹਿਣਾ ਸੀ ਕਿ ਮੈਨਸੁਰਲ ਕੱਪ ਬਾਰੇ ਉਨ੍ਹਾਂ ਦੀ ਵੀ ਕਿਤਾਬੀ ਜਾਣਕਾਰੀ ਹੈ ਕਿਉਂਕਿ ਸਾਡੇ ਦੇਸ ਵਿੱਚ ਇਸ ਦਾ ਬਹੁਤ ਇਸਤੇਮਾਲ ਨਹੀਂ ਹੁੰਦਾ ਪਰ ਇਸ ਬਾਰੇ ਜਾਗਰੂਕਤਾ ਹੋਣੀ ਚਾਹੀਦੀ ਹੈ।

ਉਨ੍ਹਾਂ ਕਿਹਾ, "ਚੰਡੀਗੜ੍ਹ ਵਰਗੇ ਮਾਡਰਨ ਸ਼ਹਿਰ ਵਿੱਚ ਇਸਤਰੀ ਰੋਗਾਂ ਦੀ ਮਾਹਿਰ ਡਾਕਟਰ ਹੋਣ ਦੇ ਬਾਵਜੂਦ ਮੇਰੇ ਕੋਲ ਮਾਹਵਾਰੀ ਕੱਪ ਬਾਰੇ ਸਵਾਲ ਲੈ ਕੇ ਕੋਈ ਨਹੀਂ ਆਇਆ। ਇਸ ਬਾਰੇ ਜ਼ਿਆਦਾ ਜਾਗਰੂਕਤਾ ਨਹੀਂ ਹੈ। ਪਰ ਦਿੱਲੀ-ਮੁੰਬਈ ਵਰਗੇ ਵੱਡੇ ਸ਼ਹਿਰਾਂ ਵਿੱਚ ਜ਼ਰੂਰ ਇਨ੍ਹਾਂ ਦਾ ਇਸਤੇਮਾਲ ਹੋਣ ਲੱਗਾ ਹੈ।"

ਇਹ ਵੀ ਪੜ੍ਹੋ-

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਇਹ ਮਾਹਵਾਰੀ ਕੱਪ 10 ਸਾਲਾਂ ਤੱਕ ਚੱਲਦੇ ਹਨ

ਡਾ.ਅਲਕਾ ਨੇ ਦੱਸਿਆ ਕਿ ਕੱਪ ਸਿਲੀਕਾਨ ਦਾ ਬਣਿਆ ਇੱਕ ਕੱਪ ਦੇ ਆਕਾਰ ਦਾ ਹੁੰਦਾ ਹੈ। ਇਹ ਵੀ ਵਿਜਾਇਨਾ ਅੰਦਰ ਲਗਾਇਆ ਜਾਂਦਾ ਹੈ ਅਤੇ ਪੀਰੀਅਡ ਦਾ ਖ਼ੂਨ ਕੱਪ ਦੇ ਅੰਦਰ ਜਮ੍ਹਾ ਹੁੰਦਾ ਹੈ।

ਉਨ੍ਹਾਂ ਕਿਹਾ, "ਰਾਤ ਨੂੰ ਤੁਸੀਂ ਇਸ ਨੂੰ 12 ਘੰਟੇ ਲਈ ਇਸਤੇਮਾਲ ਕਰ ਸਕਦੇ ਹੋ ਪਰ ਦਿਨ ਵੇਲੇ ਚਾਰ-ਪੰਜ ਘੰਟੇ ਬਾਅਦ ਇਸ ਨੂੰ ਬਦਲ ਲੈਣਾ ਚਾਹੀਦਾ ਹੈ।"

ਉਨ੍ਹਾਂ ਮਾਹਵਾਰੀ ਕੱਪ ਨੂੰ ਟੈਂਪੂਨ ਦੇ ਮੁਕਾਬਲੇ ਵਧੇਰੇ ਸੁਰੱਖਿਅਤ ਦੱਸਿਆ। ਉਨ੍ਹਾਂ ਕਿਹਾ ਕਿ ਇਸ ਵਿੱਚ ਟੈਂਪੂਨ ਦੇ ਸਾਰੇ ਫ਼ਾਇਦੇ ਹਨ ਅਤੇ ਇਨਫੈਕਸ਼ਨ ਦਾ ਖ਼ਤਰਾ ਬਹੁਤ ਘੱਟ ਹੈ ਕਿਉਂਕਿ ਮਾਹਵਾਰੀ ਦਾ ਖ਼ੂਨ ਇੱਕ ਕੱਪ ਵਿੱਚ ਜਾਂਦਾ ਹੈ ਅਤੇ ਇਸ ਨੂੰ ਬਾਹਰ ਕੱਢਣ ਵੇਲੇ ਖ਼ੂਨ ਅਤੇ ਕੀਟਾਣੂ ਬਾਹਰ ਆ ਜਾਂਦੇ ਹਨ।

ਉਨ੍ਹਾਂ ਦੱਸਿਆ ਕਿ ਮੈਨਸੁਰਲ ਕੱਪ ਨੂੰ ਇਸਤੇਮਾਲ ਕਰਨ ਬਾਅਦ ਧੋ ਕੇ ਵਾਰ-ਵਾਰ ਵਰਤਿਆ ਜਾ ਸਕਦਾ ਹੈ। ਪਾਣੀ ਨਾਲ ਹੀ ਚੰਗੀ ਤਰ੍ਹਾਂ ਸਾਫ਼ ਕੀਤਾ ਜਾ ਸਕਦਾ ਹੈ।

Image copyright Getty Images
ਫੋਟੋ ਕੈਪਸ਼ਨ •ਪੀਰੀਅਡ ਦੌਰਾਨ ਤੰਗ ਕੱਪੜਿਆਂ ਦੀ ਬਚਾਏ ਖੁੱਲ੍ਹੇ ਕਾਟਨ ਦੇ ਕੱਪੜੇ ਪਾਓ

ਜੇਕਰ ਕਿਤੇ ਖ਼ੂਨ ਜੰਮਿਆਂ ਹੋਵੇ ਤਾਂ ਸ਼ਰਾਬ ਦੀ ਬੂੰਦ ਨਾਲ ਸਾਫ਼ ਕੀਤਾ ਜਾ ਸਕਦਾ ਹੈ ਜਾਂ ਬਿਨਾਂ ਢੱਕੇ ਉਬਾਲਿਆ ਜਾ ਸਕਦਾ ਹੈ। ਸਾਫ਼ ਕਰਨ ਤੋਂ ਬਾਅਦ ਚੰਗੀ ਤਰ੍ਹਾਂ ਸੁਖਾ ਲੈਣਾ ਚਾਹੀਦਾ ਹੈ।

ਸੈਨੇਟਰੀ ਪੈਡ

ਪੈਡ ਵੀ ਕਈ ਤਰ੍ਹਾਂ ਦੇ ਆਉਂਦੇ ਹਨ ਜਿਨ੍ਹਾਂ ਨੂੰ ਪੈਂਟੀ ਨਾਲ ਚਿਪਕਾ ਕੇ ਵਿਜਾਇਨਾ ਤੋਂ ਬਾਹਰ ਵਰਤਿਆ ਜਾਂਦਾ ਹੈ। ਇਹ ਡਿਸਪੋਸੇਬਲ ਵੀ ਹੁੰਦੇ ਹਨ ਅਤੇ ਰੀ-ਯੂਸਏਬਲ ਵੀ।

ਡਾ. ਅਲਕਾ ਨੇ ਦੱਸਿਆ, "ਰੀ-ਯੂਸਏਬਲ ਪੈਡ ਨੂੰ ਇੱਕ ਵਾਰ ਇਸਤੇਮਾਲ ਤੋਂ ਬਾਅਦ ਧੋ ਕੇ ਧੁੱਪ ਵਿੱਚ ਸੁਕਾਉਣਾ ਚਾਹੀਦਾ ਹੈ ਅਤੇ ਇਸ ਨੂੰ ਫਿਰ ਤੋਂ ਇਸਤੇਮਾਲ ਕੀਤਾ ਜਾ ਸਕਦਾ ਹੈ। ਜਦਕਿ ਡਿਸਪੋਜ਼ਬੇਲ ਨੂੰ ਇਸਤੇਮਾਲ ਕਰਨ ਬਾਅਦ ਚੰਗੀ ਤਰ੍ਹਾਂ ਕਵਰ ਕਰ ਕੇ ਸੁੱਟਿਆ ਜਾਂਦਾ ਹੈ।"

ਫੋਟੋ ਕੈਪਸ਼ਨ ਪੈਡ ਵੀ ਹਰ ਚਾਰ-ਪੰਜ ਘੰਟੇ ਬਾਅਦ ਬਦਲ ਲਿਆ ਜਾਣਾ ਚਾਹੀਦਾ ਹੈ

ਡਾ. ਅਲਕਾ ਨੇ ਕਿਹਾ,"ਸੈਨੇਟਰੀ ਪੈਡ ਵੀ ਹਰ ਚਾਰ-ਪੰਜ ਘੰਟੇ ਬਾਅਦ ਬਦਲ ਲਿਆ ਜਾਣਾ ਚਾਹੀਦਾ ਹੈ।"

ਸਾਫ਼-ਸਫਾਈ

ਡਾ. ਅਲਕਾ ਸਹਿਗਲ ਨੇ ਹਾਈਜੀਨ ਲਈ ਕੁੱਝ ਖ਼ਾਸ ਗੱਲਾਂ ਦੱਸੀਆਂ ਤੇ ਕਿਹਾ ਕਿ ਇਹ ਸਿਰਫ਼ ਪੀਰੀਅਡ ਦੌਰਾਨ ਹੀ ਨਹੀਂ, ਬਲਕਿ ਆਮ ਦਿਨਾਂ ਵਿੱਚ ਵੀ ਧਿਆਨ ਰੱਖਣੀਆਂ ਚਾਹੀਦੀਆਂ ਹਨ ਕਿਉਂਕਿ ਇਨਫੈਕਸ਼ਨ ਕਈ ਵਾਰ ਆਮ ਦਿਨਾਂ ਵਿੱਚ ਚੰਗੀ ਤਰ੍ਹਾਂ ਸਾਫ਼ ਸਫ਼ਾਈ ਨਾ ਰੱਖਣ ਕਾਰਨ ਵੀ ਹੋ ਜਾਂਦੀ ਹੈ।

ਡਾ. ਅਲਕਾ ਸਹਿਗਲ ਦੇ ਸੁਝਾਅ :

  • ਹੋ ਸਕੇ ਤਾਂ ਦਿਨ ਵਿੱਚ ਦੋ ਵਾਰ ਨਹਾਓ
  • ਪ੍ਰਾਈਵੇਟ ਪਾਰਟਸ ਦੀ ਪਾਣੀ ਨਾਲ ਚੰਗੀ ਤਰ੍ਹਾਂ ਸਫ਼ਾਈ ਕਰੋ ਪਰ ਜ਼ਿਆਦਾ ਖ਼ੁਸ਼ਕ ਸਾਬਣ ਦੇ ਇਸਤੇਮਾਲ ਤੋਂ ਬਚੋ
  • ਪੀਰੀਅਡ ਦੌਰਾਨ ਅਜਿਹੇ ਕੱਪੜੇ ਪਾਓ ਜਿਨ੍ਹਾਂ ਵਿੱਚੋਂ ਹਵਾ ਦਾ ਪ੍ਰਵਾਹ ਹੁੰਦਾ ਰਹੇ
  • ਪੀਰੀਅਡ ਦੌਰਾਨ ਤੰਗ ਕੱਪੜਿਆਂ ਦੀ ਬਚਾਏ ਖੁੱਲ੍ਹੇ ਕਾਟਨ ਦੇ ਕੱਪੜੇ ਪਾਓ
  • ਨਾਈਲੌਨ ਦੇ ਅੰਡਰ ਗਾਰਮੈਂਟਸ ਦਾ ਇਸਤੇਮਾਲ ਇਨ੍ਹਾਂ ਦਿਨਾਂ ਵਿੱਚ ਨਾ ਕਰੋ
  • ਟਾਇਲਟ ਜਾਣ ਤੋਂ ਬਾਅਦ ਸਰੀਰ ਦੇ ਟਾਇਲਟ ਵਾਲੇ ਛੇਦ ਅਤੇ ਇਸ ਦੇ ਆਲ਼ੇ ਦੁਆਲੇ ਦੀ ਚੰਗੀ ਤਰ੍ਹਾਂ ਸਫ਼ਾਈ ਕਰੋ ਤਾਂ ਜੋ ਸੋਚ ਦੇ ਅੰਸ਼ ਵਿਜਾਇਨਾ ਵਾਲੇ ਛੇਦ ਦੇ ਸੰਪਰਕ ਵਿੱਚ ਨਾ ਆਉਣ
  • ਸੋਚ ਦੇ ਅੰਸ਼ ਸੈਨੇਟਰੀ ਪੈਡ ਰਾਹੀਂ ਵਿਜਾਇਨਾ ਜਾਂ ਪਿਸ਼ਾਬ ਵਾਲੀ ਨਾਲੀ ਦੇ ਸੰਪਰਕ ਵਿੱਚ ਆਉਣ ਨਾਲ ਵੀ ਅਕਸਰ ਇਨਫੈਕਸ਼ਨ ਦਾ ਖ਼ਤਰਾ ਹੁੰਦਾ ਹੈ।

ਇਹ ਵੀ ਪੜ੍ਹੋ-

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ