ਮਿਸ ਇੰਡੀਆ ਮੁਕਾਬਲਾ: ਚੁਣੀਆਂ ਗਈਆਂ ਮਾਡਲਾਂ ਦੀ ਤਸਵੀਰ 'ਤੇ ਬਹਿਸ

Participants at the fbb Colors Femina Miss India East 2019 on April 23,2019 in Kolkata,India. Image copyright Getty Images
ਫੋਟੋ ਕੈਪਸ਼ਨ ਆਲੋਚਕਾਂ ਦਾ ਮੰਨਣਾ ਹੈ ਕਿ ਇਸ ਵਾਰੀ ਦੀਆਂ 30 ਫਾਈਨਲਿਸਟ ਇੱਕੋ ਜਿਹੀਆਂ ਹੀ ਲੱਗਦੀਆਂ ਹਨ

ਮਿਸ ਇੰਡੀਆ, ਖੂਬਸੂਰਤੀ ਦਾ ਉਹ ਮੁਕਾਬਲਾ ਜਿਸ ਨੇ ਬਾਲੀਵੁੱਡ ਸੁਪਰਸਟਾਰ ਪ੍ਰਿਅੰਕਾ ਚੋਪੜਾ ਦੇ ਕਰੀਅਰ ਦੀ ਸ਼ੁਰੂਆਤ ਕੀਤੀ। ਇਸ ਲਈ ਇਹ ਹੈਰਾਨ ਕਰਨ ਵਾਲੀ ਗੱਲ ਨਹੀਂ ਹੈ ਕਿ 'ਮਿਸ ਇੰਡੀਆ' ਦੀਆਂ ਫਾਈਨਲਿਸਟਜ਼ ਦੇ ਚਿਹਰੇ 'ਤੇ ਮੁਸਕਰਾਹਟ ਹੈ। ਇਹ ਮੁਕਾਬਲਾ ਕਿਸਮਤ ਬਦਲ ਸਕਦਾ ਹੈ।

ਪਰ ਸੋਸ਼ਲ ਮੀਡੀਆ ਉੱਤੇ ਇਨ੍ਹਾਂ ਮਾਡਲਾਂ ਦੀ ਇੱਕ ਫੋਟੋ ਕਾਰਨ ਕਾਫ਼ੀ ਚਰਚਾ ਹੋ ਰਹੀ ਹੈ। ਆਲੋਚਕਾਂ ਦਾ ਮੰਨਣਾ ਹੈ ਕਿ ਪ੍ਰਬੰਧਕ ਗੋਰੀ ਚਮੜੀ ਦੇ ਕਾਫ਼ੀ ਪ੍ਰੇਮੀ ਲੱਗਦੇ ਹਨ।

ਸੋਮਵਾਰ ਨੂੰ ਟਾਈਮਜ਼ ਆਫ਼ ਇੰਡੀਆ ਅਖ਼ਬਾਰ ਵਿੱਚ ਇਸ ਸਾਲ ਦੀਆਂ 30 ਪ੍ਰਤਿਭਾਗੀਆਂ ਦਾ ਇੱਕ ਫੋਟੋ ਕੋਲਾਜ਼ ਲੱਗਿਆ। ਇਹੀ ਗਰੁੱਪ ਸਲਾਨਾ ਖੂਬਸੂਰਤੀ ਮੁਕਾਬਲਾ ਕਰਵਾਉਂਦਾ ਹੈ।

ਵੱਖ-ਵੱਖ ਸੂਬਿਆਂ ਦੀਆਂ ਉਹ ਔਰਤਾਂ ਜੋ ਜਿੱਤੀਆਂ ਹਨ ਉਹ 15 ਜੂਨ ਨੂੰ 'ਮਿਸ ਇੰਡੀਆ 2019' ਮੁਕਾਬਲੇ ਵਿੱਚ ਹਿੱਸਾ ਲੈਣਗੀਆਂ। ਕੌਮਾਂਤਰੀ ਖੂਬਸੂਰਤੀ ਮੁਕਾਬਲੇ ਵਿੱਚ ਜੇਤੂ ਮਾਡਲ ਭਾਰਤ ਦੀ ਨੁਮਾਇੰਦਗੀ ਕਰੇਗੀ।

ਇਹ ਵੀ ਪੜ੍ਹੋ:

ਪੂਰੇ ਪੰਨੇ ਦੀ ਪ੍ਰੋਮੋਸ਼ਨ ਵਿੱਚ ਲਿਖਿਆ ਸੀ, "ਇਸ ਵਾਰੀ ਕੌਣ ਹੋਵੇਗੀ 'ਮਿਸ ਇੰਡੀਆ'?"

ਅਖ਼ਬਾਰ ਨੇ ਦਾਅਵਾ ਕੀਤਾ ਕਿ ਉਨ੍ਹਾਂ ਪੂਰੇ ਭਾਰਤ ਦਾ ਦੌਰਾ ਕੀਤਾ।

"ਭਾਰਤ ਦੇ ਚਾਰ ਜ਼ੋਨਜ਼ ਦਾ ਦੌਰਾ ਕੀਤਾ- ਉੱਤਰੀ, ਪੂਰਬੀ, ਪੱਛਮੀ ਅਤੇ ਦੱਖਣੀ ਅਤੇ ਹਰੇਕ ਸੂਬੇ ਤੋਂ ਇੱਕ ਜੇਤੂ ਨੂੰ ਚੁਣਿਆ ਹੈ।"

ਪਰ ਇਹ ਤਸਵੀਰ ਇੱਕ ਗਲਤ ਕਾਰਨ ਕਰਕੇ ਟਰੋਲ ਹੋ ਰਹੀ ਹੈ।

ਇੱਕ ਟਵਿੱਟਰ ਯੂਜ਼ਰ ਨੇ ਇਸ ਨੂੰ ਸ਼ੇਅਰ ਕੀਤਾ ਅਤੇ ਪੁੱਛਿਆ, "ਇਸ ਤਸਵੀਰ ਵਿੱਚ ਕੀ ਗਲਤ ਹੈ?"

ਕਾਫ਼ੀ ਲੋਕਾਂ ਨੇ ਇਸ ਉੱਤੇ ਕਮੈਂਟ ਕੀਤੇ ਅਤੇ ਕਿਹਾ ਕਿ ਸਭ ਦੇ ਸਿੱਧੇ ਵਾਲ ਅਤੇ ਗੋਰਾ ਰੰਗ ਹੈ। ਸਾਰੀਆਂ ਇੱਕੋ ਜਿਹੀਆਂ ਹੀ ਲੱਗਦੀਆਂ ਹਨ। ਹੋ ਸਕਦਾ ਹੈ ਸਾਰੀਆਂ ਇੱਕੋ ਹੀ ਹੋਣ।

ਅਸੀਂ ਪ੍ਰਬੰਧਕਾਂ ਨਾਲ ਇਸ ਬਾਰੇ ਗੱਲ ਕਰਨੀ ਚਾਹੀ ਪਰ ਹਾਲੇ ਤੱਕ ਕੋਈ ਪ੍ਰਤੀਕਰਮ ਨਹੀਂ ਮਿਲਿਆ।

ਮੱਧ 1990 ਤੋਂ ਖੂਬਸੂਰਤੀ ਦੇ ਮੁਕਾਬਲੇ ਭਾਰਤ ਵਿੱਚ ਇੱਕ ਵੱਡੀ ਸਨਅਤ ਹੈ। ਇਨ੍ਹਾਂ ਮੁਕਾਬਲਿਆਂ ਨੇ ਦੇਸ ਨੂੰ ਕਈ ਮਸ਼ਹੂਰ ਮਿਸ ਇੰਡੀਆ ਦਿੱਤੀਆਂ ਹਨ। ਜਿਵੇਂ ਕਿ ਐਸ਼ਵਰੀਆ ਰਾਏ, ਸੁਸ਼ਮਿਤਾ ਸੇਨ, ਪ੍ਰਿਅੰਕਾ ਚੋਪੜਾ। ਕਈ ਤਾਂ ਕੌਮਾਂਤਰੀ ਮੁਕਾਬਲੇ ਵੀ ਜਿੱਤ ਚੁੱਕੀਆਂ ਹਨ ਅਤੇ ਕਈ ਬਾਲੀਵੁੱਡ ਵਿੱਚ ਨਾਮ ਕਮਾ ਰਹੀਆਂ ਹਨ।

ਪਰ ਜ਼ਿਆਦਾਤਰ ਕਾਮਯਾਬ ਮਾਡਲਜ਼ ਗੋਰੇ ਰੰਗ ਦੀਆਂ ਹੀ ਹੁੰਦੀਆਂ ਹਨ।

ਇਹ ਹੈਰਾਨ ਕਰਨ ਵਾਲਾ ਨਹੀਂ ਹੈ। ਭਾਰਤ ਵਿੱਚ ਹਮੇਸ਼ਾ ਹੀ ਗੋਰੇ ਰੰਗ ਲਈ ਖਾਸ ਲਗਾਅ ਰਿਹਾ ਹੈ। ਖਾਸ ਕਰਕੇ ਜਦੋਂ ਔਰਤਾਂ ਦੀ ਗੱਲ ਆਉਂਦੀ ਹੈ ਤਾਂ ਕਈ ਲੋਕ ਗੋਰੇ ਰੰਗ ਨੂੰ ਤਰਜੀਹ ਦਿੰਦੇ ਹਨ।

ਵਿਆਹ ਦੌਰਾਨ ਵੀ ਗੋਰੇ ਰੰਗ ਨੂੰ ਹੀ ਬਿਹਤਰ ਮੰਨਿਆ ਜਾਂਦਾ ਹੈ।

ਸਾਲ 1970 ਤੋਂ ਜਦੋਂ ਤੋਂ ਫੇਅਰ ਐਂਡ ਲਵਲੀ ਕਰੀਮ ਬਜ਼ਾਰ ਵਿੱਚ ਆਈ, ਚਮੜੀ ਨੂੰ ਗੋਰਾ ਕਰਨ ਵਾਲੀਆਂ ਕਰੀਮਾਂ ਦੀ ਵਿਕਰੀ ਵੱਧ ਗਈ ਹੈ।

ਕਈ ਵੱਡੇ ਬਾਲੀਵੁੱਡ ਦੇ ਅਦਾਕਾਰ ਅਤੇ ਅਦਾਕਾਰਾਂ ਇਨ੍ਹਾਂ ਮਸ਼ਹੂਰੀਆਂ ਵਿੱਚ ਆ ਚੁੱਕੀਆਂ ਹਨ।

Image copyright Getty Images
ਫੋਟੋ ਕੈਪਸ਼ਨ ਸਾਲ 1994 ਵਿੱਚ ਮਿਸ ਵਰਲਡ ਬਣੀ ਐਸ਼ਵਰਿਆ ਰਾਏ ਨੇ ਬਾਲੀਵੁੱਡ ਵਿੱਚ ਨਾਮਣਾ ਖੱਟਿਆ ਹੈ

ਇਹ ਕਰੀਮਾਂ ਸਿਰਫ਼ ਗੋਰੇ ਰੰਗ ਦਾ ਦਾਅਵਾ ਹੀ ਨਹੀਂ ਕਰਦੀਆਂ ਸਗੋਂ ਚੰਗੀ ਨੌਕਰੀ, ਪਿਆਰ ਅਤੇ ਵਿਆਹ ਕਰਵਾਉਣ ਦਾ ਰਾਹ ਵੀ 'ਆਸਾਨ' ਕਰ ਦਿੰਦੀਆਂ ਹਨ।

ਅਜਿਹੇ ਖੂਬਸੂਰਤੀ ਮੁਕਾਬਲੇ ਵੀ ਇਸੇ ਸੋਚ 'ਤੇ ਮੋਹਰ ਲਾਉਂਦੇ ਹਨ।

ਸਾਲ 2005 ਵਿੱਚ ਇਹ ਵੀ ਤੈਅ ਹੋ ਗਿਆ ਕਿ ਗੋਰਾ ਰੰਗ ਸਿਰਫ਼ ਕੁੜੀਆਂ ਨੂੰ ਹੀ ਨਹੀਂ ਮੁੰਡਿਆਂ ਨੂੰ ਵੀ ਚਾਹੀਦਾ ਹੈ। ਇਸ ਲਈ ਭਾਰਤ ਵਿੱਚ ਪਹਿਲੀ ਮਰਦਾਂ ਨੂੰ ਗੋਰਾ ਬਣਾਉਣ ਦੀ ਕਰੀਮ ਆਈ।

ਇਸ ਦੀ ਨੁਮਾਇੰਦਗੀ ਕੀਤੀ ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਨੇ ਅਤੇ ਕਾਫ਼ੀ ਕਾਮਯਾਬ ਹੋਈ।

ਹਾਲ ਦੇ ਦਿਨਾਂ ਵਿੱਚ ਮੁਹਿੰਮਾਂ ਚੱਲ ਰਹੀਆਂ ਹਨ ਕਿ 'ਡਾਰਕ ਇਜ਼ ਬਿਊਟੀਫੁਲ' ਤੇ #unfairandlovely।

ਇਹ ਮੁਹਿੰਮਾਂ ਰੰਗਭੰਦ 'ਤੇ ਸਵਾਲ ਖੜ੍ਹਾ ਕਰਦੀਆਂ ਹਨ ਅਤੇ ਲੋਕਾਂ ਨੂੰ ਕਾਲੇ ਰੰਗ ਉੱਤੇ ਮਾਣ ਮਹਿਸੂਸ ਕਰਨ ਲਈ ਕਹਿੰਦੀਆਂ ਹਨ।

ਪਿਛਲੇ ਸਾਲ ਮੈਂ ਇੱਕ ਮੁਹਿੰਮ ਬਾਰੇ ਲਿਖਿਆ ਸੀ ਜਿਸ ਵਿੱਚ ਭਾਰਤੀ ਦੇਵੀ-ਦੇਵਤਿਆਂ ਨੂੰ ਕਾਲੇ ਰੰਗ ਵਿੱਚ ਪੇਸ਼ ਕੀਤਾ ਗਿਆ ਸੀ

ਫਿਰ ਵੀ ਗੋਰੇ ਰੰਗ ਦਾ ਦਾਅਵਾ ਕਰਨ ਵਾਲੀਆਂ ਨਵੀਆਂ ਕਰੀਮਾਂ ਅਤੇ ਜੈਲਜ਼ 'ਤੇ ਰੋਕ ਨਹੀਂ ਲੱਗ ਸਕੀ ਹੈ। ਜਿਸ ਵਿੱਚ ਕੱਛਾਂ ਦੇ ਵਾਲਾਂ ਨੂੰ ਹਟਾਉਣ ਤੋਂ ਲੈ ਕੇ ਗੁਪਤ ਅੰਗ ਦਾ ਰੰਗ ਗੋਰਾ ਕਰਨ ਦਾ ਦਾਅਵਾ ਕੀਤਾ ਜਾਂਦਾ ਹੈ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
“ਵਾਲ ਹੋਣ ਜਾਂ ਨਹੀਂ, ਤੁਸੀਂ ਖੂਬਸੂਰਤ ਹੋ, ਤੁਹਾਡੀ ਆਪਣੀ ਹੋਂਦ ਹੈ”

ਇਨ੍ਹਾਂ ਕਰੀਮਾਂ ਦੀ ਪ੍ਰਸਿੱਧੀ ਇਸੇ ਗੱਲ ਤੋਂ ਲਾਈ ਜਾ ਸਕਦੀ ਹੈ ਕਿ ਭਾਰਤ ਵਿੱਚ ਇਹ ਕਰੀਮਾਂ ਅਤੇ ਬਲੀਚ ਸਲਾਨਾ ਕਰੋੜਾਂ ਦਾ ਵਪਾਰ ਕਰ ਰਹੀਆਂ ਹਨ।

ਇੱਕ ਅੰਦਾਜ਼ੇ ਮੁਤਾਬਕ ਔਰਤਾਂ ਦੇ ਖੂਬਸੂਰਤੀ ਦੇ ਉਤਪਾਦਾਂ ਦਾ ਬਜ਼ਾਰ ਸਾਲ 2023 ਵਿੱਚ 50 ਬਿਲੀਅਨ ਰੁਪਏ ਹੋ ਜਾਵੇਗੀ।

ਹਾਲਾਂਕਿ ਕੁਝ ਲੋਕਾਂ ਦਾ ਕਹਿਣਾ ਹੈ ਕਿ ਇਹ ਨਿੱਜੀ ਫੈਸਲਾ ਹੈ। ਜੇ ਕੋਈ ਔਰਤ ਬੁੱਲ੍ਹਾਂ ਨੂੰ ਲਾਲ ਕਰਨ ਲਈ ਲਿਪਸਟਿਕ ਲਾ ਸਕਦੀ ਹੈ ਤਾਂ ਗੋਰਾ ਰੰਗ ਕਰਨ ਲਈ ਕਰੀਮ ਜਾਂ ਜੈੱਲ ਲਾਉਣ ਵਿੱਚ ਕੀ ਗਲਤ ਹੈ?

ਇਹ ਤਾਰਕਿਕ ਲੱਗ ਸਕਦਾ ਹੈ ਪਰ ਮੁਹਿੰਮ ਚਲਾਉਣ ਵਾਲਿਆਂ ਦਾ ਮੰਨਣਾ ਹੈ ਕਿ ਗੋਰੇ ਰੰਗ ਦੇ ਲਈ ਇੰਨੀ ਚਾਹਤ ਵਿਤਕਰਾ ਹੈ। ਗੋਰੀ ਚਮੜੀ ਨੂੰ ਬਿਹਤਰ ਮੰਨਣ ਦਾ ਦਬਾਅ ਵੱਧ ਰਿਹਾ ਹੈ। ਇਹ ਸਮਾਜਿਕ ਪੱਖਪਾਤ ਨੂੰ ਵਧਾਉਂਦਾ ਹੈ। ਇਸ ਨਾਲ ਕਾਲੇ ਰੰਗ ਵਾਲਿਆਂ ਨੂੰ ਠੇਸ ਪਹੁੰਚਦੀ ਹੈ ਅਤੇ ਉਨ੍ਹਾਂ ਵਿੱਚ ਆਤਮ ਵਿਸ਼ਵਾਸ ਘੱਟਦਾ ਹੈ।

ਇਸ ਨਾਲ ਨਿੱਜੀ ਤੇ ਪ੍ਰੋਫੈਸ਼ਨਲ ਜ਼ਿੰਦਗੀ ਪ੍ਰਭਾਵਿਤ ਹੁੰਦੀ ਹੈ। ਅਸੀਂ ਕਾਲੇ ਰੰਗ ਦੀਆਂ ਮਾਡਲਾਂ ਬਾਰੇ ਸੁਣਿਆ ਹੈ ਕਿਵੇਂ ਉਨ੍ਹਾਂ ਨੂੰ ਕੰਮ ਦੇਣ ਦੌਰਾਨ ਅਣਗੌਲਿਆਂ ਕੀਤਾ ਜਾਂਦਾ ਸੀ। ਬਾਲੀਵੁੱਡ ਵਿੱਚ ਵੀ ਕੁਝ ਹੀ ਕਾਲੇ ਰੰਗ ਦੀਆਂ ਅਹਿਮ ਅਦਾਕਾਰਾਂ ਹਨ।

Image copyright Getty Images
ਫੋਟੋ ਕੈਪਸ਼ਨ ਖੂਬਸੂਰਤੀ ਦੇ ਮੁਕਾਬਲੇ ਕਰਵਾਉਣ ਵਾਲਿਆਂ 'ਤੇ ਇਲਜ਼ਾਮ ਹੈ ਕਿ ਗੋਰੇ ਰੰਗ ਨੂੰ ਤਰਜੀਹ ਦਿੱਤੀ ਜਾਂਦੀ ਹੈ

ਸਾਲ 2014 ਵਿੱਚ ਐਡਵਰਟਾਈਜ਼ਿੰਗ ਸਟੈਂਡਰਡਜ਼ ਕੌਂਸਲ ਆਫ਼ ਇੰਡੀਆ ਨੇ ਮਸ਼ਹੂਰੀਆਂ ਦੇ ਲਈ ਦਿਸ਼ਾ -ਨਿਰਦੇਸ਼ ਜਾਰੀ ਕੀਤੇ।

ਇਨ੍ਹਾਂ ਵਿੱਚ ਕਾਲੇ ਰੰਗ ਦੇ ਲੋਕਾਂ ਨੂੰ 'ਉਦਾਸ, ਮਾਯੂਸ ਅਤੇ ਜ਼ਿਆਦਾ ਖੂਬਸੂਰਤ ਨਾ ਪੇਸ਼ ਕਰਨ 'ਤੇ ਰੋਕ ਲਾ ਦਿੱਤੀ'। ਨਾਲ ਹੀ ਇਹ ਵੀ ਕਿਹਾ ਕਿ ਉਨ੍ਹਾਂ ਦੀ ਪੇਸ਼ਕਾਰੀ ਇਸ ਤਰ੍ਹਾਂ ਨਹੀਂ ਹੋਣੀ ਚਾਹੀਦੀ ਕਿ ਉਹ ਵਿਆਹ, ਨੌਕਰੀ ਜਾਂ ਪ੍ਰਮੋਸ਼ਨ ਦੇ ਯੋਗ ਨਾ ਹੋਣ।

ਹਾਲਾਂਕਿ ਮਸ਼ਹੂਰੀਆਂ ਹਾਲੇ ਵੀ ਬਣ ਰਹੀਆਂ ਹਨ ਪਰ ਉਹ ਪਹਿਲਾਂ ਨਾਲੋਂ ਵਧੇਰੇ ਚੌਕੰਨੇ ਹਨ। ਮਸ਼ਹੂਰ ਅਦਾਕਾਰ ਹਾਲੇ ਵੀ ਉਨ੍ਹਾਂ ਨੂੰ ਐਂਡੋਰਸ ਕਰਦੇ ਹਨ।

ਇਹ ਵੀ ਪੜ੍ਹੋ:

ਜਦੋਂ ਮੈਂ ਇਹ ਲਿਖ ਰਹੀ ਸੀ ਤਾਂ ਉਦੋਂ ਹੀ ਇਹ ਖ਼ਬਰ ਵੀ ਆਈ ਕਿ ਤੇਲਗੂ ਅਦਾਕਾਰਾ ਸਾਈ ਪੱਲਵੀ ਨੇ ਗੋਰੇ ਰੰਗ ਦੀ ਕਰੀਮ ਦੀ ਮਸ਼ਹੂਰੀ ਠੁਕਰਾ ਦਿੱਤੀ। ਜਿਸ ਲਈ ਉਸ ਨੂੰ 2 ਕਰੋੜ ਰੁਪਏ ਮਿਲਣੇ ਸਨ।

ਉਸ ਨੇ ਕਿਹਾ, "ਅਜਿਹੀ ਮਸ਼ਹੂਰੀ ਤੋਂ ਮਿਲੇ ਪੈਸਿਆਂ ਦਾ ਮੈਂ ਕੀ ਕਰੂੰਗੀ। ਮੇਰੀਆਂ ਕੋਈ ਵੱਧ ਲੋੜਾਂ ਨਹੀਂ ਹਨ। ਮੇਰਾ ਮੰਨਣਾ ਹੈ ਕਿ ਮਾਪਦੰਡ ਗਲਤ ਹਨ। ਇਹ ਭਾਰਤੀ ਚਮੜੀ ਦਾ ਰੰਗ ਹੈ। ਅਸੀਂ ਵਿਦੇਸ਼ੀਆਂ ਨੂੰ ਜਾ ਕੇ ਇਹ ਨਹੀਂ ਕਹਿ ਸਕਦੇ ਉਹ ਗੋਰੇ ਕਿਉਂ ਹਨ। ਉਹ ਉਨ੍ਹਾਂ ਦਾ ਰੰਗ ਹੈ ਅਤੇ ਇਹ ਸਾਡਾ।"

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)