ਵਿਸ਼ਪ ਕੱਪ 2019: ਧੋਨੀ 'ਤੇ ਕਿਉਂ ਹੋਵੇਗੀ ਪੂਰੀ ਜ਼ਿੰਮੇਵਾਰੀ

ਧੋਨੀ Image copyright Getty Images

ਕ੍ਰਿਕਟ ਵਿਸ਼ਵ ਕੱਪ ਅਜਿਹਾ ਤਿਉਹਾਰ ਹੈ ਜਿੱਥੇ ਪੂਰੀ ਦੁਨੀਆਂ ਤੋਂ ਇਸ ਖੇਡ ਦੇ ਦਿੱਗਜ ਹਰ ਚੌਥੇ ਸਾਲ ਇਕੱਠੇ ਹੁੰਦੇ ਹਨ। ਪਿਛਲੇ ਕੁਝ ਸਾਲਾਂ ਤੋਂ ਉਂਜ ਤਾਂ ਕ੍ਰਿਕਟ ਦੇ ਫਾਰਮੈਟ ਵਿੱਚ ਕਈ ਬਦਲਾਅ ਆਏ।

20-20 ਨੇ ਇਸ ਨੂੰ ਖੇਡਣ ਅਤੇ ਦੇਖਣ ਦਾ ਤਰੀਕਾ ਹੀ ਬਦਲ ਦਿੱਤਾ ਪਰ 50 ਓਵਰਾਂ ਵਾਲੇ ਵਿਸ਼ਵ ਕੱਪ ਦੀ ਭਾਰਤ ਵਿੱਚ ਆਪਣੀ ਇੱਕ ਵੱਖਰੀ ਥਾਂ ਅਤੇ ਪਛਾਣ ਹੈ ਅਤੇ ਇਸ ਦੇ ਪਿੱਛੇ ਸਭ ਤੋਂ ਵੱਡੀ ਵਜ੍ਹਾ ਹੈ 1983 ਦਾ ਵਿਸ਼ਵ ਕੱਪ।

1983 ਵਿਸ਼ਵ ਕੱਪ ਲਾਰਡਜ਼ ਦਾ ਉਹ ਮੈਦਾਨ ਜਿੱਥੇ ਭਾਰਤ ਪਹਿਲੀ ਵਾਰੀ ਇਸ ਮੁਕਾਬਲੇ ਦੇ ਫਾਈਨਲ ਵਿੱਚ ਪਹੁੰਚਿਆ ਸੀ ਅਤੇ ਸ਼ਾਇਦ ਹੀ ਕਿਸੇ ਨੇ ਉਸ ਵੇਲੇ ਸੁਪਨੇ ਵਿੱਚ ਇਹ ਸੋਚਿਆ ਹੋਵੇਗਾ ਕਿ ਉਹ ਕੱਪ ਉਨ੍ਹਾਂ ਦੇ ਨਾਮ ਹੋਵੇਗਾ।

ਕਪਿਲ ਦੇਵ ਦੇ ਸਾਹਮਣੇ ਵੈਸਟ ਇੰਡੀਜ਼ ਦੀ ਧੁਰੰਧਰ ਟੀਮ ਫਿਰ ਤੋਂ ਇਸ ਕੱਪ 'ਤੇ ਕਬਜ਼ਾ ਕਰਨ ਦੀ ਪੂਰੀ ਤਿਆਰੀ ਵਿੱਚ ਸੀ। ਉਸ ਵੇਲੇ ਕਪਿਲ ਦੀ ਫੌਜ ਨੇ ਮੈਦਾਨ ਵਿੱਚ ਅਜਿਹੀ ਸਰਜੀਕਲ ਸਟਰਾਈਕ ਕੀਤੀ ਜਿਸ ਨਾਲ ਵੈਸਟ ਇੰਡੀਜ਼ ਦੇ ਸਾਰੇ ਦਿੱਗਜ ਹਾਰ ਗਏ।

ਇਸ ਵਿਸ਼ਵ ਕੱਪ ਨੇ ਭਾਰਤੀਆਂ ਦਾ ਨਾ ਸਿਰਫ਼ ਦਿਲ ਜਿੱਤਿਆ ਸਗੋਂ ਇਸ ਖੇਡ ਦੀ ਅੱਜ ਜਿੰਨੀ ਪ੍ਰਸਿੱਧੀ ਹੈ ਉਸ ਦੀ ਸ਼ੁਰੂਆਤ ਇੱਥੋਂ ਹੀ ਹੋਈ ਸੀ।

ਇਸ ਜਿੱਤ ਨਾਲ ਭਾਰਤ ਵਿੱਚ ਕਪਿਲ ਦੇਵ ਰਾਤੋਂ-ਰਾਤ ਸਟਾਰ ਬਣ ਗਏ ਅਤੇ ਉਸ ਵੇਲੇ ਦੇ ਨੌਜਵਾਨ ਖਿਡਾਰੀਆਂ ਨੂੰ ਵੀ ਇਸ ਖੇਡ ਵਿੱਚ ਕਰੀਅਰ ਦੀ ਸੰਭਾਵਨਾ ਦਿਖਣੀ ਸ਼ੁਰੂ ਹੋ ਗਈ।

ਇਹ ਵੀ ਪੜ੍ਹੋ:

Image copyright Getty Images

ਉਸ ਤੋਂ ਬਾਅਦ ਤੋਂ ਇਸ ਖੇਡ ਨੇ ਭਾਰਤ ਨੂੰ ਕਈ ਸਟਾਰ ਖਿਡਾਰੀ ਦਿੱਤੇ ਹਨ। ਚਾਹੇ 90 ਦੇ ਦਹਾਕੇ ਦੇ ਸਚਿਨ ਤੇਂਦੁਲਕਰ ਹੋਣ ਜਾਂ ਫਿਰ ਸੌਰਵ ਗਾਂਗੁਲੀ, ਅਨਿਲ ਕੁੰਬਲੇ, ਯੁਵਰਾਜ ਸਿੰਘ, ਮਹਿੰਦਰ ਸਿੰਘ ਧੋਨੀ ਅਤੇ ਹੁਣ ਦੇ ਵਿਰਾਟ ਕੋਹਲੀ।

ਧੋਨੀ ਯੁੱਗ ਜਦੋਂ ਸਿਖਰ 'ਤੇ ਸੀ ਭਾਰਤੀ ਕ੍ਰਿਕਟ

ਇਨ੍ਹਾਂ ਵਿੱਚੋਂ ਇਕ ਨਾਂ ਅਜਿਹਾ ਹੈ ਜਿਸ 'ਤੇ ਭਾਰਤ ਦੇ ਖੇਡ ਪ੍ਰੇਮੀ ਅਟਕ ਜਾਂਦੇ ਹਨ ਉਹ ਹੈ ਧੋਨੀ। ਅਟਕਨਾ ਸੁਭਾਵਿਕ ਹੈ ਅਤੇ ਸਭ ਤੋਂ ਵੱਡੀ ਗੱਲ ਹੈ ਕਿ ਲੋਕਾਂ ਨੇ ਇਸ ਨੂੰ ਧੋਨੀ ਯੁੱਗ ਦਾ ਨਾਮ ਦੇ ਦਿੱਤਾ ਹੈ।

ਇਹੀ ਕਾਰਨ ਹੈ ਕਿ ਭਾਰਤੀ ਟੀਮ ਨੇ ਉਨ੍ਹਾਂ ਦੇ ਕਪਤਾਨੀ ਕਾਲ ਵਿੱਚ ਅਜਿਹੇ ਕਾਰਨਾਮੇ ਕੀਤੇ ਜੋ ਕਦੇ ਪਹਿਲਾਂ ਹੋਏ ਹੀ ਨਹੀਂ ਸੀ।

ਉਹ ਇਕੱਲੇ ਅਜਿਹੇ ਕਪਤਾਨ ਹਨ ਜਿਨ੍ਹਾਂ ਨੇ ਭਾਰਤ ਨੂੰ ਸਾਲ 2007 ਵਿੱਚ ਹੋਏ ਪਹਿਲੇ ਟੀ-20 ਵਿਸ਼ਵ ਕੱਪ ਵਿੱਚ ਜਿੱਤ ਦਵਾਈ ਸੀ।

ਸਾਲ 2011 ਵਿੱਚ ਕਪਿਲ ਦੇਵ ਤੋਂ ਬਾਅਦ ਵਿਸ਼ਵ ਕੱਪ ਜਿੱਤਣ ਵਾਲੇ ਦੂਜੇ ਭਾਰਤੀ ਕਪਤਾਨ ਬਣੇ।

ਇਹੀ ਨਹੀਂ, ਸਾਲ 2013 ਵਿੱਚ ਇੰਗਲੈਂਡ ਵਿੱਚ ਹੋਏ ਚੈਂਪੀਅਨਸ ਟਰਾਫੀ 'ਤੇ ਕਬਜ਼ਾ ਕਰ ਕੇ ਆਈਸੀਸੀ ਦੀਆਂ ਇਨ੍ਹਾਂ ਤਿੰਨ ਟਰਾਫ਼ੀਆਂ ਤੇ ਭਾਰਤ ਦੀ ਮੋਹਰ ਲਾ ਦਿੱਤੀ।

ਇਨ੍ਹਾਂ ਦੀ ਕਪਤਾਨੀ ਵਿੱਚ ਕੋਈ ਅਜਿਹੀ ਚੀਜ਼ ਬਚੀ ਨਹੀਂ ਚਾਹੇ ਉਹ ਟੈਸਟ ਹੋਵੇ ਜਾਂ ਫਿਰ ਕੋਈ ਹੋਰ ਫਾਰਮੈਟ।

ਲਗਾਤਾਰ ਤਿੰਨ ਸਾਲਾਂ (2011, 2012 ਤੇ 2013) ਤੱਕ ਭਾਰਤ ਇਨ੍ਹਾਂ ਦੀ ਕਪਤਾਨੀ ਵਿੱਚ ਆਈਸੀਸੀ ਟੀਮ ਆਫ਼ ਦੀ ਈਅਰ ਦਾ ਖਿਤਾਬ ਜਿੱਤਦਾ ਰਿਹਾ ਹੈ।

Image copyright Getty Images

ਤਾਂ ਹੀ ਆਸਟਰੇਲੀਆਈ ਖਿਡਾਰੀ ਮੈਥਿਯੂ ਹੈਡਨ ਕਹਿੰਦੇ ਹਨ, "ਤੁਸੀਂ ਧੋਨੀ ਨੂੰ ਜਾਣਦੇ ਹੋ, ਉਹ ਸਿਰਫ਼ ਇੱਕ ਖਿਡਾਰੀ ਨਹੀਂ ਹੈ। ਉਹ ਕ੍ਰਿਕੇਟ ਦਾ ਇੱਕ ਯੁੱਗ ਹੈ। ਕਈ ਮਾਅਨਿਆਂ ਵਿੱਚ ਮੈਨੂੰ ਲੱਗਦਾ ਹੈ ਕਿ ਐਮਐਸ ਗਲੀ ਕ੍ਰਿਕਟ ਟੀਮ ਦੇ ਕਪਤਾਨ ਦੀ ਤਰ੍ਹਾਂ ਹੈ। ਉਹ ਸਾਡੇ ਵਿੱਚੋਂ ਇੱਕ ਹੈ, ਉਹੀ ਟੀਮ ਲਈ ਕੁਝ ਵੀ ਕਰ ਸਕਦੇ ਹਨ।"

2019 ਵਿਸ਼ਵ ਕੱਪ ਵਿੱਚ ਕੀ ਹੋਵੇਗਾ ਧੋਨੀ ਦਾ ਰੋਲ

ਹੋ ਸਕਦਾ ਹੈ ਕਿ ਐਮਐਸ ਧੋਨੀ ਦਾ ਇਹ ਆਖਿਰੀ ਵਿਸ਼ਵ ਕੱਪ ਹੋਵੇ ਪਰ ਇਸ ਵਿੱਚ ਸ਼ਾਇਦ ਹੀ ਕਿਸੇ ਨੂੰ ਸ਼ੱਕ ਹੋਵੇਗਾ ਕਿ ਵਿਕਟਕੀਪਰ-ਬੱਲੇਬਾਜ਼ ਧੋਨੀ ਨੂੰ 2019 ਵਿਸ਼ਵ ਕੱਪ ਵਿੱਚ ਥਾਂ ਮਿਲਣੀ ਚਾਹੀਦੀ ਹੈ ਜਾਂ ਨਹੀਂ।

ਉਨ੍ਹਾਂ ਦੇ ਬਿਨਾਂ ਭਾਰਤ ਦੇ ਮੱਧ ਕਰਮ ਦੇ ਬੱਲੇਬਾਜ਼ੀ ਅਧੂਰੀ ਹੈ। ਉਹ ਆਪਣੇ ਬੱਲੇ ਨਾਲ ਹੀ ਨਹੀਂ ਸਗੋਂ ਵਿਕਟਾਂ ਪਿੱਛੇ ਵੀ ਖੇਡਦੇ ਹਨ ਅਤੇ ਟੀਮ ਨੂੰ ਵਿਕਟ ਦਿਵਾਉਣ ਵਿੱਚ ਉਨ੍ਹਾਂ ਦਾ ਅਹਿਮ ਰੋਲ ਹੁੰਦਾ ਹੈ।

ਵਿਰਾਟ ਕੋਹਲੀ ਦੀ ਗਿਣਤੀ ਦੁਨੀਆਂ ਦੇ ਸਭ ਤੋਂ ਵਧੀਆ ਬੱਲੇਬਾਜ਼ਾਂ ਵਿੱਚ ਹੁੰਦੀ ਹੈ ਅਤੇ ਹਾਲੇ ਵੀ ਆਈਸੀਸੀ ਰੈਂਕਿੰਗ ਵਿੱਚ ਉਹ ਸਿਖਰ 'ਤੇ ਹਨ ਪਰ ਜਦੋਂ ਕਪਤਾਨੀ ਦੀ ਗੱਲ ਆਉਂਦੀ ਹੈ ਤਾਂ ਧੋਨੀ ਉਨ੍ਹਾਂ ਤੋਂ ਕਾਫੀ ਅੱਗੇ ਹਨ।

ਕ੍ਰਿਕੇਟ ਐਨਾਲਿਸਟ ਦਾ ਮੰਨਣਾ ਹੈ ਕਿ ਧੋਨੀ ਤੋਂ ਬਾਅਦ ਕਪਤਾਨੀ ਦੀ ਪੂਰੀ ਸਮਝ ਹੈ, ਫਿਰ ਉਹ ਰੋਹਿਤ ਸ਼ਰਮਾ ਹੈ ਅਤੇ ਉਸਦਾ ਸਭ ਤੋਂ ਵਧੀਆ ਉਦਾਹਰਨ ਆਈਪੀਐਲ ਹੈ- ਜਿੱਥੇ ਵਿਰਾਟ ਪੂਰੀ ਤਰਾਂ ਅਸਫਲ ਰਹੇ ਹਨ।

ਇਹ ਵੀ ਪੜ੍ਹੋ:

ਖੈਰ ਕਪਤਾਨੀ ਤਾਂ ਵਿਰਾਟ ਦੇ ਹੱਥਾਂ ਵਿੱਚ ਹੀ ਰਹੇਗੀ ਪਰ ਜੇ ਤੁਹਾਨੂੰ ਸਹੀ ਸਲਾਹ ਦੇਣ ਵਾਲਾ ਮਿਲ ਜਾਵੇ ਤਾਂ ਤੁਸੀਂ ਟੀਮ ਨੂੰ ਸਿਖਰ 'ਤੇ ਲੈ ਜਾ ਸਕਦੇ ਹੋ।

Image copyright Getty Images

ਧੋਨੀ ਕੋਹਲੀ ਦੇ ਸਭ ਤੋਂ ਵਧੀਆ ਸਲਾਹਕਾਰ ਰਹੇ ਹਨ, ਭਾਵੇਂ ਉਹ ਡੀਆਰਐਸ ਹੋਵੇ ਜਾਂ ਫੀਲਡਿੰਗ ਹੋਵੇ ਪਲੇਸਮੈਂਟ ਜਾਂ ਗੇਂਦਬਾਜ਼ੀ ਵਿੱਚ ਬਦਲਾਅ ਕਰਨਾ ਹੋਵੇ।

ਹਰ ਮੋਰਚੇ 'ਤੇ ਧੋਨੀ ਦਾ ਰੋਲ ਰਿਹਾ ਹੈ ਅਤੇ ਰਹੇਗਾ। ਨਾਲ ਹੀ ਰੋਹਿਤ ਵਰਗੇ ਕਪਤਾਨ ਦਾ ਵੀ ਟੀਮ ਵਿੱਚ ਹੋਣਾ ਵਿਰਾਟ ਲਈ ਫਾਇਦੇਮੰਦ ਸਾਬਤ ਹੋਵੇਗਾ।

ਵਿਕਟ ਦੇ ਪਿੱਛੇ ਰਹਿ ਕੇ ਜਿਵੇਂ ਧੋਨੀ ਨੇ ਹੁਣ ਤੱਕ ਡੀਆਰਐਸ ਵਾਲੇ ਮਾਮਲੇ ਵਿੱਚ ਸਫ਼ਲਤਾ ਹਾਸਿਲ ਕੀਤੀ ਹੈ ਉਹ ਸ਼ਾਇਦ ਹੀ ਕਿਸੇ ਹੋਰ ਨੇ ਕੀਤੀ ਹੋਵੇਗੀ।

ਉਹ ਜਿਸ ਢੰਗ ਨਾਲ ਬਿਜਲੀ ਦੀ ਰਫ਼ਤਾਰ ਨਾਲ ਸਟੰਪਿੰਗ ਕਰਦੇ ਹਨ ਉਹ ਟੀਮ ਲਈ ਬੋਨਸ ਸਾਬਿਤ ਹੁੰਦਾ ਰਿਹਾ ਹੈ।

ਅਜਿਹੇ ਅਨੁਭਵ ਹੋਣ ਨਾਲ ਨੌਜਵਾਨ ਖਿਡਾਰੀਆਂ ਨੂੰ ਪ੍ਰੇਰਨਾ ਮਿਲਦੀ ਹੈ। ਖਾਸ ਕਰਕੇ ਅਜਿਹੇ ਖਿਡਾਰੀ ਜੋ ਪਹਿਲੀ ਵਾਰੀ ਵਿਸ਼ਵ ਕੱਪ ਖੇਡਣ ਜਾ ਰਹੇ ਹੋਣ।

ਅਸੀਂ ਧੋਨੀ ਦਾ ਵਿਕਟ ਕੀਪਿੰਗ ਹੁਨਰ ਦੇਖਣਾ ਹੈ ਪਰ ਇਸ ਤੋਂ ਵੀ ਅਹਿਮ ਗੱਲ ਹੈ ਕਿ ਵਿਕਟਾਂ ਦੇ ਪਿੱਛੇ ਤੋਂ ਜਦੋਂ ਉੁਹ ਸਪਿੰਨਰਾਂ ਦਾ ਮਾਰਗਦਰਸ਼ਨ ਕਰਦੇ ਹਨ ਅਤੇ ਤੇਜ਼ ਗੇਂਦਬਾਜ਼ਾਂ ਨੂੰ ਹਾਲਾਤ ਮੁਤਾਬਕ ਦੱਸਦੇ ਹਨ ਕਿ ਗੇਂਦ ਕਿੱਥੇ ਪਾਉਣੀ ਹੈ ਅਤੇ ਸਰਕਲ ਅੰਦਰ ਫੀਲਡਰਜ਼ ਦੀ ਯੋਜਨਾ ਵੀ ਬਣਾਉਂਦੇ ਹਨ।

ਅਜਿਹਾ ਕੀ ਖਾਸ ਹੈ ਧੋਨੀ ਵਿੱਚ?

ਭਾਰਤ ਦੇ ਸਾਬਕਾ ਕਪਤਨਾ ਸੁਨੀਲ ਗਾਵਸਕਰ ਮੰਨਦੇ ਹਨ ਕਿ ਧੋਨੀ ਭਾਰਤ ਦੀ ਵਿਸ਼ਵ ਕੱਪ ਮੁਹਿੰਮ ਵਿੱਚ ਜਿੱਤ ਦੀ ਤਾਬੀਜ਼ ਸਾਬਿਤ ਹੋ ਸਕਦੇ ਹਨ। ਧੋਨੀ ਇਸ ਸਾਲ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਸ਼ਾਨਦਾਰ ਫਾਰਮ ਵਿੱਚ ਰਹੇ ਹਨ।

Image copyright Getty Images

ਚੇਨਈ ਸੁਪਰਕਿੰਗਜ਼ ਦੇ ਲਈ 12 ਪਾਰੀਆਂ ਵਿੱਚ 416 ਦੌੜਾਂ ਬਣਾਈਆਂ। ਗਾਵਸਕਰ ਨੂੰ ਲੱਗਦਾ ਹੈ ਕਿ ਇੰਗਲੈਂਡ ਵਿੱਚ 30 ਮਈ ਤੋਂ ਸ਼ੁਰੂ ਹੋਣ ਵਾਲੇ ਇਸ ਮੈਗਾ-ਇੰਵੈਂਟ ਵਿੱਚ ਭਾਰਤ ਲਈ ਧੋਨੀ ਅਹਿਮ ਹੋਣਗੇ ਨਾ ਸਿਰਫਡ ਬੱਲੇਬਾਜ਼ੀ ਦੀ ਬਦੌਲਤ ਸਗੋਂ ਤਜ਼ੁਰਬੇ ਕਾਰਨ ਵੀ।

ਗਾਵਸਕਰ ਨੇ ਪੀਟੀਆਈ ਨਾਲ ਗੱਲਬਾਤ ਦੌਰਾਨ ਕਿਹਾ, "ਮੈਨੂੰ ਲੱਗਦਾ ਹੈ ਕਿ ਇਹ ਬਹੁਤ ਅਹਿਮ ਹੋਵੇਗਾ ਕਿਉਂਕਿ ਸਾਡੇ ਕੋਲ ਇੱਕ ਸ਼ਾਨਦਾਰ ਟਾਪ-ਥ੍ਰੀ ਹੈ।"

"ਪਰ ਜੇ ਟਾਪ-3 ਆਮ ਯੋਗਦਾਨ ਨਹੀਂ ਦਿੰਦੇ ਤਾਂ ਧੋਨੀ ਕ੍ਰਮ ਤੋਂ ਹੇਠਾਂ ਹੈ, ਚਾਹੇ ਉਹ ਨੰਬਰ ਚਾਰ 'ਤੇ ਹੋਵੇ ਜਾਂ ਫਿਰ ਪੰਜ ਨੰਬਰ 'ਤੇ। ਗੱਲ ਡਿਫੈਂਡਿੰਗ ਟੋਟਲ ਦੀ ਹੋਵੇ ਜਾਂ ਫਿਰ ਜਿੱਤ ਦੀ, ਇਹ ਉਨ੍ਹਾਂ ਦੀ ਬੱਲੇਬਾਜ਼ੀ ਹੀ ਫੈਸਲਾ ਕਰਦੀ ਹੈ।"

ਉਨ੍ਹਾਂ ਅੱਗੇ ਕਿਹਾ, ''ਧੋਨੀ 2011 ਵਿਸ਼ਵ ਕੱਪ ਦੀ ਜਿੱਤ ਲਈ ਭਾਰਤ ਦੀ ਅਗਵਾਈ ਕਰ ਚੁੱਕੇ ਹਨ ਅਤੇ ਉਨ੍ਹਾਂ ਦਾ ਇਹ ਅਨੁਭਵ ਉਨ੍ਹਾਂ ਦੀ ਕੀਮਤ ਵਧਾ ਦਿੰਦਾ ਹੈ। ਜਦੋਂ ਤੁਹਾਡੇ ਕੋਲ ਅਜਿਹਾ ਖਿਡਾਰੀ ਹੈ ਜੋ ਉਸ ਤਣਾਅ ਵਾਲੀ ਹਾਲਤ ਵਿੱਚ ਖੇਡ ਚੁੱਕਿਆ ਹੈ ਤਾਂ ਟੀਮ ਦੀ ਸ਼ਕਤੀ ਬਣ ਜਾਂਦਾ ਹੈ।"

Image copyright Getty Images

ਧੋਨੀ ਦੀ ਚੋਣ ਤੋਂ ਅਸਿਹਮਤ

ਕਈ ਸਾਬਕਾ ਖਿਡਾਰੀ ਟੀਮ ਦੀ ਚੋਣ ਤੋਂ ਪਹਿਲਾਂ ਧੋਨੀ ਨੂੰ ਥਾਂ ਦੇਣ ਤੋਂ ਸਹਿਮਤ ਨਹੀਂ ਸਨ। ਕੁਝ ਲੋਕਾਂ ਦਾ ਮੰਨਣਾ ਸੀ ਕਿ ਨੌਜਵਾਨ ਰਿਸ਼ਭ ਪੰਤ ਕਾਫ਼ੀ ਪ੍ਰਭਾਵਸ਼ਾਲੀ ਸਾਬਤ ਹੋ ਸਕਦੇ ਹਨ।

ਇਹ ਵੀ ਪੜ੍ਹੋ:

ਟੀਮ ਦੀ ਚੋਣ ਤੋਂ ਪਹਿਲਾਂ ਹਰਭਜਨ ਸਿੰਘ ਦਾ ਮੰਨਣਾ ਸੀ ਕਿ ਧੋਨੀ ਲਈ ਬੈਕਅੱਪ ਦੀ ਕੋਈ ਲੋੜ ਨਹੀਂ ਹੈ। ਜੇਕਰ ਧੋਨੀ ਵਿਸ਼ਵ ਕੱਪ ਦੌਰਾਨ ਜ਼ਖਮੀ ਹੁੰਦੇ ਹਨ ਤਾਂ ਕੇਐਲ ਰਾਹੁਲ ਵੀ ਵਿਕਟ-ਕੀਪਿੰਗ ਕਰਨ ਦੇ ਕਾਬਿਲ ਹਨ।

ਹਰਭਜਨ ਦਾ ਕਹਿਣਾ ਹੈ, "ਮੈਂ ਉਨ੍ਹਾਂ ਨਾਲ ਕ੍ਰਿਕਟ ਖੇਡਦਾ ਹਾਂ ਅਤੇ ਮੈਨੂੰ ਪਤਾ ਹੈ ਕਿ ਉਨ੍ਹਾਂ ਦੀ ਸਿਹਤ ਨਾਲ ਸਬੰਧਤ ਕਈ ਮੁੱਦੇ ਹਨ ਪਰ ਆਪਣੇ ਅਨੁਭਵ ਨਾਲ ਧੋਨੀ ਜਾਣਦੇ ਹਨ ਕਿ ਉਨ੍ਹਾਂ ਨਾਲ ਕਿਵੇਂ ਨਿਪਟਣਾ ਹੈ।"

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)